ਪ੍ਰਗਟ ਸਿੰਘ ਕਾਂਗਰਸ ਛੱਡਣਗੇ ਜਾਂ ਵਿੱਚ ਰਹਿ ਕੇ ਲੜਨਗੇ?

ਪ੍ਰਗਟ ਸਿੰਘ ਕਾਂਗਰਸ ਛੱਡਣਗੇ ਜਾਂ ਵਿੱਚ ਰਹਿ ਕੇ ਲੜਨਗੇ?

*ਪਰਗਟ  ਨੂੰ ਅਨੁਸ਼ਾਸ਼ਨਹੀਣ ਹੋਣ ਦੇ ਦੋਸ਼ ਲਾ ਕੇ ਪਾਰਟੀ ਵਿੱਚੋਂ ਕੱਢਣਾ  ਕਾਂਗਰਸ ਲਈ ਸਿਆਸੀ ਖੁਦਕਸ਼ੀ  ਹੋਵੇਗੀ                * ਨਵਜੋਤ ਸਿਧੂ ਨਾਲ ਰਹਿਣਗੇ ਪ੍ਰਗਟ 

 *ਭਾਜਪਾ ਤੇ ਆਪ ਪ੍ਰਗਟ ਸਿੰਘ ਨਾਲ ਕਰ ਰਹੇ ਨੇ ਸੰਪਰਕ 

   ਕਵਰ ਸਟੋਰੀ     

 ਪਰਗਟ ਸਿੰਘ ਦੇ ਸਟੈਂਡ ਨੂੰ ਦੇਖਦਿਆਂ ਸਭ ਤੋਂ ਪਹਿਲ ਸਵਾਲ ਇਹ ਉਭਰਦਾ ਹੈ ਕਿ ਉਹ ਕਾਂਗਰਸ ਨੂੰ ਅਲਵਿਦਾ ਕਹਿਣਗੇ ਜਾਂ ਪਾਰਟੀ ਦੇ ਅੰਦਰ ਰਹਿ ਕੇ ਹੀ ਲੜਨਗੇ।ਇਸ ਸਵਾਲ ਦੇ ਜਵਾਬ ਵਿੱਚ ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਹਿਲੀ ਗੱਲ ਤਾਂ ਪਰਗਟ ਸਿੰਘ ਕਾਂਗਰਸ ਛੱਡ ਕੇ ਨਹੀਂ ਜਾਵੇਗਾ। ਉਹ ਸਿਸਟਮ ਤੋਂ ਨਰਾਜ਼ ਹੈ, ਅਸਲ ਵਿੱਚ ਅੱਕਿਆ ਵੀ ਹੋਇਆ ਹੈ।ਉਨ੍ਹਾਂ ਨੇ ਕਿਹਾ, "ਉਹ ਇਸ ਸਿਸਟਮ ਨੂੰ ਸੁਧਾਰਨਾ ਵੀ ਚਾਹੁੰਦਾ ਹੈ ਤੇ ਗੰਧਲੇ ਰਾਜਨੀਤਿਕ ਪ੍ਰਣਾਲੀ ਦਾ ਬਦਲ ਤਲਾਸ਼ਣ ਲਈ ਯਤਨਸ਼ੀਲ ਵੀ ਲੱਗ ਰਿਹਾ ਹੈ। ਪਰਗਟ ਸਿੰਘ ਜਿਸ ਤਰ੍ਹਾਂ ਨਾਲ ਪੰਜਾਬ ਨੂੰ ਬਦਲਣਾ ਚਹੁੰਦੇ ਹਨ ਉਹੋ ਜਿਹਾ ਬਦਲਾਅ ਤਾਂ ਦ੍ਰਿੜ ਇੱਛਾ ਵਾਲਾ ਮੁੱਖ ਮੰਤਰੀ ਜਾਂ ਧੱੜਲੇਦਾਰ ਮੰਤਰੀ ਬਣ ਕੇ ਹੀ ਕੀਤਾ ਜਾ ਸਕਦਾ ਹੈ।"ਧਾਲੀਵਾਲ ਦਾ ਮੰਨਣਾ ਹੈ ਕਿ ਜੇ ਕਾਂਗਰਸ ਵਿੱਚ ਪਰਗਟ ਸਿੰਘ ਲਈ ਹਾਲਾਤ ਇਹੋ ਜਿਹੇ ਪੈਦਾ ਹੁੰਦੇ ਹਨ ਕਿ ਪਾਣੀ ਸਿਰ ਤੋਂ ਹੀ ਲੰਘ ਜਾਵੇ ਤੇ ਉਸ ਨੂੰ ਕਾਂਗਰਸ ਛੱਡਣੀ ਪੈ ਜਾਵੇ ਤਾਂ ਉਸ ਕੋਲ ਬਹੁਤ ਸੀਮਤ ਬਦਲ ਦੀ ਬਚਦੇ ਹਨ। ਇਸ ਲਈ ਇਹ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਉਹ ਪਾਰਟੀ ਵਿੱਚ ਹੀ ਕਾਇਮ ਰਹਿਣਗੇ।

