ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਮਹਿਫੂਜ਼ ਸਨ ਹਿੰਦੋਸਤਾਨ ਦੀਆਂ ਸਰਹੱਦਾਂ

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਮਹਿਫੂਜ਼ ਸਨ ਹਿੰਦੋਸਤਾਨ ਦੀਆਂ ਸਰਹੱਦਾਂ

ਭਾਰਤ ਦੇ ਨਾਮਵਰ ਸੁਰੱਖਿਆ ਮਾਹਰ ਤੇ ਲੇਖਕ ਅਭੀਜੀਤ ਭੱਟਾਚਾਰੀਆ ਨੇ ਕੁਝ ਸਾਲ ਪਹਿਲਾਂ ਇਕ ਲੇਖ ਵਿਚ ਬੜੀ ਮਹੱਤਵਪੂਰਨ ਟਿੱਪਣੀ ਕੀਤੀ ਸੀ ਕਿ, 'ਮਹਾਰਾਜਾ ਰਣਜੀਤ ਸਿੰਘ (1799-1839) ਦੇ ਰਾਜ ਨੂੰ ਛੱਡ ਕੇ ਹਿੰਦੋਸਤਾਨ ਦੀਆਂ ਪਵਿੱਤਰ ਸਰਹੱਦਾਂ 'ਤੇ ਵਿਦੇਸ਼ੀ ਹਮਲਿਆਂ ਨੇ ਹਮੇਸ਼ਾ ਹੀ ਭਾਰਤੀ ਇਤਿਹਾਸ ਦੇ ਹੁਕਮਰਾਨਾਂ ਨੂੰ ਸਤਾਇਆ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਅਤੇ ਸਮੇਂ ਦੌਰਾਨ, ਨਾ ਤਾਂ ਅੰਗਰੇਜ਼ਾਂ ਨੇ ਦੱਖਣ ਵਲੋਂ ਸਤਿਲੁਜ ਦਰਿਆ ਪਾਰ ਕਰਨ ਦੀ ਹਿੰਮਤ ਕੀਤੀ, ਨਾ ਅਹਿਮਦ ਸ਼ਾਹ ਅਬਦਾਲੀ ਦੇ ਵਾਰਸਾਂ ਅਤੇ ਨਾ ਹੀ ਲਾਹੌਰ ਵੱਲ ਜਾਣ ਲਈ ਹਮੇਸ਼ਾ ਹੀ ਉਤਾਵਲੇ ਰਹਿਣ ਵਾਲੇ ਅਫ਼ਗਾਨਿਸਤਾਨ ਦੇ ਸਰਦਾਰਾਂ ਨੇ ਸ਼ੇਰ (ਮਹਾਰਾਜਾ ਰਣਜੀਤ ਸਿੰਘ) ਦੀ ਰਾਜਧਾਨੀ (ਲਾਹੌਰ) ਅਤੇ ਇਸ ਤੋਂ ਪਰ੍ਹੇ ਲੱਦਾਖ ਤੱਕ ਝਾਕਣ ਦੀ ਜ਼ੁਰਅਤ ਕੀਤੀ।'

ਦੱਰਾ-ਏ-ਖੈਬਰ, ਜਿੱਥੋਂ ਕਿ ਹਮੇਸ਼ਾ ਵਿਦੇਸ਼ੀ ਹਮਲਾਵਰ ਹਿੰਦੋਸਤਾਨ 'ਚ ਪ੍ਰਵੇਸ਼ ਕਰਦੇ ਸਨ, ਤੋਂ ਲੈ ਕੇ ਕਸ਼ਮੀਰ, ਲੱਦਾਖ ਤੇ ਚੀਨ ਤੱਕ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿਸਥਾਰ ਨੇ ਕੁਦਰਤੀ ਰੂਪ ਵਿਚ ਹਿੰਦੋਸਤਾਨ ਨੂੰ ਚੁਫ਼ੇਰਿਓਂ ਵਿਦੇਸ਼ੀ ਹਮਲਾਵਰਾਂ ਤੇ ਧਾੜਵੀਆਂ ਤੋਂ ਸੁਰੱਖਿਆ ਕਵਚ ਮੁਹੱਈਆ ਕਰਵਾਇਆ ਹੋਇਆ ਸੀ। ਇਤਿਹਾਸਕਾਰ ਖ਼ੁਸ਼ਵੰਤ ਸਿੰਘ ਅਨੁਸਾਰ 'ਸ਼ੇਰ-ਏ-ਪੰਜਾਬ' ਦੇ ਵਿਸ਼ਾਲ ਰਾਜ ਸਮੇਂ ਸਲਤਨਤ ਦਾ ਘੇਰਾ 1 ਲੱਖ 45 ਹਜ਼ਾਰ ਵਰਗ ਮੁਰੱਬਾ ਸੀ, ਜਿਸ ਤੋਂ 3 ਕਰੋੜ 24 ਲੱਖ 75000 ਰੁਪਏ ਦੀ ਸਾਲਾਨਾ ਆਮਦਨੀ ਹੁੰਦੀ ਸੀ। ਮਹਾਰਾਜੇ ਦੇ ਵਿਸ਼ਾਲ ਰਾਜ-ਭਾਗ ਦੀ ਗਵਾਹੀ ਸ਼ਾਹ ਮੁਹੰਮਦ ਵੀ ਆਪਣੇ 'ਜੰਗਨਾਮਾ' ਦੇ ਪੰਜਵੇਂ ਬੰਦ ਵਿਚ ਇਉਂ ਭਰਦਾ ਹੈ:

