ਭਾਰਤ ਵਿਚ ਔਰਤਾਂ ਵਿਰੁੱਧ ਅਪਰਾਧ ਵਧੇ

ਭਾਰਤ ਵਿਚ ਔਰਤਾਂ ਵਿਰੁੱਧ ਅਪਰਾਧ ਵਧੇ

ਸੰਨ 2022 ਵਿੱਚ 4,45,256 ਮਾਮਲੇ  ਹੋਏ ਦਰਜ,ਵਰਲਡ ਇਕਨੌਮਿਕ ਫੋਰਮ ਵੱਲੋਂ ਜੈਂਡਰ ਗੈਪ ਸੰਬੰਧੀ ਜਾਰੀ ਰਿਪੋਰਟ ਮੁਤਾਬਕ ਭਾਰਤ 146 ਦੇਸ਼ਾਂ ਵਿੱਚੋਂ 127ਵੇਂ ਥਾਂ ’ਤੇ

ਸਰਕਾਰ ਦੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਔਰਤਾਂ ’ਤੇ ਅੱਤਿਆਚਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। 2019 ਵਿੱਚ ਜਦੋਂ ਇੱਕ ਕੌਮਾਂਤਰੀ ਸੰਸਥਾ ਨੇ ਭਾਰਤ ਨੂੰ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਕਿਹਾ ਸੀ ਤਾਂ ਸੱਤਾਧਾਰੀਆਂ ਨੇ ਲੋਹੇ-ਲਾਖੇ ਹੁੰਦਿਆਂ ਇਸ ਨੂੰ ਭਾਰਤ ਦੀ ਛਵੀ ਵਿਗਾੜਨ ਦਾ ਜਤਨ ਕਿਹਾ ਸੀ।ਹੁਣ ਇਸ ਸਰਕਾਰੀ ਸੰਸਥਾ ਐੱਨ ਸੀ ਆਰ ਬੀ ਨੇ ਦੱਸਿਆ ਹੈ ਕਿ ਭਾਰਤ ਵਿੱਚ ਔਰਤਾਂ ’ਤੇ ਅੱਤਿਆਚਾਰ ਦੇ ਕੇਸ 2021 ਦੀ ਤੁਲਨਾ ਵਿੱਚ 2022 ਦੌਰਾਨ 4 ਫੀਸਦੀ ਵਧ ਗਏ ਹਨ। ਇਸ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ ਘੰਟੇ ਔਰਤਾਂ ’ਤੇ ਅੱਤਿਆਚਾਰ ਦੇ 55 ਮਾਮਲੇ ਦਰਜ ਹੋ ਰਹੇ ਹਨ।