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਨੂੰ ਦੇਖਿਆ ਜਾਵੇ ਤਾਂ ਉਹ ਪਰਗਟ ਸਿੰਘ ਨੂੰ ਨੌਜਵਾਨਾਂ ਦਾ ਆਦਰਸ਼ ਮੰਨਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਹਾਲਾਤ ਵਿੱਚ ਪਰਗਟ ਸਿੰਘ ਨੂੰ ਅਨੁਸ਼ਾਸ਼ਨਹੀਣ ਹੋਣ ਦੇ ਦੋਸ਼ ਲਾ ਕੇ ਪਾਰਟੀ ਵਿੱਚੋਂ ਕੱਢਣਾ ਜਾਂ ਉਸ ਨੂੰ ਪਾਰਟੀ ਛੱਡਣ ਲਈ ਮਜਬੂਰ ਕਰਨਾ ਕਾਂਗਰਸ ਲਈ ਸਿਆਸੀ ਖੁਦਕਸ਼ੀ ਵਰਗਾ ਹੋਵੇਗਾ। ਪਰਗਟ  ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਨਹੀਂ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਬਣੇ ਸੰਯੁਕਤ ਅਕਾਲੀ ਦਲ ਵਿੱਚ ਵੀ ਜਾਣ ਦਾ ਉਸ ਕੋਲ ਬਦਲ  ਹੈ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਅਕਾਲੀ ਦਲ ਨੂੰ ਦੋਆਬੇ ਵਿੱਚ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਲਈ ਸਮਾਂ ਲੱਗੇਗਾ ਜਿਹੜਾ ਕਿ 2022 ਦੀਆਂ ਚੋਣਾਂ ਦੇ ਮੱਦੇ ਨਜ਼ਰ ਸੰਭਵ ਨਹੀਂ ਲੱਗਦਾ । ਨਵੇਂ ਅਕਾਲੀ ਦਲ ਦਾ ਪ੍ਰਭਾਵ ਮਾਝੇ ਤੇ ਮਾਲਵੇ ਵਿੱਚ ਪੈ ਸਕਦਾ ਹੈ।ਪਰਗਟ ਸਿੰਘ ਗੈਰ ਬਾਦਲੀ ਅਕਾਲੀ ਦਲਾਂ ਨਾਲ ਤਾਂ ਹੀ ਜਾ ਸਕਦੇ ਹਨ ਜੇਕਰ ਨਵਜੋਤ ਸਿੱਧੂ ਦੀ ਉਨ੍ਹਾਂ ਨਾਲ ਕੋਈ ਭਿਆਲੀ ਪੈਂਦੀ ਹੈ। ਪਰਗਟ ਦੇ ਇਕੱਲੇ ਉੱਧਰ ਜਾਣ ਦੀ ਸੰਭਾਵਨਾ ਨਹੀਂ ਦਿਖ ਰਹੀ।

