ਸਿੱਖ ਪੰਥ ਤੇ ਹੋ ਰਹੇ ਚੌਤਰਫਾ ਹਮਲੇ  ਵਿੱਚ ਪੰਥ ਨੂੰ ਇਕਜੁਟ ਕਰਨ ਲਈ ਸੁਖਬੀਰ ਸਿੰਘ ਬਾਦਲ ਵਲੋਂ ਮੁਆਫੀ ਮੰਗਣ ਦਾ ਕਦਮ ਸ਼ਲਾਘਾਯੋਗ: ਸਰਨਾ

ਸਿੱਖ ਪੰਥ ਤੇ ਹੋ ਰਹੇ ਚੌਤਰਫਾ ਹਮਲੇ  ਵਿੱਚ ਪੰਥ ਨੂੰ ਇਕਜੁਟ ਕਰਨ ਲਈ ਸੁਖਬੀਰ ਸਿੰਘ ਬਾਦਲ ਵਲੋਂ ਮੁਆਫੀ ਮੰਗਣ ਦਾ ਕਦਮ ਸ਼ਲਾਘਾਯੋਗ: ਸਰਨਾ

 ਮਾਮਲਾ  2015 ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 14 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 103 ਸਾਲਾ ਸਥਾਪਨਾ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸਮੁੱਚੀ ਲੀਡਰਸ਼ਿਪ ਨੇ ਜੋ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਕੇ ਜਿੱਥੇ ਬਾਣੀ ਦਾ ਪਾਠ ਤੇ ਕੀਰਤਨ ਸਰਵਣ ਕੀਤਾ ਅਤੇ ਸੇਵਾ ਵੀ ਕੀਤੀ ਤੇ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸ. ਸੁਖਬੀਰ ਸਿੰਘ ਬਾਦਲ ਨੇ 2015 ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਸਰਕਾਰ ਹੋਣ ਦੇ ਬਾਵਜੂਦ ਨਾ ਫੜ੍ਹੇ ਜਾਣ ਲਈ ਅਤੇ ਸਰਕਾਰ ‘ਚ ਰਹਿੰਦਿਆਂ ਹੋਰ ਵੀ ਜਾਣੇ ਅਣਜਾਣੇ ‘ਚ ਹੋਈਆਂ ਭੁੱਲਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੋ ਕੇ ਪੰਥ ਕੋਲ਼ੋਂ ਮਾਫ਼ੀ ਮੰਗਣਾ ਇੱਕ ਚੰਗਾ ਅਮਲ ਹੈ । ਕਿਉਂਕਿ ਪੰਥ ਦੇ ਵਡੇਰੇ ਹਿੱਤਾਂ ਲਈ ਝੁਕਣਾ ਚੰਗੀ ਗੱਲ ਹੈ । ਅੱਜ ਜਦੋਂ ਪੰਥ ਤੇ ਚੌਤਰਫਾ ਹਮਲੇ ਹੋ ਰਹੇ ਹਨ ਤਾਂ ਅਜਿਹੇ ਵਿੱਚ ਪੰਥ ਨੂੰ ਇਕਜੁਟ ਕਰਨ ਲਈ ਇਹ ਕਦਮ ਸ਼ਲਾਘਾਯੋਗ ਹੈ । ਅੱਜ ਸਾਰਿਆਂ ਨੂੰ ਇਕਜੁਟ ਹੋ ਕੇ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਅਕਾਲੀ ਦਲ ਦਾ ਸਾਥ ਦੇਣ ਦੀ ਲੋੜ ਹੈ । ਕਿਉਂਕਿ ਇਹ ਪੰਥ ਦੀ ਇੱਕੋ ਨੁਮਾਇੰਦਾ ਸਿਆਸੀ ਜਮਾਤ ਹੈ । ਜੇਕਰ ਹਾਲੇ ਵੀ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੈ ਜਾਂ ਹਾਲੇ ਵੀ ਕਿਸੇ ਦੀ ਤਸੱਲੀ ਨਹੀ ਹੋਈ ਤਾਂ ਉਹ ਦੱਸਣ ਕਿ ਹੋਰ ਕੀ ਕੀਤਾ ਜਾ ਸਕਦਾ ਹੈ ? ਕਿਉਂਕਿ ਪੰਥਕ ਏਕਤਾ ਲਈ ਕੋਈ ਅੜਿੱਕਾ ਨਾ ਰਹੇ । 

ਅੱਜ ਪੰਥਕ ਸਿਆਸਤ ਨੂੰ ਬਚਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ । ਜਦੋਂ ਅਸੀਂ ਸਾਰੇ ਤਨੋਂ, ਮਨੋਂ ਤੇ ਧਨੋਂ ਅਕਾਲੀ ਸੋਚ ਨੂੰ ਸਮਰਪਿਤ ਹਾਂ ਤੇ ਫੇਰ ਅਕਾਲੀ ਦਲ ਦੀ ਚੜਦੀ ਕਲਾ ਲਈ ਹੁਣ ਹੋਰ ਬਹਾਨੇ ਨੀ ਘੜਨੇ ਚਾਹੀਦੇ ਸਗੋਂ ਤਕੜੇ ਹੋਕੇ ਪੰਥਕ ਸਿਆਸਤ ਦੇ ਬੋਲ ਬਾਲੇ ਲਈ ਹੰਭਲਾ ਮਾਰਨਾ ਚਾਹੀਦਾ ਹੈ ।