ਫਤਿਹ ਪਿੱਛੋਂ ਕਿਸਾਨ ਭਰਾਵਾਂ ਦੀ ਘਰ ਵਾਪਸੀ ਪੰਜਾਬ ਦੇ ਇਤਿਹਾਸ ਦਾ ਸੁਨਹਿਰੀ ਪੰਨਾ

ਫਤਿਹ ਪਿੱਛੋਂ ਕਿਸਾਨ ਭਰਾਵਾਂ ਦੀ ਘਰ ਵਾਪਸੀ ਪੰਜਾਬ ਦੇ ਇਤਿਹਾਸ ਦਾ ਸੁਨਹਿਰੀ ਪੰਨਾ

 ਭੱਖਦਾ ਮਸਲਾ

   ਕਰਮਜੀਤ ਸਿੰਘ ਚੰਡੀਗੜ੍ਹ

 ਹੁਣ ਹੋਣਗੇ ਸਿੱਖ-ਬਿਰਤਾਂਤ ਤੇ ਖੱਬੇ ਪੱਖੀ-ਬਿਰਤਾਂਤ ਆਹਮੋ ਸਾਹਮਣੇ

  ●ਕੀ ਖੱਬੇ ਪੱਖੀ ਬਿਰਤਾਂਤ ਵੀ  ਰਾਸ਼ਟਰਵਾਦੀ ਬਿਰਤਾਂਤ ਦਾ ਹੀ ਹਿੱਸਾ ਬਣੇਗਾ?

  ●ਸਿੱਖ-ਬਿਰਤਾਂਤ ਦੀਆਂ ਕਲਮਾਂ ਨੂੰ ਹਰ ਪਖੋਂ ਸਾਵਧਾਨ ਹੋਣ ਦੀ ਲੋੜ 

  ●ਰਾਕੇਸ਼ ਟਿਕੈਤ,ਪੱਤਰਕਾਰ ਦੀਪਕ, ਰਾਜਪਾਲ ਸੱਤਪਾਲ,ਜਾਟ ਭਰਾ ਅਤੇ ਹੋਰ ਅਣਗਿਣਤ ਵੀਰ ਤੇ ਭੈਣਾਂ ਖ਼ਾਲਸਾ-ਸਭਿਅਤਾ ਦਾ ਹੀ ਹਿੱਸਾ 

  ●ਛੱਬੀ ਜਨਵਰੀ ਦਾ ਖ਼ਾਲਸਾਈ ਬਿਰਤਾਂਤ ਸਿਰਜਣ ਵਾਲੀਆਂ ਕਲਮਾਂ ਦੀ ਉਡੀਕ

ਇਕ ਸੰਘਰਸ਼ ਆਪਾਂ ਜਿੱਤ ਲਿਆ ਹੈ ਪਰ ਉਸ ਤੋਂ ਵੀ ਵੱਡਾ,ਕਰੜਾ ਅਤੇ ਗੁੰਝਲਦਾਰ ਸੰਘਰਸ਼ ਅਜੇ ਜਿੱਤਣਾ ਹੈ।ਉਹ ਕਿਹੜਾ ਸੰਘਰਸ਼ ਹੈ?ਉਹ ਸੰਘਰਸ਼ਾਂ ਦੋ ਬਿਰਤਾਂਤਾਂ ਦਾ ਸੰਘਰਸ਼ ਹੈ,ਦੋ ਵੱਖਰੀਆਂ ਵੱਖਰੀਆਂ ਕਹਾਣੀਆਂ ਦਾ ਮੁਕਾਬਲਾ ਹੈ,ਦੋ ਵਿਚਾਰਾਂ ਦੀ ਟੱਕਰ ਹੈ ਜੋ ਸਿੱਧੀ ਵੀ ਹੋ ਸਕਦੀ ਹੈ ਅਤੇ ਅਸਿੱਧੀ ਵੀ। ਇੱਕ ਤੀਜਾ ਬਿਰਤਾਂਤ ਵੀ ਉੱਭਰ ਕੇ ਸਾਹਮਣੇ ਆਵੇਗਾ ਅਤੇ ਉਹ ਹੈ ਰਾਸ਼ਟਰਵਾਦੀ ਬਿਰਤਾਂਤ। ਪਹਿਲਾਂ ਇਹ ਸਮਝ ਲਓ ਪਈ ਸੰਖੇਪ ਵਿਚ ਨੈਰੇਟਿਵ ਹੁੰਦਾ ਕੀ ਹੈ? ਸਿੱਧਾ ਅਤੇ ਸੌਖਾ ਮਤਲਬ ਇਹ ਹੈ ਕਿ ਤੁਸੀਂ ਘਟਨਾਵਾਂ ਨੂੰ ਬਿਆਨ "ਕਿਵੇਂ" ਕਰਦੇ ਹੋ? ਦੂਜੇ ਸ਼ਬਦਾਂ ਵਿੱਚ ਤੁਸੀਂ ਕਿਹੜੇ "ਸਟੇਸ਼ਨ" ਤੋਂ ਬੋਲਦੇ ਹੋ।ਉੱਪਰੋਂ ਉੱਪਰੋਂ ਤੁਸੀਂ ਕੀ ਕਹਿੰਦੇ ਹੋ  ਅਤੇ ਤੁਹਾਡੇ ਢਿੱਡ ਵਿੱਚ ਕੀ ਹੈ? ਬਸ,ਇਸੇ ਨੂੰ ਬਰਤਾਂਤ ਕਹਿੰਦੇ ਹਨ।ਜੇ ਤੁਸੀਂ ਘਟਨਾਵਾਂ ਨੂੰ ਮਹਿਜ਼ ਜਿਵੇਂ ਉਹ ਵਾਪਰੀਆਂ,ਬਿਆਨ ਕਰਦੇ ਹੋ ਤਾਂ ਉਹ ਸਤੱਈ ਬਿਰਤਾਂਤ ਹੋਵੇਗਾ। ਪਰ ਜੇ ਤੁਹਾਡੇ ਬਿਰਤਾਂਤ ਵਿਚ ਜ਼ਿੰਦਗੀ ਨੂੰ ਜਾਨਣ ਦੀ ਭੁੱਖ ਹੈ,ਰੀਝ ਹੈ, ਪਿਆਸ ਹੈ ਅਤੇ ਇਹ ਪਿਆਸ ਹੋਰਨਾਂ ਲੋਕਾਂ ਦੀ ਵੀ ਪਿਆਸ ਬਣ ਜਾਂਦੀ ਹੈ ਤਾਂ ਇਹ ਡੂੰਘਾ ਤੇ ਗੰਭੀਰ ਬਿਰਤਾਂਤ ਹੋਵੇਗਾ।ਸਤੱਈ ਬਿਰਤਾਂਤ ਬਸ ਜਾਣਕਾਰੀ ਦੇ ਕੇ ਹੀ ਚੁੱਪ ਕਰ ਜਾਏਗਾ ਜਦਕਿ ਡੂੰਘੇ ਬਿਰਤਾਂਤ ਵਿੱਚ ਇੱਕ ਵੱਡਾ ਸ਼ੋਰ,ਰੌਲਾ ਹੋਵੇਗਾ ਜੋ  ਜਥੇਬੰਦਕ ਕਿਸਮ ਦਾ ਹੋਵੇਗਾ। 

