ਅਲਾਹਾਬਾਦ ਹਾਈ ਕੋਰਟ ਨੇ ਐਨਐਸਏ ਨੂੰ ਰੱਦ ਕਰਦਿਆਂ ਡਾਕਟਰ ਕਫੀਲ ਖ਼ਾਨ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ

ਅਲਾਹਾਬਾਦ ਹਾਈ ਕੋਰਟ ਨੇ ਐਨਐਸਏ ਨੂੰ ਰੱਦ ਕਰਦਿਆਂ ਡਾਕਟਰ ਕਫੀਲ ਖ਼ਾਨ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਲਾਹਾਬਾਦ ਹਾਈ ਕੋਰਟ ਨੇ ਅੱਜ ਡਾ: ਕਫਿਲ ਖ਼ਾਨ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਐਕਟ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਸ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਗੋਵਿੰਦ ਮਾਥੁਰ ਅਤੇ ਜਸਟਿਸ ਸੌਮਿੱਤਰਾ ਦਿਆਲ ਸਿੰਘ ਦੀ ਡਵੀਜ਼ਨ ਬੈਂਚ ਨੇ ਆਪਣੇ ਫੈਂਸਲੇ ਵਿਚ ਡਾ. ਕਫੀਲ ਖਾਨ ਦੀ ਹਿਰਾਸਤ ਦੀ ਮਿਆਦ ਵਧਾਉਣ ਦੇ ਹੇਠਲੀ ਅਦਾਲਤ ਦੇ ਫੈਂਸਲੇ ਨੂੰ ਗੈਰ ਕਾਨੂੰਨੀ ਐਲਾਨਿਆ ਹੈ। 

ਖਾਨ ਨੂੰ 29 ਜਨਵਰੀ ਵਾਲੇ ਦਿਨ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਇਹ ਗ੍ਰਿਫਤਾਰੀ ਅਲੀਗੜ੍ਹ ਦੇ ਸਿਵਲ ਲਾਈਨਜ਼ ਥਾਣੇ ਵਿਚ ਭਾਰਤੀ ਸਜ਼ਾਵਲੀ ਦੀ ਧਾਰਾ 153-ਏ ਦੇ ਤਹਿਤ ਦਰਜ ਕੀਤੇ ਕੇਸ ਦੇ ਸੰਬੰਧ ਵਿਚ ਕੀਤੀ ਗਈ ਸੀ। ਉਸ ਖਿਲਾਫ ਦੋਸ਼ ਸੀ ਕਿ ਸੀਏਏ ਕਾਨੂੰਨ ਖਿਲਾਫ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਭਾਸ਼ਣ ਦਿੰਦਿਆਂ ਉਸਨੇ ਦੋ ਧਾਰਮਿਕ ਫਿਰਕਿਆਂ ਨੂੰ ਭੜਕਾ ਕੇ ਹਿੰਸਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ।

10 ਫਰਵਰੀ ਨੂੰ, ਖਾਨ ਨੂੰ ਅਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਪਰ ਮਥੁਰਾ ਜੇਲ ਦੇ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਰਿਹਾ ਨਹੀਂ ਕੀਤਾ। ਉਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਦਾ ਮਾਮਲਾ ਅਲੀਗੜ ਦੀ ਅਦਾਲਤ ਵਿਚ ਦਰਜ ਕੀਤਾ।

ਅਲੀਗੜ੍ਹ ਦੀ ਅਦਾਲਤ ਨੇ 13 ਫਰਵਰੀ ਨੂੰ ਰਿਹਾਈ ਦਾ ਆਦੇਸ਼ ਜਾਰੀ ਕੀਤਾ ਸੀ। ਪਰ ਇਸ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਯੂਪੀ ਪੁਲਸ ਨੇ ਉਸ ਦੇ ਖ਼ਿਲਾਫ਼ ਐਨਐਸਏ ਅਧੀਨ ਮਾਮਲਾ ਦਰਜ ਕਰ ਦਿੱਤਾ ਸੀ।