ਰਿਪੋਰਟ ਮੁਤਾਬਕ ਸੰਨ 2020 ਵਿੱਚ ਔਰਤਾਂ ’ਤੇ ਅੱਤਿਆਚਾਰਾਂ ਦੇ 3,71,503, ਸੰਨ 2021 ਵਿੱਚ 4,28,278 ਤੇ ਸੰਨ 2022 ਵਿੱਚ 4,45,256 ਮਾਮਲੇ ਦਰਜ ਹੋਏ ਸਨ। ਇਨ੍ਹਾਂ ਵਿੱਚੋਂ ਬਲਾਤਕਾਰਾਂ ਦੇ ਮਾਮਲਿਆਂ ਨੂੰ ਲਿਆ ਜਾਵੇ ਤਾਂ ਸੰਨ 2020 ਵਿੱਚ 28046, ਸੰਨ 2021 ਵਿੱਚ 31677 ਤੇ ਸੰਨ 2022 ਵਿੱਚ 31982 ਕੇਸ ਦਰਜ ਹੋਏ ਸਨ।
ਐੱਨ ਸੀ ਆਰ ਬੀ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਦਿਨ ਔਸਤਨ 88 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਬਲਾਤਕਾਰ ਦੇ ਕੇਸਾਂ ਵਿੱਚ ਪਹਿਲੇ ਸਥਾਨ ’ਤੇ ਰਾਜਸਥਾਨ ਹੈ ਤੇ ਉਸ ਤੋਂ ਅਗਲਾ ਨੰਬਰ ਭਾਜਪਾ ਸ਼ਾਸਤ ਰਾਜਾਂ ਯੂ ਪੀ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹਰਿਆਣਾ ਦਾ ਆਉਂਦਾ ਹੈ। ਜਿਥੋਂ ਤੱਕ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸਵਾਲ ਹੈ, ਸਭ ਤੋਂ ਮਾੜੀ ਸਥਿਤੀ ਅਮਨ-ਕਾਨੂੰਨ ਦੇ ਮਾਮਲੇ ਵਿੱਚ ਕੇਂਦਰ ਦੇ ਸਿੱਧੇ ਕੰਟਰੋਲ ਹੇਠਲੇ ਦਿੱਲੀ ਦੀ ਹੈ। ਦਿੱਲੀ ਵਿੱਚ ਹਰ ਦਿਨ ਔਸਤਨ 3 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਦੇਸ਼ ਦੇ 19 ਵੱਡੇ ਸ਼ਹਿਰਾਂ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ 29 ਫ਼ੀਸਦੀ ਦਿੱਲੀ ਵਿੱਚ ਹੁੰਦੇ ਹਨ।
ਮੋਦੀ ਰਾਜ ਵਿੱਚ ਸਿਰਫ਼ ਔਰਤਾਂ ਵਿਰੁੱਧ ਅਪਰਾਧ ਹੀ ਨਹੀਂ ਵਧੇ, ਸਗੋਂ ਜਗੀਰੂ ਸੋਚ ਵੀ ਹਾਵੀ ਹੋਈ ਹੈ। ਵਰਲਡ ਇਕਨੌਮਿਕ ਫੋਰਮ ਵੱਲੋਂ ਜੈਂਡਰ ਗੈਪ ਸੰਬੰਧੀ ਜਾਰੀ ਰਿਪੋਰਟ ਮੁਤਾਬਕ ਭਾਰਤ 146 ਦੇਸ਼ਾਂ ਵਿੱਚੋਂ 127ਵੇਂ ਥਾਂ ’ਤੇ ਹਾਂ। ਬੰਗਲਾਦੇਸ਼ 59ਵੇਂ, ਭੁਟਾਨ 103ਵੇਂ, ਸ੍ਰੀਲੰਕਾ 115ਵੇਂ ਤੇ ਨੇਪਾਲ 116ਵੇਂ ਥਾਂ ਹੈ। ਮੋਦੀ ਭਗਤ ਇਹ ਜਾਣ ਕੇ ਖੁਸ਼ ਹੋ ਸਕਦੇ ਹਨ ਕਿ ਪਾਕਿਸਤਾਨ ਸਾਥੋਂ ਥੱਲੇ 142ਵੇਂ ਥਾਂ ਹੈ।
ਅਜੋਕੇ ਹਾਕਮ ਮਨੂੰ ਸਮਿ੍ਰਤੀ ਦੇ ਪੈਰੋਕਾਰ ਹਨ, ਜਿਸ ਵਿੱਚ ਔਰਤਾਂ ਨੂੰ ਨਫ਼ਰਤ ਦਾ ਪਾਤਰ ਕਿਹਾ ਗਿਆ ਹੈ। ਉਂਜ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕੋ ਨਿਸ਼ਾਨਾ ਹੈ, ਹਰ ਹਾਲ ਚੋਣਾਂ ਜਿੱਤਣਾ, ਜਨਤਾ ਮਰਦੀ ਹੈ ਤਾਂ ਮਰੇ। ਲਗਦਾ ਹੈ ਜਨਤਾ ਨੂੰ ਵੀ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਸ ਲਈ ਤਾਂ ਰਾਮ ਮੰਦਰ ਤੇ ਮੁਸਲਮਾਨਾਂ ਵਿਰੁੱਧ ਨਫ਼ਰਤੀ ਮੁਹਿੰਮ ਹੀ ਸਭ ਤੋਂ ਵੱਡਾ ਮੁੱਦਾ ਹੈ।