ਉਹ ਦੋ  ਬਿਰਤਾਂਤ ਕਿਹੜੇ ਹਨ ਜਿਹੜੇ ਆਪਸ ਵਿਚ ਯਕੀਨਨ ਭਿੜਨਗੇ? ਇਹ ਬਿਰਤਾਂਤ ਹਨ ਸਿੱਖ ਬਿਰਤਾਂਤ ਤੇ ਖੱਬੇ ਪੱਖੀ ਬਿਰਤਾਂਤ।ਇਹ ਵੀ ਸਮਝ ਲਓ ਕਿ ਇਹ ਦੋਵੇਂ ਬਿਰਤਾਂਤ ਸਿਰਜਣ ਵਾਲੇ ਸੱਜਣ  ਇੱਕ ਦੂਜੇ ਦੇ ਘਰ ਵਿੱਚ ਗੇੜੇ ਵੀ ਮਾਰਦੇ ਰਹਿਣਗੇ। ਮਿਸਾਲ ਵਜੋਂ ਬਲਬੀਰ ਸਿੰਘ ਰਾਜੇਵਾਲ ਇੱਕ ਅਜਿਹਾ ਦਿਲਚਸਪ  ਵਿਅਕਤੀ ਹੈ,ਇਕ ਅਜਿਹਾ ਵਰਤਾਰਾ ਵੀ ਬਣ ਚੁੱਕਾ ਹੈ, ਇੱਕ ਬਿਰਤਾਂਤ ਵੀ ਹੈ ਜੋ ਦੋਵਾਂ ਨਾਲ ਸਾਂਝ ਪਾ ਕੇ ਰੱਖੇਗਾ ਅਤੇ ਓੜਕ ਨੂੰ ਖੱਬੇ ਪੱਖੀ ਬਿਰਤਾਂਤ ਦਾ ਹਿੱਸਾ ਹੀ ਬਣੇਗਾ।ਇਸੇ ਤਰ੍ਹਾਂ ਖੱਬੇ ਪੱਖੀ ਬਿਰਤਾਂਤ ਵਾਲੇ ਸੱਜਣ "ਸਰਬੱਤ ਦਾ ਭਲਾ" ਅਤੇ "ਸਾਂਝੀਵਾਲਤਾ" ਵਰਗੀਆਂ ਮਹਾਨ ਖ਼ਾਲਸਈ-ਬਰਕਤਾਂ ਨੂੰ ਹਾਈਜੈਕ ਕਰਕੇ ਖੱਬੇ ਪੱਖੀ ਬਿਰਤਾਂਤ ਦਾ ਝੰਡਾ ਬੁਲੰਦ ਕਰਨਗੇ।

ਸਿੱਖ ਬਿਰਤਾਂਤ ਅਤੇ ਖੱਬੇ ਪੱਖੀ ਬਿਰਤਾਂਤ ਵਿੱਚ ਕੌਣ ਜੋਰਾਵਰ ਹੈ? ਕਿਸ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ?

