ਕਿਸਾਨੀ ਸੰਘਰਸ਼ ਅਤੇ ਖੇਤੀ ਕਨੂੰਨ ਰੱਦ ਕਰਨ ਦਾ ਐਲਾਨ

ਕਿਸਾਨੀ ਸੰਘਰਸ਼ ਅਤੇ ਖੇਤੀ ਕਨੂੰਨ ਰੱਦ ਕਰਨ ਦਾ ਐਲਾਨ

ਗੁਰਪੁਰਬ ਮੌਕੇ ਲਾਂਘਾ ਖੋਲਣਾ ਅਤੇ ਕਨੂੰਨ ਵਾਪਸ ਲੈਣੇ ਇਸ ਗੱਲ ਦੀ ਗਵਾਹੀ

ਕੋਵਿਡ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਆਰਡੀਨੈਂਸ ਲਿਆਂਦੇ ਗਏ ਸਨ ਜਿੰਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਹੋਇਆ ਪਰ ਕੋਵਿਡ ਕਾਰਨ ਇਹ ਵਿਰੋਧ ਸੀਮਤ ਰੂਪ ਵਿੱਚ ਹੀ ਰਿਹਾ ਫਿਰ ਸਰਕਾਰ ਨੇ ਇਹਨਾਂ ਆਰਡੀਨੈਂਸਾਂ ਨੂੰ ਕਾਨੂੰਨ ਦਾ ਰੂਪ ਦੇਣ ਦਾ ਅਮਲ ਅਪਣਾਇਆ ਜਿਸ ਕਰਕੇ ਵਿਰੋਧ ਮੁੜ ਤੋਂ ਉੱਭਰਿਆ। ਹੌਲੀ ਹੌਲੀ ਵਿਰੋਧ ਹੋਰ ਵਧਦਾ ਗਿਆ ਅਤੇ ਇਸ ਸੰਘਰਸ਼ ''ਚ ਵੱਡੀ ਗਿਣਤੀ ਵਿਚ ਕਿਸਾਨ ਅਤੇ ਓਹਨਾ ਦੇ ਪਰਿਵਾਰ ਸੜਕਾਂ ਤੇ ਆਉਣਾ ਸ਼ੁਰੂ ਹੋ ਗਏ। ਕਈ ਗੀਤਕਾਰ, ਗਵਈਏ ਅਤੇ ਫਿਲਮ ਜਗਤ ਨਾਲ ਸਬੰਧਿਤ ਸਖਸ਼ੀਅਤਾਂ ਵੀ ਇਸ ਮਸਲੇ ਉੱਤੇ ਕਿਸਾਨਾਂ ਦੇ ਹੱਕ ਚ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਇਹ ਤਿੰਨੋ ਆਰਡੀਨੈਂਸ, ਕਾਨੂੰਨ ਬਣ ਗਏ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਰੋਹ ਹੋਰ ਵਧ ਗਿਆ, ਵੱਡੀ ਗਿਣਤੀ ਵਿੱਚ ਨੌਜਵਾਨ ਵੀ ਸੜਕਾਂ ਤੇ ਆ ਗਏ ਅਤੇ ਤਕਰੀਬਨ ਸਾਰੀਆਂ ਧਿਰਾਂ ਹੀ ਇਸ ਸੰਘਰਸ਼ ਵਿੱਚ ਉਤਰ ਆਈਆਂ। ਪੰਜਾਬ ਅਤੇ ਇੰਡੀਆ ਤੋਂ ਬਾਹਰ ਵੀ ਇਸ ਸਬੰਧੀ ਮੁਜਾਹਰੇ ਹੋਣ ਲੱਗ ਪਏ। ਦਿੱਲੀ ਤਖਤ ਵੱਲੋਂ ਆਪਣੇ ਸੁਭਾਅ ਮੁਤਾਬਿਕ ਸੱਤਾ ਦੇ ਹੰਕਾਰ ਵਿੱਚ ਇਹ ਸਾਰੇ ਸੰਘਰਸ਼ ਨੂੰ ਅੱਖੋਂ ਓਹਲੇ ਕਰ ਕੇ ਕਹਿ ਦਿੱਤਾ ਗਿਆ ਕਿ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਭੋਰਾ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅਤੇ ਨਾ ਹੀ ਇਨ੍ਹਾਂ ਵਿੱਚ ਕੋਈ ਮਾਮੂਲੀ ਰਿਆਇਤ ਹੀ ਕੀਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਆਪਣੀ ਜਿੱਦ 'ਤੇ ਅੜੇ ਰਹਿਣ ਕਰਕੇ ਲਗਾਤਾਰ ਇਹ ਵਿਰੋਧ ਤੇਜ਼ ਹੁੰਦਾ ਗਿਆ ਜਿਸ ਦੇ ਤਹਿਤ 26-27 ਨਵੰਬਰ 2020 ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਗਿਆ। ਕਿਸਾਨ ਯੂਨੀਅਨਾਂ ਦਾ ਬਿਆਨ ਸੀ ਕਿ ਜਿੱਥੇ ਸਾਨੂੰ ਰੋਕ ਦਿੱਤਾ ਗਿਆ, ਅਸੀਂ ਉੱਥੇ ਹੀ ਪੱਕਾ ਧਰਨਾ ਲਾ ਦਵਾਂਗੇ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਕਾਫਲੇ ਦਿੱਲੀ ਨੂੰ ਕੂਚ ਕਰਨਗੇ ਅਤੇ ਇਸ ਤਰੀਕੇ ਕਰਨਗੇ। ਦਿੱਲੀ ਨੂੰ ਜਾਣ ਵਕਤ ਲੱਗੀਆਂ ਰੋਕਾਂ ਤੋੜਨ ਨੂੰ ਮਤਾ ਕੋਈ ਸਮਝੇ ਕਿ ਇਹ ਆਰਥਿਕ ਮਸਲੇ ਕਰ ਕੇ ਤੋੜੀਆਂ ਗਈਆਂ, ਹਿਸਾਬ ਕਿਤਾਬ ਦੇ ਮਸਲੇ ਹਿਸਾਬ ਕਿਤਾਬ ਦੀ ਸੁਰਤ ਚ ਹੀ ਨਜਿੱਠੇ ਜਾਂਦੇ ਨੇ, ਇਹ ਰੋਕਾਂ ਵੱਖਰੇ ਜਲੌਅ ਚੋਂ ਤੋੜੀਆਂ ਗਈਆਂ। ਜਦੋਂ ਗੁਰੂ ਪਾਤਸ਼ਾਹ ਦੀ ਕਲਾ ਵਰਤਦੀ ਹੈ ਫਿਰ ਕੁਦਰਤ ਵੀ ਸਾਥ ਦਿੰਦੀ ਹੈ। ਦਿੱਲੀ ਪਹੁੰਚੀ ਸੰਗਤ ਲਈ ਦਿੱਲੀ ਦੇ ਲੋਕ ਹਰ ਤਰ੍ਹਾਂ ਦੀ ਸਹਾਇਤਾ ਕਰਨ ਲੱਗੇ ਅਤੇ ਜੋ ਲੋਕ ਪਿੰਡ ਰਹਿ ਗਏ ਉਹ ਦਿੱਲੀ ਗਏ ਹੋਇਆਂ ਦੇ ਖੇਤ ਸਾਂਭਣ ਲੱਗੇ, ਉਹਨਾਂ ਦੇ ਪਸ਼ੂਆਂ ਦੀ ਦੇਖਭਾਲ ਕਰਨ ਲੱਗੇ। ਪਿੰਡਾਂ ਦੀ ਆਪਸੀ ਸਾਂਝ ਦੁਬਾਰਾ ਬਹਾਲ ਹੋਈ।  

ਫਿਰ ਛੇਤੀ ਹੀ ਸਰਕਾਰ ਨਾਲ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਪ੍ਰੀਕਿਰਿਆ ਟੁੱਟ ਗਈ। ਇਹਨਾਂ ਮਹੀਨਿਆਂ ਵਿੱਚ ਸੰਘਰਸ਼ ਵਿੱਚ ਕਾਫੀ ਉਤਰਾਅ ਚੜਾਅ ਆਏ। ਬਹੁਤ ਕੁਝ ਸਹੀ ਵੀ ਹੋਇਆ, ਬਹੁਤ ਕੁਝ ਗਲਤ ਵੀ ਵਾਪਰਿਆ, ਬਹੁਤ ਕੁਝ ਸੁਧਾਰਿਆ ਵੀ ਗਿਆ ਅਤੇ ਬਹੁਤ ਕੁਝ ਬਿਨਾਂ ਵਿਚਾਰਿਆ ਵੀ ਰਹਿ ਗਿਆ। ਇਸੇ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਵੀ ਕਾਫੀ ਕੁਝ ਬਦਲਿਆ, ਬਹੁਤ ਜੋੜ-ਤੋੜ ਹੋਏ ਅਤੇ ਦੱਖਣੀ ਏਸ਼ੀਆ ਦੀ ਸਿਆਸਤ ਵਿੱਚ ਵੀ ਕਾਫੀ ਕੁਝ ਵਾਪਰਿਆ। ਅੱਜ ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਅਚਾਨਕ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ। ਜਿਹੜੀ ਹਕੂਮਤ ਹੁਣ ਤੱਕ ਇੱਕ ਇੰਚ ਵੀ ਪਿੱਛੇ ਹਟਣ ਦੇ ਹੱਕ ਵਿੱਚ ਨਹੀਂ ਸੀ ਉਸ ਵੱਲੋਂ ਇਹ ਐਲਾਨ ਕਰਨ ਨਾਲ ਨਵੀਂ ਚਰਚਾ ਛਿੜ ਗਈ ਹੈ। ਇਹ ਐਲਾਨ ਇਕਦਮ ਕਰਨਾ ਅਤੇ ਉਹ ਵੀ ਗੁਰੂ ਨਾਨਕ ਪਾਤਿਸਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 'ਤੇ ਕਰਨ ਨਾਲ ਸ਼ੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਚੱਲ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਨੇ ਕਿਸਾਨ ਯੂਨੀਅਨਾਂ ਨਾਲ ਬਿਨ੍ਹਾਂ ਕੋਈ ਗੱਲਬਾਤ ਕੀਤੇ ਗੁਰਪੁਰਬ ਉੱਤੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਇਹ ਸੰਘਰਸ਼ ਮੁੱਖ ਰੂਪਚ ਸਿੱਖ ਕਿਸਾਨਾਂ ਦਾ ਹੀ ਸੀ। ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਨੂੰ ਤੋਹਫ਼ਾ ਦੇਣ ਲਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਦਿਨ ਚੁਣਿਆ, ਕੋਈ ਹੋਰ ਦਿਨ ਨਹੀਂ ਚੁਣਿਆ। ਇੱਕ ਇਹ ਵੀ ਪੱਖ ਆ ਰਿਹਾ ਹੈ ਕਿ ਗੁਰਪੁਰਬ ਮੌਕੇ ਲਾਂਘਾ ਖੋਲਣਾ ਅਤੇ ਕਨੂੰਨ ਵਾਪਸ ਲੈਣੇ ਇਸ ਗੱਲ ਦੀ ਗਵਾਹੀ ਹਨ ਕਿ ਹਕੂਮਤ ਜਾਣਦੀ ਹੈ ਕਿ ਅੱਗੇ ਕੌਣ ਖੜੇ ਹਨ। ਹਕੂਮਤ ਦਾ ਹਿੱਸਾ ਵੱਡੇ ਚਿਹਰਿਆਂ ਨੇ ਮੋਦੀ ਨੂੰ ਸਪਸ਼ਟ ਲਫਜਾਂ 'ਚ ਕਿਹਾ ਸੀ ਕਿ ਸਿੱਖਾਂ ਨੂੰ ਨਹੀਂ ਹਰਾਇਆ ਜਾ ਸਕਦਾ। ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਚੀਨ ਦੇ ਹਮਲਾਵਰ ਰਵਈਏ ਸਮੇਂ ਫੌਜ ਦੇ ਉਚ ਅਧਿਕਾਰੀਆਂ ਵਲੋਂ ਇਹ ਸੁਨੇਹਾ ਲਾਉਣਾ ਕਿ ਕਿਸਾਨੀ ਮਸਲਾ ਫੌਜ ਦੀ ਮਾਨਸਿਕਤਾ 'ਤੇ ਅਸਰ ਪਾ ਰਿਹਾ ਹੈ ਸਰਕਾਰ ਲਈ ਵੱਡੀ ਸਿਰਦਰਦੀ ਬਣ ਚੁੱਕਾ ਸੀ। ਚੀਨ ਵੱਲੋਂ ਖ਼ਤਰੇ ਨੂੰ ਦੇਖਦੇ ਹੋਏ ਇੰਡੀਆ ਦੀ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਹੋਰ ਜ਼ਿਆਦਾ ਨਿਰਾਸ਼ ਨਹੀਂ ਕੀਤਾ ਜਾ ਸਕਦਾ ਅਤੇ ਕਨੂੰਨ ਵਾਪਸ ਲੈ ਲਏ ਹਨ। ਇਸ ਗੱਲ ਉੱਤੇ ਵੀ ਚਰਚਾ ਹੋ ਰਹੀ ਹੈ ਕਿ ਕਾਨੂੰਨ ਰੱਦ ਹੋਣ ਦੇ ਐਲਾਨ ਤੋੰ ਬਾਅਦ ਹੁਣ ਭਾਜਪਾ ਵੱਡੀ ਤਿਆਰੀ ਨਾਲ ਚੋਣ ਮੈਦਾਨ ਚ ਕੁੱਦੇਗੀ। ਸਾਹਿਤ, ਖੇਡਾਂ, ਵਪਾਰ, ਸੱਭਿਆਚਾਰ, ਰਾਜਨੀਤੀ, ਸਮਾਜ ਸੇਵਾ ਆਦਿ ਨਾਲ ਜੁੜੇ ਵੱਡੇ ਚਿਹਰੇ ਭਾਜਪਾ ਦਾ ਪੱਲਾ ਫੜਨਗੇ ਜੋ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਕਰਕੇ ਚੁੱਪ ਬੈਠੇ ਸਨ। ਪੰਜਾਬ ਦੀ ਸਿਆਸਤ 'ਚ ਵੱਡਾ ਹੇਰ-ਫੇਰ ਦੇਖਣ ਨੂੰ ਮਿਲੇਗਾ। 

ਫਿਲਹਾਲ ਹਕੀਕਤ ਇਹ ਹੈ ਕਿ ਕਨੂੰਨ ਰੱਦ ਕਰਨ ਦਾ ਅਜੇ ਸਿਰਫ ਐਲਾਨ ਹੋਇਆ ਹੈ ਰੱਦ ਨਹੀਂ ਕੀਤੇ ਗਏ। ਭਾਵੇਂ ਕਿਹਾ ਗਿਆ ਹੈ ਕਿ ਇਸ ਮਹੀਨੇ ਦੇ ਅਖੀਰ ਵਿੱਚ ਕਨੂੰਨ ਰੱਦ ਕਰਨ ਦੀ ਪ੍ਰੀਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਪਰ ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਪਾਤਿਸਾਹ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਵੀ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਗਈ ਸੀ, ਉਹ ਗੱਲ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ। ਹੋਣਾ ਕੀ ਹੈ ਉਹ ਸਮੇਂ ਦੇ ਗਰਭ ਵਿੱਚ ਹੈ। ਪੰਜਾਬ ਦੀ ਸਿਆਸਤ ਵਿੱਚ ਪਏ ਹੋਏ ਖਿਲਾਰੇ ਨੂੰ ਇਹ ਐਲਾਨ ਬਿਨਾਂ ਸ਼ੱਕ ਕਾਫੀ ਪ੍ਰਭਾਵਿਤ ਕਰੇਗਾ। ਆਉਣ ਵਾਲੇ ਦਿਨਾਂ ਵਿੱਚ ਇਸ ਐਲਾਨ ਦੇ ਅਸਰ ਸਾਹਮਣੇ ਆਉਣਗੇ। 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