ਸ਼ਹੀਦ ਭਾਈ ਪਿਆਰਾ ਸਿੰਘ ਆਲੋਅਰਖ ਨੂੰ ਯਾਦ ਕਰਦਿਆਂ….

ਸ਼ਹੀਦ ਭਾਈ ਪਿਆਰਾ ਸਿੰਘ ਆਲੋਅਰਖ ਨੂੰ ਯਾਦ ਕਰਦਿਆਂ….
ਸ਼ਹੀਦ ਭਾਈ ਪਿਆਰਾ ਸਿੰਘ ਆਲੋਅਰਖ

ਭਾਈ ਪਿਆਰਾ ਸਿੰਘ ਦਾ ਜਨਮ ਜਿਲ੍ਹਾ ਸੰਗਰੂਰ ਦੇ ਪਿੰਡ ਆਲੋਅਰਖ (ਭਵਾਨੀਗੜ੍ਹ) ਵਿਖੇ ਬਾਪੂ ਸਰਦਾਰ ਭਗਵਾਨ ਸਿੰਘ ਅਤੇ ਮਾਤਾ ਕਿਰਪਾਲ ਕੌਰ ਦੇ ਘਰ ਸੰਨ 1965 ਵਿੱਚ ਹੋਇਆ। ਬਚਪਨ ਤੋਂ ਹੀ ਭਾਈ ਪਿਆਰਾ ਸਿੰਘ ਬੋਲਣ ਚੱਲਣ ਵਾਲੇ ਸੁਭਾਅ ਦੇ ਸਨ ਅਤੇ ਸਭ ਨਾਲ ਮੇਲ ਮਿਲਾਪ ਰੱਖਣ ਦੀ ਕਲਾ ਵੀ ਉਨ੍ਹਾਂ ਵਿੱਚ ਬਹੁਤ ਸੀ। 

ਸੁਨਾਮ ਆਈ.ਟੀ.ਆਈ ’ਚ ਪੜ੍ਹਾਈ ਦੌਰਾਨ ਭਾਈ ਪਿਆਰਾ ਸਿੰਘ ‘ਪੰਜਾਬ ਸਟੂਡੈਂਟ ਯੂਨੀਅਨ’ ਦੇ ਸੰਪਰਕ ਵਿੱਚ ਆਏ ਅਤੇ ਕਾਫੀ ਸਰਗਰਮ ਭੂਮਿਕਾ ਨਿਭਾਈ। ਫਿਰ ਜਦੋਂ ਜੂਨ 1984 ਵਿੱਚ ਦਰਬਾਰ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ’ਤੇ ਦਿੱਲੀ ਦਰਬਾਰ ਵੱਲੋਂ ਹਮਲਾ ਕੀਤਾ ਗਿਆ ਅਤੇ ਫਿਰ ਨਵੰਬਰ 1984 ਵਿੱਚ ਇੰਡੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਸ ਤੋਂ ਬਾਅਦ  ਜਿਵੇਂ ਹਰ ਸਿੱਖ ਇਸ ਨਾਲ ਝੰਜੋੜਿਆ ਗਿਆ ਉਸੇ ਤਰ੍ਹਾਂ ਭਾਈ ਪਿਆਰਾ ਸਿੰਘ ਹੋਰਨਾਂ ਸਿੱਖ ਨੌਜਵਾਨਾਂ ਨਾਲ ਜੰਗ ਅਤੇ ਸ਼ਹਾਦਤ ਦੇ ਰਾਹ ਤੁਰ ਪਏ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। 

