ਸਿੱਖ ਪੰਚਾਇਤ ਧੜਿਆਂ ਦੀ ਰਾਜਨੀਤੀ ਦੀ ਬਜਾਏ ਇਕ ਇਕਾਈ ਵਜੋਂ ਕੰਮ ਕਰੇਗੀ
ਫਰੀਮੌਂਟ/ਏਟੀ ਨਿਊਜ਼ :
ਐਤਵਾਰ ਸ਼ਾਮ ਨੂੰ ਸਿੱਖ ਪੰਚਾਇਤ ਨੇ ਫਰੀਮੌਂਟ ਦੀ ਸੰਗਤ ਲਈ ਇਕ ਇਕੱਠ ਸੱਦਿਆ ਜਿਸ ਵਿਚ 300 ਤੋਂ ਵੱਧ ਸਿੱਖ ਸੰਗਤਾਂ ਨੇ ਹਿੱਸਾ ਲਿਆ। ਸਿੱਖ ਪੰਚਾਇਤ ਨੇ ਆਪਣੇ ਨਿਸ਼ਾਨੇ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਸਿੱਖ ਪੰਚਾਇਤ ਇਕ ਇਕਾਈ ਵਜੋਂ ਕੰਮ ਕਰੇਗੀ, ਇਹ ਕੋਈ ਧੜਿਆਂ ਦਾ ਸਮੂਹ ਨਹੀਂ ਹੈ। ਇਸ ਮੀਟਿੰਗ ਵਿਚ ਗੁਰਮੀਤ ਸਿੰਘ ਧੜੇ ਵਲੋਂ ਕੀਤੀਆਂ ਕੋਝੀਆਂ ਹਰਕਤਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਗਿਆ। ਇਹ ਗੱਲ ਸਾਹਮਣੇ ਸਬੂਤ ਵਜੋਂ ਆਈ ਕਿ ਗੁਰਮੀਤ ਸਿੰਘ ਧੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹਥਿਆਉਣ ਲਈ ਕਿਸੇ ਦੀ ਵੀ ਕਿਰਦਾਰਕੁਸ਼ੀ ਤੇ ਸਰਕਾਰ ਨੂੰ ਸ਼ਿਕਾਇਤਾਂ (ਮੁਖਬਰੀ) ਕਰ ਸਕਦਾ ਹੈ। ਪਿਛਲੇ ਸਾਲਾਂ ਵਿਚ ਇਨ੍ਹਾਂ ਵਲੋਂ ਕੀਤੀਆਂ ਅਜਿਹੀਆਂ ਹਰਕਤਾਂ ਦੇ ਚਿੱਠੇ ਵੱਡੀ ਸਕਰੀਨ 'ਤੇ ਸੰਗਤ ਨੂੰ ਦਿਖਾਏ ਗਏ। ਸਿੱਖ ਪੰਚਾਇਤ ਦੇ ਸਾਰੇ ਹੀ ਬੁਲਾਰਿਆਂ ਨੇ ਪਿਛਲੇ ਸਮੇਂ ਵਿਚ ਗੁਰੂ ਦੀ ਹਾਜ਼ਰੀ ਵਿਚ ਲਏ ਹੁਕਮਨਾਮੇ ਅਤੇ ਖਾਧੀਆਂ ਸਹੁੰਆਂ ਉਤੇ ਚੱਲਣ ਦੀ ਵਚਨਬੱਧਤਾ ਦੁਹਰਾਈ। ਸਟੇਜ ਸੈਕਟਰੀ ਦੀ ਸੇਵਾ ਭਾਈ ਦਵਿੰਦਰ ਸਿੰਘ ਨੇ ਨਿਭਾਈ।
ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਹੜੇ ਬੰਦੇ ਸਿੱਖ ਪੰਚਾਇਤ ਬਣਾਉਣ ਵਿਚ ਸ਼ਾਮਿਲ ਸਨ ਤੇ ਜੇ ਉਹ ਹੀ ਲਏ ਹੁਕਮਨਾਮੇ ਦੇ ਪਾਬੰਦ ਨਾ ਰਹਿਣ ਤਾਂ ਬਹੁਤ ਅਫ਼ਸੋਸ ਵਾਲੀ ਗੱਲ ਹੈ। ਇਸੇ ਤਰਾਂ ਭਾਈ ਰਾਮ ਸਿੰਘ, ਭਾਈ ਐਚਪੀ ਸਿੰਘ, ਭਾਈ ਜਸਵਿੰਦਰ ਸਿੰਘ ਜੰਡੀ ਨੇ ਆਪਣੇ ਤਜਰਬੇ ਸਾਂਝੇ ਕੀਤੇ। ਭਾਈ ਗੁਰਬੀਰ ਸਿੰਘ ਨੇ ਆਪਣੀ ਭਾਵਪੂਰਕ ਤਕਰੀਰ ਵਿਚ ਉਸਾਰੀ ਲਈ ਐਚਪੀ ਸਿੰਘ ਵੱਲੋਂ ਕੀਤੀ ਮਿਹਨਤ ਦਾ ਜ਼ਿਕਰ ਕੀਤਾ। ਭਾਈ ਜਸਜੀਤ ਸਿੰਘ ਨੇ ਐਸਪੀ ਸਿੰਘ ਤੇ ਗੁਰਮੀਤ ਸਿੰਘ ਵੱਲੋਂ ਸਾਲ 2003 ਵਿਚ ਕੀਤੀਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਥ ਦੀ ਭਲਾਈ ਲਈ ਅਸੀਂ ਇਹਨਾਂ ਵੱਲੋਂ ਕੀਤਾ ਹਰ ਧੱਕਾ ਭੁੱਲ ਕੇ ਇਹਨਾਂ ਨੂੰ ਪ੍ਰਬੰਧ ਵਿਚ ਸਾਥੀ ਬਣਾਇਆ ਪਰ ਇਹ ਬੰਦੇ ਅੰਦਰੋਂ ਨਹੀਂ ਬਦਲੇ ਤੇ ਸਿੱਖ ਪੰਚਾਇਤ ਤੇ ਗੁਰ ਸਿਧਾਂਤ ਨਾਲ ਵੀ ਧੋਖਾ ਕਰ ਗਏ। ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਪਾਂ ਗੁਰ ਸਿਧਾਂਤ ਅਨੁਸਾਰ ਸਿੱਖ ਪੰਚਾਇਤ ਦੇ ਇਕਰਾਰਨਾਮੇ 'ਤੇ ਹੀ ਪਹਿਰਾ ਦੇਣਾ ਹੈ, ਸਾਡੇ ਕੋਲ ਕੋਈ ਹੋਰ ਰਾਹ ਨਹੀਂ ਹੈ।
ਭਾਈ ਜਸਦੇਵ ਸਿੰਘ ਨੇ ਆਪਣੀ ਪੀੜ ਸਾਂਝੀ ਕਰਦੇ ਹੋਏ ਦੱਸਿਆ ਕਿ ਗੁਰਮੀਤ ਸਿੰਘ ਵਰਗਿਆਂ ਦੇ ਜਿਹੜੇ ਧਾਰਮਿਕ ਸ਼ਖ਼ਸੀਅਤ ਵਾਲੇ ਬਿੰਬ ਬਣੇ ਹੋਏ ਸਨ, ਉਹ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਰਗੇ ਛੋਟੇ ਮੁਫ਼ਾਦ ਨੂੰ ਲੈ ਕੇ ਟੁੱਟਦੇ ਦੇਖੇ ਹਨ।
Comments (0)