15 ਅਗਸਤ ਨੂੰ ਸੁਤੰਤਰਤਾ ਦਿਵਸ ’ਤੇ ਵਿਦੇਸ਼ਾਂ ਵਿਚ ਪ੍ਰਦਰਸ਼ਨ ਕਰਨਗੇ ਖਾਲਿਸਤਾਨੀ

15 ਅਗਸਤ ਨੂੰ ਸੁਤੰਤਰਤਾ ਦਿਵਸ ’ਤੇ ਵਿਦੇਸ਼ਾਂ ਵਿਚ ਪ੍ਰਦਰਸ਼ਨ ਕਰਨਗੇ ਖਾਲਿਸਤਾਨੀ

ਖਾਲਿਸਤਾਨੀਆਂ ਨੇ ਕੈਨੇਡਾ ਵਿਚ ਮੁੜ ਜਾਰੀ ਕੀਤਾ ਭਾਰਤ ਵਿਰੋਧੀ ਪੋਸਟਰ 

ਟਰੂਡੋ ਸਰਕਾਰ ਭਾਰਤ ਸਰਕਾਰ ਦੇ ਕਹਿਣ ਦੇ ਬਾਵਜੂਦ ਨੋਟਿਸ ਲੈਣ ਤੋਂ ਇਨਕਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟਰਾਟੋਂ - ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਹੁਣ ਭਾਰਤੀ ਸਿਆਸਤਦਾਨਾਂ ਅਤੇ ਡਿਪਲੋਮੈਟਾਂ ਨੂੰ ਪੋਸਟਰਾਂ ਰਾਹੀਂ ਧਮਕੀਆਂ ਦੇਕੇ ਡਰਾਉਣਾ ਸ਼ੁਰੂ ਕਰ ਦਿਤਾ ਹੈ। ਖਾਲਿਸਤਾਨੀਆਂ ਨੇ ਹੁਣ ਇਕ ਵਾਰ ਫਿਰ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਪੋਸਟਰ ਜਾਰੀ ਕਰਕੇ 15 ਅਗਸਤ ਨੂੰ ਸੁਤੰਤਰਤਾ ਦਿਵਸ ’ਤੇ ਵਿਦੇਸ਼ਾਂ ਵਿਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ।ਇਹਨਾਂ ਪੋਸਟਰਾਂ ਵਿਚ ਭਾਰਤ ਦੇ ਨਕਸ਼ੇ ’ਤੇ ਟੈਂਕਾਂ ਰਾਹੀਂ ਗੋਲੇ ਵਰ੍ਹਾਉਂਦੇ ਹੋਏ ਦਿਖਾਇਆ ਗਿਆ ਹੈ, ਜਦਕਿ ਵਿਦੇਸ਼ਾਂ ਵਿਚ ਡਿਪਲੋਮੈਟਾਂ ਨੂੰ ਅੱਤਵਾਦੀ ਨਿੱਝਰ ਦੇ ਕਤਲ ਦਾ ਦੋਸ਼ੀ ਦੱਸਦੇ ਹੋਏ ਉਨ੍ਹਾਂ ਦੇ ਵਾਂਟਿਡ ਦੇ ਪੋਸਟਰ ਜਾਰੀ ਕੀਤੇ ਗਏ ਹਨ। ਖੁਫੀਆ ਏਜੰਸੀਆਂ ਦੀ ਜਾਣਕਾਰੀ ਮੁਤਾਬਕ ਵਿਦੇਸ਼ਾਂ ਵਿਚ ਖਾਲਿਸਤਾਨੀ ਆਗੂਆਂ ਦੀ ਮੌਤ ਤੋਂ ਬਾਅਦ ਉਹ ਵਿਦੇਸ਼ਾਂ ਵਿਚ ਭਾਰਤੀ ਕੌਂਸਲੇਟ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਰਤ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਇਸ ਦੇ ਬਾਵਜੂਦ ਕੈਨੇਡਾ ਦੀ ਟਰੂਡੋ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।ਦੂਸਰੇ ਪਾਸੇ ਟਰੂਡੋ ਸਰਕਾਰ ਨੇ ਰਾਜਦੂਤਾਂ ਦੀ ਸੁਰਖਿਆ ਮਜਬੂਤ ਕਰ ਦਿਤੀ ਹੈ ਤੇ ਭਾਰਤ ਸਰਕਾਰ ਨੂੰ ਜੁਆਬ ਦਿਤਾ ਹੈ ਕਿ ਉਹ ਕੈਨੇਡਾ ਦੇ ਸਿਸਟਮ ਅਨੁਸਾਰ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਉਪਰ ਰੋਕ ਨਹੀਂ ਲਗਾ ਸਕਦੇ।

ਐੱਨ. ਆਈ. ਏ. ਨੇ ਕੀਤਾ ਸੀ ਸਾਜ਼ਿਸ਼ਾਂ ਦਾ ਖੁਲਾਸਾ

ਇਕ ਰਿਪੋਰਟ ਮੁਤਾਬਕ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐੱਨ ਆਈ. ਏ.) ਨੇ ਭਾਰਤੀ ਡਿਪਲੋਮੈਟਾਂ ਖਿਲਾਫ ਰਚੀਆਂ ਜਾ ਰਹੀਆਂ ਖਤਰਨਾਕ ਸਾਜ਼ਿਸ਼ਾਂ ਦਾ ਜ਼ਿਕਰ 16 ਜੂਨ ਨੂੰ ਦਰਜ ਆਪਣੀ ਇਕ ਐੱਫ. ਆਈ. ਆਰ. ’ਚ ਵੀ ਕੀਤਾ ਸੀ। ਜਾਣਕਾਰੀ ਮੁਤਾਬਕ ਇਸ ਸਾਜ਼ਿਸ਼ ਦੇ ਸੂਤਰਧਾਰ ਸਾਨ ਫਰਾਂਸਿਸਕੋ ’ਚ ਰਹਿ ਰਿਹਾ ਬਾਬਾ ਸਰਵਣ ਸਿੰਘ ਅਤੇ ਉਸ ਦੇ 7 ਸਹਿਯੋਗੀ ਹਨ। ਇਹ ਸਾਰੇ ਖਾੜਕੂ ਫਿਲਹਾਲ ਐੱਨ. ਆਈ. ਏ. ਦੇ ਰਾਡਾਰ ’ਤੇ ਹਨ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਖਾਲਿਸਤਾਨੀਆਂ ਨੇ ਪੁਰਤਗਾਲ ਨੂੰ ਹੁਣ ਆਪਣਾ ਨਵਾਂ ਟਿਕਾਣਾ ਬਣਾਇਆ ਹੈ। ਇੱਥੋਂ ਉਹ ਭਾਰਤ ’ਵਿਰੋਧੀ ਨਵੀਆਂ ਸਾਜ਼ਿਸ਼ਾਂ ਰਚ ਰਹੇ ਹਨ। ਖਾਲਿਸਤਾਨ ਮੂਵਮੈਂਟ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਖੁਫੀਆ ਏਜੰਸੀਆਂ ਅਨੁਸਾਰ ਪਿਛਲੇ ਦਿਨੀਂ ਪੰਜਾਬ ਵਿਚ ਫੜੇ ਗਏ ਕੁਝ ਅਪਰਾਧੀਆਂ ਕੋਲੋਂ ਪੁਰਤਗਾਲੀ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਸੀ। ਇਸ ਪੂਰੀ ਸਾਜ਼ਿਸ਼ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹੱਥ ਹੈ। ਉਹ ਸਾਰੇ ਖਾੜਕੂਆਂ ਨੂੰ ਹਥਿਆਰ ਤੇ ਪੈਸੇ ਮੁਹੱਈਆ ਕਰਵਾ ਰਹੀ ਹੈ ਤਾਂ ਜੋਂ ਭਾਰਤ ਵਿਚ ਪੰਜਾਬ ਸਣੇ ਦੂਜੇ ਸੂਬਿਆਂ ’ਚ ਹਿੰਸਾ ਦੀ ਅੱਗ ਭੜਕਾਈ ਜਾ ਸਕੇ।

 ਐੱਨਆਈਏ ਨੇ 9 ਖ਼ਿਲਾਫ਼ ਦਾਇਰ ਕੀਤੀ ਚਾਰਜਸ਼ੀਟ

 ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਬੀਤੇ ਦਿਨੀਂ ਗੈਂਗਸਟਰ-ਅੱਤਵਾਦੀ ਗੰਢਤੁੱਪ ਮਾਮਲੇ ’ਚ ਪਾਬੰਦੀਸ਼ੁਦਾ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਖ਼ਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਨਾਲ ਜੁੜੇ ਤਿੰਨ ਬਦਨਾਮ ‘ਸੂਚੀਬੱਧ ਖਾੜਕੂਆਂ’ ਸਮੇਤ ਨੌਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ ਉਨ੍ਹਾਂ ਵਿਚ ਵਿਦੇਸ਼ ਵਿਚ ਬੈਠੇ ਬੀਕੇਆਈ ਦੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਕੇਟੀਐੱਫ ਦੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਬੀਕੇਆਈ ਦੇ ਲਖਬੀਰ ਸਿੰਘ ਸੰਧੂ ਉਰਫ਼ ਲੰਡਾ, ਹਰਜੋਤ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ, ਗੁਰਜੰਟ ਸਿੰਘ, ਦੀਪਕ ਰੰਗਾ ਲੱਕੀ ਖੋਖਰ ਉਰਫ਼ ਡੈਨਿਸ ਸ਼ਾਮਿਲ ਹਨ। ਇਹ ਮੁਲਜ਼ਮ ਭਾਰਤ ਵਿਚ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਦੇ ਨਾਲ-ਨਾਲ, ਖਾੜਕੂ ਸਰਗਰਮੀਆਂ ਤੇ ਜਬਰੀ ਵਸੂਲੀ ਨੂੰ ਅੰਜਾਮ ਦਿੰਦੇ ਹਨ। ਇਸ ਲਈ ਮੁਲਜ਼ਮ ਭਾਰਤ ਵਿਚ ਆਪਣੇ ਪਾਬੰਦੀਸ਼ੁਦਾ ਸੰਗਠਨਾਂ ਦੀ ਭਰਤੀ ਕਰ ਰਹੇ ਹਨ।

ਐੱਨਆਈਏ ਦੀ ਜਾਂਚ ’ਚ ਮੁਲਜ਼ਮਾਂ ਵੱਲੋਂ ਬੀਕੇਆਈ ਤੇ ਕੇਟੀਐੱਫ ਲਈ ਪੈਸੇ ਇਕੱਠੇ ਕਰਨ ਦੀ ਇਕ ਗੁੰਝਲਦਾਰ ਵਿਵਸਥਾ ਦਾ ਵੀ ਪਤਾ ਲੱਗਿਆ ਹੈ। ਫੰਡ ਭਾਰਤ ਸਥਿਤ ਸਹਿਯੋਗੀਆਂ ਨੂੰ ਹਵਾਲੇ ਰਾਹੀਂ ਭੇਜਿਆ ਜਾ ਰਿਹਾ ਸੀ। ਮਨੀਟ੍ਰਾਂਸਫਰ ਸਰਵਿਸ ਸਕੀਮ (ਐੱਮਟੀਐੱਸਐੱਸ) ਜਾਂ ਹੋਰ ਸਾਧਨਾਂ ਦਾ ਇਸਤੇਮਾਲ ਇਸ ਤਰ੍ਹਾਂ ਕੀਤਾ ਰਿਹਾ ਸੀ ਕਿ ਧਨ ਭੇਜਣ ਵਾਲੇ ਜਾਂ ਪ੍ਰਾਪਤ ਕਰਤਾਵਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇ। ਐੱਨਆਈਏ ਬੀਕੇਆਈ ਤੇ ਕੇਟੀਐੱਫ ਨਾਲ ਜੁੜੇ 16 ਹੋਰ ਫ਼ਰਾਰ ਤੇ ਗਿ੍ਫ਼ਤਾਰ ਮੁਲਜ਼ਮਾਂ ਦੇ ਲਿੰਕ ਦੀ ਵੀ ਜਾਂਚ ਕਰ ਰਹੀ ਹੈ।

ਗੈਂਗਸਟਰ ਤੋਂ ਖਾੜਕੂ ਬਣਿਆ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਹੁਣ ਬੀਕੇਆਈ ਦਾ ਪ੍ਰਮੁੱਖ ਮੈਂਬਰ ਤੇ ਖ਼ਾਲਿਸਤਾਨੀ ਆਪ੍ਰੇਟਿਵ ਹੈ। ਸਾਲ 2018-19 ਵਿਚ ਉਹ ਗ਼ੈਰ ਕਾਨੂੰਨੀ ਤੌਰ ’ਤੇ ਪਾਕਿਸਤਾਨ ਭੱਜ ਗਿਆ ਸੀ। ਮੌਜੂਦਾ ਸਮੇਂ ਵਿਚ ਉਹ ਆਈਐੱਸਆਈ ਦੀ ਸਰਪ੍ਰਸਤੀ ਹੇਠ ਉੱਥੇ ਰਹਿ ਰਿਹਾ ਹੈ ਤੇ ਭਾਰਤ ਖ਼ਿਲਾਫ਼ ਖਾੜਕੂ ਸਰਗਰਮੀਆਂ ਨੂੰ ਅੰਜਾਮ ਦੇਣ ਵਿਚ ਸ਼ਾਮਿਲ ਹੈ। ਰਿੰਦਾ ਪਾਕਿਸਤਾਨ ਤੋਂ ਹਥਿਆਰ, ਗੋਲ਼ਾ-ਬਾਰੂਦ, ਧਮਾਕਾਖੇਜ਼ ਸਮੱਗਰੀ ਤੇ ਨਸ਼ੇ ਦੀ ਤਸਕਰੀ, ਬੀਕੇਆਈ ਵਿਚ ਮੈਂਬਰਾਂ ਦੀ ਭਰਤੀ, ਹਤਿਆ, ਪੰਜਾਬ ਤੇ ਮਹਾਰਾਸ਼ਟਰ ’ਚ ਜਬਰੀ ਵਸੂਲੀ ਰਾਹੀਂ ਧਨ ਜੁਟਾਉਣ ਆਦਿ ਵਰਗੇ ਵੱਖ-ਵੱਖ ਅਪਰਾਧਾਂ ਵਿਚ ਸਾਮਿਲ ਹੈ। ਉਹ ਮਈ 2022 ’ਦੌਰਾਨ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਹਮਲੇ ਸਮੇਤ ਕਈ ਖਾੜਕੂ ਸਰਗਰਮੀਆਂ ਵਿਚ ਸ਼ਾਮਿਲ ਰਿਹਾ ਹੈ। ਕੇਂਦਰ ਵੱਲੋਂ ਉਸ ਨੂੰ ਇਸੇ ਸਾਲ ਖਾੜਕੂ ਐਲਾਨ ਦਿੱਤਾ ਗਿਆ ਸੀ।ਭਾਰਤੀ ਏਜੰਸੀ ਅਨੁਸਾਰ ਉਹ ਧਨ ਇਕੱਠਾ ਕਰਨ ਤੇ ਪੰਜਾਬ ਵਿਚ ਕਾਰੋਬਾਰੀਆਂ ਤੇ ਵਿਸ਼ੇਸ਼ ਫ਼ਿਰਕੇ ਦੇ ਨੇਤਾਵਾਂ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਦੀ ਭਰਤੀ ਤੇ ਖਾੜਕੂ ਗਿਰੋਹ ਬਣਾਉਣ ਵਿਚ ਲੱਗੇ ਹੋਏ ਸਨ।

