ਪਰਮੋਦ ਸਾਵੰਤ ਬਣੇ ਗੋਆ ਦੇ ਨਵੇਂ ਮੁੱਖ ਮੰਤਰੀ; ਆਰਐਸਐਸ ਦੇ ਬੌਧਿਕ ਪ੍ਰਮੁੱਖ ਬਤੌਰ ਕਰਦੇ ਰਹੇ ਕੰਮ

ਪਰਮੋਦ ਸਾਵੰਤ ਬਣੇ ਗੋਆ ਦੇ ਨਵੇਂ ਮੁੱਖ ਮੰਤਰੀ; ਆਰਐਸਐਸ ਦੇ ਬੌਧਿਕ ਪ੍ਰਮੁੱਖ ਬਤੌਰ ਕਰਦੇ ਰਹੇ ਕੰਮ
ਪਰਮੋਦ ਸਾਵੰਤ ਆਰਐਸਐਸ ਮੁਖੀ ਮੋਹਨ ਭਾਗਵਤ ਨਾਲ

ਗੋਆ: ਬੀਤੇ ਕੱਲ੍ਹ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ ਤੋਂ ਬਾਅਦ ਸੱਤਾ ਧਿਰ ਭਾਜਪਾ ਵੱਲੋਂ ਆਪਣੇ ਆਗੂ ਪਰਮੋਦ ਸਾਵੰਤ ਨੂੰ ਗੋਆ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਸਾਵੰਤ ਇਸ ਤੋਂ ਪਹਿਲਾਂ ਗੋਆ ਵਿਧਾਨ ਸਭਾ ਦੇ ਸਪੀਕਰ ਸਨ। ਉਹਨਾਂ ਬੀਤੀ ਦੇਰ ਰਾਤ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। 

ਸਾਵੰਤ ਨੂੰ ਮੁੱਖ ਮੰਤਰੀ ਲਾਉਣ ਦੇ ਨਾਲ ਗੋਆ ਵਿਧਾਨ ਸਭਾ ਵਿਚ ਭਾਜਪਾ ਦੀਆਂ ਭਾਈਵਾਲ ਗੋਆ ਫਾਰਵਰਡ ਪਾਰਟੀ ਮੁਖੀ ਵਿਜੇ ਸਰਦਿਸਾਈ ਅਤੇ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਵਿਧਾਇਕ ਸੁਦੀਨ ਧਵਾਲਿਕਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। 

ਪਾਰੀਕਰ ਦੀ ਮੌਤ ਤੋਂ ਬਾਅਦ ਸਰਕਾਰ ਨੂੰ ਬਹਾਲ ਰੱਖਣ ਲਈ ਭਾਜਪਾ ਵੱਲੋਂ ਇਹਨਾਂ ਦੋਵਾਂ ਸਹਿਯੋਗੀ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਇਹਨਾਂ ਦੋਵਾਂ ਪਾਰਟੀਆਂ ਕੋਲ ਤਿੰਨ-ਤਿੰਨ ਵਿਧਾਇਕ ਹਨ, ਜਿਹਨਾਂ ਦੇ ਸਮਰਥਨ ਵਾਪਿਸ ਲੈਣ ਨਾਲ ਭਾਜਪਾ ਦੀ ਸਰਕਾਰ ਡਿਗ ਸਕਦੀ ਸੀ। 

ਗੋਆ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਦੇ ਸਭ ਤੋਂ ਵੱਧ 14 ਵਿਧਾਇਕ ਹਨ, ਭਾਜਪਾ ਦੇ 12 ਵਿਧਾਇਕ ਹਨ। 

ਪਰਮੋਦ ਸਾਵੰਤ ਬਾਰੇ ਕੁਝ ਅਹਿਮ ਜਾਣਕਾਰੀ
45 ਸਾਲਾ ਪਰਮੋਦ ਸਾਵੰਤ ਨੇ ਕੋਲ੍ਹਾਪੁਰ ਵਿੱਚ ਗੰਗਾ ਆਯੁਰਵੇਦਿਕ ਸੁਸਾਇਟੀ ਦੇ ਆਯੁਰਵੇਦਿਕ ਮੈਡੀਕਲ ਕਾਲਜ ਤੋਂ ਆਯੁਰਵੇਦ ਦੀ ਪੜ੍ਹਾਈ ਕਰਨ ਮਗਰੋਂ ਸੋਸ਼ਲ ਵਰਕ ਵਿਸ਼ੇ ਵਿਚ ਪੂਨੇ ਦੀ ਤਿਲਕ ਮਹਾਰਾਸ਼ਟਰਾ ਯੂਨੀਵਰਸਿਟੀ ਤੋਂ ਮਾਸਟਰ ਕੀਤੀ। 

ਪਰਮੋਦ ਸਾਵੰਤ ਦੀ ਘਰਵਾਲੀ ਸੁਲੱਕਸ਼ਨਾ ਸਾਵੰਤ ਗੋਆ ਦੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਹੈ। ਇਸ ਤੋਂ ਇਲਾਵਾ ਉਹ ਗੋਆ ਦੀ ਭਾਜਪਾ ਚੋਣ ਕਮੇਰੀ ਦੀ ਮੈਂਬਰ ਵੀ ਹੈ। 

ਪਰਮੋਦ ਸਾਵੰਤ ਵੀ ਮਨੋਹਰ ਪਾਰੀਕਰ ਵਾਂਗ ਆਰਐਸਐਸ ਦੇ ਮੈਂਬਰ ਹਨ। ਉਹ ਵੀ ਆਪਣੀ ਉਮਰ ਦੇ ਮੁੱਢਲੇ ਵਰ੍ਹਿਆਂ ਤੋਂ ਹਿੰਦੁਤਵ ਦੀ ਰਾਜਨੀਤੀ ਕਰਨ ਵਾਲੀ ਜਮਾਤ ਆਰਐਸਐਸ ਨਾਲ ਜੁੜੇ ਹੋਏ ਹਨ। ਉਹ ਆਰਐਸਐਸ ਵਿਚ ਬੌਧਿਕ ਪ੍ਰਮੁੱਖ ਦੇ ਅਹੁਦੇ 'ਤੇ ਕੰਮ ਕਰਦੇ ਰਹੇ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