ਲੰਡਨ ਵਿੱਚ 15 ਅਗਸਤ ਨੂੰ ਸਿੱਖਾਂ ਵਲੋਂ ਕੀਤਾ ਜਾਵੇਗਾ ਭਾਰੀ ਰੋਸ ਮੁਜਾਹਰਾ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ
" ਸਿੱਖ ਕੌਮ ਭਾਈ ਪੰਜਵੜ ,ਭਾਈ ਨਿੱਝਰ ਦੀਆਂ ਸ਼ਹਾਦਤਾਂ ਅਤੇ ਬੰਦੀ ਸਿੰਘਾਂ ਦੀ ਆਵਾਜ਼ ਬੁਲੰਦ ਕਰੇ ”
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ- ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਤੇ ਸਰਕਾਰੀ ਜ਼ੁਲਮ ਲਗਾਤਾਰ ਜਾਰੀ ਹਨ । ਹਿੰਦੂਤਵੀ ਲਾਬੀ ਵਲੋਂ ਗੈਰ ਹਿੰਦੂ ਕੌਮਾਂ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਜਜਬ ਕਰਨ ਦੀਆਂ ਲਗਾਤਾਰ ਕੁਚਾਲਾਂ ਅਤੇ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ । ਸਿੱਖਾਂ ਦੀਆਂ ਨੱਬੇ ਫੀਸਦੀ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿੱਚ ਭਾਰਤੀ ਫੌਜ ਵਲੋਂ ਜੂਨ 1984 ਦਾ ਖੂਨੀ ਘੱਲੂਘਾਰਾ ,ਨਵੰਬਰ ਮਹੀਨੇ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ,15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਲੰਡਨ ਸਥਿਤ ਭਾਰਤੀ ਅੰਬੈਸੀ ਮੂਹਰੇ ਇੰਗਲੈਂਡ ਦੇ ਸਿੱਖਾਂ ਵਲੋਂ ਇੱਕ ਵਜੇ ਤੋਂ ਤਿੰਨ ਵਜੇ ਤੱਕ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ । ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ,ਸਿੱਖ ਜਥੇਬੰਦੀਆਂ ਅਤੇ ਸਿੱਖ ਕੌਂਸਲਾਂ ਨੂੰ ਇਸ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਸਨਿਮਰ ਅਪੀਲ ਕੀਤੀ ਗਈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਰੋਸ ਮੁਜਾਹਰੇ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਕੀਤੇ ਗਏ ਅਤੇ ਨਿਰੰਤਰ ਜਾਰੀ ਜ਼ੁਲਮਾਂ ਦੀ ਵਿਰੋਧਤਾ ਕਰਦਿਆ, ਭਾਰਤ ਦੀਆਂ ਏਜੰਸੀਆਂ ਵਲੋਂ ਪਾਕਿਸਤਾਨ ਵਿੱਚ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵੜ ਮੁਖੀ ਖਾਲਿਸਤਾਨ ਕਮਾਂਡੋ ਫੋਰਸ ,ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਸਮੇਤ ਸਮੂਹ ਸ਼ਹੀਦਾਂ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੇ ਹੱਕ ਵਿੱਚ ਅਵਾਜ਼ ਉਠਾਈ ਜਾਵੇਗੀ । । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਼ਦੁਨੀਆਂ ਭਰ ਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਦੇ ਇਸ ਅਖੌਤੀ ਅਜਾਦੀ ਦਿਵਸ ਦਾ ਮੁਕੰਮਲ ਬਾਈਕਾਟ ਕਰਨ ਅਤੇ ਇਸ ਸਬੰਧੀ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮਾਂ ਵਿੱਚ ਸ਼ਮੂਲੀਅਤ ਨਾ ਕਰਨ । ਆਪਣੀ ਜ਼ਮੀਰ ਦੀ ਅਵਾਜ਼ ਸੁਣਦਿਆਂ ਇਸ ਦਿਨ ਦੁਨੀਆਂ ਭਰ ਵਿੱਚ ਰੋਸ ਪ੍ਰਦਸ਼ਨ ਕੀਤੇ ਜਾਣ ।ਇਸ ਦਿਨ ਹਰ ਸਿੱਖ ਨੂੰ ਇਹ ਮਹਿਸੂਸ ਕਰਨ ਦੀ ਜਰੂਰਤ ਹੈ ਕਿ ਅਸੀਂ ( ਸਿੱਖ ) ਭਾਰਤ ਵਿੱਚ ਗੁਲਾਮ ਹਾਂ ਅਤੇ ਇਸ ਗੁਲਾਮੀਂ ਨੂੰ ਗਲੋਂ ਲਾਹੁਣਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ,ਸ੍ਰੀ ਦਰਬਾਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਰੱਖਣ ਵਾਲੇ ਅਤੇ ਹਜਾਰਾਂ ਦੀ ਗਿਣਤੀ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਦਰਦ ਮਹਿਸੂਸ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਅਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਕੌਮੀ ਸ਼ਹੀਦਾਂ ਨਾਲ ਧ੍ਰੋਹ ਕਮਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਪੂਰੀ ਤਰਾਂ ਸਾਬਤ ਹੋ ਚੁੱਕਾ ਹੈ ਕਿ ਭਾਰਤ ਦੀ ਅਜ਼ਾਦੀ ਤੋਂ ਬਾਅਦ ਜਿੰਨਾ ਜ਼ੁਲਮ ਸਿੱਖ ਕੌਮ ਤੇ ਹੋਇਆ ਹੈ ਉਹਨਾਂ ਜ਼ੁਲਮਾਂ ਦੇ ਸਾਹਮਣੇ ਮੀਰ ਮੰਨੂ,ਜਕਰੀਏ ,ਅਬਦਾਲੀ ਅਤੇ ਹਿਟਲਰ ਆਦਿ ਦੇ ਜ਼ੁਲਮ ਵੀ ਬੌਣੇ ਨਜ਼ਰ ਆ ਰਹੇ ਹਨ । ਪਿਛਲੇ 76 ਸਾਲਾਂ ਹੋਏ ਇਹਨਾਂ ਜ਼ੁਲਮਾਂ ਨੂੰ ਮੱਦੇ ਨਜ਼ਰ ਰੱਖਦਿਆਂ ਸਿੱਖ ਵਾਸਤੇ ਇਹ ਅਟੱਲ ਸੱਚਾਈ ਕਿ ਭਾਰਤ ਸਿੱਖਾਂ ਦਾ ਦੇਸ਼ ਨਹੀਂ ਹੈ । ਭਾਰਤੀ ਸਰਕਾਰਾਂ ਵਲੋਂ ਬੀਤੇ 76 ਸਾਲਾਂ ਦੌਰਾਨ ਸਿੱਖਾਂ ਤੇ ਜਿੱਥੇ ਸਰੀਰਕ ਤੌਰ ਜੁਲਮਾਂ ਦਾ ਕਹਿਰ ਢਾਹਿਆ ਗਿਆ ਹੈ ਉੱਥੇ ਸਿੱਖਾਂ ਵਾਸਤੇ ਸਿਧਾਂਤਕ ਤੌਰ ਤੇ ਅਨੇਕ ਤਰਾਂ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ । ਸਿੱਖ ਨੌਜਵਾਨ ਢਾਈ ਢਾਈ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ ,ਉਹਨਾਂ ਦੀਆਂ ਉਮਰ ਕੈਦਾਂ ਮ੍ਕਣ ਵਿੱਚ ਹੀ ਨਹੀ ਆ ਰਹੀਆਂ ਜਦਕਿ ਸਿੱਖ ਵਿਰੋਧੀਆਂ ਦੀ ਉਮਰ ਕੈਦ ਪੰਜ ਸਾਲ ਬਾਅਦ ਹੀ ਖਤਮ ਹੋ ਜਾਂਦੀ ਹੈ। ਸਮੁੱਚੀਆਂ ਮੁਸ਼ਕਲਾਂ ,ਸਮੂਹ ਸਮੱਸਿਆਵਾਂ ਦਾ ਇੱਕੋ ਇੱਕ ਸਥਾਈ ਹੱਲ ਹੈ ਖਾਲਿਸਤਾਨ । ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਇਸ ਦੀ ਪੂਰਤੀ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਯਤਨ ਕਰਨ ਦੀ ਬੇਹੱਦ ਜਰੂਰਤ ਹੈ।
Comments (0)