ਤਰਨਤਾਰਨ 'ਚ ਸੰਘ ਦੇ ਪ੍ਰਚਾਰਕ ਨੂੰ ਬ੍ਰਾਂਚ ਬੰਦ ਕਰਨ ਦੀ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਇਆ ਫੋਨ

ਤਰਨਤਾਰਨ 'ਚ ਸੰਘ ਦੇ ਪ੍ਰਚਾਰਕ ਨੂੰ ਬ੍ਰਾਂਚ ਬੰਦ ਕਰਨ ਦੀ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਇਆ ਫੋਨ

ਸਾਈਬਰ ਕ੍ਰਾਈਮ ਸੈੱਲ ਕਾਲ ਟਰੇਸ ਕਰਨ 'ਚ ਰੁੱਝਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਸੰਘ ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਫ਼ੋਨ ਆਇਆ।ਰਵਿੰਦਰ ਨੂੰ ਜਦੋਂ ਪਹਿਲੀ ਵਾਰ ਫੋਨ ਆਇਆ ਤਾਂ ਉਸ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ। ਪਰ ਜਦੋਂ ਆਰਐਸਐਸ ਦੇ ਪ੍ਰਚਾਰਕ ਨੂੰ ਦੂਜੀ ਵਾਰ ਧਮਕੀ ਦਿੱਤੀ ਗਈ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਵਿੰਦਰਪਾਲ ਸਿੰਘ ਦੀ ਸੁਰੱਖਿਆ ਲਈ 2 ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ।

ਵਿਦੇਸ਼ ਤੋਂ ਆਰਐਸਐਸ ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਗਾਂਧੀ ਪਾਰਕ ਵਿੱਚ ਚੱਲ ਰਹੀ ਆਰਐਸਐਸ ਦੀ ਸ਼ਾਖਾ ਨੂੰ ਬੰਦ ਕਰਨ ਲਈ ਕਿਹਾ ਹੈ। ਰਵਿੰਦਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਇਸ ਤੋਂ ਪਹਿਲਾਂ 26 ਅਕਤੂਬਰ 2023 ਨੂੰ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ ਤੇ ਆਰਐਸਐਸ ਦਾ ਪ੍ਰਚਾਰ ਬੰਦ ਕਰਕੇ ਘਰ ਜਾਣ ਲਈ ਕਿਹਾ ਗਿਆ। ਅਜਿਹਾ ਨਾ ਕਰਨ 'ਤੇ ਹੁਣ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਰਵਿੰਦਰਪਾਲ ਸਿੰਘ ਨੂੰ 9 ਨਵੰਬਰ 2023 ਨੂੰ ਵਿਦੇਸ਼ੀ ਨੰਬਰ ਤੋਂ ਦੂਜੀ ਕਾਲ ਵੀ ਕੀਤੀ ਗਈ। ਫੋਨ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੀ ਕਾਲ ਦਾ ਕੋਈ ਅਸਰ ਨਹੀਂ ਹੋਇਆ। ਹੁਣ ਜੇਕਰ ਤੁਸੀਂ ਸੰਘ ਦਾ ਪ੍ਰਚਾਰ ਬੰਦ ਨਾ ਕੀਤਾ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ।

ਆਰਐਸਐਸ ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੇ ਆਪਣੀ ਸ਼ਿਕਾਇਤ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਡੀਐਸਪੀ ਸਿਟੀ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਪੰਜਾਬ ਪੁਲੀਸ ਦਾ ਸਾਈਬਰ ਕਰਾਈਮ ਸੈੱਲ ਵਿਦੇਸ਼ੀ ਨੰਬਰਾਂ ਦੀ ਜਾਂਚ ਵਿੱਚ ਰੁੱਝਿਆ ਹੋਇਆ ਹੈ।