ਦਲ ਖਾਲਸਾ ਅਤੇ ਮਾਨ ਦਲ ਨੇ ਨਰਿੰਦਰ ਮੋਦੀ ਦੇ ਪੰਦਰਾਂ ਨੂੰ ‘ਹਰ ਘਰ ਤਿਰੰਗਾ’ ਲਹਿਰਾਉਣ ਦੇ ਸੱਦੇ ਨੂੰ ਕੀਤਾ ਮੁੱਢੋਂ ਰੱਦ

ਦਲ ਖਾਲਸਾ ਅਤੇ ਮਾਨ ਦਲ ਨੇ ਨਰਿੰਦਰ ਮੋਦੀ ਦੇ ਪੰਦਰਾਂ ਨੂੰ ‘ਹਰ ਘਰ ਤਿਰੰਗਾ’  ਲਹਿਰਾਉਣ ਦੇ ਸੱਦੇ ਨੂੰ ਕੀਤਾ ਮੁੱਢੋਂ ਰੱਦ

ਮੋਦੀ ਦੀ ਹਿੰਦੁਤਵ ਸਰਕਾਰ ਤਿਰੰਗਾ ਲਹਿਰਾਉਣ ਦੀ ਆੜ ਹੇਠ ਅਖੌਤੀ ਰਾਸ਼ਟਰਵਾਦ ਲੋਕਾਂ ਉੱਤੇ ਥੋਪ ਰਹੀ ਹੈ : ਕੰਵਰਪਾਲ ਸਿੰਘ 

ਦੋਨਾਂ ਜਥੇਬੰਦੀਆਂ ਨੇ ਸਿੱਖ ਅਵਾਮ ਨੂੰ ਹਰ ਘਰ ਖ਼ਾਲਸਾਈ ਝੰਡਾ ਲਹਿਰਾਉਣ ਦਾ ਦਿੱਤਾ ਸੱਦਾ 

ਹਿੰਦੁਸਤਾਨ ਦੀ ਗੁਲਾਮੀ ਅਤੇ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਦੋਨਾਂ ਜਥੇਬੰਦੀਆਂ ਨੇ ਪੰਦਰਾਂ ਅਗਸਤ ਨੂੰ ਮੋਗਾ ਵਿੱਖੇ ਪ੍ਰੋਟੈਸਟ ਮਾਰਚ ਕਰਨ ਦਾ ਕੀਤਾ ਐਲਾਨ : 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਪੰਜਾਬ ਦੀ ਆਜ਼ਾਦੀ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਦਲ ਖ਼ਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ  ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫ਼ੀ, ਬਰਗਾੜੀ-ਬਹਿਬਲ ਇੰਨਸਾਫ ਨਾਲ ਖਿਲਵਾੜ, ਦਰਬਾਰ ਸਾਹਿਬ ਸਮੇਤ ਬੇਅਦਬੀਆਂ ਦੀਆਂ ਘਟਨਾਵਾਂ, ਪਾਣੀਆਂ ਦੀ ਲੁੱਟ, ਧਾਰਮਿਕ ਘੱਟ ਗਿਣਤੀ ਕੌਮਾਂ ਅਤੇ ਮੂਲ ਨਿਵਾਸੀਆਂ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਜ਼ਿਆਦਤੀਆਂ ਵਿਰੁੱਧ ਭਾਰਤੀ ਸੁਤੰਤਰਤਾ ਦਿਵਸ ਮੌਕੇ ਮੋਗਾ ਵਿੱਖੇ 15 ਅਗਸਤ ਨੂੰ ਪ੍ਰੋਟੈਸਟ ਮਾਰਚ ਕਰਨ ਦਾ ਐਲਾਨ ਕੀਤਾ ਹੈ।  

ਦਲ ਖਾਲਸਾ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ, ਕੰਵਰਪਾਲ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 13 ਤੋਂ 15 ਤਰੀਕ ਨੂੰ ‘ਹਰ ਘਰ ਤਿਰੰਗਾ’ ਦੇ ਸੱਦੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਹਿੰਦੂਤਵ ਪਾਰਟੀ ਵੱਲੋਂ ਤਿਰੰਗੇ ਦੀ ਆੜ ਹੇਠ ਅਖੌਤੀ ਰਾਸ਼ਟਰਵਾਦ ਲੋਕਾਂ ਉੱਤੇ ਥੋਪਿਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਮੁੱਢੋਂ ਰੱਦ ਕਰਦਾ ਹੈ। 

ਦਲ ਖ਼ਾਲਸਾ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀ ਲੋਕਾਂ ਅਤੇ ਖਾਸ ਕਰਕੇ ਸਿੱਖਾਂ ਨੂੰ ਆਪਣੇ ਘਰਾਂ 'ਤੇ ਖਾਲਸਾਈ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤੇ ਵਿੱਚ ਸਾਡੇ ਕਾਰਕੁਨ ਝੰਡੇ ਛਾਪਕੇ ਸਿੱਖਾਂ ਵਿੱਚ ਵੰਡਣਗੇ। 

ਕੰਵਰਪਾਲ ਸਿੰਘ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਤਿਰੰਗੇ ਦੀ ਛਤਰ-ਛਾਇਆ ਹੇਠ ਹੀ ਭਾਰਤੀ ਸੁਰੱਖਿਆ ਬਲਾਂ ਨੇ ਪਿਛਲੇ 40 ਸਾਲਾਂ ਵਿੱਚ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਗੈਰ-ਨਿਆਇਕ ਢੰਗ ਨਾਲ ਸ਼ਹੀਦ ਕੀਤਾ ਹੋਵੇ, ਇੱਕ ਸੱਚਾ ਪੰਜਾਬੀ ਅਤੇ ਸਿੱਖ ਉਸ ਤਿਰੰਗੇ ਨੂੰ ਕਿਵੇਂ ਆਪਣੇ ਘਰ ਜਾਂ ਅਦਾਰੇ 'ਤੇ ਲਹਿਰਾ ਸਕਦਾ ਹੈ?

ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਨੂੰ ਰੱਦ ਕਰਦਿਆਂ, ਉਨ੍ਹਾਂ ਸੁਝਾਅ ਵਜੋਂ ਕਿਹਾ ਕਿ ਪੰਜਾਬ ਵਿੱਚ ਵਸਦੇ ਮੁਸਲਮਾਨ ਜੇ ਚਾਹੁਣ ਆਪਣੇ ਪਵਿੱਤਰ ਹਰੇ ਝੰਡੇ ਲਹਿਰਾ ਸਕਦੇ ਹਨ, ਕਾਮਰੇਡ ਜੋ ਪਰਮਾਤਮਾ ਵਿੱਚ ਆਸਥਾ ਨਹੀਂ ਰੱਖਦੇ ਅਤੇ ਖੱਬੇਪੱਖੀ ਝੁਕਾਅ ਵਾਲੇ ਕਿਸਾਨ ਯੂਨੀਅਨਾਂ ਆਪੋ-ਆਪਣੇ ਹਰੇ, ਲਾਲ ਜਾਂ ਚਿੱਟੇ ਝੰਡੇ ਲਹਿਰਾਉਣ। 

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਸਿੱਖ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਕਿ ਸੁਖਬੀਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਕਿਹੜਾ ਝੰਡਾ ਲਹਿਰਾਉਣ ਦੀ ਚੋਣ ਕਰੇਗੀ।

ਇਸ ਮੌਕੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਸਿੱਖ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਪਿੰਡ ਵਾਂ ਵੀ ਪ੍ਰੈਸ ਮਿਲਣੀ ਵਿਚ ਹਾਜ਼ਰ ਸਨ।  ਉਨ੍ਹਾਂ ਨੇ ਵੀ 15 ਤਰੀਕ ਨੂੰ ਹਰ ਘਰ ਖਾਲਸਾਈ ਪਰਚਮ ਲਹਿਰਾਉਣ ਦਾ ਸੱਦਾ ਦਿੱਤਾ ਹੈ।

15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਅਗੂਆਂ ਨੇ ਕਿਹਾ ਕਿ ਭਾਰਤੀ ਲੀਡਰਸ਼ਿਪ ਨੇ ਸਿੱਖਾਂ ਨਾਲ ਧੋਖਾ ਕੀਤਾ ਅਤੇ 1947 ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਗਈ।  ਉਸ ਸਮੇਂ ਤੋਂ, ਸਿੱਖ ਆਪਣੀ ਆਜ਼ਾਦੀ ਪ੍ਰਾਪਤ ਕਰਨ ਲਈ ਲੜ ਰਹੇ ਹਨ ਕਿਉਂਕਿ 1947 ਵਿਚ ਸਿੱਖ ਇੱਕ ਗੁਲਾਮੀ ਤੋਂ ਬਾਅਦ ਦੂਸਰੀ ਗੁਲਾਮੀ ਵਿੱਚ ਫਸ ਗਏ ਹਨ। 

ਪੰਦਰਾਂ ਦੇ ਪ੍ਰੋਟੈਸਟ ਦੇ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦਰਬਾਰ ਪੰਜਾਬ ਨਾਲ ਇੱਕ ਬਸਤੀ ਵਾਂਗ ਵਿਹਾਰ ਕਰ ਰਹੀ ਹੈ, ਦਰਿਆਈ ਪਾਣੀਆਂ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ, ਕੇਂਦਰ ਦੀ ਚੰਡੀਗੜ੍ਹ 'ਤੇ ਮੈਲੀ ਅੱਖ ਹੈ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨਾਲ ਬੇਇਨਸਾਫ਼ੀ ਹੋ ਰਹੀ ਹੈ, ਸਿੱਖ ਨੌਜਵਾਨਾਂ ਨੂੰ ਯੂ.ਏ.ਪੀ.ਏ. ਦੇ ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਅਤੇ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਗੁਰਨਾਮ ਸਿੰਘ ਮੂਣਕਾਂ, ਪ੍ਰਭਜੀਤ ਸਿੰਘ, ਜਗਜੀਤ ਸਿੰਘ ਖੋਸਾ, ਜੁਗਰਾਜ ਸਿੰਘ ਵਾਂ ਪਿੰਡ ,ਸੁਖਜਿੰਦਰ ਸਿੰਘ, ਮਹਾਂਬੀਰ ਸਿੰਘ ਆਦਿ ਵੀ ਹਾਜਿਰ ਸਨ ।