''ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?''
ਸਰੀ ਵਿੱਚ 'ਲੋਕ ਕਵੀ' ਗੁਰਦਾਸ ਰਾਮ ਆਲਮ ਸਾਹਿਤਕ ਸੰਮੇਲਨ ਨਿਵੇਕਲਾ ਪ੍ਰਭਾਵ ਛੱਡਣ 'ਚ ਸਫਲ ਰਿਹਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਰੀ : ਪੰਜਾਬੀਆਂ ਦਾ ਮਾਣ ਗੁਰਦਾਸ ਰਾਮ ਆਲਮ ਸਹੀ ਅਰਥਾਂ ਵਿੱਚ ਲੋਕ ਕਵੀ ਸੀ, ਜਿਸ ਨੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਲੋਕ ਦਿਲਾਂ ਤੱਕ ਪਹੁੰਚਾਇਆ। ਗੁਰਦਾਸ ਰਾਮ ਆਲਮ ਨੇ ਸਮੁੱਚਾ ਜੀਵਨ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਸਮਰਪਿਤ ਕੀਤਾ। ਪੰਜਾਬੀ ਦੇ ਲੋਕ ਕਵੀ ਗੁਰਦਾਸ ਰਾਮ ਆਲਮ ਬਾਰੇ ਗਿਆਨ ਵੰਡਣ ਦਾ ਇੱਕ ਚੰਗਾ ਉਪਰਾਲਾ, ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਕੀਤਾ ਗਿਆ ਹੈ, ਜਿਸ ਦੇ ਬੈਨਰ ਹੇਠ 8 ਅਕਤੂਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੇਲਟਾ ਦੇ ਸੀਨੀਅਰ ਸੈਂਟਰ ਸਰੀ ਵਿਖੇ ਸਾਹਿਤਕ ਸਮਾਗਮ, ਬਾਅਦ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਕਰਵਾਇਆ ਗਿਆ।
'ਮਲਕ ਭਾਗੋ ਦੇ ਪੂੜਿਆਂ ਦੇ ਪਕਵਾਨ' ਛੱਡ ਕੇ, 'ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਆਨੰਦ ਮਾਨਣ ਲਈ' ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਕਿਰਤੀ ਕਵੀ ਗੁਰਦਾਸ ਰਾਮ ਆਲਮ ਦੇ ਸਮਾਗਮ ਵਿੱਚ ਪਹੁੰਚੇ। ਇਸ ਮੌਕੇ 'ਤੇ ਸੰਸਥਾ ਦੇ ਮੋਢੀ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਸੰਸਥਾ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੋਗਰਾਮ ਦਾ ਸੰਚਾਰਨ ਕਰਦਿਆਂ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ। ਉਹਨਾਂ ਦੱਸਿਆ ਕਿ ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਇਹ ਸੱਤਵਾਂ ਸਾਹਿਤਕ ਸੰਮੇਲਨ ਸੀ, ਜਦ ਕਿ ਅਗਲਾ ਸੰਮੇਲਨ ਮਹਾਨ ਕਵੀ ਧਨੀ ਰਾਮ ਚਾਤਰਿਕ ਨੂੰ ਸਮਰਪਿਤ ਹੋਵੇਗਾ।
ਸਾਹਿਤਿਕ ਸੰਮੇਲਨ ਦੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਗੁਰਦਾਸ ਰਾਮ ਆਲਮ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਲਮ ਸਾਹਿਬ ਸਮਕਾਲੀ ਕਵੀਆਂ 'ਚੋਂ ਬੇਹਤਰ ਸ਼ਾਇਰ ਸਨ, ਦੁੱਖ ਇਸ ਗੱਲ ਦਾ ਹੈ ਕਿ 'ਵੱਡੇ ਸਾਹਿਤਕਾਰਾਂ' ਨੇ ਆਲਮ ਸਾਹਿਬ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ। ਉਨਾਂ ਅਫਸੋਸ ਪ੍ਰਗਟਾਇਆ ਕਿ 'ਅਸਲੀ ਗੁਰਦਾਸ' ਨੂੰ ਭੁਲਾ ਕੇ ਪੰਜਾਬੀਆਂ ਨੇ 'ਨਕਲੀ ਗੁਰਦਾਸ' ਨੂੰ ਸਿਰੇ ਚੜ੍ਹਾਇਆ, ਜਿਸ ਨੇ 'ਮਾਂ ਤੇ ਮਾਸੀ' ਵਾਲਾ ਬਿਰਤਾਂਤ ਸਿਰਜਿਆ ਅਤੇ 'ਇਕ ਰਾਸ਼ਟਰ ਇਕ ਭਾਸ਼ਾ' ਦੀ ਗੱਲ ਵੱਲ ਹੋ ਤੁਰਿਆ।ਇਹ ਘੋਰ ਬੇਇਨਸਾਫੀ ਹੈ। ਆਲਮ ਸਾਹਿਬ ਦੇ ਗੀਤ ਅਤੇ ਕਵਿਤਾਵਾਂ ਸਦਾ ਹੀ ਜਿਉਂਦੀਆਂ ਰਹਿਣਗੀਆਂ। ਉਹ ਪੰਜਾਬੀ ਮਾਂ ਬੋਲੀ ਦੇ 'ਅਸਲੀ ਗੁਰਦਾਸ' ਅਤੇ ਪੰਜਾਬੀ ਅਤੇ ਪੰਜਾਬੀਆਂ ਦਾ ਮਾਣ ਹਨ, ਜਿਹਨਾਂ ਦੀ ਕਵਿਤਾ "ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?" ਅੱਜ ਵੀ ਲੋਕ ਮਨਾਂ ਦਾ ਹਿੱਸਾ ਬਣੀ ਹੋਈ ਹੈ ਅਤੇ ਭਾਰਤ ਦੀ ਮੌਜੂਦਾ ਆਰਥਿਕ, ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਮੀਡੀਆ ਦੀ ਗੁਲਾਮੀ ਵਾਲੀ ਸਥਿਤੀ ਨੂੰ ਬਾਖੂਬੀ ਪੇਸ਼ ਕਰ ਰਹੀ ਹੈ। ਉਹਨਾਂ ਦੱਸਿਆ ਕਿ ਅਜੋਕੇ ਸਮੇਂ ਭਾਰਤ ਅੰਦਰ ਕਵੀ, ਲੇਖਕ ਅਤੇ ਪੱਤਰਕਾਰ ਜੇਲਾਂ 'ਚ ਸੁੱਟੇ ਜਾ ਰਹੇ ਹਨ, ਪਰ ਜ਼ਿਆਦਾਤਰ ਕਵੀਆਂ ਅਤੇ ਲੇਖਕਾਂ ਦੀਆਂ ਕਲਮਾਂ ਚੁੱਪ ਹਨ ਅਤੇ ਉਹਨਾਂ ਨੇ ਮੂੰਹਾਂ 'ਚ ਘੁੰਗਣੀਆਂ ਪਾਈਆਂ ਹੋਈਆਂ ਹਨ, ਜੋ ਕਿ ਸ਼ਰਮਨਾਕ ਵਰਤਾਰਾ ਹੈ।
ਸਾਹਿਤਕ ਸੰਮੇਲਨ ਦੀ ਵਿਸ਼ੇਸ਼ ਖਿੱਚ ਉੱਘੇ ਲਿਖਾਰੀ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ 'ਮਿੱਟੀ ਨੂੰ ਫਰੋਲ ਜੋਗੀਆ' ਰਹੀ, ਜਿਸ ਰਾਹੀਂ ਉਹਨਾਂ ਮਹਾਨ ਸ਼ਾਇਰ ਗੁਰਦਾਸ ਰਾਮ ਆਲਮ ਸਮੇਤ ਵੀਹ ਸੁੱਚੇ ਮੋਤੀਆਂ ਆਪਣੀ ਕਿਤਾਬ ਵਿੱਚ ਸਜਾਇਆ ਅਤੇ ਉਹਨਾਂ ਸਾਹਿਤਕਾਰਾਂ ਨੂੰ ਯਾਦ ਕਰਵਾਇਆ, ਜਿਹੜੇ ਵਿਸਾਰ ਦਿੱਤੇ ਗਏ ਹਨ। ਬਾਸਲ ਜੀ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਹਿਤਕਾਰਾਂ ਦੀਆਂ ਲਿਖਤਾਂ ਦੀ ਚੋਰੀ ਕਰਕੇ, ਕਈ 'ਬੇਈਮਾਨ ਗਾਇਕ ਉਹਨਾਂ ਦੇ ਗੀਤ ਗਾਉਂਦੇ ਰਹੇ, ਪਰ ਉਹਨਾਂ ਗੁੰਮਨਾਮ ਸ਼ਾਇਰਾ ਨੂੰ ਕਦੇ ਵੀ ਯਾਦ ਨਾ ਕੀਤਾ, ਜੋ ਕਿ ਅਤਿ ਦੁਖਦਾਈ ਵਰਤਾਰਾ ਹੈ। ਇਹ ਕਿਤਾਬ ਉਹਨਾਂ ਲੋਕ ਕਵੀ ਗੁਰਦਾਸ ਰਾਮ ਆਲਮ ਸੰਸਥਾ ਤੇ ਸੀਨੀਅਰ ਸੈਂਟਰ ਨੂੰ ਭੇਟ ਕੀਤੀ।
ਕਵੀ ਗੁਰਮੀਤ ਸਿੰਘ ਸੇਖੋ ਨੇ ਇਸ ਢੁਕਵੇਂ ਸਮੇਂ 'ਤੇ ਗੁਰਦਾਸ ਰਾਮ ਆਲਮ ਦੀ ਕਵਿਤਾ 'ਫੈਸਲਾ' ਸਰੋਤਿਆਂ ਨਾਲ ਸਾਂਝੀ ਕੀਤੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਮਲਕ ਭਾਗੋ ਨੂੰ ਤਿਆਗ ਕੇ, 'ਭਾਈ ਲਾਲੋ ਦੇ ਘਰ ਜਾਣ ਦਾ ਫੈਸਲਾ' ਕੀਤੇ ਜਾਣ ਦਾ ਬਿਰਤਾਂਤ ਅੰਕਿਤ ਹੈ। ਲੋਕ ਕਵੀ ਗੁਰਦਾਸ ਰਾਮ ਆਲਮ ਯਾਦਗਾਰੀ ਸੰਮੇਲਨ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਭੁਪਿੰਦਰ ਸਿੰਘ ਮੱਲੀ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਦਰਸ਼ਨ ਸਿੰਘ ਅਟਵਾਲ, ਕੈਪਟਨ ਜੀਤ ਮਹਿਰਾ, ਮਾਸਟਰ ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ ਅਤੇ ਹਰਪਾਲ ਸਿੰਘ ਬਰਾੜ ਪ੍ਰਧਾਨ ਸੀਨੀਅਰ ਸੈਂਟਰ ਨੇ ਹਾਜ਼ਰੀ ਲਵਾਈ।