ਆਮ ਆਦਮੀ ਪਾਰਟੀ ਦਾ ਬਦਲ

ਪਰਗਟ ਸਿੰਘ ਦੇ ਆਮ ਆਦਮੀ ਪਾਰਟੀ ਦੀਆਂ ਕਈ ਗੁਪਤ ਬੈਠਕਾਂ ਵਿੱਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਮੀਡੀਆ ਤੇ ਸਿਆਸਤ ਦੇ ਕੁਝ ਹਲਕਿਆਂ ਵਿੱਚ ਭਖਦੀਆਂ ਰਹੀਆਂ ਹਨ।ਭਾਵੇਂ ਕਿ ਪਰਗਟ ਸਿੰਘ ਨੇ ਕਦੇਂ ਵੀ ਅਧਿਕਾਰਤ ਤੌਰ ਉੱਤੇ ਅਜਿਹੀਆਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ। ਪਰ ਸਿਆਸੀ ਮਾਹਿਰ  ਦਾਅਵਾ ਕਰਦੇ ਹਨ, ਆਪ  ਪਾਰਟੀ ਨਵਜੋਤ  ਸਿੱਧੂ ਤੇ ਪਰਗਟ ਸਿੰਘ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਹੈ।ਭਾਵੇਂ ਕਿ ਐਤਕੀ ਆਪ ਪਾਰਟੀ ਦਾ ਪ੍ਰਭਾਵ ਪਹਿਲਾਂ ਵਰਗਾ ਨਹੀਂ ਰਿਹਾ। ਸਾਲ 2017 ਦੀਆਂ ਚੋਣਾਂ ਵਿੱਚ ਪਰਵਾਸੀ ਪੰਜਾਬੀਆਂ ਨੇ ਆਪ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਸੀ ਪਰ ਇਸ ਵਾਰ ਪਹਿਲਾਂ ਵਰਗਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਆਪ ਪਾਰਟੀ ਬਾਰੇ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਵਿੱਚ ਕਿਸੇ ਰਾਜਸੀ ਧਿਰ ਨਾਲ ਚੋਣ ਸਮਝੋਤਾ ਕਰਕੇ ਹੀ ਚੋਣਾਂ ਲੜਨ ਦਾ ਮਨ ਬਣਾ ਰਹੀ ਹੈ।ਇੰਨ੍ਹਾਂ ਹਾਲਾਤਾਂ ਵਿੱਚ ਵੀ ਪਰਗਟ ਸਿੰਘ ਕੋਲ ਇਹ ਸਭ ਤੋਂ ਮਜ਼ਬੂਤ ਬਦਲ ਹੀ ਬਚਦਾ ਹੈ। ਆਪ  ਪਾਰਟੀ ਨੂੰ ਵੀ ਉਨ੍ਹਾਂ ਦੇ ਰੂਪ ਵਿੱਚ ਇੱਕ ਗੰਭੀਰ ਤੇ ਸਿਆਣਾ ਜੱਟ ਸਿੱਖ ਚਿਹਰਾ ਮਿਲ ਸਕਦਾ ਹੈ।