ਸੰਨ 1986 ਵਿੱਚ  ਸਰਗਰਮ ਸਿੱਖਾਂ ਨੇ ਭਵਾਨੀਗੜ੍ਹ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਇਕੱਠ ਰੱਖਿਆ ਜਿੱਥੇ ਬੀਬੀ ਬਿਮਲ ਕੌਰ ਖਾਲਸਾ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ। ਇਸੇ ਦਿਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਕਾਈ ਵੀ ਬਣਾਈ ਗਈ ਜਿਸ ਵਿੱਚ ਭਾਈ ਪਿਆਰਾ ਸਿੰਘ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਸਰਕਾਰ ਇਸ ਗੱਲੋਂ ਹਲਚਲ ਵਿੱਚ ਆਈ ਅਤੇ ਪੁਲਸ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਤ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਕਾਫੀ ਸਿੱਖ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਅਤੇ ਇਸੇ ਤਹਿਤ ਭਾਈ ਪਿਆਰਾ ਸਿੰਘ ਦੇ ਘਰ ਪਿੰਡ ਆਲੋਅਰਖ ਵੀ ਪੁਲਸ ਗਈ। ਭਾਈ ਪਿਆਰਾ ਸਿੰਘ ਹੁਰਾਂ ਨੂੰ ਪਤਾ ਸੀ ਕਿ ਅਜਿਹਾ ਵਾਪਰਨਾ ਹੈ ਉਹ ਸਮਾਂ ਪਛਾਣਦਿਆਂ ਇਧਰ ਉਧਰ ਹੋ ਗਏ। ਪੁਲਸ ਨੇ ਉਹਨਾਂ ਦੇ ਘਰੋਂ ਉਹਨਾਂ ਦੇ ਭਰਾ ਭਾਈ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਭਾਈ ਪਿਆਰਾ ਸਿੰਘ ਦੇ ਭਰਾ ’ਤੇ ਕਾਫੀ ਤਸ਼ੱਦਦ ਕੀਤਾ ਗਿਆ। ਇਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਪੈਸੇ ਵਗੈਰਾ ਦੇ ਕੇ ਇਹਨਾਂ ਨੂੰ ਛੁਡਵਾਇਆ, ਉਦੋਂ ਥਾਣੇਦਾਰ ਨੇ ਕਿਹਾ ਕਿ ਭਾਈ ਪਿਆਰਾ ਸਿੰਘ ਨੂੰ ਪੇਸ਼ ਕਰ ਦੇਵੋ ਅਸੀਂ ਪੁੱਛ ਗਿੱਛ ਕਰ ਕੇ ਛੱਡ ਦਵਾਂਗੇ। ਪਰਿਵਾਰ ਨੇ ਵਿਸ਼ਵਾਸ਼ ਕਰਕੇ ਕੁਝ ਸਮੇਂ ਬਾਅਦ 8 ਮਈ 1987 ਨੂੰ ਭਾਈ ਪਿਆਰਾ ਸਿੰਘ ਨੂੰ ਪੇਸ਼ ਕਰਵਾ ਦਿੱਤਾ ਪਰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛ ਗਿੱਛ ਦੀ ਥਾਂ ਭਾਈ ਪਿਆਰਾ ਸਿੰਘ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਸੀ.ਆਈ ਸਟਾਫ ਲੱਡਾ ਕੋਠੀ ਲਿਜਾਇਆ ਗਿਆ। ਪੁਲਸ ਨੇ ਇਹਨਾਂ ਦੀ ਗ੍ਰਿਫਤਾਰੀ 15 ਮਈ 1987 ਨੂੰ ਮਹਿਲ ਕਲਾਂ ਤੋਂ ਵਿਖਾਈ। ਕਈ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ ਐਨ.ਐੱਸ.ਏ ਵੀ ਸ਼ਾਮਲ ਸੀ। ਉਸ ਤੋਂ ਬਾਅਦ ਭਾਈ ਪਿਆਰਾ ਸਿੰਘ ਨੂੰ ਸੰਗਰੂਰ ਜੇਲ੍ਹ ਲਿਆਂਦਾ ਗਿਆ। 8 ਅਪ੍ਰੈਲ 1988 ਨੂੰ ਭਾਈ ਪਿਆਰਾ ਸਿੰਘ ਦੀ ਜਮਾਨਤ ਹੋ ਗਈ।

ਭਾਈ ਪਿਆਰਾ ਸਿੰਘ ਨੂੰ ਅਕਤੂਬਰ 1988 ਵਿੱਚ ਭਵਾਨੀਗੜ੍ਹ ਬਿਜਲੀ ਮਹਿਕਮੇ ਵਿੱਚ ਲਾਇਨਮੈਨ ਦੀ ਨੌਕਰੀ ਮਿਲ ਗਈ। ਕੁਝ ਸਮੇਂ ਬਾਅਦ ਇਹਨਾਂ ਦੀ ਮੰਗਣੀ ਜਖੇਪਲ ਦੇ ਰਹਿਣ ਵਾਲੇ ਸਰਦਾਰ ਪ੍ਰੀਤਮ ਸਿੰਘ ਦੀ ਸਪੁੱਤਰੀ ਬੀਬੀ ਭਰਪੂਰ ਕੌਰ ਨਾਲ ਹੋ ਗਈ। 1989 ਵਿੱਚ ਕੇਸਾਂ ਵਿੱਚੋਂ ਬਰੀ ਹੋ ਗਏ ਪਰ ਉਸ ਤੋਂ ਬਾਅਦ ਪੁਲਸ ਫਿਰ ਤੰਗ ਕਰਨ ਲੱਗ ਗਈ ਅਤੇ ਪਰਿਵਾਰ 'ਤੇ ਵੀ ਭਾਰੀ ਤਸ਼ੱਦਦ ਕੀਤਾ। 

