14 ਜੁਲਾਈ ਕਰਤਾਰਪੁਰ ਸਾਹਿਬ ਲਾਂਘੇ ਲਈ ਇਕ ਸੋਚ ਲੈ ਕੇ ਬੈਠਣ ਦਾ ਦਿਨ

14 ਜੁਲਾਈ ਕਰਤਾਰਪੁਰ ਸਾਹਿਬ ਲਾਂਘੇ ਲਈ ਇਕ ਸੋਚ ਲੈ ਕੇ ਬੈਠਣ ਦਾ ਦਿਨ

ਤਾਇਬਾ ਬੁਖਾਰੀ ਲਾਹੌਰ

'ਸਾਰਕ' ਜਾਂ ਉਪ-ਮਹਾਂਦੀਪ ਉਹ ਖੇਤਰ ਹੈ, ਜਿਸ ਨੂੰ ਕਿਸੇ ਸਮੇਂ 'ਗੋਲਡਨ ਸਪੈਰੋਅ' ਭਾਵ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਅੱਜ ਉਹ ਚਿੜੀ ਭੁੱਖੀ ਹੈ, ਪਿਆਸੀ ਹੈ, ਕਮਜ਼ੋਰ ਹੈ, ਘਰੋਂ-ਬੇਘਰ ਹੈ। ਉਹਦਾ ਘਰ ਵੰਡਿਆ ਗਿਆ ਬਲਕਿ ਟੋਟੇ-ਟੋਟੇ ਹੋ ਗਿਆ, ਉਹਦਾ ਆਲ੍ਹਣਾ ਤੀਲਾ-ਤੀਲਾ ਹੋ ਕੇ ਖਿੱਲਰ ਗਿਆ। ਸੋਨੇ ਦੀ ਚਿੜੀ ਅੱਜ ਪਿੱਤਲ ਦੀ ਵੀ ਨਹੀਂ ਰਹੀ। ਕਿਸੇ ਨੇ ਲੁੱਟ ਲਿਆ ਤੇ ਕਿਸੇ ਨੇ ਵੰਡ ਲਿਆ। ਉਹਦੇ ਜੰਗਲ, ਪਰ, ਪਰਿੰਦੇ, ਪਿਆਰੇ ਸਭ ਵੰਡੇ ਗਏ, ਵਿਛੜ ਗਏ। ਚਿੜੀ ਦੇ ਬੱਚੇ ਵੀ ਖੋਹ ਲਏ, ਕੁਝ ਮਰ ਗਏ, ਕੁਝ ਮੋਇਆਂ ਦੀ ਤਰ੍ਹਾਂ ਜੀਅ ਰਹੇ ਹਨ। ਚਿੜੀ ਹੱਸਣਾ, ਬੋਲਣਾ, ਖੇਡਣਾ, ਮਿਲਣਾ, ਜ਼ਿੰਦਾ ਰਹਿਣਾ ਸਭ ਭੁੱਲ ਗਈ ਹੈ। ਕੌਣ ਹੈ ਇਸ ਤਬਾਹੀ ਦਾ ਜ਼ਿੰਮੇਵਾਰ? ਜੰਗਲ ਦਾ ਕਾਨੂੰਨ? ਜਾਂ ਜੰਗਲ ਦੇ ਆਪਣੇ ਰਹਿਣ ਵਾਲੇ? ਜਿਨ੍ਹਾਂ ਨੇ ਜੰਗਲ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਜਾੜਦੇ ਗਏ, ਵੱਢਦੇ ਗਏ, ਬਰਬਾਦ ਕਰਦੇ ਗਏ। ਜੰਗਲ ਨੂੰ ਕਿਸੇ ਦੇ ਰਹਿਣ ਦੇ ਕਾਬਲ ਨਹੀਂ ਛੱਡਿਆ ਤੇ ਆਪਣੇ ਵਾਸਤੇ ਜੰਗਲ ਤੋਂ ਬਾਹਰ ਜ਼ਿੰਦਗੀ ਤਲਾਸ਼ ਕਰਦੇ ਰਹੇ। ਸੋਨੇ ਦੀ ਚਿੜੀ ਮਰੀ ਨਹੀਂ, ਉਡੀਕ ਰਹੀ ਹੈ ਜ਼ਿੰਦਗੀ ਨੂੰ। ਕੋਈ ਆਏਗਾ, ਉੱਜੜੀ ਨੂੰ ਵਸਾਏਗਾ।

ਜਿਸ ਕਿਸੇ ਨੂੰ ਸੋਨੇ ਦੀ ਚਿੜੀ ਦੀ ਕਹਾਣੀ ਸਮਝ ਨਹੀਂ ਆਈ ਜਾਂ ਤਾਂ ਉਨ੍ਹਾਂ ਨੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ, ਕੋਈ ਸਬਕ ਹਾਸਲ ਨਹੀਂ ਕੀਤਾ, ਜਾਂ ਫਿਰ ਉਸ ਨੂੰ ਰੱਬ ਹੀ ਸਿੱਧੇ ਰਾਹ ਪਾ ਸਕਦਾ ਹੈ। ਸਾਫ਼ ਤੇ ਸਿੱਧੀ ਗੱਲ ਹੈ ਕਿ 'ਸਾਰਕ' ਜਾਂ ਉਪ-ਮਹਾਂਦੀਪ ਅੱਜ ਅਰਥਚਾਰੇ ਦੇ ਪੱਖੋਂ ਬਦਹਾਲੀ, ਅਨਿਸਚਿਤਤਾ ਤੇ ਗ਼ਰੀਬੀ ਦੇ ਖੂਹ ਵਿਚ ਡਿਗਿਆ ਹੋਇਆ ਹੈ ਤੇ ਹੁਣ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ। ਇਸ ਦੇ ਜ਼ਿੰਮੇਵਾਰਾਂ, ਕਸੂਰਵਾਰਾਂ ਬਲਕਿ ਮੁਜਰਮਾਂ ਨੂੰ ਬੇਨਕਾਬ ਕਰਨਾ ਪਵੇਗਾ। ਕਿਉਂਕਿ ਇਹ ਸਿਰਫ ਖੇਤਰ ਦੇ ਨਹੀਂ ਸਗੋਂ ਨਸਲਾਂ ਦੇ ਮੁਜਰਮ ਹਨ, ਕਰੋੜਾਂ ਇਨਸਾਨਾਂ ਦੇ ਮੁਜਰਮ ਹਨ।

ਜਿਹੜੇ ਵੀ ਅੱਜ ਜ਼ਿੰਦਗੀ ਨਹੀਂ, ਮੌਤ ਦੀ ਗੱਲ ਕਰਦੇ ਹਨ। ਵਾਰ-ਵਾਰ ਜੰਗ ਦੀ ਗੱਲ ਕਰਦੇ ਹਨ, ਗੱਲਬਾਤ ਨਾਲ ਮਸਲੇ ਹੱਲ ਨਹੀਂ ਕਰਦੇ, ਕੱਲ੍ਹ ਵੀ ਵੰਡ ਦੀ, ਨਫ਼ਰਤ ਦੀ, ਆਰ ਦੀ, ਪਾਰ ਦੀ ਗੱਲ ਕਰਦੇ ਸਨ, ਅੱਜ ਵੀ ਉਹੀ ਕਰ ਰਹੇ ਹਨ, ਆਪਣੇ ਖੇਤਰ, ਆਪਣੇ ਲੋਕਾਂ ਦੇ ਸਭ ਦੇ ਵਾਸਤੇ ਫ਼ੈਸਲੇ ਨਹੀਂ ਕਰਦੇ, ਫ਼ੈਸਲਾ ਕਰਦੇ ਨੇ ਤਾਂ ਆਪਣੀ ਜਾਤ, ਆਪਣੀ ਧਿਰ ਜਾਂ ਆਪਣੇ ਧਰਮ ਵਾਸਤੇ, ਦੂਜੇ ਦੇ ਧਰਮ ਨਾਲ ਦੁਸ਼ਮਣੀ ਤੇ ਖੇਤਰ ਤੋਂ ਬਾਹਰ ਦੋਸਤੀ ਦੀ ਤਲਾਸ਼ ਕਰਦੇ ਹਨ।

