ਅਕਾਲੀ ਦਲ ਦੇ ਆਗੂ ਨੇ ਪਰਮਜੀਤ ਸਿੰਘ ਰਾਣਾ ਵੱਲੋਂ ਲੱਖਾਂ ਰੁਪਏ ਦਾ ਗਬਨ ਕਰਨ ਦੀ ਹੋਈ ਫੌਜਦਾਰੀ ਸ਼ਿਕਾਇਤ

ਅਕਾਲੀ ਦਲ ਦੇ ਆਗੂ ਨੇ ਪਰਮਜੀਤ ਸਿੰਘ ਰਾਣਾ ਵੱਲੋਂ ਲੱਖਾਂ ਰੁਪਏ ਦਾ ਗਬਨ ਕਰਨ ਦੀ ਹੋਈ ਫੌਜਦਾਰੀ ਸ਼ਿਕਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 1 ਮਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਆਗੂ ਜੁਝਾਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਰਾਣਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੁੰਦਿਆਂ ਲੱਖਾਂ ਰੁਪਏ ਦਾ ਗਬਨ ਕਰਨ ਦੀ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ।

ਉਪ ਰਾਜਪਾਲ ਵੀ ਕੇ ਸਕਸੈਨਾ ਅਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜੁਝਾਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਰਾਣਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਹਨ ਜੋ ਪਹਿਲਾਂ ਧਰਮ ਪ੍ਰਚਾਰ ਕਮੇਟੀਦੇ  ਚੇਅਰਮੈਨ ਵੀ ਸਨ। ਉਹਨਾਂ ਚੇਅਰਮੈਨ ਹੁੰਦਿਆਂ ਗੁਰਦੁਆਰਾ ਫੰਡਾਂ ਵਿਚ ਅਨੇਕਾਂ ਘਪਲੇ ਕੀਤੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਹਨਾਂ ਖਿਲਾਫ ਇਹ ਵੀ ਗੰਭੀਰ ਦੋਸ਼ ਹੈ ਕਿ ਉਹਨਾਂ ਨੇ ਰਮਨ ਟੈਂਟ ਹਾਊਸ ਦੇ ਮਾਲਕ 77 ਸਾਲਾ ਜੇ ਐਸ ਤਲਵਾੜ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਧਾਰਮਿਕ ਸਮਾਗਮਾਂ ਵਿਚ ਟੈਂਟ ਤੇ ਹੋਰ ਕੰਮ ਦੁਆਉਣ ਬਦਲੇ ਉਹਨਾਂ ਤੋਂ ਲੱਖਾਂ ਰੁਪਏ ਰਿਸ਼ਵਤ ਵਜੋਂ ਉਗਰਾਹੇ ਹਨ।

ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਰਾਣਾ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਹਰਜੀਤ ਸਿੰਘ ਸੂਬੇਦਾਰ ਸਾਬਕਾ ਜਨਰਲ ਮੈਨੇਜਰ ਦੇ ਨਾਲ ਮਿਲ ਕੇ ਇਹ ਗੈਰ ਕਾਨੂੰਨੀ ਕੰਮ ਕਰਦੇ ਰਹੇ ਹਨ। ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਰਾਣਾ, ਮਨਜੀਤ ਸਿੰਘ ਜੀ ਕੇ ਅਤੇ ਹਰਜੀਤ ਸਿੰਘ ਸੂਬੇਦਾਰ ਵੱਲੋਂ ਗੁਰਦੁਆਰਾ ਫੰਡਾਂ ਵਿਚ ਕੀਤੇ ਇਸ ਘਪਲੇ ਦਾ ਜ਼ਿਕਰ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਅਤੇ ਰਮਨ ਟੈਂਟ ਹਾਊਸ ਦੇ ਮਾਲਕ ਜੇ ਐਸ ਤਲਵਾੜ ਦਰਮਿਆਨ ਹੋਈ ਗੱਲਬਾਤ ਵਿਚ ਵੀ ਆਉਂਦਾ ਹੈ। ਇਸਦੀ ਆਡੀਓ ਰਿਕਾਰਡਿੰਗ ਵੀ ਉਪਲਬਧ ਹੈ ਤੇ ਉਹਨਾਂ ਆਪਣੀ ਸ਼ਿਕਾਇਤ ਦੇ ਨਾਲ ਇਸਦੀ ਸੀ ਡੀ ਵੀ ਨੱਥੀ ਕੀਤੀ ਹੈ। ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਰਾਣਾ ਮਨਜੀਤ ਸਿੰਘ ਜੀ ਕੇ ਦਾ ਹਮੇਸ਼ਾ ਖਾਸ ਬੰਦਾ ਰਿਹਾ ਹੈ।

ਜੁਝਾਰ ਸਿੰਘ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਦੇਣ ਕਿਉਂਕਿ ਗੁਰਦੁਆਰਾ ਫੰਡਾਂ ਵਿਚ ਇਹ ਘਪਲਾ ਹੋਣਾ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਕਿਉਂਕਿ ਇਹ ਪੈਸਾ ਸੰਗਤ ਵੱਲੋਂ ਚੜ੍ਹਾਏ ਜਾਂਦੇ ਦਸਵੰਧ ਦਾ ਪੈਸਾ ਹੈ। ਉਹਨਾਂ ਇਹ ਵੀ ਬੇਨਤੀ ਕੀਤੀ ਕਿ ਗੁਰਮੀਤ ਸਿੰਘ ਸ਼ੰਟੀ ਤੇ ਜੇ ਐਸ ਤਲਵਾੜ ਵਿਚਾਲੇ ਹੋਈ ਗੱਲਬਾਤ ਦੀ ਸੀ ਡੀ ਦੀ ਫੋਰੈਂਸਿੰਗ ਜਾਂਚ ਵੀ ਕਰਵਾਈ ਜਾਵੇ। ਜੁਝਾਰ ਸਿੰਘ ਨੇ ਆਪ ਨਿੱਜੀ ਤੌਰ ’ਤੇ ਸਾਰੀ ਜਾਣਕਾਰੀ ਦੇਣ ਵਾਸਤੇ ਉਪ ਰਾਜਪਾਲ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ।