ਸ਼ਰੇਆਮ ਹੋ ਰਹੀ ਹੈ ਲੁੱਟ ਤੇ ਖੱਜਲ ਖ਼ਰਾਬੀ ਪ੍ਰਵਾਸੀ  ਪੰਜਾਬੀਆਂ ਦੀ ਅੰਮ੍ਰਿਤਸਰ ਹਵਾਈ ਅੱਡੇ ‘ਤੇ 

ਸ਼ਰੇਆਮ ਹੋ ਰਹੀ ਹੈ ਲੁੱਟ ਤੇ ਖੱਜਲ ਖ਼ਰਾਬੀ ਪ੍ਰਵਾਸੀ  ਪੰਜਾਬੀਆਂ ਦੀ ਅੰਮ੍ਰਿਤਸਰ ਹਵਾਈ ਅੱਡੇ ‘ਤੇ 

 ਭੱਖਦਾ ਮਸਲਾ                                   

ਅੰਮਿ੍ਰਤਸਰ ਦਾ ਹਵਾਈ ਅੱਡਾ ਬੇਸ਼ੱਕ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣਿਆ  ਹੋਇਆ ਹੈ ਅਤੇ ਹਵਾਈ ਅੱਡੇ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਜੋ ਇਹ ਪ੍ਰਭਾਵ ਛੱਡਦੀਆਂ ਹਨ ਕਿ ਤੁਸੀਂ ਦੁਨੀਆਂ ਦੇ ਇਕ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਸ਼ਹਿਰ ਚ ਉਸਾਰੇ ਗਏ ਹਵਾਈ ਅੱਡੇ ਤੇ ਵਿਚਰ ਰਹੇ ਹੋ । ਹਵਾਈ ਅੱਡੇ ਦੇ ਅੰਦਰਲੇ ਨਜ਼ਾਰੇ ਨੂੰ ਦੇਖਕੇ ਇੰਜ ਮਹਿਸੂਸ ਹੁੰਦਾ ਹੈ ਕਿ ਇੱਥੋਂ ਆਉਣ ਤੇ ਜਾਣ ਵਾਲੇ ਮੁਸਾਫ਼ਰਾਂ ਦਾ ਗੁਰਬਾਣੀ ਦੀ ਭਾਵਨਾ ਮੁਤਾਬਿਕ ਬਹੁਤ ਖਿਆਲ ਰੱਖਿਆ ਜਾਵੇਗਾ, ਆਉਣ  ਤੇ  ਜਾਣ ਵੇਲੇ ਨਿੱਘਾ ਤੇ ਯਾਦਗਾਰੀ ਸਵਾਗਤ ਹੋਵੇਗਾ । ਹਰ ਆਉਣ ਤੇ ਜਾਣ ਵਾਲਾ ਇਸ ਹਵਾਈ ਅੱਡੇ ਤੋ ਯਾਦਗਾਰੀ  ਪ੍ਰਭਾਵ ਸਮੇਤ ਕਈ ਅਭੁੱਲ ਯਾਦਾਂ ਨਾਲ ਲੈ ਕੇ ਜਾਵੇਗਾ, ਪਰ ਅਫ਼ਸੋਸ ਕਿ ਅਸਲੀਅਤ ਕੁੱਝ ਹੋਰ ਹੀ ਹੈ । ਇਸ ਹਵਾਈ ਅੱਡੇ ਤੇ ਆਉਣ ਤੇ ਜਾਣ ਵਾਲੇ ਐਨ ਆਰ ਆਈਜ ਦੀ ਜੋ ਖੱਜਲ ਖ਼ਰਾਬੀ ਤੇ ਲੁੱਟ ਹੋ ਰਹੀ ਹੈ, ਉਸ ਨੂੰ ਦੇਖ ਕੇ ਰੂਹ ਕੰਬ ਉਠਦੀ ਹੈ ਤੇ ਮੁਸਾਫ਼ਰਾਂ ਦੇ ਮੂੰਹੋਂ ਬਦੋਬਦੀ ਏਹੀ ਨਿਕਲਦਾ ਹੈ ਕਿ ਵਾਪਸ ਇਸ ਹਵਾਈ ਅੱਡੇ ਤੇ ਨਾ ਹੀ ਉਹ ਆਪ ਤੇ ਨਾ ਹੀ ਦੂਸਰਿਆਂ ਨੂੰ ਇਸ ਹਵਾਈ ਅੱਡੇ ਤੇ ਉਤਰਨ ਤੇ ਚੜ੍ਹਨ ਦੀ ਹੀ ਸਲਾਹ ਦੇਵੇਗਾ   

ਯੋਰਪੀਅਨ ਦੇਸ਼ਾਂ ਤੋ ਕੁੱਝ ਕੁ ਹਫ਼ਤਿਆਂ ਲਈ  ਵਤਨ  ਪਰਤਣ ਵਾਲੇ ਪਰਵਾਸੀ ਪੰਜਾਬੀਆਂ ਨੂੰ ਇਸ ਹਵਾਈ ਅੱਡੇ ਤੇ ਉਤਰਨ ਚੜ੍ਹਨ ਵੇਲੇ ਇਸ ਤਰਾਂ ਰੋਕਿਆ ਜਾਂਦਾ ਹੈ ਜਿਵੇਂ ਕਿਸੇ ਭੇਡਾਂ ਦੇ ਵੱਗ ਨੂੰ । ਜਹਾਜ ਵਿਚੋਂ ਉਤਰਦਿਆਂ ਹੀ ਇਕ ਜਗਾ ਬਿਨਾਂਂ ਵਜ੍ਹਾ ਬਿਠਾ ਲਿਆ ਜਾਂਦਾ ਹੈ ਤੇ ਫਿਰ ਮਰਜ਼ੀ ਮੁਤਾਬਿਕ ਛਾਂਟ ਛਾਂਟ ਕੇ ਪੰਜਾਂ ਦਸਾਂ ਦੇ ਗਰੁੱਪਾਂ ਵਿਚ ਅੱਗੇ ਭੇਜਿਆ ਜਾਂਦਾ ਹੈ । ਅੱਗੇ ਇਮੀਗਰੇਸ਼ਨ ਵਾਲੇ ਚੈੱਕ ਅੱਪ ਤੋਂ ਬਾਅਦ ਮੁਸਾਫ਼ਰ ਜਦ ਆਪੋ  ਆਪਣਾ ਸਮਾਨ ਕਲੇਮ ਚੁੱਕਕੇ ਜਦ ਬਾਹਰ ਵੱਲ ਵਧਣ ਲੱਗਦੇ ਹਨ ਤਾਂ ਅੱਗੇ ਉਹਨਾਂ ਨੂੰ ਰੋਕ ਕੇ ਕੋਵਿੱਡ ਪੀ ਸੀ ਆਰ ਟੈਸਟ ਦੇ ਨਾਮ ਤੇ ਉਹਨਾਂ ਦੀ ਲੁੱਟ ਤੇ ਖੱਜਲ ਖ਼ਰਾਬੀ ਕੀਤੀ ਜਾਂਦੀ ਹੈ । ਬੇਸ਼ੱਕ ਕਿਸੇ ਮੁਸਾਫ਼ਰ ਦੀ ਪੀ ਸੀ ਆਰ ਰਿਪੋਰਟ ਕੁੱਝ ਕੁ ਘੰਟੇ ਪਹਿਲਾਂ ਹੀ ਕਿਸੇ ਦੂਸਰੇ ਮੁਲਕ ਦੀ ਕੀਤੀ ਹੋਵੇ, ਉਸ ਨੂੰ ਏਅਰਪੋਰਟ ਦਾ ਅਮਲਾ ਫੈਲਾ ਮਿੰਟਾਂ ਵਿਚ ਹੀ ਇਨਵੈਲਡ ਕਰਾਰ ਦੇ ਕੇ 1200 ਤੋਂ 3000 ਰੁਪਏ ਅਦਾ ਕਰਨ ਦਾ ਹੁਕਮ ਦੇ ਕੇ ਨਵੀਂ ਰਿਪੋਰਟ ਪ੍ਰਾਪਤ ਕਰਨ ਦਾ ਫ਼ਤਵਾ ਚਾੜ੍ਹ ਦੇਂਦਾ । ਮੁਸਾਫ਼ਰ ਦਾ ਪਾਸਪੋਰਟ ਰੱਖ ਲਿਆ  ਜਾਂਦਾ ਹੈ ਤੇ ਨਵੀਂ ਰਿਪੋਰਟ  ਇਕ ਘੰਟੇ ਤੋਂ ਡੇਢ ਘੰਟੇ ਵਿਚ ਦੇਣ ਦੇ ਵਾਅਦੇ ਨਾਲ ਪੈਸੇ ਲਏ ਜਾਂਦੇ ਹਨ ਤੇ ਬਾਅਦ ਵਿਚ ਚਾਰ ਤੋ ਛੇ ਘੰਟੇ ਹਵਾਈ ਅੱਡੇ ਦੇ ਅੰਦਰ ਖੱਜਲ ਕਰਨ ਤੋਂ ਬਾਅਦ ਰਿਪੋਰਟ ਤੇ ਪਾਸਪੋਰਟ ਦਿੱਤੇ ਜਾਂਦੇ ਹਨ । ਕਈ ਮੁਸਾਫ਼ਰਾਂ ਨੂੰ 12 ਘੰਟੇ ਤੱਕ ਵੀ ਹਵਾਈ ਅੱਡੇ ਦੇ ਅੰਦਰ ਹੀ ਡੱਕੀ ਰੱਖਿਆ ਜਾਦਾ ਹੈ । ਇਥੇ  ਇਹ ਜ਼ਿਕਰਯੋਗ ਹੈ ਕਿ ਕੋਵਿੱਡ  ਨਾਲ ਸੰਬੰਧਿਤ ਸਾਰੇ ਟੈਸਟ ਯੂ ਕੇ ਤੇ ਭਾਰਤ ਦੇ ਸਰਕਾਰੀ ਸਿਹਤ ਵਿਭਾਗਾਂ/ਹਸਪਤਾਲਾਂ ਵਿੱਚੋਂ  ਮੁਫ਼ਤ ਕਰਵਾਏ ਜਾ ਸਕਦੇ ਹਨ ।

 

ਦੂਜੇ ਪਾਸੇ ਕਿਸੇ ਮੁਸਾਫ਼ਰ ਨੂੰ ਲੈਣ ਆਏ ਉਸ ਦੇ ਰਿਸ਼ਤੇਦਾਰ ਹਵਾਈ ਅੱਡੇ ਦੇ ਬਾਹਰ ਜਿਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਉਹ ਅਲੱਗ ਦੀ ਸਮੱਸਿਆ ਹੈ ,ਕਿਉਂਕਿ ਹਵਾਈ ਅੱਡੇ ਦੇ ਬਾਹਰ ਨਾ ਹੀ ਬੈਠਣ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਢੁਕਵਾਂ ਪਰਬੰਧ ਹੈ । ਏਹੀ ਹਾਲ ਆਪਣੀ ਯਾਤਰਾ ਪੂਰੀ ਕਰਨ ਉਪਰੰਤ ਵਾਪਸ ਜਾਣ ਵਾਲਿਆਂ ਦਾ ਕੀਤਾ ਜਾਂਦਾ ਹੈ । ਹਵਾਈ ਅੱਡੇ ਅੰਦਰ ਦਾਖਲ ਹੋਣ ਵੇਲੇ ਪੁਲਿਸ ਵਾਲੇ ਕਾਗ਼ਜ਼ ਚੈੱਕ ਕਰਕੇ ਅੰਦਰ ਜਾਣ ਦੇਂਦੇ ਹਨ ਤੇ ਹਵਾਈ ਅੱਡੇ ਦੇ ਅੰਦਰ ਵੜਦਿਆਂਂ ਹੀ ਲੁੱਟ ਦੀ ਦੁਕਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਾਗ਼ਜ਼ ਚੈੱਕ ਕਰਨ ਦੇ ਨਾਮ ਹੇਠ ਹਰ ਯਾਤਰੀ ਨੂੰ ਗਧੀ ਗੇੜ ਪਾ ਕੇ ਸਿਰੇ ਦਾ ਪਰੇਸ਼ਾਨ ਕੀਤਾ ਜਾਂਦਾ ਹੈ । ਕਾਗ਼ਜ਼ਾਂ ਤੇ ਮੀਨ ਮੇਖ ਕੀਤੀ ਜਾਂਦੀ ਹੈ, ਇਤਰਾਜ਼ ਲਾਏ ਜਾਂਦੇ ਹਨ, ਕਈਆ ਨੂੰ ਇਹ ਵੀ ਕਿਹਾ ਜਾਂਦਾ ਹੈ ਉਹਨਾ ਦੀ ਫੋਟੋ ਪਾਸਪੋਰਟ ਵਾਲੀ ਫੋਟੋ  ਨਾਲ ਮੇਲ ਨਹੀਂ ਖਾਂਦੀ, ਕਈਆ ਉੱਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ ਵੀ ਮੜ੍ਹਿਆਂ ਜਾਂਦਾ ਹੈ । ਕਹਿਣ ਦਾ ਭਾਵ ਇਹ ਕਿ ਇਸ ਹਵਾਈ ਅੱਡੇ ਦੇ ਅੰਦਰ ਵੜਦਿਆ ਹੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕਈਆ ਦੀ ਉਡਾਣਾਂ ਨਿਕਲ ਜਾਂਦੀਆਂ ਹਨ ਤੇ ਉਹਨਾਂਂ ਨੂੰ ਵਾਪਸ ਮੁੜਕੇ ਦੁਬਾਰਾ ਨਵੀਂਆਂ ਟਿਕਟਾਂ ਲੈਣ ਵਾਸਤੇ ਟਰੈਵਲ ਏਜੰਟਾਂ ਦੀ ਦੂਹਰੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸ ਹਵਾਈ ਅੱਡੇ ਤੇ ਮੈ ਲੋਕ ਰੋਂਦੇ ਦੇਖੇ ਹਨ, ਆਪਣੀਆ ਨੌਕਰੀਆਂ ਦਾ ਵਾਸਤਾ ਪਾਉਂਦੇ ਤੇ ਇਹ ਕਹਿੰਦੇ ਸੁਣੇ ਹਨ ਕਿ ਉਹ ਆਪਣੀ  ਜ਼ਿੰਦਗੀ ਵਿੱਚ ਵਾਪਸ ਕਦੇ ਵੀ ਇਸ ਹਵਾਈ ਅੱਡੇ ਤੇ ਮੁੜ ਕਦੇ ਵੀ ਨਹੀਂ ਨਾ ਹੀ ਉਤਰਨਗੇ ਤੇ ਨਾ ਹੀ ਇੱਥੋਂ ਚੜ੍ਹਨਗੇ । 

ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਇਸ ਹਵਾਈ ਅੱਡੇ ਦਾ ਅਮਲਾ ਫੈਲਾ ਕਿਸੇ ਮੁਸਾਫ਼ਰ ਦੇ ਲੋੜੀਂਦੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਵੀ ਕੋਈ ਹੋਰ ਆਨੇ ਬਹਾਨੇ ਲਭਕੇ ਉਸ ਨੂੰ ਜਹਾਜ ਚੜ੍ਹਨ ਤੋਂ ਰੋਕਣ ਦੀ ਕੋਸ਼ਿਸ਼ ਕਰਕੇ ਪਰੇਸ਼ਾਨ ਕਰਦਾ ਹੈ । ਮੈ ਆਪਣੀ ਵਾਪਸੀ ਉਪਰੰਤ ਵਾਇਆ ਡਬਈ, ਬਰਮਿੰਘਮ ਪਹੁੰਚਿਆ ਹਾਂ । ਅੰਮਿ੍ਰਤਸਰ ਤੋਂਂ ਡੁਬਈ ਜਾਣ ਵਾਸਤੇ ਟਿਕਟ ਸਮੇਤ ਸਿਰਫ ਇਕ ਆਨਲਾਈਨ ਸੈਲਫ ਡੈਕਲਾਰੇਸ਼ਨ ਦੇਣ ਦੀ ਜ਼ਰੂਰਤ ਹੁੰਦੀ ਹੈ ਤੇ ਕੋਵਿੱਡ 19 ਸੰਬੰਧੀ ਦਿੱਤੀਆਂ ਗਾਈਡ ਲਾਈਨਜ ਅਨੁਸਾਰ ਨੱਕ, ਮੂੰਹ ਤੇ ਮਾਸਕ ਪਹਿਨਣਾ ਜ਼ਰੂਰੀ ਹੈ । ਪੀ ਸੀ ਆਰ ਟੈਸਟ ਦੀ ਬਿਲਕੁਲ ਵੀ ਲੋੜ ਨਹੀਂ , ਜਿਸ ਨੇ ਦੁਬਈ ਤੋ ਅੱਗੇ ਸਫਰ ਕਰਨਾ ਹੈ, ਉਸ ਵਾਸਤੇ ਕਿਸੇ ਤਰ੍ਹਾਂ ਦਾ ਵੀਜ਼ਾ ਲੈਣ ਦੀ ਵੀ ਜ਼ਰੂਰਤ ਨਹੀਂ ਹੁੰਦੀ, ਪਰ ਮੇਰੀ ਹੈਰਾਨੀ ਦੀ ਉਸ ਵੇਲੇ ਹੱਦ ਨਹੀਂ ਰਹੀ ਜਦੋਂ ਪਹਿਲਾਂ ਤਾਂ ਅੰਮਿ੍ਰਤਸਰ ਹਵਾਈ ਅੱਡੇ ਦੇ ਅਮਲੇ ਫੈਲੇ ਨੇ ਮੈਨੂੰ 12 ਸੌ ਰੁਪਇਆ ਜਮਾਂ ਕਰਾ ਕੇ ਪੀ ਸੀ ਆਰ ਟੈਸਟ ਕਰਾਉਣ ਵਾਸਤੇ ਕਿਹਾ । ਜਦੋਂ ਉਹਨਾ ਨੂੰ ਮੈਂ ਆਪਣੇ ਤਾਜ਼ੇ ਕਰਵਾਏ ਦੋ ਪੀ ਸੀ ਆਰ ਟੈਸਟ ਦਿਖਾਏ ਤਾਂ ਉਹਨਾਂਂ ਨੇ ਇਹਨਾਂ ਦੋਹਾਂ ਟੈਸਟਾਂ ਨੂੰ ਇਹ ਕਹਿਕੇ ਮੰਨਣ ਤੋਂ ਆਨਾਕਾਨੀ ਕੀਤੀ ਕਿ ਇਹਨਾਂ ਦੋਵੇਂ ਟੈਸਟਾਂ ਉੱਤੇ ਇਕ ਤੇ ਬਾਰਕੋਡ ਨਹੀਂ ਤੇ ਦੂਸਰੇ ਉੱਤੇ ਟੈਸਟ ਕਰਨ ਵਾਲੇ ਨੋਡਲ ਅਧਿਕਾਰੀ ਦਾ ਨਾਮ ਤੇ ਸਟੈਂਪ ਨਹੀਂ । ਦੋਵੇਂ ਟੈਸਟ ਸਿਵਲ ਹਸਪਤਾਲ ਫਰੀਦਕੋਟ ਤੋ ਕਰਵਾਏ ਗਏ ਸਨ । ਫਿਰ ਉਹਨਾਂ ਦੀ ਤਸੱਲੀ ਵਾਸਤੇ ਮੈਂ ਉਹਨਾ ਨੂੰ ਟੈਸਟਾਂ ਦੀ ਅਸਲ ਈ ਮੇਲ ਦਿਖਾਈ ਤੇ ਨਾਲ ਹੀ ਇਹ ਵੀ ਦੱਸਿਆ ਕਿ ਦਬਈ ਹਵਾਈ ਅੱਡੇ ਤੇ ਇਹਨਾ ਟੈਸਟਾਂ ਦੀ ਕੋਈ ਲੋੜ ਨਹੀਂ ਤੇ ਇਹ ਤਾਂ ਸਿਰਫ ਮੈਂ ਆਪਣੀ ਸਿਹਤ ਦਾ ਸ਼ੰਕਾ ਕੱਢਣ ਵਾਸਤੇ ਕਰਵਾਏ ਹਨ ਤਾਂ ਉਹ ਅਧਿਕਾਰੀ ਇਸ ਵਿਸ਼ੇ ਤੇ ਹੀ ਮੇਰੇ ਨਾਲ ਬਹਿਸ ਕਰਨ ਲੱਗ ਪਿਆ । ਜਦੋਂ ਉਸ ਨੂੰ ਦੁਬਈ ਸਰਕਾਰ ਦੀਆ ਆਨਲਾਈਨ ਕੋਵਿਡ ਗਾਈਡ ਲਾਈਨਜ ਕੱਢਕੇ ਦਿਖਾਈਆਂਂ ਤਾਂ ਚੁੱਪ ਕਰ ਗਿਆ । ਇਹ ਉਕਤ ਮਸਲਾ ਤਾਂ ਹੱਲ ਹੋ ਗਿਆ ਹੁਣ ਉਸ ਨੇ ਮੈਨੂੰ ਰੋਕਣ ਦੀ ਅਗਲੀ ਢੁੱਚਰ ਇਹ ਡਾਹੀ ਕਿ ਤੇਰੇ ਕੋਲ ਦੁਬਈ ਦਾ ਵੀਜ਼ਾ ਨਹੀਂ ਹੈ, ਇਸ ਕਰਕੇ ਤੈਨੂੰ ਉੱਥੇ ਹਵਾਈ  ਅੱਡੇ ਤੇ ਉਤਰਨ ਨਹੀਂ ਦਿੱਤਾ ਜਾਵੇਗਾ ਤਾਂ ਮੈ ਉਸ ਨੂੰ ਇਕ ਹੀ ਜਵਾਬ ਦਿੱਤਾ ਕਿ ਇਸ ਮਸਲੇ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਹੈ, ਤੁਸੀ ਆਪਣਾ ਕੰਮ ਕਰੋ ਤੇ ਦੁਬਈ ਮੇਰੇ ਨਾਲ ਕੀ ਹੁੰਦਾ ਹੈ ਜਾਂ ਨਹੀਂ ਉਸ ਦਾ ਹੱਲ ਮੈ ਦੁਬਈ ਜਾ ਕੇ ਕਰਾਂਗਾ । ਜਦੋਂ ਉਹ ਨਾ ਮੰਨਿਆ ਤਾਂ ਮੈਂ ਉਸ ਨੂੰ ਉਸਦੇ ਕਿਸੇ ਵੱਡੇ ਅਧਿਕਾਰੀ ਨਾਲ ਮਿਲਾਉਣ ਜਾਂ ਗੱਲ ਕਰਾਉਣ ਨੂੰ ਕਿਹਾ, ਜਿਸ ਨੂੰ ਬਹਿਸ ਕਰਕੇ ਮੇਰਾ ਸਮਾਂ ਖ਼ਰਾਬ ਕਰ ਰਹੇ ਕਰਮਚਾਰੀ ਨੇ ਫ਼ੋਨ ਕਰਕੇ ਸੱਦ ਲਿਆ । ਉਚ  ਅਧਿਕਾਰੀ ਨੇ ਮੇਰੀ ਸਾਰੀ ਗੱਲ ਧਿਆਨ  ਨਾਲ ਸੁਣੀ ਤੇ ਸਮਝੀ, ਤਾਂ ਜਾ ਕੇ ਮੈਨੂੰ ਹਵਾਈ ਜਹਾਜ ਵਿਚ ਬੈਠਣ ਦੀ ਇਜਾਜ਼ਤ ਮਿਲੀ । 

