ਚੀਨ ਨੇ ਲੱਦਾਖ ਦੇ 1000 ਵਰਗ ਕਿਲੋਮੀਟਰ ਇਲਾਕੇ 'ਤੇ ਕਬਜ਼ਾ ਕੀਤਾ

ਚੀਨ ਨੇ ਲੱਦਾਖ ਦੇ 1000 ਵਰਗ ਕਿਲੋਮੀਟਰ ਇਲਾਕੇ 'ਤੇ ਕਬਜ਼ਾ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਲੱਦਾਖ ਵਿਚ ਪੈਂਗੌਂਗ ਝੀਲ ਦੇ ਦੱਖਣੀ ਹਿੱਸੇ ਵਿਚ ਸ਼ਨੀਵਾਰ ਰਾਤ ਨੂੰ ਹੋਈ ਹੱਥੋਪਾਈ ਤੋਂ ਬਾਅਦ ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਚੀਨੀ ਫੌਜ ਨੇ ਭਾਰਤ ਦੇ ਦਾਅਵੇ ਵਾਲੇ 1000 ਵਰਗ ਕਿਲੋਮੀਟਰ ਇਲਾਕੇ 'ਤੇ ਕਬਜ਼ਾ ਕਰ ਲਿਆ ਹੈ। 

ਇਹਨਾਂ ਰਿਪੋਰਟਾਂ ਮੁਤਾਬਕ ਖੂਫੀਆ ਅਜੈਂਸੀਆਂ ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਹੈ ਕਿ ਲੱਦਾਖ ਵਿਚ ਐਲਏਸੀ ਦੇ ਨਾਲ ਲਗਦੇ 1000 ਵਰਗ ਕਿਲੋਮੀਟਰ ਇਲਾਕੇ 'ਤੇ ਚੀਨ ਦਾ ਹੁਣ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਿਆ ਹੈ। 

ਚੀਨ ਅਪ੍ਰੈਲ ਮਹੀਨੇ ਤੋਂ ਲਗਾਤਾਰ ਲੱਦਾਖ ਵਿਚ ਆਪਣੀ ਫੌਜ ਦੀ ਗਿਣਤੀ ਵਧਾ ਰਿਹਾ ਹੈ ਅਤੇ ਆਪਣੇ ਟਿਕਾਣਿਆਂ ਨੂੰ ਮਜ਼ਬੂਤ ਕਰ ਰਿਹਾ ਹੈ। 15 ਜੂਨ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਝੜਪ ਵਿਚ ਭਾਰ ਤਦੇ 20 ਫੌਜੀ ਮਾਰੇ ਗਏ ਸਨ। 

"ਦਾ ਹਿੰਦੂ" ਅਖਬਾਰ ਨੇ ਉੱਚ ਸਰਕਾਰੀ ਅਫਸਰ ਦੇ ਹਵਾਲੇ ਨਾਲ ਛਾਪਿਆ ਹੈ ਕਿ ਚੀਨ ਨੇ ਸਭ ਤੋਂ ਵੱਧ ਇਲਾਕਾ (900 ਵਰਗ ਕਿਲੋਮੀਟਰ ਤੋਂ ਵੱਧ) ਡੇਪਸਾਂਗ ਪਲੇਨ ਇਲਾਕੇ ਵਿਚ ਆਪਣੇ ਕਬਜ਼ੇ 'ਚ ਕੀਤਾ ਹੈ। ਇਹ ਇਲਾਕਾ ਪੈਟਰੋਲਿੰਗ ਪੁਆਇੰਟ 10 ਅਤੇ 13 ਦੇ ਦਰਮਿਆਨ ਪੈਂਦਾ ਹੈ। ਇਸ ਤੋਂ ਇਲਾਵਾ ਗਲਵਾਨ ਘਾਟੀ (20 ਵਰਗ ਕਿਮੀ), ਹੋਟ ਸਪ੍ਰਿਗ ਇਲਾਕੇ (12 ਵਰਗ ਕਿਮੀ), ਪੈਂਗੌਂਗ ਝੀਲ (65 ਵਰਗ ਕਿਮੀ) ਅਤੇ ਚੁਸ਼ੂਲ (20 ਵਰਗ ਕਿਮੀ) ਵਿਚ ਵੀ ਕਈ ਕਿਲੋਮੀਟਰ ਇਲਾਕੇ 'ਤੇ ਚੀਨ ਕਾਬਜ਼ ਹੋ ਚੁੱਕਿਆ ਹੈ।