ਗ਼ੌਰ ਕੀਤਾ ਜਾਵੇ ਤਾਂ 'ਸਾਰਕ' ਜਾਂ ਉਪ-ਮਹਾਂਦੀਪ ਨੂੰ ਛੱਡ ਕੇ ਬਾਕੀ ਸਾਰੇ ਖੇਤਰ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ ਤੇ ਅਸੀਂ ਹਰ ਵੇਲੇ ਬਾਰੂਦ ਦੇ ਢੇਰ ਉੱਤੇ ਬੈਠੇ ਜੰਗ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਾਂ। 70 ਸਾਲ ਹੋ ਗਏ ਅਸੀਂ ਵੰਡ ਦੀ ਸੋਚ ਤੋਂ ਬਾਹਰ ਹੀ ਨਹੀਂ ਨਿਕਲੇ, ਨਾ ਹੀ ਆਪਣੀ ਨਵੀਂ ਨਸਲ ਨੂੰ ਇਸ ਸੋਚ ਦੇ ਪਿੰਜਰੇ ਤੋਂ ਮੁਕਤ ਕਰ ਸਕੇ। ਅਸੀਂ ਕੱਲ੍ਹ ਵੀ ਗੁਲਾਮ ਸੀ, ਅੱਜ ਵੀ ਗੁਲਾਮ ਹੀ ਹਾਂ। ਕੱਲ੍ਹ ਗ਼ੈਰਾਂ ਦੇ ਗੁਲਾਮ ਸੀ, ਅੱਜ ਆਪਣਿਆਂ ਦੇ ਗੁਲਾਮ ਹਾਂ। ਸਿਆਸਤ ਨਫ਼ਰਤ ਭਰੇ ਬੋਲ ਹੀ ਬੰਦ ਨਹੀਂ ਕਰ ਸਕੀ, ਨਵੀਂ ਗੱਲ ਕੀ ਕਰੇਗੀ?
70 ਸਾਲਾਂ ਦੌਰਾਨ 3 ਅਧਿਕਾਰਤ ਜੰਗਾਂ ਹੋਈਆਂ ਤੇ ਅਣਅਧਿਕਾਰਤ ਰੋਜ਼ ਹੀ ਹੁੰਦੀਆਂ ਹਨ। ਲੱਖਾਂ ਲੋਕਾਂ ਨੂੰ ਮਾਰ ਛੱਡਿਆ ਤੇ ਕਰੋੜਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮਸੀਤਾਂ, ਮੰਦਰ, ਗੁਰਦੁਆਰੇ, ਪਿੰਡ, ਸ਼ਹਿਰ, ਦੇਸ਼ ਸਭ ਨਫ਼ਰਤ ਦੀ ਸੋਚ ਨਾਲ ਵੰਡੇ ਗਏ ਪਰ ਕੋਈ ਸਬਕ ਹਾਸਲ ਨਹੀਂ ਕੀਤਾ। ਅੱਜ ਵੀ ਲੜਨਾ ਸੌਖਾ ਤੇ ਸਮਝੌਤਾ ਔਖਾ ਹੈ। ਤੇ ਜਿਹੜੀ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਚੱਲ ਰਹੀ ਹੈ, ਉਹ ਵੀ ਖਾਲੀ। ਰੇਲ ਗੱਡੀ ਚੱਲ ਰਹੀ ਹੈ ਪਰ ਯਾਤਰੀ ਕੋਈ ਨਹੀਂ। ਕਦੀ ਵੀਜ਼ਾ ਨਹੀਂ ਦਿੱਤਾ ਜਾਂਦਾ ਤੇ ਕਦੀ ਵੀਜ਼ਾ ਦੇਣ ਦੇ ਬਾਵਜੂਦ ਲੋਕਾਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਬੱਸ, ਰੇਲ ਗੱਡੀ ਚੱਲ ਰਹੀ ਹੈ, ਵਪਾਰ ਕੋਈ ਨਹੀਂ, ਗੱਲਬਾਤ ਕੋਈ ਨਹੀਂ, ਵਫ਼ਦਾਂ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ। ਆਮ ਲੋਕਾਂ ਦਾ ਆਪਸ ਵਿਚ ਕੋਈ ਸੰਪਰਕ ਨਹੀਂ। ਜਿਨ੍ਹਾਂ ਦੇ ਦੋਵੇਂ ਪਾਸੇ ਭੈਣ-ਭਰਾ, ਘਰ ਬਾਹਰ ਹਨ, ਉਨ੍ਹਾਂ ਦਾ ਤਾਂ ਹਾਲ ਹੀ ਨਾ ਪੁੱਛੋ, ਉਹ ਵੀ ਬਿਨਾਂ ਸਪਾਂਸਰ ਪੱਤਰ ਭਾਵ ਗਜ਼ਟਿਡ ਦਫ਼ਤਰ ਦੀ ਇਜਾਜ਼ਤ ਤੋਂ ਬਿਨਾਂ ਆਪਣੇ ਘਰ ਆ ਜਾ ਨਹੀਂ ਸਕਦੇ। ਵਾਹ ਬਈ ਸਿਆਸਤ! ਜਨਤਾ ਦੇ ਵੋਟ ਲੈ ਕੇ ਜਨਤਾ ਨੂੰ ਹੀ ਵੰਡਣ ਵਾਲੀ ਸਿਆਸੀ ਲੀਡਰਸ਼ਿਪ। ਇਹ ਨਫ਼ਰਤ ਪਤਾ ਨਹੀਂ ਹੋਰ ਕਿੰਨਾ ਕੁ ਲਹੂ ਚਾਹੁੰਦੀ ਹੈ।

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਨਫ਼ਰਤ ਦੇ ਖਿਲਾਫ਼ ਅਤੇ ਸ਼ਾਂਤੀ ਲਈ ਹੈ। ਇਹ ਲਾਂਘਾ ਆਮ ਲੋਕਾਂ ਦੀ ਸੋਚ ਹੈ। ਕਿਸੇ ਇਕ ਦੇਸ਼ ਦੀ ਨਹੀਂ ਸਭ ਦੀ ਸੋਚ ਹੈ। ਅਮਨ, ਪਿਆਰ ਤੇ ਤਰੱਕੀ ਦੀ ਸੋਚ ਹੈ। 

ਸਿਰਫ ਧਰਮ ਦੀ ਹੀ ਨਹੀਂ, ਸਗੋਂ ਖੇਤਰ ਦੀ ਵੀ ਸੋਚ ਹੈ। ਵੰਡ ਦੀ ਨਹੀਂ, ਸਗੋਂ ਸਾਂਝ ਤੇ ਸਮਝੌਤੇ ਦੀ ਸੋਚ ਹੈ। ਇਹ ਦੁਸ਼ਮਣ ਦੀ ਨਹੀਂ, ਗੁਆਂਢੀ ਦੀ ਸੋਚ ਹੈ। ਪਿੱਛੇ ਨਹੀਂ, ਅੱਗੇ ਵੇਖਣ ਦੀ ਸੋਚ ਹੈ। ਇਹ ਜ਼ਿੰਦਾ ਲੋਕਾਂ ਦੀ ਸੋਚ ਹੈ। ਨਵੀਂ ਨਸਲ ਦੀ ਸੋਚ ਹੈ। ਸੁਨਹਿਰੀ ਦੌਰ ਵਾਪਸ ਲਿਆਉਣ ਦੀ ਸੋਚ ਹੈ। ਸੱਚ ਦਾ ਬੰਦ ਦਰਵਾਜ਼ਾ ਖੋਲ੍ਹਣ ਦੀ ਸੋਚ ਹੈ।

14 ਜੁਲਾਈ ਦੂਰ ਨਹੀਂ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਇਕ ਸੋਚ ਲੈ ਕੇ ਬੈਠਣ ਦਾ ਦਿਨ ਹੈ। ਦਿਲ ਜਿੱਤਣ ਦਾ ਦਿਨ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੌੜੀ ਸੋਚ ਤੋਂ ਉੱਪਰ ਉੱਠਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਨਵਵਾਦੀ ਸੋਚ 'ਤੇ ਪਹਿਰਾ ਦਿੰਦਿਆਂ ਅਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ, ਜਿਨ੍ਹਾਂ ਨਾਲ ਲੋਕ ਨੇੜੇ-ਨੇੜੇ ਆ ਸਕਣ। ਇਕ-ਦੂਜੇ ਨੂੰ ਮਿਲ ਸਕਣ ਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਮਿਲਣਵਰਤਣ ਕਰ ਸਕਣ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