ਲਾਪ੍ਰਵਾਹੀ ਕਾਰਨ ਤੁਹਾਡੀ ਕਮਾਈ ਕਿਸੇ ਸਾਈਬਰ ਠੱਗ ਦੀ ਜੇਬ ਵਿਚ ਜਾ ਸਕਦੀ ਏ
ਇਕ ਮਿਸ ਕਾਲ ਨਾਲ ਤੁਹਾਡਾ ਬੈਂਕ ਖਾਤਾ ਹੋ ਸਕਦੈ ਖਾਲੀ
ਤੁਹਾਡੀ ਲਾਪ੍ਰਵਾਹੀ ਕਾਰਨ ਤੁਹਾਡੇ ਖੂਨ ਪਸੀਨੇ ਦੀ ਕਮਾਈ ਕਿਸੇ ਸਾਈਬਰ ਠੱਗ ਦੀ ਜੇਬ ਵਿਚ ਜਾ ਸਕਦੀ ਹੈ। ਸਾਈਬਰ ਅਪਰਾਧੀ ਇਨ੍ਹੇ ਸ਼ਾਤਰ ਹੋ ਚੁੱਕੇ ਹਨ ਕਿ ਤੁਹਾਡੇ ਬੈਂਕ ਖਾਤੇ ਦਾ ਓਟੀਪੀ ਹਾਸਲ ਕੀਤੇ ਬਿਨਾਂ ਹੀ ਤੁਹਾਡੇ ਖਾਤੇ ਖਾਲੀ ਕਰ ਰਹੇ ਹਨ। ਉਹ ਵੀ ਸਿਰਫ ਇਕ ਮਿਸ ਕਾਲ ਦੇ ਜਰੀਏ। ਸਾਈਬਰ ਠੱਗਾਂ ਨੇ ਇਕ ਨਵਾਂ ਤਰੀਕਾ ਇਜ਼ਾਦ ਕੀਤਾ ਹੈ। ਇਹ ਤੁਹਾਡੇ ਫੋਨ ’ਤੇ ਲਗਾਤਾਰ ਮਿਸ ਕਾਲ ਕਰਦੇ ਹਨ। ਜਦੋਂ ਤੁਸੀਂ ਇਨ੍ਹਾਂ ਦਾ ਫੋਨ ਰਿਸੀਵ ਕਰ ਲੈਂਦੇ ਹੋ ਤਾਂ ਅੱਗੋਂ ਕੋਈ ਨਹੀਂ ਬੋਲਦਾ। ਬਸ ਤੁਹਾਡੇ ਹੈਲੋ ਹੈਲੋ ਕਰਨ ਦੌਰਾਨ ਤੁਹਾਡਾ ਫੋਨ ਹੈਂਕ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੁਹਾਡੇ ਬੈਂਕ ਖਾਤੇ ਨੂੰ ਚੂਨਾ ਲੱਗਣਾ। ਦੱਸ ਦਈਏ ਕਿ ਦੇਸ਼ ਵਿਚ ਤਕਨੀਕੀ ਕ੍ਰਾਂਤੀ ਪੂਰੇ ਜ਼ੋਰਾਂ ਸ਼ੋਰਾਂ ’ਤੇ ਆ ਰਹੀ ਹੈ ਹੈ, ਜਿਸ ਦਾ ਅਸੀਂ ਭਰਪੂਰ ਫਾਇਦਾ ਚੁੱਕ ਰਹੇ ਹਾਂ। ਪਰ ਇਸ ਦੇ ਨਾਲ ਹੀ ਇਹ ਤਕਨੀਕੀ ਕ੍ਰਾਂਤੀ ਮੁਸੀਬਤ ਬਣ ਕੇ ਵੀ ਸਾਹਮਣੇ ਆ ਰਹੀ ਹੈ। ਜਿਨ੍ਹਾਂ ’ਚੋਂ ਇਕ ਹੈ ਸਾਈਬਰ ਕ੍ਰਾਈਮ ਯਾਨੀ ਆਨਲਾਈਨ ਧੋਖਾਧੜੀ, ਜੋ ਨਾ ਸਿਰਫ ਤੁਹਾਡੀ ਨਿੱਜੀ ਜਾਣਕਾਰੀ ਨੂੰ ਚੋਰੀ ਕਰਦੀ ਹੈ, ਸਗੋਂ ਤੁਹਾਨੂੰ ਆਰਥਿਕ ਤੌਰ ’ਤੇ ਨੁਕਸਾਨ ਵੀ ਪਹੁੰਚਾਉਂਦੀ ਹੈ। ਮਿਸ ਕਾਲ ਤੋਂ ਇਲਾਵਾ ਤੁਹਾਡੇ ਫੋਨ ਦੇ ਮੈਸੇਜ ਬਾਕਸ ਜਾਂ ਫਿਰ ਵਾਟਸਐਪ ’ਤੇ ਕੋਈ ਵੀ ਲਿੰਕ ਵੀ ਭੇਜਿਆ ਜਾ ਸਕਦਾ ਹੈ, ਜਿਸ ਨੂੰ ਕਲਿੱਕ ਕਰਦਿਆਂ ਹੀ ਤੁਹਾਡਾ ਫੋਨ ਹੈਕ ਹੋ ਜਾਂਦਾ ਹੈ।