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,

ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,

ਜੰਮੂ, ਕਾਂਗੜਾ ਕੋਟ, ਨਿਵਾਇ ਗਿਆ।

ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,

ਸਿੱਕਾ ਆਪਣੇ ਨਾਮ ਚਲਾਇ ਗਿਆ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,

ਅੱਛਾ ਰੱਜ ਕੇ ਰਾਜ ਕਮਾਇ ਗਿਆ।

ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਨਾਲ ਸੰਬੰਧਿਤ ਕਾਲ ਨੂੰ ਤਿੰਨ ਹਿੱਸਿਆਂ 'ਚ ਵੰਡ ਦੇ ਬਿਹਤਰੀਨ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਸਮਾਂ ਸੰਨ 1799 ਤੋਂ 1809 ਤੱਕ ਦਾ ਬਣਦਾ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਛੋਟੀ ਉਮਰੇ ਕੇਂਦਰੀ ਪੰਜਾਬ 'ਚ ਖ਼ਾਲਸਾ ਰਾਜ ਦੀ ਨੀਂਹ ਰੱਖੀ। ਸ਼ੁਰੂ-ਸ਼ੁਰੂ 'ਚ ਸਤਿਲੁਜ ਅਤੇ ਜਿਹਲਮ ਦਰਿਆਵਾਂ ਦੇ ਦਰਮਿਆਨ ਇਲਾਕੇ 'ਚੋਂ ਕਰ ਇਕੱਠਾ ਕਰਨਾ ਅਤੇ ਆਪਣੀ ਸਰਦਾਰੀ ਕਾਇਮ ਕਰਨੀ ਹੀ ਉਸ ਦੇ ਮੁੱਖ ਨਿਸ਼ਾਨੇ ਸਨ। 'ਸ਼ੇਰ-ਏ-ਪੰਜਾਬ' ਦੀਆਂ ਪ੍ਰਾਪਤੀਆਂ ਦਾ ਦੂਜਾ ਸਮਾਂ ਸੰਨ 1809 ਤੋਂ 1822 ਦਰਮਿਆਨ ਸੀ। ਇਸ ਸਮੇਂ ਦੌਰਾਨ ਉਸ ਨੇ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਆਪਣਾ ਰਾਜ ਅੱਗੇ ਵਧਾਇਆ ਅਤੇ ਲਾਹੌਰ ਤੱਕ ਖ਼ਾਲਸਈ ਨਿਸ਼ਾਨ ਝੁਲਾ ਕੇ ਸ਼ਕਤੀਸ਼ਾਲੀ ਹਾਕਮ ਬਣ ਗਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਤੀਜੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1824 