ਗੁਰਬਾਣੀ ਦੇ ਰੰਗ ਵਿੱਚ ਰੰਗੀ ਸੇਵਾ, ਸਿਮਰਨ ਅਤੇ ਸਮਰਪਣ ਵਾਲੀ ਸ਼ਖ਼ਸੀਅਤ ਦੀ 'ਸਫਲ ਜੀਵਨ ਯਾਤਰਾ'

ਗੁਰਬਾਣੀ ਦੇ ਰੰਗ ਵਿੱਚ ਰੰਗੀ ਸੇਵਾ, ਸਿਮਰਨ ਅਤੇ ਸਮਰਪਣ ਵਾਲੀ ਸ਼ਖ਼ਸੀਅਤ ਦੀ 'ਸਫਲ ਜੀਵਨ ਯਾਤਰਾ'

ਗੁਰਬਾਣੀ ਦੇ ਰੰਗ ਵਿੱਚ ਰੰਗੀ, ਸੇਵਾ, ਸਿਮਰਨ, ਸਮਰਪਣ ਤੇ ਨਿਰਮਾਣਤਾ ਵਾਲੀ ਸ਼ਖ਼ਸੀਅਤ ਭਾਈ ਸੁਰਜੀਤ ਸਿੰਘ ਗਿੱਲ, ਪਿਛਲਾ ਪਿੰਡ ਗੁਰੂਸਰ ਸੁਧਾਰ, ਜਿਲਾ ਲੁਧਿਆਣਾ ਆਪਣੀ ਸੰਸਾਰਿਕ ਸਫ਼ਰ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ।

ਭਾਈ ਸੁਰਜੀਤ ਸਿੰਘ ਸੁਧਾਰ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ ਸਨ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਤੋਂ ਲੈ ਕੇ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਸੇਵਾ ਨਿਭਾਉਣ ਦੇ ਨਾਲੋ -ਨਾਲ, 'ਕਿਤਾਬਾਂ ਦੇ ਸ਼ਬਦ ਦਾ ਲੰਗਰ' ਚਲਾਉਣ ਵਿੱਚ ਉਹ ਸਦਾ ਮੋਹਰੀ ਰਹਿੰਦੇ ਸਨ।

 ਮੇਰੀ ਪਹਿਲੀ ਮੁਲਾਕਾਤ ਉਨ੍ਹਾਂ ਨਾਲ ਖ਼ਾਲਸਾ ਸਾਜਨਾ ਦਿਹਾੜੇ ਦੇ ਤਿੰਨ ਸੌ ਸਾਲਾ 'ਤੇ 1999 ਵਿੱਚ ਹੋਈ ਸੀ, ਜਦੋਂ ਉਨ੍ਹਾਂ ਆਪਣੀ ਲਿਖਤ ਸੌਂਪਦਿਆਂ ਪੜ੍ਹਨ ਲਈ ਕਿਹਾ। ਪਿੱਛੇ ਜਿਹੇ ਮੁੜ ਉਨ੍ਹਾਂ ਇਕ ਅਜਿਹੀ ਕਿਤਾਬ ਦਿੱਤੀ, ਜੋ 'ਮੇਰੀ ਜੀਵਨ ਯਾਤਰਾ' ਦੇ ਸਿਰਲੇਖ ਹੇਠ ਜੀਵਨ ਸਫ਼ਰ ਨੂੰ ਬਿਆਨ ਕਰਦੀ ਹੈ। ਉਹਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਗਿਆਨ ਸੀ ਕਿ ਇਹ ਯਾਤਰਾ ਕਿਵੇਂ ਸਫਲ ਕਰਨੀ ਹੈ ਅਤੇ ਜਿਉਂਦੇ ਜੀਅ ਉਹ ਗੁਰਸਿੱਖੀ ਨੂੰ ਸਮਰਪਿਤ ਹੋ ਕੇ, ਆਪਣੀ ਯਾਤਰਾ ਦੇ ਅੰਤਿਮ ਪੜਾਅ ਬਾਰੇ ਲਿਖ ਗਏ। ਭਾਈ ਸੁਰਜੀਤ ਸਿੰਘ ਸੁਧਾਰ ਕਿਸੇ ਵੀ ਧਾਰਮਿਕ ਸਮਾਗਮ 'ਚ ਕਿਤਾਬਾਂ ਦੇ ਸਟਾਲ ਲਾ ਕੇ ਅਤੇ ਵੰਡ ਕੇ, ਬੜੀ ਨਿਮਰਤਾ ਨਾਲ ਨਿਸ਼ਕਾਮ ਸੇਵਾ ਕਰਦੇ ਸਨ।