ਇਸ ਮੌਕੇ 'ਤੇ ਰਜਿੰਦਰ ਸਿੰਘ ਪੰਧੇਰ ਵੱਲੋਂ ਨਵੀਂ ਕਿਤਾਬ ਸੰਸਥਾ ਨੂੰ ਭੇਟ ਕੀਤੀ ਗਈ। ਨਾਮਵਰ ਸ਼ਾਇਰ ਮੋਹਣ ਗਿੱਲ, ਗੁਰਮੀਤ ਸਿੰਘ ਸਿੱਧੂ, ਹਰਦਮ ਸਿੰਘ ਮਾਨ, ਗੁਰਮੀਤ ਸਿੰਘ ਕਾਲਕਟ, ਅਮਰੀਕ ਸਿੰਘ ਮਾਨ, ਸ਼ਿੰਗਾਰਾ ਸਿੰਘ ਸੰਧੂ, ਮੇਘਨਾਥ ਸ਼ਰਮਾ, ਜਗਜੀਤ ਸਿੰਘ ਸੇਖੋ, ਸੁਰਜੀਤ ਸਿੰਘ ਟਿੱਬਣ, ਨਛੱਤਰ ਸਿੰਘ ਦੰਦੀਵਾਲ, ਕਿਰਪਾਲ ਸਿੰਘ ਪੰਧੇਰ, ਅਵਤਾਰ ਸਿੰਘ ਜਸਵਾਲ, ਬਖਸ਼ੀਸ਼ ਸਿੰਘ ਮਹਿਰੂਕ, ਅਵਤਾਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਬੰਡਾਲਾ ਮੰਜਕੀ, ਦਿਲਬਾਗ ਸਿੰਘ ਬੰਡਾਲਾ, ਅਮਰੀਕਾ ਤੋਂ ਸ਼ਾਇਰ ਕੁਲਵਿੰਦਰ ਸਿੰਘ ਬਾਠ, ਸੁਰਜੀਤ ਸਿੰਘ ਬਾਠ, ਜੋਗਿੰਦਰ ਕੌਰ, ਹਰਬੰਸ ਕੌਰ, ਪ੍ਰੋਫੈਸਰ ਨਿਰਮਲ ਕੌਰ ਗਿੱਲ, ਅਵਤਾਰ ਸਿੰਘ ਢਿੱਲੋਂ, ਜਸਵੀਰ ਸਿੰਘ ਜੰਡੂ, ਸੀਤਾਰਾਮ ਅਹੀਰ, 'ਮੌਤ ਦਾ ਰੇਗਿਸਤਾਨ' ਨਾਵਲ ਦੇ ਲਿਖਾਰੀ ਚਰਨਜੀਤ ਸਿੰਘ ਸੁੱਜੋਂ, ਗੁਰਮੁੱਖ ਸਿੰਘ ਦਿਉਲ, ਪ੍ਰਗਟ ਸਿੰਘ ਧਾਲੀਵਾਲ, ਸੁਰਿੰਦਰਜੀਤ ਸਿੰਘ ਭੇਲਾ, ਪੱਤਰਕਾਰ ਰਸ਼ਪਾਲ ਸਿੰਘ ਗਿੱਲ ਅਤੇ ਸਾਹਿਤ ਪ੍ਰੇਮੀ, ਲਿਖਾਰੀ ਕਰਮਜੀਤ ਸਿੰਘ ਬੁੱਟਰ ਅਤੇ ਏਐਸ ਢਿੱਲੋਂ ਸੀਨੀਅਰ ਵਾਈਸ ਪ੍ਰਧਾਨ ਸੀਨੀਅਰ ਸੈਂਟਰ ਸਮੇਤ ਵੱਡੀ ਗਿਣਤੀ 'ਚ ਸਰੋਤੇ ਸ਼ਾਮਿਲ ਹੋਏ। 'ਸਾਹਿਤ ਮਾਫੀਆ' ਅਤੇ 'ਫਾਸ਼ੀਵਾਦੀ ਸਰਕਾਰੀ ਦਬਦਬੇ' ਤੋਂ ਪੂਰੀ ਤਰ੍ਹਾਂ ਮੁਕਤ, ਗੁਰਦਾਸ ਰਾਮ ਆਲਮ ਸਾਹਿਤ ਸੰਮੇਲਨ ਇਤਿਹਾਸਿਕ ਪੈੜਾਂ ਛੱਡ ਗਿਆ।
Comments (0)