ਸ਼ਬਦ ਗੁਰੂ ਦਾ ਪ੍ਰਕਾਸ਼

ਸ਼ਬਦ ਗੁਰੂ ਦਾ ਪ੍ਰਕਾਸ਼

ਇਕ ਅਜਿਹਾ ਨਿਰਾਲਾ ਸੱਚ ਹੀ ਵਿਸ਼ਵ ਧਰਮ ਹੋਣ ਦੀ ਬਖਸ਼ਿਸ਼ ਹਾਸਿਲ ਕਰ ਸਕਦਾ ਹੈ

ਇਕ ਅਜਿਹਾ ਨਿਰਾਲਾ ਸੱਚ ਹੀ ਵਿਸ਼ਵ ਧਰਮ ਹੋਣ ਦੀ ਬਖਸ਼ਿਸ਼ ਹਾਸਿਲ ਕਰ ਸਕਦਾ ਹੈ, ਜਿਸ ਵਿੱਚ ਇਲਾਹੀ ਨੂਰ, ਜੋਕਿ ਅੱਡ-ਅੱਡ ਸਮੇਂ ਅਤੇ ਸਥਾਨ ਵਿਚ ਪ੍ਰਕਾਸ਼ਮਾਨ ਹੋਇਆ ਹੋਵੇ, ਨੂੰ ਇਕ ਮੁਕੱਦਸ ਮੰਦਿਰ ਵਿੱਚ ਪ੍ਰਕਾਸ਼ ਕਰਨ ਦੀ ਬਖਸ਼ਿਸ਼ ਹਾਸਿਲ ਹੋਵੇ ਅਤੇ ਇਸ ਹਰਿਮੰਦਰ ਵਿਚੋਂ ਫਿਰ ਇਹ ਨੂਰ ਚੌਹਾਂ ਦਿਸ਼ਾਵਾਂ ਵਿੱਚ ਪ੍ਰਕਾਸ਼ਮਾਨ ਹੋਣ ਦਾ ਤਾਣ ਰੱਖਦਾ ਹੋਵੇ। ਜਿਸ ਦੀ ਨਵਾਜਿਸ਼ ਕੁਲ ਕਾਇਨਾਤ ‘ਤੇ ਇਕ ਸਮਾਨ ਵਰਤਦੀ ਹੋਵੇ। ਸੋ ਪਾਵਨ ਬੀੜ ਦੇ ਪ੍ਰਕਾਸ਼ ਹੋਣ ਨਾਲ ਸਿੱਖੀ ਦਾ ਬਹੁ-ਕੇਂਦਰਿਤ ਹੋਣ ਦਾ ਅਮਲ ਵੀ ਪ੍ਰਕਾਸ਼ ਹੁੰਦਾ ਹੈ। ਜਿਵੇਂ ਹਰਿਮੰਦਰ ਸਾਹਿਬ ਦੀ ਸਾਜਨਾ ਦਾ ਇਲਾਹੀ ਕਾਰਜ, ਹਰਿਮੰਦਰ ਦੇ ਚਾਰਾਂ ਦਿਸ਼ਾਵਾਂ ਵੱਲ ਦਰਵਾਜ਼ਿਆਂ ਦਾ ਸਾਂਝੀਵਾਲਤਾ ਵਾਲਾ ਉਪਦੇਸ਼, ਪਾਵਨ ਬੀੜ ਵਿਚ ਹੋਰ ਇਲਾਹੀ ਬਾਣੀ ਨੂੰ ਸ਼ਾਮਿਲ ਕਰਨ ਦਾ ਇਲਾਹੀ ਕੌਤਕ ਅਤੇ ਮੀਆਂ ਮੀਰ ਜੀ ਵਲੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਅਲੌਕਿਕ ਨਜ਼ਾਰਾ, ਇਹ ਸਾਰੀਆਂ ਗੱਲਾਂ ਸਿੱਖੀ ਦੀ ਸ਼ਾਨ ਨੂੰ ਸਾਂਝੀਵਾਲਤਾ ਦੇ ਉੱਚੇ ਜਬਤ ਵਿਚ ਬੰਨਦੀਆਂ ਹਨ। ਗੁਰਸਿੱਖੀ ਇਕ ਨਿਰਾਲਾ ਪੰਥ ਹੈ ਜਿਸ ਵਿਚ ਬਹੁਕੇਂਦਰਤਾ ਵਿਆਪਕ ਹੈ। 