ਤੋਂ ਸ਼ੁਰੂ ਹੋ ਕੇ 1839 ਵਿਚ ਅਕਾਲ ਚਲਾਣੇ ਤੱਕ ਪਿਸ਼ਾਵਰ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ। ਇਸ ਸਮੇਂ ਦੌਰਾਨ 'ਸਰਕਾਰ-ਏ-ਖ਼ਾਲਸਾ' ਦੇ ਝੰਡੇ ਦੱਰਾ-ਏ-ਖੈਬਰ ਤੱਕ ਲਹਿਰਾਉਣ ਲੱਗੇ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲਾਂ ਦਰਮਿਆਨ, ਇਕ ਮਿਸਲ ਦੇ ਸਰਦਾਰ ਤੋਂ ਆਪਣਾ ਸਫ਼ਰ ਸ਼ੁਰੂ ਕਰਦਿਆਂ ਬਾਦਸ਼ਾਹੀ ਤੱਕ ਦੀ ਮੰਜ਼ਿਲ ਤਹਿ ਕੀਤੀ। ਉਸ ਨੇ ਬਹਾਦਰੀ ਅਤੇ ਦਲੇਰੀ ਨਾਲ ਜਿੱਥੇ ਛੋਟੀਆਂ-ਛੋਟੀਆਂ ਅਤੇ ਕਮਜ਼ੋਰ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਇਕ ਤਕੜੇ ਖ਼ਾਲਸਾ ਰਾਜ ਦੇ ਰੂਪ ਵਿਚ ਲਿਆਂਦਾ, ਉੱਥੇ ਉਸ ਨੇ ਕਸ਼ਮੀਰ, ਮੁਲਤਾਨ, ਪਿਸ਼ਾਵਰ ਅਤੇ ਹੋਰ ਦੂਜੇ ਮਜ਼ਬੂਤ ਸੁਤੰਤਰ ਮੁਸਲਿਮ ਹਾਕਮਾਂ ਦੇ ਇਲਾਕੇ ਵੀ ਖ਼ਾਲਸਾ ਰਾਜ ਨਾਲ ਮਿਲਾਏ। ਹੁਣ ਉਸ ਦੀ ਹਕੂਮਤ ਉੱਤਰ ਵਲੋਂ ਹਿਮਾਲਿਆ ਪਰਬਤ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਸਿੰਧ ਦੇ ਰੇਗਿਸਤਾਨ ਤੱਕ ਫੈਲੀ ਹੋਈ ਸੀ ਅਤੇ ਪੱਛਮ ਵੱਲ ਸਿੰਧ ਦਰਿਆ ਤੱਕ ਜਾਂਦੀ ਸੀ। 'ਮਹਾਰਾਜਾ ਰਣਜੀਤ ਸਿੰਘ-ਜੀਵਨ ਤੇ ਘਾਲਣਾ' ਪੁਸਤਕ ਦਾ ਲੇਖਕ ਕਿਰਪਾਲ ਸਿੰਘ ਲਿਖਦਾ ਹੈ ਕਿ ਸੰਨ 991 'ਚ ਮਹਾਰਾਜਾ ਜੈ ਪਾਲ ਦੇ ਪੁੱਤਰ ਅਨੰਦਪਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਕਲੌਤਾ ਬਾਦਸ਼ਾਹ ਸੀ, ਜਿਸ ਨੇ ਪਿਛਲੇ 800 ਸਾਲਾਂ ਦਰਮਿਆਨ ਸਿੰਧ ਅਤੇ ਦੱਰਾ-ਏ-ਖੈਬਰ ਵਲੋਂ ਹਿੰਦੋਸਤਾਨ ਵੱਲ ਆਉਂਦੇ ਵਿਦੇਸ਼ੀ ਹਮਲਾਵਰਾਂ 'ਤੇ ਕਾਠੀ ਪਾਈ ਅਤੇ ਉਨ੍ਹਾਂ ਨੂੰ ਹਰਾ ਕੇ ਰਾਜ ਵੀ ਕੀਤਾ।