"ਡਰ" ਦਾ ਇਹ ਨਿਯਮ ਕਹਿੰਦਾ ਹੈ ਪਈ ਖੱਬੇ ਪੱਖੀ ਬਿਰਤਾਂਤ ਜੇਤੂ ਸਮਝਿਆ ਜਾਏਗਾ,ਕਿਉਂਕਿ ਉਸ ਬਿਰਤਾਂਤ ਵਿਚ ਰਾਸ਼ਟਰਵਾਦ ਦੇ ਵੀ ਰੰਗ ਹੋਣਗੇ ਅਤੇ  ਉਸ ਵਿਚ "ਝੂਠ ਵਰਗੇ ਸੱਚ" ਦੀਆਂ ਦਲੀਲਾਂ ਦੀ ਭਰਮਾਰ ਵੀ ਹੋਵੇਗੀ। ਉੱਘੀ ਸ਼ਾਇਰਾ ਪਰਵੀਨ ਸ਼ਾਕਿਰ ਦਾ ਇਹ ਤਨਜ਼ੀਆ ਸ਼ੇਅਰ ਇਸ ਬਿਰਤਾਂਤ ਤੇ ਪੂਰੀ ਤਰ੍ਹਾਂ ਢੁੱਕਦਾ ਹੈ ਕਿ ਮੈਂ ਸੱਚ ਬੋਲਾਂਗੀ ਤੇ ਹਾਰ ਜਾਵਾਂਗੀ,ਉਹ ਝੂਠ ਬੋਲੇਗਾ ਤੇ ਲਾ ਜਵਾਬ ਕਰ ਦਏਗਾ।"ਤੁਸੀਂ ਪੁੱਛੋਗੇ ਕਿ ਸਿੱਖ ਬਿਰਤਾਂਤ ਤੇ ਖੱਬੇ ਪੱਖੀ ਬਰਤਾਂਤ ਵਿੱਚ ਬੁਨਿਆਦੀ ਫ਼ਰਕ ਕੀ  ਹੈ? ਦੋਵਾਂ ਦੇ ਵੱਖਰੇ ਵੱਖਰੇ ਰੰਗਾਂ ਬਾਰੇ ਤੁਸੀਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋਵੋਗੇ? ਸਿੱਖ ਬਿਰਤਾਂਤ ਇਹ ਐਲਾਨ  ਕਰਦੈ ਪਈ ਕਿਸਾਨ ਮੋਰਚੇ ਵਿਚ ਹਰ ਥਾਂ  ਕਿਸੇ ਨਾ ਕਿਸੇ ਰੂਪ ਵਿੱਚ ਸਿੱਖੀ ਦੇ ਰੰਗਾਂ ਦਾ ਹੀ ਜਾਹੋ ਜਲਾਲ ਸੀ ਜਾਂ ਇਉਂ ਕਹਿ ਲਓ ਕਿ ਮੋਰਚੇ ਦੀ ਤਰਜ਼-ਏ-ਜ਼ਿੰਦਗੀ ਵਿਚ ਦੂਰ ਨੇਡ਼ੇ ਪੱਗਾਂ ਵਾਲਿਆਂ ਦਾ ਹੀ ਰਾਜ ਸੀ।ਜੇ ਇਸ ਵਿਚਾਰ ਨੂੰ ਹੋਰ ਵਿਸ਼ਾਲ ਰੂਪ ਵਿਚ ਸਮਝਣਾ ਹੋਵੇ ਤਾਂ ਇਹ "ਖ਼ਾਲਸਾ ਸੱਭਿਅਤਾ" ਦਾ ਪ੍ਰਕਾਸ਼ ਸੀ ਜਿਸ ਵਿੱਚ ਸਾਰੀਆਂ ਕੌਮਾਂ ਅਤੇ ਸਾਰੇ ਸੱਭਿਆਚਾਰ ਨਿਸ਼ਾਨ ਸਾਹਿਬ ਦੇ ਝੰਡੇ ਹੇਠ "ਆਪਣੇ ਆਪੇ" ਦੀ ਵਿਆਖਿਆ ਕਰ ਰਹੇ ਸਨ।ਰਾਕੇਸ਼ ਟਿਕੈਤ ਮੇਰਾ ਖਿਆਲ ਹੈ ਇਸ ਹਕੀਕਤ ਦਾ ਨਿਰਮਲ ਪ੍ਰਤੀਕ ਹੈ। ਹਿੰਦੂ ਪੱਤਰਕਾਰ ਦੀਪਕ ਵੀ ਇਸ ਦਾ ਪ੍ਰਤੀਕ ਬਣਦਾ ਹੈ।ਮੇਘਾਲਿਆ ਦਾ ਭਾਜਪਾ ਗਵਰਨਰ ਸੱਤਪਾਲ ਤਾਂ ਹੋਰ ਵੀ  ਅੱਗੇ ਜਾ ਕੇ ਇਹੋ ਫ਼ੈਸਲਾ ਦੇ ਰਿਹਾ ਹੈ।