ਕੈਨੇਡਾ ਨੇ ਭਾਈ ਨਿਝਰ ਦੇ ਮਸਲੇ ਉਪਰ ਭਾਰਤ ਨੂੰ ਘੇਰਿਆ

ਕੈਨੇਡਾ ਨੇ ਭਾਈ ਨਿਝਰ ਦੇ ਮਸਲੇ ਉਪਰ ਭਾਰਤ ਨੂੰ ਘੇਰਿਆ

*ਕੈਨੇਡੀਅਨ ਵਿਦੇਸ਼ ਮੰਤਰੀ ਦਾ ਦਾਅਵਾ, ਨਿੱਝਰ ਦੇ ਕਤਲ ਸਬੰਧੀ ਭਾਰਤੀ ਅਧਿਕਾਰੀਆਂ ਨੂੰ ਪੇਸ਼ ਕੀਤੇ ਸਨ ਸਬੂਤ

*ਨਿੱਝਰ ਦੀ ਹੱਤਿਆ ਬਾਰੇ ਟਰੂਡੋ ਦੇ ਦਾਅਵੇ ਨਾਲ ਆਸਟਰੇਲੀਆ ਸਹਿਮਤ

 ਭਾਰਤੀ ਏਜੰਟਾਂ ਲਈ ਆਸਟਰੇਲੀਆ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ  ਢੁੱਕਵੇਂ ਢੰਗ ਨਾਲ ਸਿੱਝਾਂਗੇ-ਅਸਟਰੇਲੀਆ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਦੁਬਾਰਾ ਭਾਰਤ ਨੂੰ ਭਾਈ ਹਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿਚ ਘੇਰਿਆ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਸੰਸਦ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਦੇਣ ਤੋਂ ਪਹਿਲਾਂ ਕੈਨੇਡਾ ਨੇ ਭਾਰਤ ਸਰਕਾਰ ਨਾਲ ਕਈ ਵਾਰ ਗੱਲਬਾਤ ਕੀਤੀ ਸੀ। ਮੇਲਾਨੀ ਜੌਲੀ ਨੇ ਕਿਹਾ ਕਿ ਭਾਈ  ਨਿੱਝਰ ਦੇ ਕਤਲ ਵਿੱਚ ਨਵੀਂ ਦਿੱਲੀ ਦੀ ਸ਼ਮੂਲੀਅਤ ਸਬੰਧੀ ਇਨ੍ਹਾਂ ਵਾਰਤਾਲਾਪਾਂ ਵਿੱਚ ਭਾਰਤੀ ਅਧਿਕਾਰੀਆਂ ਨੂੰ "ਭਰੋਸੇਯੋਗ ਦੋਸ਼ਾਂ" ਤੋਂ ਜਾਣੂ ਕਰਵਾਇਆ ਗਿਆ ਸੀ।ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਜੌਲੀ ਨੇ  ਕਿਹਾ, "ਪ੍ਰਧਾਨ ਮੰਤਰੀ ਟਰੂਡੋ ਦੇ ਸਦਨ ਦੇ ਸਾਹਮਣੇ ਜਾਣ ਅਤੇ ਐਲਾਨ ਕਰਨ ਤੋਂ ਪਹਿਲਾਂ ਅਸੀਂ ਭਾਰਤ ਨਾਲ ਕਈ ਵਾਰ ਗੱਲਬਾਤ ਕੀਤੀ ਸੀ।  ਇਨ੍ਹਾਂ ਵੱਖ-ਵੱਖ ਵਾਰਤਾਲਾਪਾਂ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਭਰੋਸੇਯੋਗ ਦੋਸ਼ਾਂ ਤੋਂ ਜਾਣੂ ਕਰਵਾਇਆ ਗਿਆ ਸੀ ਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ।" 

ਦੂਜੇ ਪਾਸੇ ਆਸਟਰੇਲੀਆ ਦੀ ਸੁਰੱਖਿਆ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਮਾਈਕ ਬਰਜਸ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਟਰੂਡੋ ਦੇ ਪਖ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਦੋਸ਼ ਹੈ ਅਤੇ ਕਿਸੇ ਵੀ ਮੁਲਕ ਨੂੰ ਅਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਹੈ। ਬਰਜਸ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਕੈਲੀਫੋਰਨੀਆ ਵਿਚ ਫਾਈਵ ਆਈਜ਼ ਇੰਟੈਲੀਜੈਂਸ ਭਾਈਵਾਲਾਂ (ਆਸਟਰੇਲੀਆ, ਅਮਰੀਕਾ, ਬਰਤਾਨੀਆ, ਕੈਨੇਡਾ ਅਤੇ ਨਿਊਜ਼ੀਲੈਂਡ) ਦੀ ਮੀਟਿੰਗ ਵਿਚ ਸ਼ਾਮਲ ਸਨ। ਖ਼ੁਫ਼ੀਆ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਨਿੱਝਰ ਹੱਤਿਆ ਕਾਂਡ ਦਾ ਮੁੱਦਾ ਮੀਟਿੰਗ ਦੌਰਾਨ ਵਿਚਾਰਿਆ ਗਿਆ ਜਾਂ ਨਹੀਂ ਪਰ ਸੂਤਰਾਂ ਨੇ  ਦੱਸਿਆ ਕਿ ਬਰਜਸ ਨੂੰ ਪਿਛਲੇ ਮਹੀਨੇ ਦਿੱਲੀ ਵਿਚ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਭਾਰਤੀ ਏਜੰਟਾਂ ਲਈ ਆਸਟਰੇਲੀਆ ਅਗਲਾ ਨਿਸ਼ਾਨਾ ਹੋਣ ਬਾਰੇ ਬਰਜਸ ਨੇ ਕਿਹਾ ਕਿ ਇਹ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਰਕਾਰ ਨੇ ਆਸਟਰੇਲੀਆ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਢੁੱਕਵੇਂ ਢੰਗ ਨਾਲ ਸਿੱਝਣਗੇ.