  ਭਾਈ ਸੁਰਜੀਤ ਸਿੰਘ ਗਿੱਲ ਜੀ ਭਾਵਪੂਰਤ ਸ਼ਬਦਾਂ 'ਚ ਕਿਹਾ ਕਰਦੇ ਸਨ ਕਿ ਜਦੋਂ ਕੋਈ ਵਿਅਕਤੀ ਚੜ੍ਹਾਈ ਕਰ ਜਾਂਦਾ ਹੈ, ਤਾਂ ਉਸ ਵੇਲੇ ਉਸ ਦੀ ਤਾਰੀਫ਼ ਵਿੱਚ ਅਜਿਹਾ ਕੁਝ ਕਿਹਾ ਜਾਂਦਾ ਹੈ, ਜਿਸ ਦੇ ਉਹ ਯੋਗ ਨਹੀਂ ਹੁੰਦਾ। ਆਪਣੇ ਪੁੱਤਰ ਡਾ ਮਨਮੋਹਣ ਸਿੰਘ ਐਬਟਸਫੋਰਡ ਵਾਸੀ ਦਾ ਹਵਾਲਾ ਦੇ ਕੇ ਉਨ੍ਹਾਂ ਕਿਹਾ ਕਿ ਪੁੱਤਰ ਦੇ ਕਹਿਣ 'ਤੇ ਉਨ੍ਹਾਂ ਆਪਣੇ ਜੀਵਨ ਸਫ਼ਰ ਬਾਰੇ ਪਹਿਲਾਂ ਹੀ ਕਿਤਾਬਚਾ ਲਿਖ ਦਿੱਤਾ ਹੈ, ਤਾਂ ਕਿ ਉਹਨਾਂ ਦੇ ਸੰਸਾਰ ਤੋਂ ਤੁਰ ਜਾਣ ਮਗਰੋਂ, ਕੋਈ ਉਹਨਾਂ ਦੀ ਬੇਲੋੜੀ ਪ੍ਰਸੰਸਾ ਨਾ ਕਰੇ ਅਤੇ ਅੰਤਮ ਸਮੇਂ ਸਭ ਨੂੰ ਉਹਨਾਂ ਦੇ ਜੀਵਨ ਦੀ ਅਸਲੀਅਤ ਅਤੇ ਮਾੜੇ- ਚੰਗੇ ਪਹਿਲੂਆਂ ਦਾ ਭਾਵਪੂਰਤ ਢੰਗ ਨਾਲ ਗਿਆਨ ਹੋ ਜਾਵੇ। 

   ਭਾਈ ਸਾਹਿਬ ਦੀ ਇਹੀ ਅਰਦਾਸ ਸੀ ਅਤੇ ਕਿਤਾਬ ਲਿਖਣ ਦਾ ਮਨੋਰਥ ਸੀ, ਜੋ ਵਾਹਿਗੁਰੂ ਦੀ ਮਿਹਰ ਨਾਲ ਨਿਰਵਿਘਨਤਾ ਨਾਲ ਸੰਪੂਰਨ ਹੋਇਆ ਹੈ। ਬੜੀ ਨਿਰਮਾਣਤਾ ਵਾਲੀ ਸ਼ਖ਼ਸੀਅਤ ਸਨ ਭਾਈ ਸਾਹਿਬ। ਅਕਾਲ ਪੁਰਖ ਦੇ ਹੁਕਮ ਅਤੇ ਭਾਣੇ ਅਨੁਸਾਰ ੩੧ ਅਗਸਤ ੨੦੨੩ ਨੂੰ ਭਾਈ ਸੁਰਜੀਤ ਸਿੰਘ ਜੀ ਆਪਣੀ ਸੰਸਾਰਿਕ ਸਫ਼ਰ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਸਸਕਾਰ ਰਿਵਰ ਸਾਈਡ ਫ਼ਿਊਨਰਲ ਹੋਮ,Delta ਵਿਖੇ ੧੦ ਸਤੰਬਰ ੨੦੨੩ (ਐਤਵਾਰ) ਨੂੰ ੨ ਵਜੇ ਬਾਅਦ ਦੁਪਹਿਰ ਹੋਵੇਗਾ ਅਤੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ;ਪਰਿੰਸ ਐਡਵਰਡ ਸਟਰੀਟ, ਵੈਨਕੂਵਰ ੪ ਵਜੇ ਪਾਏ ਜਾਣਗੇ। ਭਾਈ ਸਾਹਿਬ ਵੱਲੋਂ ਆਪਣੇ ਜਿਉਂਦੇ ਜੀ ਜੀਵਨ ਯਾਤਰਾ ਬਾਰੇ ਲਿਖਿਆ ਕਿਤਾਬਚਾ ਸਭਨਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਗੁਰਬਾਣੀ ਅਨੁਸਾਰ ਸੱਚ ਦੀ ਕਸਵੱਟੀ 'ਤੇ ਪੂਰਾ ਢੁੱਕਦਾ ਹੈ। 

(ਡਾ ਗੁਰਵਿੰਦਰ ਸਿੰਘ)