ਜਲੰਧਰ ਲੋਕ ਸਭਾ ਦੀ ਉਪ ਚੋਣ ਦਾ ਭਾਰਤੀ ਤੇ ਪੰਜਾਬ ਦੀ ਰਾਜਨੀਤੀ ਉਪਰ ਪਵੇਗਾ ਡੂੰਘਾ ਪ੍ਰਭਾਵ

ਜਲੰਧਰ ਲੋਕ ਸਭਾ ਦੀ ਉਪ ਚੋਣ ਦਾ ਭਾਰਤੀ ਤੇ ਪੰਜਾਬ ਦੀ ਰਾਜਨੀਤੀ ਉਪਰ ਪਵੇਗਾ ਡੂੰਘਾ ਪ੍ਰਭਾਵ

ਜਲੰਧਰ ਲੋਕ ਸਭਾ ਦੀ ਉਪ-ਚੋਣ ਪੰਜਾਬ 'ਤੇ ਹੀ ਨਹੀਂ...

ਸਗੋਂ ਉੱਤਰ ਭਾਰਤ ਦੀ ਭਵਿੱਖ ਦੀ ਰਾਜਨੀਤੀ 'ਤੇ ਵੀ ਪ੍ਰਭਾਵ ਪਾਵੇਗੀ ਤੇ ਇਸ ਦੇ ਨਾਲ ਹੀ ਕਰਨਾਟਕ ਵਿਧਾਨ ਸਭਾ ਦੀ ਚੋਣ ਦਾ ਨਤੀਜਾ ਵੀ ਦੇਸ਼ ਦੀ ਰਾਜਨੀਤੀ ਵਿਚ ਡੂੰਘਾ ਅਸਰ ਛਡੇਗਾ।ਜੇਕਰ ਜਲੰਧਰ ਲੋਕ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਹਾਰਦੀ ਹੈ ਤਾਂ ਇਹ ਉਸ ਦੀ ਪੰਜਾਬ ਵਿਧਾਨ ਸਭਾ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਲਗਾਤਾਰ ਦੂਸਰੀ ਵੱਡੀ ਹਾਰ ਹੋਵੇਗੀ। ਸੰਗਰੂਰ ਲੋਕ ਸਭਾ ਦੀ ਉਪ-ਚੋਣ ਦੀ ਹਾਰ ਭਾਵੇਂ ਜਲੰਧਰ ਨਾਲੋਂ ਇਸ ਲਈ ਵੱਧ ਮਹੱਤਵਪੂਰਨ ਰੱਖਦੀ ਸੀ ਕਿ ਉਹ ਇਲਾਕਾ ਆਪ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਸੀ। ਪਰ ਉਹ ਹਾਰ ਪੰਜਾਬ ਅਤੇ ਉੱਤਰ ਭਾਰਤ ਵਿਚ ਖਾਸ ਮਹੱਤਵ ਨਹੀਂ ਰੱਖਦੀ ਸੀ,ਕਿਉਂਕਿ ਉਸ ਤੋਂ ਫੋਰਨ ਬਾਅਦ ਭਾਰਤ ਵਿਚ ਆਮ ਚੋਣਾਂ ਨਹੀਂ ਸਨ। ਜੇ 'ਆਪ' ਜਲੰਧਰ ਚੋਣ ਵੀ ਹਾਰ ਜਾਂਦੀ ਹੈ ਤਾਂ ਇਹ ਪਾਰਟੀ ਨੂੰ ਲਗਭਗ ਪੂਰੇ ਉੱਤਰ ਭਾਰਤ ਵਿਚ ਨੁਕਸਾਨ ਪਹੁੰਚਾਏਗੀ। ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿਚ ਉਸਦਾ ਰਾਜਨੀਤਕ ਆਧਾਰ ਖਿਸਕਣ ਦੀ ਸੰਭਾਵਨਾ ਬਣ ਸਕਦੀ ਹੈ।ਜਦੋਂ ਕਿ ਆਪ ਪਾਰਟੀ ਦੀ ਇਸ ਚੋਣ ਵਿਚ ਜਿੱਤ 2024 ਦੀਆਂ ਆਮ ਚੋਣਾਂ ਵਿਚ ਉਸ ਲਈ ਸਫਲਤਾ ਦੇ ਕਈ ਨਵੇਂ ਦਿਸਹੱਦੇ ਖੋਲ੍ਹ ਸਕਦੀ ਹੈ। ਪੰਜਾਬ ਦੇ ਮਾਹਿਰਾਂ ਦੇ ਅੰਦਾਜ਼ੇ ਹਨ ਕਿ ਕਾਂਗਰਸ ਸਭ ਪਾਰਟੀਆਂ ਉਪਰ ਭਾਰੂ ਹੈ। ਜੇ ਇਸ ਚੋਣ ਵਿਚ ਕਾਂਗਰਸ ਹਾਰਦੀ ਹੈ ਤਾਂ ਉਸ ਦਾ ਰਾਜਨੀਤਕ ਆਧਾਰ ਹੋਰ ਖੁਰੇਗਾ। ਜੇਕਰ ਉਹ ਇਹ ਚੋਣ ਜਿੱਤਦੀ ਹੈ ਤਾਂ ਉਸ ਲਈ ਇਹ ਸੀਟ ਆਪਣੀ ਪਹਿਲਾਂ ਜਿੱਤੀ ਹੋਈ ਸੀਟ ਦੁਬਾਰਾ ਜਿੱਤਣ ਜਿੰਨੀ ਗੱਲ ਤੱਕ ਸੀਮਤ ਨਹੀਂ ਹੋਵੇਗੀ। ਸਗੋਂ ਇਹ 2024 ਦੀਆਂ ਆਮ ਚੋਣਾਂ ਵਿਚ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਤੇ ਰਾਜਸਥਾਨ ਆਦਿ ਰਾਜਾਂ ਵਿਚ ਚੰਗੇ ਚੋਣ ਨਤੀਜਿਆਂ ਵਾਸਤੇ ਉਤਸ਼ਾਹ ਪੈਦਾ ਕਰੇਗੀ। ਜੇਕਰ ਇਸ ਚੋਣ ਵਿਚ ਅਕਾਲੀ ਦਲ ਵਿਧਾਨ ਸਭਾ ਚੋਣਾਂ ਨਾਲੋਂ ਚੰਗੀ ਕਾਰਗੁਜ਼ਾਰੀ ਦਿਖਾਉਂਦਾ ਹੈ ਤਾਂ ਇਹ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਬਾਦਲਕਿਆਂ ਲਈ ਇਕ ਵੱਡਾ ਹੁਲਾਰਾ ਹੋਵੇਗਾ। ਪਰ ਇਸ ਦੀ ਸੰਭਾਵਨਾ ਬਹੁਤ ਘਟ ਦਿਖਾਈ ਦੇ ਰਹੀ ਹੈ। ਸਿਆਸੀ ਮਾਹਿਰਾਂ ਅਨੁਸਾਰ ਜੇ ਅਕਾਲੀ ਦਲ ਇਸ ਚੋਣ ਵਿਚ ਬਹੁਤ ਪਛੜ ਗਿਆ ਤਾਂ ਫਿਰ ਉਸ ਦਾ 2024 ਦੀਆਂ ਆਮ ਚੋਣਾਂ ਵਿਚ ਵੀ ਹਾਸ਼ੀਏ 'ਤੇ ਚਲਾ ਜਾਣਾ ਤੈਅ ਹੈ। ਭਾਜਪਾ ਨੇ ਵੀ ਇਸ ਵਾਰ ਜਲੰਧਰ ਲੋਕ ਸਭਾ ਦੀ ਉਪ-ਚੋਣ ਵਿਚ ਪੂਰਾ ਜ਼ੋਰ ਲਾਇਆ ਹੋਇਆ ਹੈ ।ਭਾਜਪਾ ਭਾਵੇਂ ਇਹ ਚੋਣ ਜਿੱਤੇ ਜਾਂ ਨਾ ਪਰ ਜੇ ਉਹ ਦੂਸਰੇ, ਤੀਸਰੇ ਨੰਬਰ 'ਤੇ ਵੀ ਆ ਜਾਂਦੀ ਹੈ ਤਾਂ ਉਹ 2024 ਦੀਆਂ ਆਮ ਚੋਣਾਂ ਵਿਚ ਪੰਜਾਬ ਵਿਚ ਇਕ ਵੱਡੀ ਧਿਰ ਵਜੋਂ ਉੱਭਰਨ ਦੀ ਸੰਭਾਵਨਾ ਬਣ ਜਾਵੇਗੀ। ਤੇ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਆਪਣੇ ਬਲਬੂਤੇ ਹੀ ਲੜਨ ਦੀਆਂ ਤਿਆਰੀਆਂ ਕਰੇਗੀ। ਪਰ ਜੇਕਰ ਇਸ ਚੋਣ ਵਿਚ ਭਾਜਪਾ ਚੌਥੇ ਨੰਬਰ 'ਤੇ ਹੀ ਰਹਿ ਗਈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਭਾਜਪਾ ਅਕਾਲੀ ਦਲ ਪ੍ਰਤੀ ਆਪਣੀ ਮੌਜੂਦਾ ਨੀਤੀ ਵਿਚ ਬਦਲ ਕਰਨ ਲਈ ਸੋਚਣ 'ਤੇ ਮਜਬੂਰ ਹੋਵੇ।

ਜਿਥੋਂ ਤੱਕ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਦਾ ਅਸਰ ਹੈ ਤਾਂ ਉਹ ਅਸਰ ਦੇਸ਼ ਵਿਆਪੀ ਹੋਵੇਗਾ। ਕਿਉਂਕਿ ਇਸ ਵੇਲੇ ਭਾਜਪਾ ਵਿਰੋਧੀ ਦਲਾਂ ਵਿਚ ਗੱਠਜੋੜ ਦੀ ਮੁਹਿੰਮ ਚੱਲ ਰਹੀ ਹੈ। ਜੇਕਰ ਕਰਨਾਟਕ ਵਿਧਾਨ ਸਭਾ ਚੋਣ ਕਾਂਗਰਸ ਜਿੱਤਦੀ ਹੈ ਤੇ ਜਿੱਤ ਤੋਂ ਬਾਅਦ ਭਾਜਪਾ ਦਾ ਮੁਕਾਬਲਾ ਕਰਦੇ ਹੋਏ ਸਰਕਾਰ ਵੀ ਬਣਾ ਲੈਂਦੀ ਹੈ ਤਾਂ ਭਾਜਪਾ ਵਿਰੋਧੀ ਗੱਠਜੋੜ ਦੀ ਅਗਵਾਈ ਕਾਂਗਰਸ ਨੂੰ ਸੌਖਿਆਂ ਹੀ ਮਿਲ ਜਾਵੇਗੀ।