ਬਾਦਲ ਦਲ ਦੀ ਰਾਜਨੀਤੀ ਤੋਂ ਖਾਲਸਾ ਪੰਥ ਦੀ ਨਿਰਾਸ਼ਤਾ ਤੇ ਸੁਖਬੀਰ ਬਾਦਲ ਦਾ ਸਿਆਸੀ ਭਵਿੱਖ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਬੀਤੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋ ਗਈ ਸੀ।...
ਰਾਜਨੀਤਕ ਅਤੇ ਸਰੀਰਕ ਤੌਰ ਤੇ ਸਭ ਤੋਂ ਲੰਬੀ ਉਮਰ ਭੋਗਣ ਵਾਲੇ ਵੱਡੇ ਬਾਦਲ ਨੇ ਪਿਛਲੇ ਦਿਨੀ ਆਖਰੀ ਸਾਹ ਲਏ।ਪ੍ਰਕਾਸ਼ ਸਿੰਘ ਬਾਦਲ ਉਹ ਸ਼ਖਸ਼ ਸੀ , ਜਿਸ ਨੇ ਸਿਧਾਂਤਕ ਤੇ ਪੰਥਕ ਪਖੀ ਸਿੱਖ ਰਾਜਨੀਤੀ ਦਾ ਅੰਤ ਕਰਕੇ ਆਪਣੀ ਰਾਜਨੀਤੀ ਨੂੰ ਭਿ੍ਸ਼ਟ ਸਭਿਆਚਾਰ ਵਾਲੀ ਰਾਜਨੀਤੀ ਵੱਜੋਂ ਸਿਰਜਿਆ ਅਤੇ ਚਾਪਲੂਸ ਕਿਸਮ ਦੇ ਲੋਕਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਸ੍ਰੋਮਣੀ ਅਕਾਲੀ ਦਲ ਦਾ ਵਿਕਾਸ ਰੋਕਿਆ। ਸਿੱਖਾਂ ਪੰਥ ਦੀਆਂ ਵੱਡੀਆਂ ਪੰਥਕ ਸੰਸਥਾਵਾਂ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਆਪਣੀ ਮਨਮਰਜ਼ੀ ਤੇ ਨਿੱਜੀ ਸਿਆਸਤ ਅਧੀਨ ਚਲਾਇਆ। ਸਿੱਖ ਰਾਜਨੀਤੀ ਨੂੰ ਉਸ ਨੇ ਸੰਘਰਸ਼ ਦੀ ਰਾਜਨੀਤੀ ਤੋਂ ਧੰਦੇ ਤੇ ਸੱਤਾ ਦੀ ਲਾਲਸਾ ਵਾਲੀ ਰਾਜਨੀਤੀ ਬਣਾ ਦਿੱਤਾ। ਉਸਦੀ ਰਾਜਨੀਤੀ ਦਾ ਆਧਾਰ ਕਟੜ ਹਿੰਦੂ ਵੋਟ ਬੈਂਕ ਤੇ ਸਿੱਖ ਵਿਰੋਧੀ ਡੇਰਿਆਂ ਦੀ ਭੀੜ ਰਹੀ ਹੈ। ਮਨੁੱਖੀ ਅਧਿਕਾਰਾਂ ਤੇ ਸਿਖ ਨੌਜਵਾਨਾਂ ਦੇ ਘਾਣ ਕਰਨ ਦੇ ਦੋਸ਼ੀ ਸੁਮੇਧ ਸੈਣੀ ਅਤੇ ਇਜਹਾਰ ਆਲਮ ਵਰਗੇ ਕਥਿਤ ਭਿ੍ਸ਼ਟ ਪੁਲਿਸ ਅਫਸਰ ਬਾਦਲ ਦੀ ਸਤਾ ਦੌਰਾਨ ਉਸਦੀ ਮਿਹਰ ਦਾ ਪਾਤਰ ਬਣੇ ਰਹੇ ਤੇ ਉਸਦੇ ਰਾਜ ਵਿਚ ਤਰੱਕੀਆਂ ਮਾਣਦੇ ਰਹੇ।