ਜਦੋਂ ਪ੍ਰਧਾਨਮੰਤਰੀ ਜਿੱਤ ਦਾ ਐਲਾਨ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਦੀ ਚੋਣ ਕਰਦੇ ਹਨ  ਤਾਂ ਭਲਾ ਦੱਸੋ ਉਹ ਕਿਨ੍ਹਾਂ ਲੋਕਾਂ ਨੂੰ ਅਸਲ ਵਿੱਚ ਮੁਖ਼ਾਤਬ ਹੋ ਰਹੇ ਸਨ? ਇਹੋ ਹੀ ਤਾਂ  ਹੈ ਸਿੱਖ ਬਰਤਾਂਤ। ਪਰ ਇਸ ਬਿਰਤਾਂਤ ਨੂੰ ਗੰਧਲਾ ਕਰਨ ਲਈ,ਘੱਟੇ ਕੌਡੀਆਂ ਰੋਲ ਦੇਣ ਲਈ,ਪੇਤਲਾ ਅਤੇ ਬਦਰੰਗ ਕਰਨ ਲਈ ਖੱਬੇ ਪੱਖੀ ਕਲਮਾਂ ਨੇ ਪੂਰੀ ਵਾਹ ਲਾ ਦੇਣੀ ਹੈ।ਲੇਕਿਨ ਸਿੱਖ ਬਿਰਤਾਂਤ ਦੇ ਝੰਡਾ ਬਰਦਾਰ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ,ਨਾ ਹੀ ਚੌਕਸ ਤੇ ਸਾਵਧਾਨ ਹਨ  ਜਦਕਿ ਨਿਊਯਾਰਕ ਟਾਈਮਜ਼,ਵਾਸ਼ਿੰਗਟਨ ਪੋਸਟ,ਫ੍ਰੀ ਪ੍ਰੈਸ ਜਰਨਲ, ਟਾਈਮ ਅਤੇ ਦੁਨੀਆਂ ਦੇ ਹੋਰ ਵੱਡੇ ਵੱਡੇ ਅਖ਼ਬਾਰ ਵੀ ਇਹੋ ਫ਼ੈਸਲਾ ਦੇ ਰਹੇ ਹਨ ਕਿ ਇਸ ਸੰਘਰਸ਼ ਵਿਚ ਪੰਜਾਬ ਦੀ ਰੂਹ ਕੰਮ ਕਰਦੀ ਹੈ,ਸਿੱਖ ਅਤੇ ਸਿੱਖੀ ਦੀ ਹੀ ਪਰਧਾਨ-ਸੁਰ ਹੈ।ਦੋਸਤੋ,ਇਹ ਖੱਬੇ ਪੱਖੀ ਬਿਰਤਾਂਤ ਕੀ ਹੈਇਹ ਬਹੁਤ ਸਾਰੇ ਰੰਗਾਂ ਦਾ ਮਿਸ਼ਰਣ ਹੈ। ਇਸ ਵਿੱਚ ਆਪਾ ਵਿਰੋਧੀ ਰੰਗ ਵੀ ਬਹੁਤ ਹਨ ਪਰ ਇਨ੍ਹਾਂ ਸਭਨਾਂ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਮਾਰਕਸ,ਲੈਨਿਨ ਅਤੇ ਮਾਓ ਹੀ ਹਨ। ਹਰ ਜਥੇਬੰਦੀ ਵਿਚ ਇਨ੍ਹਾਂ ਦੀ ਸੁਚੇਤ ਘੁਸਪੈਠ ਹੈ ਇਕ ਦਰਜਨ ਤੋਂ ਉੱਪਰ ਤਾਂ ਇਹ ਕਿਸਾਨ ਜਥੇਬੰਦੀਆਂ ਦੇ ਮਾਲਕ ਹੀ ਬਣੇ ਬੈਠੇ ਹਨ।ਜਥੇਬੰਦਕ ਤਾਕਤ ਵੀ ਇਨ੍ਹਾਂ ਕੋਲ ਹੀ ਹੈ।ਬਿਨਾਂ ਸ਼ੱਕ ਖੱਬੇ ਪੱਖੀ ਰੰਗ ਵਾਲੇ ਅਨੁਸ਼ਾਸਨ ਵਿਚ ਵੀ ਇਹ ਰਹਿੰਦੇ ਹਨ। ਜਦੋਂ ਉੱਭਰ ਰਹੇ ਸਿੱਖ ਬਿਰਤਾਂਤ ਨੂੰ ਬਦਨਾਮ ਕਰਨਾ ਹੋਵੇ ਜਾਂ ਨੁੱਕਰੇ ਲਾਉਣਾ ਹੋਵੇ ਤਾਂ ਭਾਰਤ ਸਰਕਾਰ ਦਾ ਇਨ੍ਹਾਂ ਨੂੰ ਬਕਾਇਦਾ ਦਿਸਦਾ ਤੇ ਅਣਦਿਸਦਾ ਥਾਪੜਾ ਮਿਲਦਾ ਹੈ।

