ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲਾਰੈਂਸ ਗੈਂਗ ਵਲੋਂ ਮਿਲੀ ਧਮਕੀ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲਾਰੈਂਸ ਗੈਂਗ ਵਲੋਂ ਮਿਲੀ ਧਮਕੀ

ਪਰਿਵਾਰ ਨੇ ਜਵਾਬ ਦਿਤਾ- ਲਾਰੈਂਸ ਤੇ ਜੱਗੂ ਭਗਵਾਨਪੁਰੀਆ ਦੀ ਮਲਕੀਅਤ ਨਹੀਂ ਪੰਜਾਬ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਹੁਣ ਮੂਸੇਵਾਲਾ ਦੇ ਪਰਿਵਾਰ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੇ ਪੰਜਾਬ ਖਰੀਦ ਨਹੀਂ ਲਿਆ ਹੈ। ਉਹ ਗੈਂਗਸਟਰ ਹੈ ਤੇ ਉਸ ਨੂੰ ਸਰਕਾਰ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਕੋਲ 200-300 ਬੰਦੂਕਧਾਰੀ ਗੁੰਡੇ ਹਨ। ਉਹ ਕਿਸੇ ਨੂੰ ਵੀ ਗੋਲੀ ਮਾਰ ਸਕਦਾ ਹੈ, ਪਰ ਅਸੀਂ ਕਿਸੇ ਤੋਂ ਨਹੀਂ ਡਰਦੇ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਕਿ ਮੂਸੇਵਾਲਾ ਦੇ ਪਿਤਾ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਤਾਇਆ ਚਮਕੌਰ ਸਿੱਧੂ ਤੇ ਮੂਸੇਵਾਲਾ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਸਰੋਤਿਆਂ ਨਾਲ ਗੱਲਬਾਤ ਕੀਤੀ। 

ਮੂਸੇਵਾਲਾ ਪਰਿਵਾਰ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਸਿੱਧੂ ਦਾ ਕਾਰੋਬਾਰ ਬਹੁਤ ਵੱਡਾ ਹੈ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਉਸ ਨੂੰ ਦੇਖਣ ਲਈ ਹੀ ਵਿਦੇਸ਼ ਗਏ ਹੋਏ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਵਾਪਸ ਆਉਣਾ ਸੀ ਪਰ ਇਸ 'ਚ ਕੁਝ ਦਿਨ ਹੋਰ ਲੱਗ ਗਏ। ਉਨ੍ਹਾਂ ਸੋਸ਼ਲ ਮੀਡੀਆ 'ਤੇ ਧਮਕੀਆਂ ਦੇ ਡਰੋਂ ਵਿਦੇਸ਼ ਜਾਣ ਦੀ ਗੱਲ ਗੱਲ ਕਹਿਣ ਵਾਲਿਆਂ ਨੂੰ ਵੀ ਜਵਾਬ ਦਿੱਤਾ ਹੈ। ਮੂਸੇਵਾਲਾ ਦੇ ਤਾਇਆ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਧਮਕੀ ਦੇ ਡਰੋਂ ਵਿਦੇਸ਼ ਨਹੀਂ ਗਿਆ ਹੈ। ਉਹ ਮੂਸੇਵਾਲਾ ਦੇ ਬਿਜ਼ਨਸ ਨੂੰ ਦੇਖਣ ਲਈ ਵਿਦੇਸ਼ ਗਏ ਹਨ। ਉਹ ਜਲਦ ਹੀ ਵਾਪਸੀ ਕਰ ਸਕਦੇ ਹਨ। 

ਮੂਸੇਵਾਲਾ ਪਰਿਵਾਰ ਨੇ ਸਿੱਧੂ ਦੇ ਮਾਤਾ-ਪਿਤਾ ਨੂੰ ਲਾਰੈਂਸ ਗੈਂਗ ਦੇ ਸ਼ੂਟਰ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਪ੍ਰਸ਼ੰਸਕ ਆਉਂਦੇ ਹਨ। ਕਿਸੇ ਦੇ ਚਿਹਰੇ 'ਤੇ ਇਹ ਨਹੀਂ ਲਿਖਿਆ ਹੁੰਦਾ ਕਿ ਉਹ ਅੰਦਰੋਂ ਕੀ ਸੋਚ ਰਿਹਾ ਹੈ? ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ। ਚਾਰ ਦਿਨ ਪਹਿਲਾਂ ਲਾਰੈਂਸ ਗੈਂਗ ਦੇ ਸ਼ੂਟਰ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਸੀ। ਜਿਸ ਵਿੱਚ ਕਿਹਾ ਗਿਆ ਕਿ ਬਲਕੌਰ ਸਿੰਘ ਨੇ ਜੇ ਆਪਣੀ ਜ਼ੁਬਾਨ ਬੰਦ ਨਾ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਵੀ ਉਨ੍ਹਾਂ ਦੇ ਪੁੱਤਰ ਮੂਸੇਵਾਲਾ ਵਾਂਗ ਕਰ ਦਿੱਤਾ ਜਾਵੇਗਾ। ਤੁਹਾਡੇ ਪੁੱਤਰ ਨੇ ਸਾਡੇ ਭਰਾਵਾਂ ਨੂੰ ਮਾਰਿਆ ਅਤੇ ਅਸੀਂ ਤੁਹਾਡੇ ਪੁੱਤਰ ਨੂੰ ਮਾਰਿਆ। ਅਸੀਂ ਨਹੀਂ ਭੁੱਲੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਝੂਠਾ ਮੁਕਾਬਲਾ। ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦਿੱਤੀ ਗਈ ਕਿ ਉਹ ਲਾਰੈਂਸ ਅਤੇ ਜੱਗੂ ਦੀ ਸੁਰੱਖਿਆ ਬਾਰੇ ਕੁਝ ਨਾ ਕਹਿਣ। ਹਾਲਾਂਕਿ ਮੂਸੇਵਾਲਾ ਦੇ ਪਿਤਾ ਇਸ ਮੁੱਦੇ ਨੂੰ ਵਾਰ-ਵਾਰ ਉਠਾਉਂਦੇ ਰਹੇ ਹਨ।