ਬਾਦਲ ਦੇ ਰਾਜ ਦੌਰਾਨ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਕੋਟਕਪੂਰਾ ਵਿਚ ਗੋਲੀ ਚਲੀ।ਸੌਦਾ ਸਾਧ ਨਾਲ ਸਾਂਝ ਨਿਭਾਈ ਗਈ।
ਪ੍ਰਕਾਸ਼ ਸਿੰਘ ਬਾਦਲ ਦੀਆਂ ਇਨ੍ਹਾਂ ਨਿੱਜੀ ਗਿਣਤੀਆਂ ਮਿਣਤੀਆਂ ਕਾਰਨ ਹੀ ਪੰਜਾਬ ਵਿੱਚ ਭਾਜਪਾ ਤੇ ਆਪ ਪਾਰਟੀ ਦੇ ਪੈਰ ਵੱਡੀ ਪੱਧਰ ਉਪਰ ਲੱਗੇ ਅਤੇ ਅਕਾਲੀ ਦਲ ਖਾਤਮੇ ਵਲ ਵਧ ਗਿਆ ਤੇ ਭਾਜਪਾ ਨਾਲ ਗੱਠਜੋੜ ਵੀ ਟੁਟ ਗਿਆ।ਬੇਸ਼ੱਕ ਪਰਕਾਸ਼ ਸਿੰਘ ਬਾਦਲ ਅੱਜ ਇਸ ਦੁਨੀਆਂ ਵਿੱਚ ਨਹੀ ਪਰ ਉਹ ਆਪਣੀ ਰਾਜਨੀਤੀ ਦੇ ਹੋ ਰਹੇ ਅੰਤ ਨੂੰ ਆਪਣੀਆਂ ਅੱਖਾਂ ਨਾਲ ਦੇਖਕੇ ਗਏ ਹਨ।
ਕਿਸੇ ਵੇਲੇ ਬਾਦਲ ਪਰਿਵਾਰ ਪ੍ਰਸਤਾਂ ਨੇ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਤੁਲਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ ਸੀ।ਪਰ ਮਹਾਰਾਜਾ ਰਣਜੀਤ ਸਿੰਘ ਦੇ ਵੈਲਫੇਅਰ ਸਟੇਟ ਦਾ ਜਮਹੂਰੀਅਤ ਰਾਜਨੀਤੀ ਜਾਂ ਉਸ ਸਮੇਂ ਦੇ ਸ਼ਾਸ਼ਕਾਂ ਨਾਲ ਮੁਕਾਬਲਾ ਨਹੀਂ ਹੋ ਸਕਦਾ।ਇਹੋ ਜਿਹੇ ਲੋਕਾਂ ਵਲੋਂ ਸ਼ੇਰੇ ਪੰਜਾਬ ਵਰਗੇ ਨਿਆਂ ਪਖੀ ਰਾਜ ਨਾਲ ਅਜੋਕੀ ਤਾਨਸ਼ਾਹੀ ਤੇ ਭਿ੍ਸ਼ਟ ,ਅਨਿਆਂ ਪਖੀ ਰਾਜ ਦੀ ਤੁਲਨਾ ਕਰਨੀ ਸੂਰਜ ਨੂੰ ਸ਼ੀਸ਼ਾ ਦਿਖਾਉਣ ਵਾਲੀ ਗੱਲ ਹੈ। ਪੰਜਾਬ ਨੇ ਸ਼ੇਰੇ ਪੰਜਾਬ ਕਾਰਣ ਸੁਤੰਤਰ ਰਾਜ ਕੀਤਾ ਤੇ ਮਾਣਿਆ ਹੈ।ਉਸਦੇ ਪ੍ਰਭਾਵ ਕਾਰਣ ਪੰਜਾਬੀ ਕੌਮ ਦੀ ਰਚਨਾ ਹੋਈ ਸੀ।ਸ਼ੇਰੇ ਪੰਜਾਬ ਦੇ ਰਾਜ ਦੌਰਾਨ ਪੰਜਾਬ ਨੇ ਯੂਰਪ ਤੋਂ ਵਧ ਵਿਕਾਸ ਕੀਤਾ।ਸ਼ੇਰੇ ਪੰਜਾਬ ਦੇ ਰਾਜ ਦੀ ਕਰੰਸੀ ਦਾ ਮੁਲ ਯੂਰਪ ਦੀ ਕਰੰਸੀ ਤੋਂ ਵਧੀਕ ਸੀ।ਹੈਰਾਨੀ ਦੀ ਗਲ ਹੈ ਕਿ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ ਤੇ ਉਸ ਦੀ ਮੜੀ ਨੇ ਦਸ ਸਾਲ ਹੋਰ ।ਪਰ ਪ੍ਰਕਾਸ਼ ਸਿੰਘ ਬਾਦਲ ਆਪਣੀ ਮੌਤ ਤੋਂ ਦਸ ਸਾਲ ਪਹਿਲਾਂ ਆਪਣਾ ਰਾਜ ਖਤਮ ਕਰ ਬੈਠਾ ਤੇ ਆਪਣੇ ਸਿਖ ਭਾਈਚਾਰੇ ਤੋਂ ਭਰੋਸਾ ਗੁਆ ਬੈਠਾ।ਪਰ ਹੁਣ ਸ਼ੇਰੇ ਪੰਜਾਬ ਵਾਂਗ ਵੱਡੇ ਬਾਦਲ ਦੀ ਮੜੀ ਦੇ ਰਾਜ ਕਰਨ ਦੀ ਸੰਭਾਵਨਾ ਨਹੀਂ।ਬਾਦਲ ਦੇ ਰਾਜ ਦੌਰਾਨ ਨਸ਼ਿਆਂ ਦੀ ਸ਼ੁਰੂਆਤ ਹੋਈ,ਗੈਂਗਸਟਰਾਂ ਦਾ ਜਨਮ ਬਾਦਲਕਿਆਂ ਦੀ ਰਾਜਨੀਤੀ ਦੁਆਰਾ ਹੋਇਆ।ਬਾਦਲਾਂ ਦਾ ਖਜਾਨਾ ਦਿਨੋਂ ਦਿਨ ਭਰਪੂਰ ਹੋਇਆ ਪਰ ਪੰਜਾਬ ਕਰਜ਼ਾਈ ਹੋ ਗਿਆ।
ਕਹਿੰਦੇ ਹਨ ਬਾਦਲ ਰਾਜਨੀਤੀ ਵਿਚ ਮਾਹਿਰ ਤੇ ਸਿਆਣਾ ਸੀ।ਜੇ ਉਹ ਨਿਜੀ ਹਿਤ ਤੇ ਪਰਿਵਾਰਵਾਦ ਦੀ ਥਾਂ ਪੰਜਾਬ ਤੇ ਪੰਥ ਨੂੰ ਸਮਰਪਿਤ ਹੋਇਆ ਹੁੰਦਾ ,ਫੈਡਰਲ ਢਾਂਚੇ ਦੇ ਸੋਮੈ ਅਨੰਦਪੁਰ ਮਤੇ ਦਾ ਘਾਣ ਨਾ ਕਰਦਾ , ਉਸ ਦੀ ਮੜੀ ਸਦੀਆਂ ਤਕ ਰਾਜ ਕਰਦੀ ਪੰਥ ਤੇ ਪੰਜਾਬ ਦੇ ਹੌਸਲੇ ਬੁਲੰਦ ਰਹਿੰਦੇ। ਇਸ ਸਮੇਂ ਸਿਖ ਲੀਡਰਸ਼ਿੱਪ ਵਿਚ ਅਨੇਕਾਂ ਧੜੇ ਹਨ ਤੇ ਖਿਚੋਤਾਣ ਵੀ ਬਹੁਤ ਹੈ।ਪਰ ਕੋਈ ਵੀ ਨਵਾਂ ਅਕਾਲੀ ਦਲ ਸਿਰਜਣ ਦੇ ਸਮਰੱਥ ਨਹੀਂ ਹੈ।ਸੰਗਤ ਨੂੰ ਵਿਸ਼ਵਾਸ ਨਹੀਂ ਕਿ ਬਾਦਲ ਵਿਰੋਧੀ ਇਹ ਲੀਡਰਸ਼ਿਪ ਬਾਦਲ ਪਰਿਵਾਰ ਤੋਂ ਚੰਗੀ ਹੋਵੇਗੀ।ਨਾਰੇਬਾਜ਼ੀ ਦੀ ਸਿਖ ਸਿਆਸਤ ਦਾ ਪੰਜਾਬ ਵਿਚ ਕੋਈ ਸਕੋਪ ਨਹੀਂ। ਬਾਦਲ ਅਕਾਲੀ ਦਲ ਬਾਦਲ ਪਰਿਵਾਰ ਬਿਨਾਂ ਨਹੀਂ ਚਲ ਸਕੇਗਾ ਪਰ ਉਸਦਾ ਭਵਿਖ ਨਹੀਂ ਹੈ।ਕਿਉਂਕਿ ਸੁਖਬੀਰ ਬਾਦਲ ਕੋਲ ਰਾਜਨੀਤਕ ਗੰਭੀਰ ਸੋਝੀ ਨਹੀਂ । ਸੁਖਬੀਰ ਦੂਆਲੇ ਜਿਹਨਾਂ ਚਾਪਲੂਸ ਲੀਡਰਾਂ ਦਾ ਘੇਰਾ ਤੇ ਚਕਰਵਿਊ ਹੈ, ਉਹ ਪੰਜਾਬ ਪੰਥ ਦੀ ਮਾਨਸਿਕਤਾ ਨਹੀਂ ਪਛਾਣਦੇ।ਨਾ ਹੀ ਉਹਨਾਂ ਦੀ ਰੂਹ ਵਿਚ ਪੰਜਾਬ ਵਸਦਾ ਹੈ। ਪੰਥ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਲਕੜਬਘਿਆਂ ਵਾਂਗ ਸਤਾ ਨੂੰ ਚੂਸਣਾ ਚਾਹੁੰਦੇ ਹਨ।ਪਰ ਸਤਾ ਉਹਨਾਂ ਤੋਂ ਅੰਬਰ ਤੋਂ ਵੀ ਦੂਰ ਹੈ।ਜੇ ਸੁਖਬੀਰ ਬਾਦਲ ਨੇ ਪੰਜਾਬ ਤੇ ਅਕਾਲੀ ਦਲ ਬਚਾਉਣਾ ਹੈ ਤਾਂ ਉਸਨੂੰ ਰਾਜਨੀਤੀ ਆਪਣੇ ਬਾਪ ਵਰਗੀ ਤੇ ਕਰੈਕਟਰ ਮਾਸਟਰ ਤਾਰਾ ਸਿੰਘ ,ਗਿਆਨੀ ਕਰਤਾਰ ਸਿੰਘ ਵਰਗਾ ਪੈਦਾ ਕਰਨਾ ਪਵੇਗਾ।ਉਸਨੂੰ ਨਵੀਂ ਲੀਡਰਸ਼ਿਪ ਪੈਦਾ ਕਰਨੀ ਪਵੇਗੀ ਜੋ ਨੈਤਿਕ ਪਧਰ ਉਪਰ ਸੱਚੀ ਸੁੱਚੀ ਹੋਵੇ।ਪੰਜਾਬ ਤੇ ਪੰਥ ਪ੍ਰਤੀ ਸਮਰਪਿਤ ਹੋਵੇ।ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਰਾਹੀ ਸੁਖਬੀਰ ਸਿੰਘ ਬਾਦਲ ਧਾਰਮਿਕ ਮੁਹਿੰਮ ਵਿਚ ਜਾਗਿ੍ਤੀ ਲਿਆ ਸਕਦਾ ਹੈ।ਪਰ ਇਹ ਲੰਬੀ ਜਦੋ ਜਹਿਦ ਹੋਵੇਗੀ ਸਿਖ ਪੰਥ ਵਿਚ ਪੁਨਰ ਵਿਸ਼ਵਾਸ ਪੈਦਾ ਕਰਨ ਲਈ।ਕਿਰਦਾਰ ਬਿਨਾਂ ਖਾਲਸਾ ਪੰਥ ਹਾਜ਼ਰੀ ਪ੍ਰਵਾਨ ਨਹੀਂ ਕਰੇਗਾ।
Comments (0)