ਆਲੋਅਰਖ ਦੇ ਨਾਲ ਹੀ ਬਖਤੜੀ ਪਿੰਡ ਹੈ, ਜਿੱਥੇ ਜਿਆਦਾਤਰ ਪਰਿਵਾਰ ਚੌਧਰੀ ਰਾਜਪੂਤਾਂ ਨਾਲ ਸਬੰਧਤ ਰਹਿੰਦੇ ਸਨ। ਉਨੀ ਦਿਨੀਂ ਪਿੰਡ ਦੇ ਸਰਪੰਚ ਮਨਮੋਹਨ ਨੂੰ ਸ਼ੱਕ ਦੇ ਅਧਾਰ 'ਤੇ ਮਾਰ ਦਿੱਤਾ ਗਿਆ ਜਿਸ ਕਾਰਨ ਪਿੰਡ ਵਾਲੇ ਇੰਨੇ ਡਰ ਗਏ ਕਿ ਉਹ ਘਰ ਛੱਡ ਕੇ ਹਰਿਆਣੇ ਵੱਲ ਨੂੰ ਜਾਣ ਦੀ ਤਿਆਰੀ ਕਰਨ ਲੱਗੇ। ਭਾਈ ਪਿਆਰਾ ਸਿੰਘ ਹੁਰਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਸਭ ਨੂੰ ਭਰੋਸੇ ਵਿੱਚ ਲਿਆ ਅਤੇ ਕਿਹਾ ਕਿ ਸਾਡੀ ਜਾਣਕਾਰੀ ਤੋਂ ਬਿਨਾਂ ਇਹ ਭਾਣਾ ਵਾਪਰਿਆ ਹੈ, ਜਿੰਨ੍ਹਾਂ ਸਮਾਂ ਅਸੀਂ ਜਿਉਂਦੇ ਹਾਂ ਤੁਹਾਡੇ ਨਾਲ ਕੋਈ ਧੱਕਾ ਨਹੀਂ ਕਰੇਗਾ। ਉਹ ਸਾਰੇ ਪਰਿਵਾਰ ਇਹਨਾਂ ਸਿੰਘਾਂ ਸਦਕਾ ਆਪਣੇ ਪਿੰਡ ਵਿੱਚ ਵਸੇ ਅਤੇ ਅੱਜ ਤੱਕ ਵੱਸ ਰਹੇ ਹਨ।   

ਜਦੋਂ ਭਾਈ ਪਿਆਰਾ ਸਿੰਘ ਹੁਰਾਂ ਨੂੰ ਘਰ ਛੱਡਣੇ ਪਏ ਤਾਂ ਉਨ੍ਹਾਂ ਬੀਬੀ ਭਰਪੂਰ ਕੌਰ ਹੁਰਾਂ ਤੱਕ ਸੁਨੇਹਾ ਪਹੁੰਚਾਇਆ ਕਿਉਂਕਿ ਭਾਈ ਪਿਆਰਾ ਸਿੰਘ ਹੁਰਾਂ ਨੂੰ ਆਪਣਾ ਅਗਲਾ ਰਾਹ ਸਪਸ਼ਟ ਸੀ ਜਿਸ ਕਰਕੇ ਇਹਨਾਂ ਨੇ ਬੀਬੀ ਭਰਪੂਰ ਕੌਰ ਨੂੰ ਦੱਸ ਦਿੱਤਾ ਸੀ ਕਿ ਸਾਡੇ ਰਾਹ ਸੌਖਾਲੇ ਨਹੀਂ, ਅਸੀਂ ਜੰਗ ’ਚ ਹਾਂ ਅਤੇ ਸ਼ਹਾਦਤ ਹੀ ਸਾਡੀ ਮੰਜ਼ਲ ਹੈ। ਇਸ ਵਿੱਚ ਤੈਨੂੰ ਨਾਲ ਰੱਖਣਾ ਸੰਭਵ ਨਹੀਂ, ਤੂੰ ਆਪਣਾ ਘਰ ਵਸਾ ਲੈ। ਪਰ ਬੀਬੀ ਭਰਪੂਰ ਕੌਰ ਹੁਰਾਂ ’ਤੇ ਗੁਰੂ ਪਾਤਿਸਾਹ ਦੀ ਬਖਸ਼ਿਸ਼ ਸੀ, ਉਹਨਾਂ ਜਵਾਬ ਵਿੱਚ ਕਿਹਾ ਕਿ ਆਪਣਾ ਰਿਸ਼ਤਾ ਹੋਇਆ ਹੈ ਅਤੇ ਮੈਂ ਆਪਣਾ ਬਚਨ ਆਖਰੀ ਸਾਹ ਤੱਕ ਨਿਭਾਵਾਂਗੀ ਭਾਵੇਂ ਮੌਤ ਕੱਲ੍ਹ ਆਉਂਦੀ ਅੱਜ ਆ ਜਾਵੇ। ਬੀਬੀ ਭਰਪੂਰ ਕੌਰ ਨੇ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਮੈਂ ਸ਼ਹੀਦ ਹੋਵਾਂਗੀ। ਬੀਬੀ ਭਰਪੂਰ ਕੌਰ ਦੇ ਇਹਨਾਂ ਬਚਨਾਂ ਤੋਂ ਬਾਅਦ ਭਾਈ ਪਿਆਰਾ ਸਿੰਘ ਉਹਨਾਂ ਨੂੰ ਮਨ੍ਹਾ ਨਾ ਕਰ ਸਕੇ ਤੇ ਫਿਰ ਓਹਨਾ ਦੇ ਅਨੰਦ ਕਾਰਜ ਹੋਏ।  