ਐੱਨਆਈਏ ਨੇ ਤਰਨਤਾਰਨ ਨਿਵਾਸੀ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਲਖਬੀਰ ਸਿੰਘ ਵੀ 2017 ਵਿਚ ਕੈਨੇਡਾ ਗਿਆ ਸੀ ਤੇ ਉੱਥੋਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਸਨ। ਇਸ ਦੌਰਾਨ ਉਹ ਬੀਕੇਆਈ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਸੰਪਰਕ ਵਿਚ ਆਇਆ ਤੇ ਬੀਕੇਆਈ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਕਈ ਖਾੜਕੂ ਘਟਨਾਵਾਂ ’ਚ ਮੁੱਖ ਮੁਲਜ਼ਮ ਰਿਹਾ ਹੈ, ਜਿਸ ਵਿਚ ਮਈ 2022 ’ਦੌਰਾਨ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਹਮਲਾ ਤੇ ਦਸੰਬਰ 2022 ਵਿਚ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ’ਤੇ ਆਰਪੀਜੀ ਹਮਲਾ ਸ਼ਾਮਿਲ ਹਨ। ਰਿੰਦਾ ਅਗਸਤ 2022 ’ਵਿਚ ਪੰਜਾਬ ਪੁਲਿਸ ਐੱਸਆਈ ਦਿਲਬਾਗ਼ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਦਾ ਵੀ ਮਾਸਟਰਮਾਈਂਡ ਹੈ। ਦੋਸ਼ ਪੱਤਰ ਵਿਚ ਸ਼ਾਮਿਲ ਹਰਜੋਤ ਸਿੰਘ ਤੇ ਕਸ਼ਮੀਰ ਸਿੰਘ ਨਾਭਾ ਜੇਲ੍ਹ ਬ੍ਰੇਕ ਮਾਮਲੇ ’ਵਿਚ ਮੁਲਜ਼ਮ ਹਨ ਤੇ ਅਜੇ ਫ਼ਰਾਰ ਹਨ। ਐੱਨਆਈਏ ਵੱਲੋਂ ਦੋਸ਼ ਪੱਤਰ ਵਿਚ ਸ਼ਾਮਲ ਹੋਰ ਮੁਲਜ਼ਮ ਦੀਪਕ ਰੰਗਾ ਤੇ ਲੱਕੀ ਖੋਖਰ ਉਰਫ਼ ਡੈਨਿਸ ਹਨ, ਜਿਨ੍ਹਾਂ ਨੂੰ ਭਾਰਤ ਵਿਚ ਖਾੜਕੂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਵਿਦੇਸ਼ ਸਥਿਤ ਆਕਾਵਾਂ ਵੱਲੋਂ ਭਰਤੀ ਕੀਤਾ ਗਿਆ ਸੀ। ਮਈ 2022 ’ਦੌਰਾਨ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ, ਮੋਹਾਲੀ, ਪੰਜਾਬ ਤੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਲਈ ਮੁਲਜ਼ਮ ਦੀਪਕ ਰੰਗਾ ਨੂੰ ਰਿੰਦਾ ਤੇ ਲੰਡਾ ਦੋਸ਼ੀ ਹਨ।