ਤੁਹਾਨੂੰ ਚੇਤੇ ਹੋਵੇਗਾ ਕਿ 80ਵਿਆਂ ਤੇ 90ਵਿਆਂ ਦੇ ਦੌਰ ਵਿੱਚ ਜੁਝਾਰੂ ਲਹਿਰ ਦਾ ਮੁਕਾਬਲਾ ਕਰਨ ਲਈ ਭਾਰਤੀ ਸਟੇਟ ਨੇ ਬਕਾਇਦਾ ਇਨ੍ਹਾਂ ਨੂੰ ਹਥਿਆਰ ਦਿੱਤੇ ਹੋਏ ਸਨ,ਅਤੇ ਖ਼ੁਸ਼ੀ ਖ਼ੁਸ਼ੀ ਇਹ ਰਾਸ਼ਟਰਵਾਦ ਦਾ ਸੰਦ ਬਣੇ ਹੋਏ ਸਨ। ਸਭਿਆਚਾਰਕ ਮੁਹਾਜ਼ 'ਤੇ ਇਨ੍ਹਾਂ ਨੇ ਗੁਰਸ਼ਰਨ ਸਿੰਘ "ਭਾਅ ਜੀ" ਨੂੰ ਅੱਗੇ ਲਾ ਰਖਿਆ ਸੀ ਜਿਸ ਨੂੰ ਸਰਕਾਰ ਨੇ ਦੂਰਦਰਸ਼ਨ ਸਮੇਤ ਆਪਣਾ infrastructure ਇਨ੍ਹਾਂ ਨੂੰ ਸੌਂਪ ਦਿੱਤਾ ਸੀ।ਅਜੇ ਵੀ "ਨੀਤ ਤੇ ਨੀਤੀ" ਵਿੱਚ ਇਨ੍ਹਾਂ ਅੰਦਰ ਕੋਈ ਦਿੱਸਣਯੋਗ ਤਬਦੀਲੀ ਨਹੀਂ। ਵਿੱਦਿਅਕ ਸੰਸਥਾਵਾਂ ਵਿੱਚ ਇਹ ਅਜੇ ਵੀ ਭਾਰੂ ਹਨ ਅਤੇ ਕਲਮਾਂ ਵਾਲੇ ਵੀ ਵਿੰਗੇ ਟੇਢੇ ਇਨ੍ਹਾਂ ਦੇ ਹੱਕ ਵਿੱਚ ਹੀ ਭੁਗਤਦੇ ਰਹਿੰਦੇ ਹਨ। ਲੇਖਕਾਂ ਦੀਆਂ ਦੋ ਉੱਘੀਆਂ ਜਥੇਬੰਦੀਆਂ ਵਿਚ ਵੀ ਇਹੋ ਤੁਰਦੇ ਫਿਰਦੇ ਨਜ਼ਰ ਆਉਂਦੇ ਹਨ। ਹਰ ਸਾਲ ਅਕਤੂਬਰ ਦੇ ਮਹੀਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਇਹ ਖੱਬੇ ਪੱਖੀ ਭਰਾ  "ਕਲਚਰਲ  ਗਲਵੱਕੜੀਆਂ" ਪਾ ਕੇ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਹਨ। ਗ਼ਦਰ ਪਾਰਟੀ ਲਹਿਰ ਨੂੰ ਖੱਬੇ ਪੱਖੀ ਬਿਰਤਾਂਤ ਦਾ ਰੰਗ ਦੇਣ ਵਿੱਚ ਵੀ ਇਨ੍ਹਾਂ ਦਾ ਵੱਡਾ ਹਿੱਸਾ ਹੈ,ਪਰ ਹਾਲ ਵਿੱਚ ਹੀ ਰਾਜਵਿੰਦਰ ਸਿੰਘ ਰਾਹੀ ਅਤੇ ਅਜਮੇਰ ਸਿੰਘ ਨੇ ਆਪਣੀਆਂ ਕਲਮਾਂ ਰਾਹੀਂ ਇਨ੍ਹਾਂ ਨੂੰ ਵੱਡੀ ਸਿਧਾਂਤਕ ਟੱਕਰ ਦਿੱਤੀ ਹੈ।ਪਰ ਅਜੇ ਵੀ ਇਨ੍ਹਾਂ ਦੇ ਪੈਰ ਜੰਮੇ ਹੋਏ ਹਨ। ਕਦੇ ਇਨਾਂ ਦੇ ਦੂਰ ਰਹਿ ਕੇ ਅਤੇ ਕਦੇ ਨੇੜੇ ਰਹਿ ਕੇ ਸਾਊ,ਭਲੇਮਾਣਸ ਅਤੇ ਨਿਮਰ ਸਮਝੇ ਜਾਣ ਵਾਲੇ ਉਘੇ ਸ਼ਾਇਰ ਸੁਰਜੀਤ ਪਾਤਰ ਨੂੰ ਕੈਬਨਿਟ ਮੈਂਬਰ ਵਜੋਂ ਨਿਵਾਜਿਆ ਜਾ ਚੁੱਕਾ ਹੈ।    