ਅਖੀਰ ਉਹ ਮੁਬਾਰਕ ਘੜੀ ਆਉਦੀ ਹੈ ਜਿਸ ਦਿਨ 1604ਈ. ਨੂੰ ਗੁਰੂ ਅਰਜਨ ਦੇਵ ਜੀ ਪਾਵਨ ਬੀੜ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਰਦੇ ਹਨ। ਇਹ ਪ੍ਰਕਾਸ਼ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਸੀ। ਪਾਵਨ ਬੀੜ ਨੂੰ ਲਿਖਵਾਉਣ ਦਾ ਕਾਰਜ ਰਾਮਸਰ ਦੇ ਪਵਿੱਤਰ ਅਤੇ ਰਮਣੀਕ ਸਥਾਨ ਤੇ ਹੋਇਆ ਅਤੇ ਬਾਣੀ ਨੂੰ ਲਿਖਣ ਦੇ ਪਵਿੱਤਰ ਕਾਰਜ ਦੀ ਸੇਵਾ ਭਾਈ ਗੁਰਦਾਸ ਜੀ ਨੇ ਨਿਭਾਈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਇਸ ਸਮੁੱਚੀ ਅਲੌਕਿਕ ਖੇਡ ਨੂੰ ਸੰਪਾਦਨਾ ਆਖਣਾ ਇਕ ਵਡੇਰੀ ਭੁੱਲ ਹੈ। ਪ੍ਰੋ ਹਰਿੰਦਰ ਸਿੰਘ ਮਹਿਬੂਬ ਅਨੁਸਾਰ "ਪਾਵਨ ਬੀੜ ਦੇ ਪ੍ਰਕਾਸ਼ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਦਾ ਜੋ ਸੁਮੇਲ, ਤਰਤੀਬ ਅਤੇ ਚੋਣ -ਢੰਗ ਗੁਰੂ ਗ੍ਰੰਥ ਸਾਹਿਬ ਵਿੱਚ ਦ੍ਰਿਸ਼ਟਮਾਨ ਹਨ, ਉਹ ਕਿਸੇ ਸੰਗ੍ਰਹਿ -ਕਰਤ, ਭਾਵੇਂ ਉਹ ਗੁਰੂ ਸਾਹਿਬ ਖੁਦ ਹੀ ਕਿਉ ਨਾਂਹ ਹੋਣ, ਦੀ ਮਿਹਨਤ ਦਾ ਨਤੀਜਾ ਨਹੀ, ਸਗੋ ਇਹਨਾਂ ਦੀ ਹੋਂਦ ਅਦ੍ਰਿਸ਼ਟ ਰੂਪ ਵਿੱਚ ਗੁਰੂ-ਲਿਵ ਵਿਚ ਮੌਜੂਦ ਸੀ। ਦੂਜੇ ਲਫਜਾਂ ਵਿਚ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਦੇ ਅੰਗ ਸੰਗ ਸਨ, ਅਤੇ ਦਸਮ ਪਾਤਿਸ਼ਾਹ ਨੇ ਸਮੁੱਚੀ ਪਾਵਨ ਬੀੜ ਦਾ ਅਖੰਡ ਉਚਾਰਨ ਕਰਕੇ ਇਹ ਗੱਲ ਸਾਬਤ ਵੀ ਕਰ ਵਿਖਾਈ।" ਕਿਉਂਕਿ ਪਾਵਨ ਬੀੜ ਦੀ ਸਾਜਨਾ ਗੁਰੂ-ਲਿਵ ਵਿਚੋ ਹੋਈ ਹੈ ਇਸ ਵਿਚ ਉਹ ਹਰੇਕ ਚੀਜ ਸ਼ਾਮਲ ਹੈ ਜਿਸਨੂੰ ਗੁਰੂ-ਲਿਵ ਦੀ ਬਖਸ਼ਿਸ਼ ਨਸੀਬ ਹੈ। ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਜਦੋਂ ਵੀ ਸਿੱਖ ਗੁਰਬਾਣੀ ਦਾ ਜਾਪ ਕਰਦਾ ਹੈ ਤਾਂ ਉਸਦੇ ਅੱਗੇ ਨਾਮ ਦੀ ਮਹਿਮਾਂ ਦਾ ਦੈਵੀ ਜਿਕਰ ਵਾਰ-ਵਾਰ ਆਉਂਦਾ ਹੈ ਅਜਿਹਾ ਨਾਮ ਜਿਸਦਾ ਪਾਰ ਵੇਦ, ਕਤੇਬ ਜਾਂ ਹੋਰ ਧਰਮ ਗ੍ਰੰਥ ਵੀ ਨਹੀ ਪਾ ਸਕੇ। ਸਿੱਖੀ ਵਿੱਚ ਨਾਮ ਅਤੇ ਸ਼ਬਦ ਦੀ ਮਹਿਮਾ ਬੇਅੰਤ ਹੈ । 