ਭਾਜਪਾ ਵੀ ਦਾਅ ਲਾਉਣ ਦੇ ਚੱਕਰ ਵਿੱਚ

ਭਾਜਪਾ ਵਿਚਲੇ ਸਿਆਸੀ ਸੂਤਰ ਵੀ ਪੰਜਾਬ ਵਿੱਚ ਕਿਸੇ ਜੱਟ ਸਿੱਖ ਚਿਹਰੇ ਦੀ ਤਲਾਸ਼ ਵਿੱਚ ਹੋਣ ਦੀ ਗੱਲ ਆਫ਼ ਦਾ ਰਿਕਾਰਡ ਕਹਿੰਦੇ ਰਹਿੰਦੇ ਹਨ।ਭਾਜਪਾ ਇੱਕ ਅਜਿਹੇ ਚਿਹਰੇ ਦੀ ਤਲਾਸ਼ ਵਿੱਚ ਹੈ ਜਿਸ ਨੂੰ ਲੈ ਕੇ ਉਹ 2022 ਦੇ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦੀ ਹੈ।ਜੇ ਪਰਗਟ ਸਿੰਘ ਕਾਂਗਰਸ ਵਿੱਚੋਂ ਬਾਹਰ ਆਉਂਦੇ ਹਨ ਤਾਂ ਭਾਜਪਾ ਵੀ ਉਸ ਨੂੰ ਆਪਣੇ ਵੱਲ ਖਿੱਚ ਸਕਦੀ ਹੈ।   ਪਤਰਕਾਰ ਬਘੇਲ ਸਿੰਘ ਧਾਲੀਵਾਲ ਆਖਦੇ ਹਨ ਕਿ ਪ੍ਰਗਟ ਸਿੰਘ ਭਾਜਪਾ ਵਲ ਜਾਕੇ ਸਿਆਸੀ ਆਤਮ ਹਤਿਆ ਨਹੀਂ ਕਰਨਗੇ। ਭਾਜਪਾ ਪੰਜਾਬ ਵਿਚ ਬੁਰੀ ਤਰਾਂ ਸਿਆਸੀ ਤੌਰ ਉਪਰ ਡਗਮਗਾ ਚੁਕੀ ਹੈ।ਭਾਜਪਾ ਦੇ ਕਈ ਆਗੂ ਵੀ ਕਾਂਗਰਸ ਅੰਦਰਲੀ ਫੁੱਟ ਨੂੰ ਬੜੀ ਨੇੜਿਓ ਤੇ ਗਹੁ ਨਾਲ ਦੇਖ ਰਹੇ ਹਨ। ਉਹ ਪੱਛਮੀ ਬੰਗਾਲ ਵਾਂਗ ਆਪਣੇ ਦਾਅ 'ਤੇ ਬੈਠੇ ਹਨ।ਕਿਸਾਨ ਅੰਦੋਲਨ ਵਿੱਚ ਪੰਜਾਬ ਭਾਜਪਾ ਨੂੰ ਜਿਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਪਿੰਡਾਂ ਤੇ ਕਸਬਿਆਂ ਵਿੱਚ ਕਰਨਾ ਪੈ ਰਿਹਾ ਹੈ, ਉਸ ਤੋਂ ਉਮੀਦ ਘੱਟ ਹੈ ਕਿ ਪਰਗਟ ਸਿੰਘ ਇਹ ਕਦਮ ਪੁਟਣਗੇ ।

ਨਵੀਂ ਖੇਤਰੀ ਪਾਰਟੀ ਦਾ ਬਦਲ

ਦੇਸ਼ ਪੰਜਾਬ ਦੇ ਮੈਗਜ਼ੀਨ ਦੇ ਸਾਬਕਾ ਸੰਪਾਦਕ ਅਤੇ ਸਿਆਸੀ ਟਿੱਪਣੀਕਾਰ ਗੁਰਬਚਨ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਰਾਜਨੀਤਕ ਖਲਾਅ ਹੈ। ਉਸ ਵਿੱਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕਿਸਾਨ ਮੋਰਚੇ ਵਿੱਚੋਂ ਕੋਈ ਰਾਜਸੀ ਬਦਲ ਉਭਰ ਕੇ ਸਾਹਮਣੇ ਆਵੇਗਾ ਪਰ ਹੁਣ ਹਲਾਤ ਬਦਲ ਗਏ ਹਨ ਤੇ ਪਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਚਣੌਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਹੈ, ਉਹ ਉਨ੍ਹਾਂ ਦੇ ਸਾਫ਼ ਸੁਥਰੇ ਕਿਰਦਾਰ ਦੀ ਪ੍ਰਤੀਨਿਧਤਾ ਕਰਦੀ ਹੈ। ਗੁਰਬਚਨ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਕਈ ਧਿਰਾਂ ਨਵਾਂ ਖੇਤਰੀ ਬਦਲ ਉਸਾਰਨ ਲਈ ਯਤਨਸ਼ੀਲ ਹਨ। ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਉਨ੍ਹਾਂ ਦੇ ਨਿਸ਼ਾਨੇ ਉੱਤੇ ਹਨ। ਸੂਬੇ ਦੇ ਕਈ ਸੇਵਾਮੁਕਤ ਆਈਏਐੱਸ ਅਫ਼ਸਰ ਤੇ ਬੁੱਧੀਜੀਵੀ ਇਸ ਮੁਹਿੰਮ ਵਿੱਚ ਲੱਗੇ ਹੋਏ ਹਨ।ਜੇਕਰ ਨਵਜੋਤ ਸਿੱਧੂ ਕਾਂਗਰਸ ਤੋਂ ਬਾਹਰ ਆਕੇ ਨਵੀਂ ਧਿਰ ਦੀ ਅਗਵਾਈ ਕਰਨ ਲਈ ਤਿਆਰ ਹੁੰਦੇ ਹਨ ਤਾਂ ਪਰਗਟ ਸਿੰਘ ਦਾ ਉਸ ਵਿੱਚ ਜਾਣਾ ਤੈਅ ਹੈ।