ਆਨਲਾਈਨ ਸ਼ਾਪਿੰਗ ਕਰਨ ਵਾਲੇ ਵਿਅਕਤੀ ਜ਼ਿਆਦਾਤਰ ਇਨ੍ਹਾਂ ਠੱਗਾਂ ਦੇ ਨਿਸ਼ਾਨੇ ’ਤੇ ਹੁੰਦੇ ਹਨ। ਲੰਘੇ ਦਿਨੀਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਵੀ ਪੁਲਿਸ ਨੇ ਇਕ ਬਜ਼ੁਰਗ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਕਿਸੇ ਨੇ ਉਕਤ ਵਿਅਕਤੀ ਦੇ ਖਾਤੇ ਵਿਚੋਂ ਇਕ ਲੱਖ 20 ਹਜ਼ਾਰ ਰੁਪਏ ਦੀ ਨਗਦੀ ਕਢਵਾ ਲਈ ਸੀ। ਜਦਕਿ ਬਜ਼ੁਰਗ ਵਿਅਕਤੀ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਤੇ ਨਾ ਹੀ ਏਟੀਐਮ ਕਾਰਡ ਕਿਸੇ ਨੂੰ ਦਿੱਤਾ ਹੈ। ਸਾਈਬਰ ਕ੍ਰਾਈਮ ਸੈਲ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਜ਼ਿਲ੍ਹਾ ਮਾਨਸਾ ਦੇ ਭੀਖੀ ਕਸਬੇ ਦੇ ਕਿਸੇ ਏਟੀਐਮ ਵਿਚੋਂ ਬਜ਼ੁਰਗ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਗਏ ਹਨ। ਇਸੇ ਤਰ੍ਹਾਂ ਗੁਜਰਾਤ ਵਿਚ ਵਾਪਰੀ ਇਕ ਘਟਨਾ ਵਿਚ 31 ਦਸੰਬਰ 2022 ਨੂੰ ਸਾਈਬਰ ਠੱਗਾਂ ਨੇ ਅੱਧੇ ਘੰਟੇ ਦੇ ਅੰਤਰਾਲ ਵਿਚ ਇਕ ਵਿਅਕਤੀ ਦੇ ਖਾਤੇ ਵਿਚੋਂ 37 ਲੱਖ ਰੁਪਏ ਉਡਾ ਦਿੱਤੇ। ਸੂਚਨਾ ਮੁਤਾਬਕ ਗੁਜਰਾਤ ਨਿਵਾਸੀ ਕਾਰੋਬਾਰੀ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਬੈਂਕ ਖਾਤੇ ਤੋਂ 10 ਲੱਖ ਰੁਪਏ ਕਢਵਾ ਲਏ ਗਏ ਹਨ। ਦੁਪਹਿਰ 3:19 ਅਤੇ 3:20 ’ਤੇ ਉਸਦੇ ਖਾਤੇ ਤੋਂ 10-10 ਲੱਖ ਰੁਪਏ ਡੈਬਿਟ ਕੀਤੇ ਗਏ। ਕੁਝ ਸਮੇਂ ਬਾਅਦ ਦੁਪਹਿਰ 3:49 ’ਤੇ ਉਸ ਦੇ ਖਾਤੇ ’ਚੋਂ 17 ਲੱਖ ਰੁਪਏ ਹੋਰ ਕਢਵਾ ਲਏ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤ ਨੇ ਉਸ ਸਮੇਂ ਦੌਰਾਨ ਆਪਣੇ ਖਾਤੇ ਦੀ ਜਾਣਕਾਰੀ ਜਾਂ ਕੋਈ ਓਟੀਪੀ ਕਿਸੇ ਨਾਲ ਸਾਂਝਾ ਨਹੀਂ ਕੀਤਾ ਸੀ। ਪੈਸੇ ਕਢਵਾਉਣ ਦਾ ਸੁਨੇਹਾ ਮਿਲਣ ਤੋਂ ਬਾਅਦ ਕਾਰੋਬਾਰੀ ਨੇ ਬੈਂਕ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। ਸਾਈਬਰ ਅਪਰਾਧੀਆਂ ਨੇ ਕੁਝ ਇਸ ਤਰ੍ਹਾਂ ਦਾ ਸਿਸਟਮ ਕਰ ਰੱਖਿਆ ਸੀ ਕਿ ਬੈਂਕ ਅਧਿਕਾਰੀਆਂ ਨੂੰ ਖਾਤਾ ਬਲਾਕ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੈਂਕ ਅਧਿਕਾਰੀ ਨੇ ਕਿਸੇ ਤਰ੍ਹਾਂ ਉਸ ਦਾ ਖਾਤਾ ਬਲਾਕ ਕਰ ਦਿੱਤਾ। ਪੁਲਿਸ ਦੇ ਸਾਈਬਰ ਵਿੰਗ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਕਤ ਵਿਅਕਤੀ ਦਾ ਫੋਨ ਹੈਕ ਹੋ ਚੁੱਕਾ ਹੈ। ਇਸੇ ਤਰ੍ਹਾਂ ਦਿੱਲੀ ਵਾਸੀ ਇਕ ਸਿਕਿਉਰਟੀ ਕੰਪਨੀ ਦੇ ਡਾਇਰੈਕਟਰ ਦੇ ਖਾਤੇ ਵਿਚੋਂ 50 ਲੱਖ ਰੁਪਏ ਕਢਵਾ ਲਏ ਗਏ। ਉਕਤ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੇ ਫੋਨ ’ਤੇ ਕਈ ਮਿਸ ਕਾਲਾਂ ਆ ਰਹੀਆਂ ਸਨ। ਪਹਿਲਾਂ ਤਾਂ ਉਸਨੇ ਇਨ੍ਹਾਂ ਫੋਨ ਕਾਲਜ ਨੂੰ ਨਜ਼ਰ ਅੰਦਾਜ਼ ਕੀਤਾ, ਪਰ ਬਾਅਦ ਵਿਚ ਉਸਨੇ ਇਕ ਫੋਨ ਕਾਲ ਰਿਸੀਵ ਕਰ ਲਈ। ਅੱਗੋਂ ਕਿਸੇ ਨੇ ਗੱਲ ਨਹੀਂ ਕੀਤੀ ਤੇ ਉਸ ਨੇ ਫੋਨ ਕੱਟ ਦਿੱਤਾ। ਬਸ ਕੁਝ ਸਮੇਂ ਬਾਅਦ ਹੀ ਉਸ ਦੇ ਖਾਤੇ ਵਿੱਚੋਂ 50 ਲੱਖ ਰੁਪਏ ਕਢਵਾ ਲਏ ਗਏ। ਪੀੜਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਸ ਫ਼ਰਜ਼ੀਵਾੜੇ ਨੂੰ ਜਾਮਤਾੜਾ ਤੋਂ ਅੰਜਾਮ ਦਿੱਤਾ ਗਿਆ।ਅੱਜਕੱਲ ਇਸ ਤਰ੍ਹਾਂ ਦੀਆਂ ਘਟਨਾਵਾਂ ਪੂਰੇ ਦੇਸ਼ ਵਿਚ ਆਮ ਦੇਖਣ ਨੂੰ ਮਿਲ ਰਹੀਆਂ ਹਨ। ਪੰਜਾਬ ਵਿਚ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਈਬਰ ਐਕਸਪਰਟ ਦੇ ਅਨੁਸਾਰ ਠੱਗ ਇਸ ਤਰ੍ਹਾਂ ਦੇ ਸਾਫਟਵੇਅਰ ਦੀ ਵਰਤੋਂ ਕਰਦੇ ਹਨ ਜੋ ਤੁਹਾਡੇ ਫੋਨ ਨੂੰ ਪੂਰੀ ਤਰ੍ਹਾਂ ਹੈਕ ਕਰ ਲੈਂਦੇ ਹਨ, ਜਿਸ ਤੋਂ ਬਾਅਦ ਤੁਹਾਡੇ ਫੋਨ ਦਾ ਸਾਰ ਸਿਸਟਮ ਹੈਕਰਸ ਦੇ ਕੋਲ ਚਲਿਆ ਜਾਂਦਾ ਹੈ ਤੇ ਉਹ ਆਪਣੀ ਮਰਜ਼ੀ ਨਾਲ ਤੁਹਾਡੇ ਫੋਨ ਦੀ ਵਰਤੋਂ ਕਰਦੇ ਹਨ।
--ਅੱਜਕੱਲ ਤਕਨੀਕੀ ਕ੍ਰਾਂਤੀ ਦਾ ਦੌਰ ਚੱਲ ਰਿਹਾ ਹੈ। ਹਰ ਕੋਈ ਤਕਨੀਕ ਦੀ ਵਰਤੋਂ ਕਰ ਕੇ ਆਪਣੇ ਕੰਮ ਨੂੰ ਸੁਖਾਲਾ ਬਣਾ ਰਿਹਾ ਹੈ ਜਿਸ ਦਾ ਫਾਇਦਾ ਸਾਈਬਰ ਅਪਰਾਧੀ ਚੁੱਕ ਰਹੇ ਹਨ। ਜਿਵੇਂ ਕਿ ਕਈ ਵਾਰ, ਤੁਹਾਨੂੰ ਲੁਭਾਉਣ ਲਈ, ਫ਼ੋਨ ਕਾਲ, ਮੈਸੇਜ ਜਾਂ ਹੋਰ ਸਾਧਨਾਂ ਰਾਹੀਂ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਇਨ੍ਹੇ ਪੈਸੇ ਦਾ ਇਨਾਮ ਜਿੱਤ ਲਿਆ ਹੈ, ਤੁਸੀਂ ਕੋਈ ਕਾਰ ਜਿੱਤੀ ਹੈ ਜਾਂ ਤੁਸੀਂ ਹੋਰ ਚੀਜ਼ਾਂ ਜਿੱਤੀਆਂ ਹਨ ਜੋ ਤੁਸੀਂ ਇਸ ਲਿੰਕ ਰਾਹੀਂ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਤੁਹਾਡੇ ਘਰ ਪਹੁੰਚਾ ਦਿੱਤਾ ਜਾਵੇਗਾ। ਲਾਲਚ ਦੇ ਕੇ ਤੁਹਾਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਉਨ੍ਹਾਂ ਵੱਲੋਂ ਭੇਜੇ ਗਏ ਲਿੰਕ ’ਤੇ ਕਲਿਕ ਕਰੋ। ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਲੁੱਟ ਦੀ ਖੇਡ। ਇਸੇ ਤਰ੍ਹਾਂ ਅਸੀਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਟਾਈਮ ਦੀ ਬਚਤ ਕਰਨ ਲਈ ਸ਼ਾਪਿੰਗ ਵੈੱਬਸਾਈਟਾਂ ਦਾ ਸਹਾਰਾ ਲੈਣ ਲੱਗ ਪਏ ਹਾਂ। ਜਿੱਥੋਂ ਵੱਡੇ ਪੱਧਰ ’ਤੇ ਖਰੀਦਦਾਰੀ ਕਰਦੇ ਹਾਂ । ਪਰ ਇੱਥੇ ਵੀ ਧੋਖਾਧੜੀ ਹੋਣ ਲੱਗ ਪਈ ਹੈ, ਜਿਸ ਤਹਿਤ ਡਲਿਵਰੀ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਕੋਈ ਵਿਅਕਤੀ ਤੁਹਾਨੂੰ ਉਸ ਕੰਪਨੀ ਦਾ ਡਲਿਵਰੀ ਬੁਆਏ ਹੋਣ ਦਾ ਬਹਾਨਾ ਲਾ ਕੇ ਫ਼ੋਨ ਕਰਦਾ ਹੈ ਅਤੇ ਡਲਿਵਰੀ ਸਥਾਨ ਦੀ ਪੁਸ਼ਟੀ ਕਰਨ ਲਈ ਇਕ ਲਿੰਕ ਭੇਜਦਾ ਹੈ ਅਤੇ ਤੁਹਾਨੂੰ ਉਸ ’ਤੇ ਕਲਿੱਕ ਕਰਨ ਲਈ ਕਹਿੰਦੇ ਹਨ। ਬਸ ਫਿਰ ਤੁਸੀਂ ਉਸ ਲਿੰਕ ’ਤੇ ਕਲਿੱਕ ਕਰਦੇ ਹੋ, ਤੁਹਾਡਾ ਪੂਰਾ ਬੈਂਕ ਬੈਲੇਂਸ ਜੀਰੋ ਹੋ ਜਾਂਦਾ ਹੈ। ਇਸੇ ਤਰ੍ਹਾਂ ਆਨਲਾਈਨ ਸ਼ਾਪਿੰਗ ਕਰਨ ਵਾਲੇ ਅਤੇ ਸਾਰਾ ਦਿਨ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਵਿਅਕਤੀ ਜ਼ਿਆਦਾ ਸ਼ਿਕਾਰ ਬਣਦੇ ਹਨ। ਜੇ ਆਪਣੇ ਬੈਂਕ ਖਾਤੇ ਸੁਰੱਖਿਅਤ ਰੱਖਣੇ ਹਨ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਪੈਣੀਆਂ ਹਨ।
ਕਿਸੇ ਵੀ ਤਰ੍ਹਾਂ ਦੇ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ।
ਨਿਯਮਤ ਅੰਤਰਾਲਾਂ ’ਤੇ ਆਪਣਾ ਯੂਪੀਆਈ ਪਿੰਨ ਬਦਲਦੇ ਰਹੋ।
ਸਮੇਂ-ਸਮੇਂ ’ਤੇ ਆਪਣੇ ਬੈਂਕ ਬੈਲੇਂਸ ਦੀ ਜਾਂਚ ਕਰਦੇ ਰਹੋ।
ਆਪਣਾ ਮੋਬਾਈਲ ਨੰਬਰ ਆਪਣੇ ਬੈਂਕ ਨਾਲ ਲਿੰਕ ਰੱਖੋ ਤਾਂ ਜੋ ਤੁਸੀਂ ਆਪਣੇ ਬੈਂਕ ਖਾਤੇ ਨਾਲ ਹੋਣ ਵਾਲੀ ਕਿਸੇ ਵੀ ਛੇੜਖਾਨੀ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕੋ।