ਅਨੰਦ ਕਾਰਜਾਂ ਤੋਂ ਸਵਾ ਕੁ ਮਹੀਨਾ ਬਾਅਦ ਭਾਈ ਪਿਆਰਾ ਸਿੰਘ ਅਤੇ ਬੀਬੀ ਭਰਪੂਰ ਕੌਰ ਬਠਿੰਡੇ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਕਿ ਕਿਸੇ ਨੇ ਪੁਲਸ ਨੂੰ ਇਤਲਾਹ ਕਰ ਦਿੱਤੀ। 29 ਅਗਸਤ 1991 ਨੂੰ ਪੁਲਸ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ। ਮਕਾਨ ਮਾਲਕ ਫੌਜੀ ਸੀ, ਭਾਈ ਪਿਆਰਾ ਸਿੰਘ ਨੇ ਇਸ ਲਈ ਗੋਲੀ ਨਹੀਂ ਚਲਾਈ ਕਿ ਇਸ ਗੋਲੀਬਾਰੀ ਦੌਰਾਨ ਫੌਜੀ ਦਾ ਪਰਿਵਾਰ ਖਾਹ-ਮ-ਖਾਹ ਮਾਰਿਆ ਨਾ ਜਾਵੇ। ਇਸ ਕਰਕੇ ਦੋਵਾਂ ਨੇ ਪੁਲਸ ਹੱਥ ਆਉਣ ਦੀ ਬਜਾਇ ‘ਸਾਇਨਾਈਡ’ ਖਾ ਕੇ ਸ਼ਹਾਦਤ ਪ੍ਰਾਪਤ ਕੀਤੀ। ਕੀਤੇ ਬਚਨਾਂ ਅਨੁਸਾਰ ਬੀਬੀ ਭਰਪੂਰ ਕੌਰ ਨੇ ਪਹਿਲਾਂ ‘ਸਾਇਨਾਈਡ’ ਖਾਧਾ ਅਤੇ ਸ਼ਹਾਦਤ ਪ੍ਰਾਪਤ ਕੀਤੀ। 

ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਸਾਨੂੰ ਵੀ ਅੱਜ ਨਿੱਕੇ-ਨਿੱਕੇ ਮਸਲੇ ਤੇ ਝਗੜਿਆਂ ਤੋਂ ਗੁਰੇਜ ਕਰਦਿਆਂ ਸਰਬੱਤ ਦੇ ਭਲੇ ਲਈ ਨਿਸ਼ਕਾਮ ਰਹਿ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ। ਗੁਰੂ ਪਾਤਿਸਾਹ ਮਿਹਰ ਕਰਨ ਸਾਨੂੰ ਆਪਣੇ ਸ਼ਹੀਦਾਂ ਵਰਗੇ ਬਣਨ ਦਾ ਬਲ ਬਖਸ਼ਣ।  

 

ਸੰਪਾਦਕ

ਭਾਈ ਮਲਕੀਤ ਸਿੰਘ