ਗੁਰਬਚਨ ਸਿੰਘ ਕਹਿੰਦੇ ਹਨ, ''ਪਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਿਸ ਤਰ੍ਹਾਂ ਨਾਲ ਹਮਲਾਵਰ ਰੁੱਖ ਅਖਤਿਆਰ ਕਰਦਿਆ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕੀਤਾ ਉਸ ਵਿੱਚੋਂ ਉਨ੍ਹਾਂ ਦੀ ਦਲੇਰੀ ਝਲਕਦੀ ਸੀ ਤੇ ਉਨ੍ਹਾਂ ਦਾ ਕਿਰਦਾਰ ਇਸ ਗੱਲ ਤੋਂ ਸਾਹਮਣੇ ਆਇਆ ਕਿ ਰਾਜਸੀ ਲੋਕਾਂ ਨੂੰ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ ਹੈ। ਖਾਣੀ ਤਾਂ ਆਖਰ ਨੂੰ ਰੋਟੀ ਹੀ ਆ? ਉਹ ਪੈਸੇ ਜੋੜਨ ਵਾਲਿਆਂ ਵਿੱਚੋਂ ਨਹੀਂ ਹਨ।''ਕੁਝ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਨੂੰ ਨਵਜੋਤ ਸਿੱਧੂ ਤੇ ਪਰਗਟ ਸਿੰਘ ਦੇ ਰੂਪ ਵਿੱਚ ਨਵੀਂ ਲੀਡਰਸ਼ਿਪ ਮਿਲ ਗਈ ਹੈ ਕਿਉਂਕਿ ਉਹ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ।ਬੇਅਦਬੀ ਦਾ ਮੁੱਦਾ ਅਜਿਹਾ ਹੈ ਜਿਹੜਾ ਹਰ ਪੰਜਾਬੀ ਤੇ ਖ਼ਾਸ ਕਰਕੇ ਹਰ ਸਿੱਖ ਦੇ ਦਿਲ ਨੂੰ ਟੁੰਬਦਾ ਹੈ। ਉਹ ਪੰਜਾਬ ਦੇ ਹਰ ਪੱਖ ਤੋਂ ਪੱਛੜ ਜਾਣ ਦੀ ਵੀ ਗੱਲ ਕਰਦੇ ਹਨ।ਪਰਗਟ ਸਿੰਘ ਨੇ ਤਾਂ ਪਹਿਲਾਂ ਅਕਾਲੀ-ਭਾਜਪਾ ਰਾਜ ਸਮੇਂ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਨੂੰ ਠੁਕਰਾਇਆ ਸੀ ਤੇ ਕੈਪਟਨ ਸਰਕਾਰ ਵਿੱਚ ਉਨ੍ਹਾਂ ਸਲਾਹਕਾਰ ਬਣਨ ਦੇ ਅਹੁਦੇ ਨੂੰ ਠੁਕਰਾਇਆ ਸੀ।ਪਰਗਟ ਸਿੰਘ ਨੇ ਗੱਲਬਾਤ ਦੌਰਾਨ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਆਪ ਪਾਰਟੀ ਵਿੱਚ ਜਾਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ  ਸਿੱਧੂ ਨਾਲ ਉਸ ਦੀ ਯਾਰੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਦੀ ਹੈ। ਉਹ ਹਮੇਸ਼ਾਂ ਹੀ ਸਿੱਧੂ ਨਾਲ ਖੜਨਗੇ।ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਪਹਿਲਾ ਪੱਤਰ ਲਿਖਿਆ ਸੀ ਉਹ ਦਸੰਬਰ 2019 ਦੇ ਤੀਜੇ ਹਫਤੇ ਲਿਖਿਆ ਸੀ, ਜਿਹੜਾ ਮੀਡੀਆ ਵਿੱਚ ਫਰਵਰੀ 2020 ਦੌਰਾਨ ਚਰਚਾ ਵਿੱਚ ਆਇਆ ਸੀ।

