ਨਵਜੋਤ ਸਿੱਧੂ ‘ਤੇ ਕਾਂਗਰਸ-‘ਆਪ’ ਕਦੇ ਨਰਮ, ਕਦੇ ਗਰਮ

ਨਵਜੋਤ ਸਿੱਧੂ ‘ਤੇ ਕਾਂਗਰਸ-‘ਆਪ’ ਕਦੇ ਨਰਮ, ਕਦੇ ਗਰਮ

ਚੌਥੇ ਫ਼ਰੰਟ ਦਾ ਨਹੀਂ ਬਣ ਰਿਹਾ ਕੋਈ ਮੂੰਹ-ਮੱਥਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀਆਂ ਸਿਆਸਤ ਹਾਲ-ਫ਼ਿਲਹਾਲ ਬਹੁਤ ਹੀ ਦੁਬਿਧਾ ਭਰੇ ਪਲਾਂ ਵਿਚੋਂ ਲੰਘ ਰਹੀ ਹੈ। ਰਵਾਇਤੀ ਪਾਰਟੀਆਂ ਵਿਚੋਂ ਅਕਾਲੀ-ਭਾਜਪਾ ਆਪੋ-ਆਪਣੀ ਜ਼ਮੀਨ ਬਚਾਉਣ ਵਿਚ ਲੱਗੀਆਂ ਹਨ ਤੇ ਕਾਂਗਰਸ ਹਕੂਮਤੀ ਧਿਰ ਦਾ ਰੁਤਬਾ ਲੈਣ ਲਈ ਓਹੜ-ਪਹੁੜ ਵਿਚ ਲੱਗੀ ਹੈ। ਤੇ ਨਵੀਂ ਉਭਰੀ ਆਮ ਆਦਮੀ ਪਾਰਟੀ ਸੱਤਾ ‘ਤੇ ਕਾਬਜ਼ ਹੋਣ ਦਾ ਠੋਕ-ਵਜਾ ਕੇ ਦਾਅਵਾ ਕਰ ਰਹੀ ਹੈ। ਪਰ ਇਨ੍ਹਾਂ ਨਾਲ ਹੀ ਚੌਥਾ ਫ਼ਰੰਟ ਆਪਣੇ ਲਈ ਸਿਆਸੀ ਢੋਈ ਲਭਦਾ ਨਜ਼ਰ ਆ ਰਿਹਾ ਹੈ। ਸਭ ਤੋਂ ਹਾਸੋਹੀਣੀ ਹਾਲਤ ਨਵਜੋਤ ਸਿੰਘ ਸਿੱਧੂ ਦੇ ਆਵਾਜ਼-ਏ-ਪੰਜਾਬ ਦੀ ਪ੍ਰਤੀਤ ਹੋ ਰਹੀ ਹੈ। ਨਵਜੋਤ ਸਿੱਧੂ ਨਿਤ ਹੀ ਆਪਣੇ-ਆਪ ਨੂੰ ਕਦੇ ਕਾਂਗਰਸ ਦੇ ਹਵਾਲੇ ਤੇ ਕਦੇ ‘ਆਪ’ ਦੀ ਝੋਲੀ ਵਿਚ ਸੁੱਟਣ ਲਈ ਉਤਾਵਲੇ ਨਜ਼ਰ ਆਉਂਦੇ ਹਨ ਪਰ ਫ਼ੈਸਲਾ ਕੋਈ ਨਹੀਂ ਕਰ ਪਾ ਰਹੇ। ਉਧਰ ਸਿੱਧੂ ਨੂੰ ਲੈ ਕੇ ਕਾਂਗਰਸ ਦਾ ਮਿਜਾਜ਼ ਕਦੇ ਗਰਮ ਹੋ ਜਾਂਦਾ ਹੈ ਤੇ ਕਦੇ ਨਰਮ ਪੈ ਜਾਂਦਾ ਹੈ। ਇਹੋ ਹਾਲਤ ਆਮ ਆਦਮੀ ਪਾਰਟੀ ਦੀ ਹੈ ਜੋ ਕਦੇ ਤਾਂ ਬਾਹਾਂ ਅੱਡੀ ਸਿੱਧੂ ਦੇ ਸਵਾਗਤ ਲਈ ਤਿਆਰ ਹੁੰਦੀ ਹੈ ਤੇ ਅਗਲੇ ਹੀ ਪਲ ਸਿੱਧੂ ਨੂੰ ‘ਅੱਖਾਂ’ ਵੀ ਦਿਖਾ ਦਿੰਦੀ ਹੈ। ਸਿੱਧੂ ਦੇ ਸੰਗੀ ਸਾਥੀ ਪਰਗਟ ਸਿੰਘ ਤੇ ਬੈਂਸ ਭਰਾ ਵੀ ਸਿੱਧੂ ਦੇ ਕੋਈ ਫ਼ੈਸਲਾ ਨਾ ਕਰ ਸਕਣ ਕਾਰਨ ਉਨ੍ਹਾਂ ਨੂੰ ਅੱਖਾਂ ਦਿਖਾ ਚੁੱਕੇ ਹਨ।
ਇਸ ਸਭ ਦੌਰਾਨ ਚੌਥਾ ਫਰੰਟ ਬਣਨ ਦੀਆਂ ਸੰਭਾਵਨਾਂ ਮੱਧਮ ਪੈਂਦੀਆਂ ਜਾਪਦੀਆਂ ਹਨ। ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵਲੋਂ ਆਪਣੇ ਬਲਬੂਤੇ ਚੋਣਾਂ ਲੜਨ ਦੀ ਤਿਆਰੀ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਜਾਂ ‘ਆਪ’ ਨਾਲ ਹੱਥ ਮਿਲਾਉਣ ਦੇ ਕੀਤੇ ਜਾ ਰਹੇ ਯਤਨਾਂ ਕਾਰਨ ਚੌਥਾ ਫਰੰਟ ਬਣਨ ਦਾ ਰਾਹ ਬੰਦ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ‘ਆਪ’ ਤੋਂ ਮੁਅੱਤਲ ਸੰਸਦ ਮੈਂਬਰ ਧਰਮਵੀਰ ਗਾਂਧੀ ਵਲੋਂ ਬਣਾਈ ਸਟੀਅਰਿੰਗ ਕਮੇਟੀ ਨੇ ਸਾਰੀਆਂ ਧਿਰਾਂ ਨੂੰ ਇਕੱਠੇ ਕਰਨ ਲਈ 4 ਨਵੰਬਰ ਨੂੰ ਸਾਂਝੀ ਮੀਟਿੰਗ ਸੱਦੀ ਹੈ।