ਇਸੇ ਦੌਰਾਨ ਮੈਂਂ ਬਹੁਤ ਸਾਰੇ ਯਾਤਰੀ ਹਵਾਈ ਅੱਡੇ ਦੇ ਅਮਲੇ ਨਾਲ ਝਗੜਦੇ ਬਹਿਸ ਕਰਦੇ ਵੀ ਦੇਖੇ ਪਰੇਸ਼ਾਨੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਸਲੇ ਦੇ ਹੱਲ ਵਾਸਤੇ ਫ਼ੋਨ ਕਰਦੇ ਵੀ ਦੇਖੇ, ਕੁਝ ਕੁ ਭੁੱਬਾਂ ਮਾਰ ਮਾਰ ਰੋਂਦੇ ਵੀ ਦੇਖੇ ਤੇ ਮਾਯੂਸ ਹੋ ਕੇ ਉਡਾਣ ਫੜੇ ਬਿਨਾਂ ਹੀ ਜਾਂ ਮਿਸ ਹੋ ਜਾਣ ਕਾਰਨ ਵਾਪਸ ਮੁੜਦੇ ਵੀ ਦੇਖੇ। ਇਸੇ ਦੌਰਾਨ ਇਹ ਦੇਖਣ ਵਿਚ ਵੀ ਆਇਆ ਕਿ ਹਵਾਈ ਅੱਡੇ ਦੇ ਅੰਦਰ ਜਿਸ ਦੀ ਲਾਠੀ ਉਸ ਦੀ ਮੱਝ ਵਾਲਾ ਰੂਲ ਵੀ ਪੂਰੀ ਤਰ੍ਹਾਂ ਲਾਗੂ ਹੈ । ਸ਼ਿਫਾਰਸ਼ੀਆਂਂ ਨੂੰ ਬਿਨਾਂਂ ਕਿਸੇ ਪੁੱਛ ਗਿੱਛ ਅੰਦਰ ਜਹਾਜ ਤੱਕ ਪਹੁੰਚਾਇਆ ਜਾਂਦਾ ਹੈ ਤੇ ਉਤਾਰ ਕੇ ਬਿਨਾਂ ਕਿਸੇ ਰੋਕ ਟੋਕ ਬਾਹਰ ਲਿਆਂਦਾ ਜਾਂਦਾ ਹੈ । ਕੁਝ ਲੀਡਰ ਵੀ ਦੇਖੇ ਜੋ ਗੰਨਮੈਨ ਲੈ ਕੇ ਅੰਦਰ ਇਮੀਗਰੇਸ਼ਨ ਚੈੱਕ  ਦੇ ਪਾਰ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਵੀ ਆਏ ਤੇ ਛੱਡਕੇ ਆਏ । 

ਅੰਮ੍ਰਿਤਸਰ ਗੁਰੂ ਰਾਮਦਾਸ ਹਵਾਈ ਅੱਡੇ ਤੇ ਵਾਪਰਿਆਂ ਇਹ ਸਭ ਉਕਤ ਵਰਤਾਰਾ ਅੱਖੀਂ ਦੇਖ ਕੇ ਮਨ ਅਤੀ ਦੁਖੀ ਹੋਇਆ ਤੇ ਸ਼ੋਚਣ ਨੂੰ ਮਜਬੂਰ ਵੀ ਹੋਇਆ ਕਿ ਜੋ ਲੋਕ ਆਰਥਿਕ ਤੰਗੀਆ ਤੁਰਸ਼ੀਆਂ ਕਾਰਨ ਪਰਵਾਸੀ ਦਾ ਟੈਗ ਲਗਵਾ ਕੇ ਆਪਣੇ ਵਤਨ ਤੋਂ ਉਜੜੇ ਸਨ, ਹੁਣ ਜਦ ਕਦੇ ਵਤਨ ਦੇ ਮੋਹ ਦੇ ਖਿੱਚੇ ਵਾਪਸ ਪਰਤਦੇ ਹਨ ਤਾਂ ਫਿਰ ਹਵਾਈ ਅੱਡੇ ਤੇ ਲੁੱਟ ਅਤੇ ਖੱਜਲ ਖ਼ਰਾਬੀ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਪਿੱਛੇ ਜ਼ਮੀਨਾਂ ਜਾਇਦਾਦਾਂ ਦੇ ਹੋਰ ਮਸਲਿਆਂ ਦੇ ਹੱਲ ਵਾਸਤੇ ਵੀ ਦਰ ਦਰ ਦੀਆਂ ਠੋਕਰਾਂ ਖਾਂਦੇ ਹਨ । ਹਵਾਈ ਅੱਡੇ ਦੇ ਬਾਹਰ ਥਾਂ ਪੁਰ ਥਾਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆਂਂ ਹਨ, ਨਾਕੇ ਬਣਾ ਰੱਖੇ ਹਨ ਜਿਹਨਾ ਤੇ ਤਾਇਨਾਤ ਬਹੁਤੇ ਪੁਲਿਸ ਕਰਮੀ, ਬਜਾਏ ਕਿਸੇ  ਦੀ  ਮੱਦਦ ਕਰਨ  ਤੇ  ਹਲੀਮੀ  ਨਾਲ  ਬੋਲਣ ਦੇ, ਸ਼ਿਰਫ ਰੋਹਬ ਝਾੜਨ ਤੇ ਮੁੱਛਾਂ ਨੂੰ ਵਟਾ ਦੇਣ ਤੇ ਹੀ ਵਧੇਰੇ ਜ਼ੋਰ ਲਗਾਂਉਦੇ ਦੇਖੇ ਗਏ । 

ਸਰਕਾਰਾਂ ਕਮਿਸ਼ਨ ਬਣਾਉਂਦੀਆਂ ਹਨ, ਉਹਨਾਂਂ ਕਮਿਸ਼ਨਾਂ ਦੇ ਮੈਂਬਰਾਂ ਸਿਰਫ ਆਪਣੀਆ ਫੌਕੀਆਂਂ ਚੌਧਰਾਂ ਚਮਕਾਉਣ ਤੋਂ ਇਲਾਵਾ ਜਨਤਾ ਦਾ ਕੁਝ ਵੀ ਨਹੀਂ ਸੰਵਾਰਦੇ । ਜੋ ਵਰਤਾਰਾ ਅੰਮਿ੍ਰਤਸਰ ਗੁਰੂ ਦੀ ਨਗਰੀ ਚ ਉਸਾਰੇ ਗੁਰੂ ਰਾਮਦਾਸ ਹਵਾਈ ਅੱਡੇ ਦਾ ਦੇਖਿਆ, ਉਹ ਅੱਖਰ ਅੱਖਰ ਪੇਸ਼ ਕਰਕੇ ਮਨ ਦੁਖੀ ਵੀ ਹੈ ਤੇ ਭਾਵੁਕ ਵੀ, ਪਰ ਸਕੂਨ ਇਸ ਗੱਲ ਦਾ ਹੈ ਕਿ ਤੁਹਾਡੇ ਸਭਨਾ ਨਾਲ ਸਾਂਝਾ ਕਰ ਲਿਆ ਹੈ ਤੇ ਇਸ ਮਸਲੇ ਦਾ ਹੱਲ ਵੀ ਸਭਨਾਂਂ ਨੇ ਮਿਲਕੇ  ਹੀ ਕੱਢਣਾ ਹੈ । 

  ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)ਯੂਕੇ