ਅਕਾਲ ਪੁਰਖ ਦੇ ਹੁਕਮ ਵਿੱਚ ਹੀ ਨਾਮ ਗੁਰੂ ਰੂਪ ਵਿੱਚ ਜਗਤ ਦਾ ਉਧਾਰ ਕਰਨ ਹਿਤ ਪ੍ਰਕਾਸ਼ਮਾਨ ਹੋਇਆ। ਨਾਮ ਅਕਾਲ ਪੁਰਖ ਦੇ ਹੁਕਮ ਵਿੱਚ ਆਪਣੇ ਨਿਰਗੁਣ ਅਮੂਰਤ ਰੂਪ ਤੋਂ ਸਾਕਾਰ ਰੂਪ ਵਿਚ ਪ੍ਰਗਟ ਹੋਣ ਤੋਂ ਉਪਰੰਤ, ਫਿਰ ਨਾਮ ਗੁਰੂ ਅਮਲ ਰਾਹੀ ਬਾਣੀ ਦੇ ਸ਼ਬਦ ਰੂਪ ਵਿਚ ਧਰਤੀ ਤੇ ਪ੍ਰਗਟ ਹੁੰਦਾ ਹੈ। ਜਿਸਦੇ ਨਾਲ ਇਕ ਗਤੀਸ਼ੀਲ ਗੁਰੂ-ਅਮਲ ਦੀ ਸਿਰਜਣਾ ਹੁੰਦੀ ਹੈ। ਇਹ ਗੁਰੂ ਅਮਲ ਨਾਮ ਦੇ ਨਿਰੰਕਾਰੀ ਰੂਪ ਦਾ ਸਮੇਂ ਅਤੇ ਸਥਾਨ ਵਿਚ ਇਕ ਕੋਮਲ ਅਤੇ ਸਚਿਆਰਾ ਫੈਲਾਅ ਹੈ। ਜਿਸਨੇ ਨਾਮ ਦੇ ਪ੍ਰਤਾਪ ਨੂੰ ਸਚਿਆਰੇ ਅਮਲ ਵਿਚ ਜਾਹਰ ਕਰਦਿਆ ਧਰਤੀ ਤੇ ਇਕ ਕਾਮਲ ਮਰਦ ਭਾਵ ਗੁਰਮੁਖਿ ਦਾ ਪ੍ਰਕਾਸ਼ ਕਰਨਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਸ਼ਬਦ ਗੁਰੂ ਰੂਪ ਹੀ ਹੋ ਜਾਦਾ ਹੈ, ਕਿਉਂਕਿ ਸ਼ਬਦ ਗੁਰੂ-ਅਵਤਾਰੀ ਸੁਰਤਿ ਰਾਹੀ ਧਰਤੀ ਤੇ ਪ੍ਰਗਟ ਹੁੰਦਾ ਹੈ। ਅਮੂਰਤ ਨਾਮ ਕਲਾਧਾਰੀ ਗੁਰੂ ਸੁਰਤਿ ਰਾਹੀ ਸ਼ਬਦ ਰੂਪ ਵਿਚ ਪ੍ਰਗਟ ਹੁੰਦਾ ਹੈ। ਇਸ ਤਰ੍ਹਾਂ “ਗੁਰੂ-ਅਮਲ” ਸ਼ਬਦ ਦੀ ਇਕ ਖਾਸ ਅਤੇ ਮੌਲਿਕ ਵਿਆਖਿਆ ਪੇਸ਼ ਕਰਦਾ ਹੈ । 