ਸ੍ਰੀ ਛੋਟੇਪੁਰ ਨੇ ਵੀ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੂੰ ਪਹਿਲੀ ਨਵੰਬਰ ਤੱਕ ਚੌਥਾ ਫਰੰਟ ਬਣਾਉਣ ਲਈ ਅਲਟੀਮੇਟਮ ਦੇ ਕੇ ਆਪਣੇ ਪੱਧਰ ‘ਤੇ ਉਮੀਦਵਾਰ ਐਲਾਨਣ ਦਾ ਫ਼ੈਸਲਾ ਕੀਤਾ ਸੀ ਪਰ ਉਹ ਵੀ ਕੋਈ ਠੋਸ ਫ਼ੈਸਲਾ ਲੈਣ ਦੇ ਸਮਰਥ ਨਜ਼ਰ ਨਹੀਂ ਆ ਰਹੇ। ਆਪਣਾ ਪੰਜਾਬ ਪਾਰਟੀ ਦੀ ਮੀਡੀਆ ਟੀਮ ਦੇ ਇੰਚਾਰਜ ਕਰਨਲ ਜੇ.ਐਸ. ਗਿੱਲ ਨੇ ਕਿਹਾ ਕਿ ਹੋਰ ਧਿਰਾਂ ਦੀ ਬਹੁਤ ਉਡੀਕ ਕਰ ਲਈ ਹੈ ਅਤੇ ਪਾਰਟੀ ਇਕ-ਅੱਧੇ ਦਿਨ ਵਿੱਚ ਆਪਣੇ ਘੱਟੋ-ਘੱਟ 10 ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੀਪੀਆਈ ਤੇ ਸੀਪੀਆਈ (ਐਮ) ਨਾਲ ਗੱਲ ਹੋਈ ਹੈ।
ਡਾ. ਗਾਂਧੀ ਵਲੋਂ ਬਣਾਈ ਸਟੀਅਰਿੰਗ ਕਮੇਟੀ ਦੇ ਬੁਲਾਰੇ ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ 4 ਨਵੰਬਰ ਨੂੰ ਸਾਰੀਆਂ ਹਮਖਿਆਲ ਧਿਰਾਂ ਦੀ ਸਾਂਝੀ ਮੀਟਿੰਗ ਕਰ ਕੇ ਚੌਥੇ ਫਰੰਟ ਦੀ ਉਸਾਰੀ ਲਈ ਯਤਨ ਕੀਤੇ ਜਾਣਗੇ। ਮੀਟਿੰਗ ਵਿੱਚ ਖੱਬੀਆਂ ਧਿਰਾਂ ਸਮੇਤ ਨਵੇਂ ਬਣੇ ਅਖੰਡ ਅਕਾਲੀ ਦਲ ਨੂੰ ਵੀ ਸੱਦਿਆ ਗਿਆ ਹੈ। ਦੱਸਣਯੋਗ ਹੈ ਕਿ ‘ਆਪ’ ਵਿੱਚੋਂ ਨਿਕਲ ਕੇ ਸਵਰਾਜ ਇੰਡੀਆ ਪਾਰਟੀ ਬਣਾਉਣ ਵਾਲੇ ਯੋਗੇਂਦਰ ਯਾਦਵ ਨੇ ਵੀ ਇਸ ਫਰੰਟ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ‘ਆਪ’ ਬਾਕੀ ਬਚਦੇ 56 ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੰਤਮ ਰੂਪ ਦੇ ਰਹੀ ਹੈ। ਪਾਰਟੀ ਵਲੋਂ ਵਿਧਾਨ ਸਭਾ ਹਲਕਿਅੰ ਵਿੱਚ ਉਮੀਦਵਾਰਾਂ ਲਈ ਵੋਟਿੰਗ ਕਰਵਾਉਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਅਤੇ ਚੰਡੀਗੜ੍ਹ ਵਿੱਚ ਡੇਰਾ ਲਾਈ ਬੈਠੇ ਆਗੂ ਉਮੀਦਵਾਰਾਂ ਦੀ ਇੰਟਰਵਿਊ ਕਰ ਕੇ ਨਾਵਾਂ ਨੂੰ ਅੰਤਿਮ ਰੂਪ ਦੇ ਰਹੇ ਹਨ।