ਸੰਨ 1834 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੇ ਅਧੀਨ ਜੰਮੂ ਰਿਆਸਤ ਦੀ ਫ਼ੌਜ ਨੇ ਜਰਨੈਲ ਜ਼ੋਰਾਵਰ ਸਿੰਘ ਦੀ ਅਗਵਾਈ ਵਿਚ ਲੱਦਾਖ ਨੂੰ ਜਿੱਤ ਕੇ ਖ਼ਾਲਸਾ ਰਾਜ ਦੀਆਂ ਸਰਹੱਦਾਂ ਨਿਪਾਲ ਦੇ ਨਾਲ ਮਿਲਾ ਦਿੱਤੀਆਂ ਸਨ। ਹਾਲਾਂਕਿ ਜਰਨੈਲ ਜ਼ੋਰਾਵਰ ਸਿੰਘ ਉਦੋਂ ਹੀ ਤਿੱਬਤ 'ਤੇ ਹਮਲਾ ਕਰ ਕੇ ਉਸ ਨੂੰ ਵੀ ਸਿੱਖ ਰਾਜ ਵਿਚ ਮਿਲਾਉਣਾ ਚਾਹੁੰਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਇਸ ਔਖੇ ਕੰਮ ਲਈ ਹੁੰਗਾਰਾ ਨਹੀਂ ਭਰ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸੰਨ 1839 ਵਿਚ ਮੌਤ ਹੋ ਗਈ। ਮਹਾਰਾਜਾ ਸ਼ੇਰ ਸਿੰਘ ਦੇ ਰਾਜ-ਕਾਲ ਦੌਰਾਨ ਜੂਨ 1841 ਵਿਚ ਜ਼ੋਰਾਵਰ ਸਿੰਘ ਨੇ ਬੇਮਿਸਾਲ ਹਿੰਮਤ, ਬਹਾਦਰੀ ਅਤੇ ਤਾਕਤ ਨਾਲ ਪੱਛਮੀ ਤਿੱਬਤ ਨੂੰ ਜਿੱਤ ਲਿਆ ਅਤੇ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਨਿਪਾਲ ਨਾਲ ਮਿਲਾ ਦਿੱਤਾ। ਜਰਨੈਲ ਜ਼ੋਰਾਵਰ ਸਿੰਘ ਨੇਕੈਲਾਸ਼ ਪਰਬਤ ਤੇ ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਵੀਸਹਿਜੇ ਹੀ ਫਤਹਿ ਕਰ ਕੇ ਕਾਰਗਿਲ ਦੇ ਉੱਤਰ-ਪੱਛਮ ਵੱਲ ਬਾਲਤਿਸਤਾਨ 'ਤੇ ਕਬਜ਼ਾ ਕਰ ਕੇ ਖ਼ਾਲਸਾ ਰਾਜ ਦੇ ਅਧੀਨ ਕਰ ਦਿੱਤਾ ਸੀ। ਤਿੱਬਤ ਵਿਚ 12 ਦਸੰਬਰ ਸੰਨ 1841 ਨੂੰ ਮਾੜੇ ਮੌਸਮ ਵਿਚ ਘਿਰਨ ਦੇ ਬਾਵਜੂਦ ਦੁਸ਼ਮਣ ਫ਼ੌਜ ਨਾਲ ਸੂਰਮਗਤੀ ਨਾਲ ਲੜਦਾ ਹੋਇਆ ਜਰਨੈਲ ਜ਼ੋਰਾਵਰ ਸਿੰਘ ਸ਼ਹੀਦ ਹੋ ਗਿਆ। ਜਰਨੈਲ ਜ਼ੋਰਾਵਰ ਸਿੰਘ ਦੀ ਸੂਰਮਗਤੀ ਦੀ ਗਾਥਾ ਇਕ ਵੱਖਰਾ ਅਧਿਆਇ ਹੈ।

ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚਾਲੇ ਰੇੜਕਾ ਚੱਲ ਰਿਹਾ ਹੈ, ਉਹ ਇਲਾਕਾ ਸੰਨ 1841 ਵਿਚ 'ਸ਼ੇਰ-ਏ-ਪੰਜਾਬ' ਦੇ ਰਾਜ ਦਾ ਹਿੱਸਾ ਸੀ, ਜਿਸ ਦੀ ਗਵਾਹੀ ਟਕਲਾਕੋਟ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਜਰਨੈਲ ਜ਼ੋਰਾਵਰ ਸਿੰਘ ਵਲੋਂ ਉਸਾਰਿਆ 'ਜ਼ੋਰਾਵਰ ਕਿਲ੍ਹਾ' ਭਰਦਾ ਹੈ। ਜ਼ੋਰਾਵਰ ਸਿੰਘ ਦੀ ਮੌਤ ਤੋਂ ਕੁਝ ਮਹੀਨੇ ਬਾਅਦ, ਜਦੋਂ ਮੁੜ ਸਿੱਖ ਫ਼ੌਜਾਂ ਨੇ ਤਿੱਬਤ ਵੱਲ ਵਧਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇਚੀਨ ਦੀ ਫ਼ੌਜ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ।ਆਖ਼ਰਕਾਰ2 ਅੱਸੂ ਸੰਮਤ 1899 (1842) ਦੇ ਦਿਨ ਚੀਨ ਅਤੇ 'ਸਿੱਖ ਰਾਜ' ਵਿਚਾਲੇ 'ਚੁਸ਼ੂਲ ਦਾ ਅਹਿਦਨਾਮਾ' ਹੋਇਆ, ਜਿਸ 'ਚ ਚੀਨ ਦੇ ਬਾਦਸ਼ਾਹ ਨਾਲ ਸਮਝੌਤੇ (ਜਿਸ 'ਤੇ ਲ੍ਹਾਸਾ ਦੇ ਕਾਲੋਸ ਸੁਕਾਨ ਤੇ ਬਖ਼ਸ਼ੀ ਸਪਜੂ, ਚੀਨ ਦੇ ਬਾਦਸ਼ਾਹ ਦੀਆਂ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਅਤੇ ਖ਼ਾਲਸਾ ਰਾਜ ਤਰਫ਼ੋਂ ਕਸ਼ਮੀਰ ਦੇ ਰਾਜੇ ਦੇ ਪ੍ਰਤੀਨਿਧ ਹਰੀ ਚੰਦ ਅਤੇ ਵਜ਼ੀਰ ਰਤਨੂੰ ਦੇ ਦਸਤਖ਼ਤ ਹੋਏ ਸਨ) ਤਹਿਤ ਦੋਵਾਂ ਧਿਰਾਂ ਵਿਚਾਲੇ ਇਹ ਸਹਿਮਤੀ ਬਣੀ ਕਿ ਉਹ ਜਿੱਥੇ-ਜਿੱਥੇ ਹਨ, ਉਥੇ-ਉੱਥੇ ਟਿਕੇ ਰਹਿਣ ਅਤੇ ਦੋਵਾਂ ਵਿਚਾਲੇ ਇਕ-ਦੂਜੇ ਦੇ ਇਲਾਕਿਆਂ 'ਚ ਦਖ਼ਲ ਨਾ ਦੇਣ ਦਾ ਫ਼ੈਸਲਾ ਹੋਇਆ।'

ਸੰਨ 1977 'ਚ ਮੋਰਾਰਜੀ ਦੇਸਾਈ ਦੀ ਅਗਵਾਈ ਵਾਲੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਬਣੀ ਤਾਂ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਹੱਦਾਂ ਦਾ ਮਸਲਾ ਹੱਲ ਕਰਨ ਲਈ ਚੀਨ ਦਾ ਸਦਭਾਵਨਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਪੱਤਰਕਾਰਾਂ ਦੇ ਵਫ਼ਦ 'ਚ ਚੀਨ ਗਏ ਦੇਸ਼ ਦੇ ਪ੍ਰਸਿੱਧ ਸਿਆਸੀ ਕਾਰਕੁੰਨ ਤੇ ਪੱਤਰਕਾਰ ਰਾਜਮੋਹਨ ਗਾਂਧੀ, ਜੋ ਮਹਾਤਮਾ ਗਾਂਧੀ ਦੇ ਪੋਤਰੇ ਹਨ, ਨੇ ਵਾਪਸ ਆ ਕੇ 'ਦਿ ਟ੍ਰਿਬਿਊਨ' ਵਿਚ ਇਸ ਦੌਰੇ ਬਾਰੇ ਲੇਖ ਲਿਖਿਆ। ਉਨ੍ਹਾਂ ਪੰਜਾਬ ਦੇ ਸੰਦਰਭ ਦੀ ਬੜੀ ਮਹੱਤਵਪੂਰਨ ਘਟਨਾ ਦਾ ਜ਼ਿਕਰ ਕੀਤਾ, ਜਿਸ ਦਾ ਪੰਜਾਬੀ ਵਿਚ ਤਰਜਮਾ ਪ੍ਰੋ. ਹਰਪਾਲ ਸਿੰਘ ਪੰਨੂੰ ਨੇ ਆਪਣੀ ਇਕ ਲਿਖਤ ਵਿਚ ਇਉਂ ਕੀਤਾ,ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉੱਪਰ ਉਂਗਲ ਫੇਰਦਿਆਂ ਕਿਹਾ, 'ਇਹ ਇਲਾਕੇ ਸਾਡੇ ਸਨ, ਇਨ੍ਹਾਂ ਉੱਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।' ਚੀਨੀ ਵਿਦੇਸ਼ ਮੰਤਰੀ ਨੇ ਕਿਹਾ, 'ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ ਹਿੰਦੋਸਤਾਨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ, ਪੰਜਾਬ ਵੱਖਰਾ ਦੇਸ਼ ਸੀ ਤੇ ਹਿੰਦੋਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।'

 

-ਤਲਵਿੰਦਰ ਸਿੰਘ ਬੁੱਟਰ