ਇਹ ਵੀ ਹੈਰਾਨੀ ਵਾਲਾ ਨੁਕਤਾ ਹੈ ਕਿ ਬਾਕੀ ਰਾਜਾਂ ਦੇ ਗੰਭੀਰ ਕਾਮਰੇਡ ਚਿੰਤਕ ਆਪਣੇ ਆਪਣੇ ਕਲਚਰ ਨਾਲ ਜੁੜ ਕੇ ਰਾਜਨੀਤੀ ਦੀ ਵਿਆਖਿਆ ਕਰਦੇ ਹਨ, ਪਰ ਪੰਜਾਬ ਦੇ ਕਾਮਰੇਡਾਂ ਨੂੰ ਇਹ ਵੱਡੀ ਮਾਰ  ਵਗੀ ਹੋਈ ਹੈ ਕਿ ਉਨ੍ਹਾਂ ਦੀ  ਸਾਰੀ ਰਾਜਨੀਤਕ ਤੇ ਕਲਚਰਲ ਸਮਝ ਇਸੇ ਗੱਲ ਵਿੱਚ ਹੈ ਕਿ ਸਿੱਖੀ ਨਾਲ ਵੈਰ ਕਿਵੇਂ ਕਮਾਉਣਾ ਹੈ।ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਸ਼ਾਇਦ ਕੇਰਲਾ ਦੇ ਕਾਮਰੇਡਾਂ ਨੇ ਹੀ ਪੰਜਾਬ ਦੇ ਕਾਮਰੇਡਾਂ ਨੂੰ ਕਾਫੀ ਲਾਹਨਤਾਂ ਪਾਈਆਂ ਤੇ ਸ਼ਰਮਸਾਰ ਕਰਦੇ ਹੋਏ ਸਵਾਲ ਕੀਤਾ ਕਿ ਭਾਰਤੀ ਸਟੇਟ ਦੇ ਖ਼ਿਲਾਫ਼ ਲੜ ਰਹੀ ਜੁਝਾਰੂ ਲਹਿਰ ਦਾ ਤੁਸੀਂ ਅਕਸਰ ਵਿਰੋਧ ਕਿਉਂ ਕਰਦੇ ਹੋ?ਪਰ ਇਨ੍ਹਾਂ ਕੋਲ ਕੋਈ ਠੋਸ ਜਵਾਬ ਨਹੀਂ  ਸੀ।  ਚਲੋ ਛੱਡੋ ਹੁਣ ਇਨ੍ਹਾਂ ਗੱਲਾਂ ਨੂੰ। ਹੁਣ ਵੱਡਾ ਸਵਾਲ ਇਹ ਹੈ ਕਿ ਸਿੱਖ ਬਰਤਾਂਤ ਨੇ ਖੱਬੇ ਪੱਖੀ ਬਿਰਤਾਂਤ ਅਤੇ ਇਸਦੇ ਸੰਭਾਵੀ ਤੇ ਪੁੱਠੇ ਸਿੱਧੇ ਸਰਗਰਮ ਸਹਾਇਕ "ਰਾਸ਼ਟਰਵਾਦੀ-ਬਿਰਤਾਂਤ" ਨਾਲ ਮੁਕਾਬਲਾ ਕਿਵੇਂ ਕਰਨਾ ਹੈ।  ਕਿਸਾਨ ਮੋਰਚਾ ਇੱਕ ਵੱਡਾ ਸਮੁੰਦਰ ਸੀ ਜਿਸ ਵਿੱਚ ਟੁੱਭੀ ਮਾਰਿਆਂ ਅਣਗਿਣਤ ਹੀਰੇ ਮੋਤੀ ਮਿਲਣਗੇ।ਅਨੇਕਾਂ ਕਹਾਣੀਆਂ ਲਿਖੀਆਂ ਜਾਣਗੀਆਂ, ਨਾਵਲ ਜਨਮ ਲੈਣਗੇ, ਵੱਡੀਆਂ ਰਚਨਾਵਾਂ ਸਨ  ਸਾਹਮਣੇ ਆਉਣੀਆਂ ਹੀ ਆਉਣੀਆਂ ਹਨ। ਕਵਿਤਾਵਾਂ ਵਜੂਦ ਵਿਚ ਆਉਣਗੀਆਂ। ਹਾਲ ਵਿਚ ਹੀ ਕੰਵਲ ਗਰੇਵਾਲ ਤੇ ਹਰਫ਼ ਚੀਮਾ ਦਾ ਇੱਕ ਸਾਂਝਾ ਗੀਤ ਸੋਸ਼ਲ ਮੀਡੀਆ ਤੇ  ਖੂਬ ਵਾਇਰਲ ਹੋ ਰਿਹਾ ਹੈ ਜਿਸ ਦੀਆਂ ਕੁਝ ਸਤਰਾਂ ਧਿਆਨ ਨਾਲ  ਪੜ੍ਹੋ:

 ਝੁਕਣੇ ਨਹੀਂ ਦੇਂਦੀ ਸਾਨੂੰ ਤਾਕਤ ਉਹ ਕਿਹੜੀ ਹੈ?

 ਚੇਤੇ,ਅਸੀਂ ਕੀਹਦੀ ਹਾਂ ਔਲਾਦ ਰੱਖਿਓ। ਜਦੋਂ ਮੁੜੋਗੇ ਪੰਜਾਬ ਨੂੰ 

ਇਕੱਲੀ ਇਕੱਲੀ ਗੱਲ ਨੂੰ ਯਾਦ ਰੱਖਿਓ। ਇਹ ਕੀ ਹੈ?ਇਹੋ ਹੀ ਤਾਂ ਸਿੱਖ-ਬਿਰਤਾਂਤ ਹੈ। ਇਹੋ ਸਿੱਖ-ਯਾਦ ਹੈ,ਇਹੋ ਸਾਂਝਾ-ਸਬਕ   ਹੈ।ਇਸੇ ਬਿਰਤਾਂਤ ਦੇ ਵੰਨ ਸੁਵੰਨੇ ਫੁੱਲ ਅਸਾਂ ਖਿੜਾਉਣੇ ਹਨ।ਸਾਰੇ ਤਰਕ, ਦਲੀਲਾਂ,ਸਾਰੇ ਅਨੁਭਵ ਅਤੇ ਤਜਰਬੇ ਇਸੇ ਬਿਰਤਾਂਤ ਦੀ ਝੋਲੀ ਵਿੱਚ ਪਾਉਣ ਲਈ ਸਾਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਹ ਠੀਕ ਹੈ ਕਿ ਅਗਲੇ ਸੰਘਰਸ਼ ਖੇਤੀ ਬਾਰੇ ਨਵੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮ ਲਾਗੂ ਕਰਨ ਲਈ ਲੜੇ ਜਾਣਗੇ ਪਰ ਮੀਂਹ,ਹਨੇਰੀਆਂ,ਝੱਖੜਾਂ ਕੱਕਰਾਂਵਾਲੀਆਂ ਰਾਤਾਂ ਅਤੇ ਸਿਖਰ ਦੁਪਹਿਰਾਂ ਵਿੱਚ ਕੱਟੇ ਦਿਨ ਤੇ ਰਾਤਾਂ ਦੀਆਂ ਯਾਦਾਂ ਨੂੰ ਅਸੀਂ ਸਿੱਖ ਬਿਰਤਾਂਤ ਵਿਚ ਕਿਵੇਂ ਪਲਟਣਾ ਹੈ,ਕਿਵੇਂ ਬਦਲਣਾ ਹੈ-ਇਹ ਉਨ੍ਹਾਂ ਸਭ ਵੀਰਾਂ ਭੈਣਾਂ ਅੱਗੇ ਵੱਡੀ ਚੁਣੌਤੀ ਤੇ ਜ਼ਿੰਮੇਵਾਰੀ ਹੈ ਜੋ ਸੋਸ਼ਲ ਮੀਡੀਆ ਤੇ  ਅਕਸਰ ਹੀ ਸਿੱਖ ਦਰਦ ਨੂੰ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਸਾਂਝਾ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ 26ਜਨਵਰੀ ਦਾ ਸਿੱਖ ਬਿਰਤਾਂਤ ਸਿਰਜਣ ਲਈ ਵੀ ਸਾਨੂੰ ਵੱਡੀਆਂ,ਪੁਖ਼ਤਾ ਤੇ ਦਰਦਮੰਦਾਂ ਦੀਆਂ ਕਲਮਾਂ ਦੀ ਉਡੀਕ ਰਹੇਗੀ। ਸਾਡੀਆਂ ਉਡੀਕਾਂ ਨੇ ਅਜੇ ਦਮ ਨਹੀਂ ਤੋੜਿਆ।