ਪਰਗਟ ਸਿੰਘ ਨੇ ਦੂਜਾ ਪੱਤਰ ਜੁਲਾਈ 2020 ਵਿੱਚ ਲਿਖਿਆ ਸੀ।ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਇਸ ਦੂਜੇ ਪੱਤਰ ਦਾ ਉਤਾਰਾ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭੇਜਿਆ ਗਿਆ ਸੀ।

ਇਸ ਪੱਤਰ ਵਿੱਚ ਪਰਗਟ ਸਿੰਘ ਨੇ ਲਿਖਿਆ ਸੀ ਕਿ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਸੀ ਪਰ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੀਤੇ ਗਏ ਵਾਅਦਿਆ 'ਤੇ ਸੂਬਾ ਸਰਕਾਰ ਖਰੀ ਨਹੀਂ ਉਤਰ ਰਹੀ।ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠ ਰਹੀਆਂ ਵਿਰੋਧ ਦੀਆਂ ਅਵਾਜ਼ਾਂ ਨੂੰ ਦਬਾਉਣ ਜਾਂ ਘੱਟ ਕਰਨ ਲਈ ਸਤੰਬਰ 2019 ਵਿੱਚ 6 ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਪਰਗਟ ਸਿੰਘ ਨੂੰ ਵੀ ਸਲਾਹਕਾਰ ਨਿਯੁਕਤ ਕਰਨ ਦੀ ਪੇਸ਼ਕਸ਼ ਹੋਈ ਸੀ ਜਿਹੜੀ ਉਨ੍ਹਾਂ ਨੇ ਠੁਕਰਾ ਦਿੱਤੀ ਸੀ।ਉਦੋਂ ਵੀ ਪਰਗਟ ਸਿੰਘ ਨੇ ਕਿਹਾ ਸੀ ਕਿ ਉਹ ਸਿਆਸਤ ਵਿੱਚ ਕਿਸੇ ਅਹੁਦੇ ਵਾਸਤੇ ਨਹੀਂ ਆਏ ਸਗੋਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ। ਉਹ ਸੱਤਾ ਦੇ ਭੁੱਖੇ ਨਹੀਂ ਹਨ। ਉਨ੍ਹਾਂ ਨੇ ਦੋ ਵਾਰ ਵਿਧਾਇਕ ਬਣ ਕੇ ਦੇਖਿਆ ਹੈ। ਪਰਗਟ ਸਿੰਘ ਨੇ ਅਕਾਲੀ ਸਰਕਾਰ ਵਿੱਚ ਹੁੰਦਿਆ ਹੋਇਆ ਵੀ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ ਨੂੰ ਠੁਕਰਾ ਦਿੱਤਾ ਸੀ ਤੇ ਉਦੋਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਰਾਜ਼ਗੀ ਜੱਗ ਜ਼ਾਹਰ ਹੋ ਗਈ ਸੀ ।