ਸੋ ਗੁਰੂ ਹੀ ਸਬਦ ਹੈ ਅਤੇ ਸ਼ਬਦ ਹੀ ਗੁਰੂ ਹੈ। ਇਹ ਦੋ ਨਹੀ ਸਗੋ ਇਕ ਦੀ ਹੀ ਖੇਡ ਹੈ "ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ"। ਇਹ ਸ਼ਬਦ ਗੁਰੂ ਜੋਤਿ ਸਰੂਪ ਹੈ। ਇਸ ਦਾ ਇਕ ਪੱਖ ਨਿਰਗੁਣ ਸਰੂਪ ਹੈ ਅਤੇ ਦੂਜਾ ਪੱਖ ਸਰਗੁਣ ਬ੍ਰਹਮ ਹੈ ਜਿਵੇ "ਤਿਹੁ ਲੋਕਾ ਮਹਿ ਸਬਦੁ ਰਵਿਆ ਹੈ"। ਸੋ ਇਹ ਸਾਰਾ ਕੁਝ ਭਿੰਨ ਭਿੰਨ ਵਿਆਪ ਰਿਹਾ ਹੈ ਪਰ ਅੰਤਿਮ ਰੂਪ ਵਿਚ ਸਾਰਾ ਕੁਝ ਇਕ ਦੀ ਹੀ ਖੇਡ ਹੈ ਅਤੇ ਸਾਡੇ ਅੱਗੇ ਇਹ ਖੇਡ ਜੋਤਿ ਅਤੇ ਜੁਗਤਿ ਰੂਪ ਵਿੱਚ ਖੇਡੀ ਜਾ ਰਹੀ ਹੈ। ਜਿਵੇਂ ਦਸਾ ਪਾਤਿਸ਼ਾਹੀਆਂ ਵਿੱਚ ਜੋਤਿ ਇਕ ਹੈ ਪਰ ਜੁਗਤਿ ਦਾ ਭੇਦੁ ਹੈ , "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" । ਸੋ ਪੰਚਮ ਪਾਤਿਸ਼ਾਹ ਨੇ ਅੱਡ-ਅੱਡ ਸਮੇਂ ਅਤੇ ਸਥਾਨ ਤੇ ਨਾਜਲ ਹੋਏ ਇਲਾਹੀ ਸ਼ਬਦ ਨੂੰ ਇਕ ਜਗ੍ਹਾ ਇਕੱਤਰ ਕਰ ਪਾਵਨ ਬੀੜ ਦੇ ਰੂਪ ਵਿਚ ਸ਼ਬਦ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ। ਫਿਰ ਦਸਵੇਂ ਪਾਤਿਸ਼ਾਹ ਨੇ ਦਮਦਮਾ ਸਾਹਿਬ ਵਿਖੇ ਮੁੜ ਸਮੁੱਚੀ ਬਾਣੀ ਦਾ ਉਚਾਰਨ ਕੀਤਾ। ਉਸਤੋਂ ਉਪਰੰਤ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਦਿ ਬੀੜ ਨੂੰ ਦਸਵੇਂ ਪਾਤਸ਼ਾਹ ਨੇ ਗੁਰਿਆਈ ਬਖਸ਼ੀ। 

ਉਸ ਮੁਬਾਰਕ ਘੜੀ ਤੋਂ ਹੁਣ ਤੱਕ ਸਮੁੱਚੀ ਸਿੱਖ ਸੰਗਤ ਦਸਾਂ ਪਾਤਿਸ਼ਾਹੀਆਂ ਦੀ ਆਤਮਕ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੀ ਆਈ ਹੈ ਅਤੇ ਗੁਰੂ ਖਾਲਸਾ ਪੰਥ ਜੋ ਕਿ ਗੁਰੂ ਸਾਹਿਬ ਦਾ ਦੇਹ ਰੂਪ ਹੈ ਸ਼ਬਦ ਗੁਰੂ ਦੇ ਹੁਕਮ ਨੂੰ ਸੰਸਾਰ ਵਿੱਚ ਅਟੱਲ ਕਰਵਾਉਣ ਵਿਚ ਭੂਮਿਕਾ ਨਿਭਾਉਦਾ ਹੈ। ਸੋ ਅੱਜ ਲੋੜ ਹੈ ਕਿ ਸਾਨੂੰ ਆਪਣੇ ਗਿਆਨ ਸ਼ਾਸਤਰਾ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ ਜਿਨ੍ਹਾਂ ਗਿਆਨ ਵਿਧਾਵਾ ਦੀ ਸ਼ੁਰੂਆਤ ਗੁਰੂ ਘਰ ਨੂੰ ਪ੍ਰਣਾਏ ਸਿੱਖ ਵਿਦਵਾਨ ਅਤੇ ਸੇਵਕ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਗੋਆ ਜੀ ਨੇ ਕੀਤੀ ਸੀ। ਜਿਸ ਰਾਹੀ ਸਿੱਖੀ ਨੂੰ ਵੇਖਿਆ ਸਿੱਖੀ ਦੇ ਬ੍ਰਹਿਮੰਡੀ ਰੂਪ ਦੇ ਦਰਸ਼ਨ ਹੁੰਦੇ ਹਨ ਪਰ ਜਦਕਿ ਸਾਡੇ ਮੌਜੂਦਾ ਗਿਆਨ ਪ੍ਰਬੰਧ ਸਿੱਖੀ ਦੀ ਵਿਆਪਕ ਵਿਆਖਿਆ ਅਤੇ ਅਮਲ ਨੂੰ ਭੂਗੋਲਿਕਤਾ ਦੇ ਮਨੋਵਿਗਿਆਨਕ ਅਤੇ ਭੌਤਿਕ ਘੇਰਿਆ ਤੱਕ ਮਹਿਦੂਦ ਕਰਨ ਦੇ ਕੋਝੇ ਯਤਨ ਕਰ ਰਹੇ ਹਨ। ਸੋ ਸਾਨੂੰ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਜੋ ਕਿ ਹਰਿਮੰਦਰ ਸਾਹਿਬ ਵਿੱਚ ਹੋਇਆ ਸੀ, ਦੀਆਂ ਇਲਾਹੀ ਰਮਜਾਂ ਨੂੰ ਸਮਝਣ ਦੇ ਯਤਨ ਕਰਨੇ ਚਾਹੀਦੇ ਹਨ।

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