ਜੇਕਰ ਕੋਈ ਤੁਹਾਡੇ ਯੂਪੀਆਈ ’ਤੇ ਗਲਤ ਭੁਗਤਾਨ ਕਰਦਾ ਹੈ ਅਤੇ ਫਿਰ ਤੁਹਾਨੂੰ ਕਾਲ ਕਰਦਾ ਹੈ ਅਤੇ ਤੁਹਾਨੂੰ ਯੂਪੀਆਈ ਰਾਹੀਂ ਪੈਸੇ ਵਾਪਸ ਕਰਨ ਲਈ ਕਹਿੰਦਾ ਹੈ, ਤਾਂ ਤੁਹਾਨੂੰ ਯੂਪੀਆਈ ਰਾਹੀਂ ਉਸ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ, ਤੁਹਾਨੂੰ ਪੈਸੇ ਆਹਮੋ-ਸਾਹਮਣੇ ਦੇਣੇ ਪੈਣਗੇ।
ਲੈਣ ਦੇਣ ਕਰਨ ਵਾਲਿਆਂ ਦੀ ਸੂਚੀ ਦੀ ਲਗਾਤਾਰ ਕਰੋ ਜਾਂਚ
ਜੇਕਰ ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ, ਤਾਂ ਹਮੇਸ਼ਾ ਲੈਣ ਦੇਣ ਕਰਨ ਵਾਲਿਆਂ ਦੀ ਸੂਚੀ ਦੀ ਜਾਂਚ ਕਰਦੇ ਰਹੋ। ਜੇਕਰ ਕੋਈ ਅਣਜਾਣ ਵਿਅਕਤੀ ਪਾਇਆ ਜਾਵੇ ਤਾਂ ਉਸ ਨੂੰ ਤੁਰੰਤ ਹਟਾ ਦਿਓ। ਜਿਨ੍ਹਾਂ ਨਾਲ ਤੁਸੀਂ ਨਿਯਮਿਤ ਤੌਰ ’ਤੇ ਲੈਣ-ਦੇਣ ਨਹੀਂ ਕਰਦੇ ਹੋ ਉਨ੍ਹਾਂ ਵਿਅਕਤੀਆਂ ਨੂੰ ਵੀ ਆਪਣੀ ਸੂਚੀ ਵਿੱਚੋਂ ਹਟਾ ਦੇਣਾ ਚਾਹੀਦਾ ਹੈ। ਕੈਫੇ ਜਾਂ ਜਨਤਕ ਕੰਪਿਊਟਰਾਂ ਵਿਚ ਕਦੇ ਵੀ ਨੈੱਟਬੈਂਕਿੰਗ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਪਬਲਿਕ ਵਾਈ-ਫਾਈ ਦੀ ਵਰਤੋਂ ਨਾ ਕਰੋ। ਸਮੇਂ-ਸਮੇਂ ’ਤੇ ਪਾਸਵਰਡ ਬਦਲਦੇ ਰਹੋ।
ਕਿਵੇਂ ਪਤਾ ਲੱਗਦਾ ਹੈ ਤੁਹਾਡਾ ਫੋਨ ਹੈਕ ਹੋ ਚੁੱਕਾ ਹੈ
ਸਾਈਬਰ ਐਕਸਪਰਟਸ ਅਨੁਸਾਰ ਜਦੋਂ ਵੀ ਕੋਈ ਹੈਂਕਰ ਸਾਡੇ ਫੋਨ ਨੂੰ ਹੈਕ ਕਰਦਾ ਹੈ ਤਾਂ ਸਾਡਾ ਫੋਨ ਹੈਂਕਿੰਗ ਬਾਰੇ ਚਿਤਾਵਨੀ ਦੇਣ ਲੱਗ ਪੈਂਦਾ ਹੈ। ਜੇਕਰ ਤੁਹਾਡੇ ਫੋਨ ਦੀ ਸਪੀਡ ਅਚਾਨਕ ਘੱਟ ਜਾਂਦੀ ਹੈ ਅਤੇ ਇਹ ਵਾਰ-ਵਾਰ ਹੈਂਗ ਹੋਣ ਲੱਗਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡਾ ਫੋਨ ਹੈਕ ਹੋ ਗਿਆ ਹੈ। ਫੋਨ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ। ਜਿਵੇਂ ਹੀ ਹੈਕਰ ਤੁਹਾਡੇ ਫੋਨ ਦੇ ਡੇਟਾ ਨੂੰ ਐਕਸੈਸ ਕਰਦੇ ਹਨ, ਫੋਨ ਦੀ ਬੈਟਰੀ ਆਮ ਨਾਲੋਂ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ। ਇਸ ਲਈ, ਜੇਕਰ ਤੁਹਾਡੇ ਫੋਨ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਰਹੀ ਹੈ ਤਾਂ ਇਹ ਹੈਕਿੰਗ ਦਾ ਸੰਕੇਤ ਹੋ ਸਕਦਾ ਹੈ। ਹੈਂਕਰ ਤੁਹਾਡੇ ਮੋਬਾਈਲ ਫੋਨ ਦੇ ਇੰਟਰਨੈਟ ਡਾਟੇ ਨੂੰ ਆਪਣੇ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਕਿਸੇ ਵੀ ਡੇਟਾ ਨੂੰ ਉਨ੍ਹਾਂ ਦੀਆਂ ਡਿਵਾਈਸਾਂ ਵਿਚ ਟ੍ਰਾਂਸਫਰ ਕਰਨ ਲਈ ਤੁਹਾਡੇ ਇੰਟਰਨੈੱਟ ਡੇਟਾ ਦੀ ਵਰਤੋਂ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਤੁਹਾਡੇ ਇੰਟਰਨੈਟ ਡੇਟਾ ਨੂੰ ਜਲਦੀ ਖਤਮ ਹੋ ਜਾਂਦਾ ਹੈ। ਤੁਹਾਡਾ ਵਰਤੋਂ ਵਿੱਚ ਲਿਆਂਦੇ ਬਿਨਾਂ ਹੀ ਤੁਹਾਡਾ ਫੋਨ ਦਾ ਗਰਮ ਹੋ ਜਾਣਾ ਸੰਕੇਤ ਦਿੰਦਾ ਹੈ ਕਿ ਤੁਹਾਡਾ ਫੋਨ ਹੈਂਕ ਹੋ ਚੁੱਕਾ ਹੈ। ਕਿਉਂਕਿ ਜਦੋਂ ਹੈਂਕਰ ਤੁਹਾਡੇ ਇੰਟਰਨੈਟ ਡਾਟੇ ਦੀ ਵਰਤੋਂ ਕਰਦਾ ਹੈ ਤਾਂ ਫੋਨ ਆਪਣੇ ਆਪ ਗਰਮ ਹੋਣ ਲੱਗ ਜਾਂਦਾ ਹੈ। ਜੇਕਰ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਆਪਣਾ ਇੰਟਰਨੈਟ ਡਾਟਾ ਤੁਰੰਤ ਬੰਦ ਕਰ ਦਿਓ ਅਤੇ ਫੋਨ ਨੂੰ ਰੀਸਟਾਰਟ ਕਰ ਦਿਓ।
Comments (0)