ਅਯੁੱਧਿਆ ਨੂੰ 'ਸਿਆਸੀ ਅਖਾੜਾ' ਬਣਾਉਣ ਦਾ ਵੱਡੇ-ਵੱਡੇ ਧਾਰਮਿਕ ਆਗੂਆਂ ਵਲੋਂ ਕਰੜਾ ਵਿਰੋਧ
ਸਿਆਸੀ ਆਗੂ ਨੂੰ ਧਾਰਮਿਕ ਆਗੂ ਬਣਾਉਣਾ ਧਾਰਮਿਕ ਪਰੰਪਰਾਵਾਂ ਦੇ ਵਿਰੁੱਧ-ਸ਼ੰਕਰਾਚਾਰੀਆ ਸਰਸਵਤੀ
ਅਯੁੱਧਿਆ ਨੂੰ 'ਸਿਆਸੀ ਅਖਾੜਾ' ਬਣਾਉਣ ਦਾ ਵਿਰੋਧ ਕਰਦੇ ਹੋਏ ਵੱਡੇ-ਵੱਡੇ ਧਾਰਮਿਕ ਆਗੂ ਖੁੱਲ੍ਹ ਕੇ ਸਾਹਮਣੇ ਆਏ।
ਦੇਸ਼ ਦੇ ਪ੍ਰਮੁੱਖ ਧਾਰਮਿਕ ਨੇਤਾਵਾਂ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਜਿਸ ਤਰ੍ਹਾਂ ਅਯੁੱਧਿਆ 'ਚ 'ਅਰਧ-ਨਿਰਮਾਣ' ਰਾਮ ਮੰਦਰ ਦਾ ਉਦਘਾਟਨ ਕਰਨ ਦੀ ਯੋਜਨਾ ਬਣਾ ਰਹੀ ਹੈ, ਉਹ ਸਭ ਸਿਰਫ਼ 'ਸਿਆਸੀ ਲਾਭ' ਹਾਸਲ ਕਰਨ ਲਈ ਹੈ। ਸਮੁੱਚੇ ਧਾਰਮਿਕ ਪ੍ਰੋਗਰਾਮ ਨੂੰ ਸਿਆਸੀ ਅਖਾੜੇ ਵਿੱਚ ਬਦਲ ਦਿੱਤਾ ਗਿਆ ਹੈ। ਇਹ ਹਿੰਦੂ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਵਿਰੁੱਧ ਹੈ।
ਹਿੰਦੂ ਅਖਬਾਰ ਨੇ ਇਸ ਸੰਬੰਧ 'ਚ ਹੁਣੇ ਜਿਹੇ ਇਕ ਖਾਸ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਉੱਤਰਾਖੰਡ ਵਿੱਚ ਜੋਤਿਸ਼ ਪੀਠ ਦੇ 1008 ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਬੀਤੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਅੰਸ਼ਕ ਤੌਰ 'ਤੇ ਬਣਾਏ ਗਏ ਮੰਦਰ ਦਾ ਉਦਘਾਟਨ ਸਿਰਫ਼ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ।ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ ਸੀ- “ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਪਰੰਪਰਾਵਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਰਾਜੇ (ਸਿਆਸੀ ਆਗੂ) ਅਤੇ ਧਾਰਮਿਕ ਆਗੂ ਹਮੇਸ਼ਾ ਹੀ ਵੱਖਰੇ ਰਹੇ ਹਨ, ਪਰ ਹੁਣ ਸਿਆਸੀ ਆਗੂ ਨੂੰ ਧਾਰਮਿਕ ਆਗੂ ਬਣਾਇਆ ਜਾ ਰਿਹਾ ਹੈ। ਇਹ ਪਰੰਪਰਾਵਾਂ ਦੇ ਵਿਰੁੱਧ ਹੈ ਅਤੇ ਸਿਆਸੀ ਫਾਇਦੇ ਲਈ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਕਿਸੇ ਵੀ ਮੰਦਰ ਵਿੱਚ ਕੋਈ ਵੀ ਪ੍ਰਵੇਸ਼ ਜਾਂ ਸੰਸਕਾਰ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਫਿਲਹਾਲ ਅਯੁੱਧਿਆ 'ਚ ਇਸ ਅਸਥਾਨ ਦਾ ਫਰਸ਼ ਬਣਾਇਆ ਗਿਆ ਹੈ ਅਤੇ ਇਸ 'ਤੇ ਥੰਮ੍ਹ ਲਗਾਏ ਗਏ ਹਨ। ਮੰਦਰ ਦੀ ਉਸਾਰੀ ਪੂਰੀ ਤਰ੍ਹਾਂ ਨਹੀਂ ਹੋਈ ਹੈ। ਅਜਿਹੀ ਸਥਿਤੀ ਵਿੱਚ, ਪ੍ਰਾਣ ਪ੍ਰਤੀਸ਼ਠਾ ਹਿੰਦੂ ਧਰਮ ਵਿੱਚ ਪਰੰਪਰਾਵਾਂ ਦੇ ਅਨੁਸਾਰ ਨਹੀਂ ਹੈ।
-ਰਾਮ ਜਨਮ ਭੂਮੀ ਤੀਰਥ ਖੇਤਰ (ਰਾਮ ਮੰਦਰ ਟਰੱਸਟ) ਦੇ ਜਨਰਲ ਸਕੱਤਰ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਚੰਪਤ ਰਾਏ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ- ਚੰਪਤ ਰਾਏ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਮੰਦਰ ਰਾਮਾਨੰਦ ਸੰਪਰਦਾ ਨੂੰ ਸੌਂਪ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਚੰਪਤ ਰਾਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਰਾਮ ਮੰਦਰ ਰਾਮਾਨੰਦ ਸੰਪਰਦਾ ਦੇ ਲੋਕਾਂ ਦਾ ਹੈ ਨਾ ਕਿ ਉਨ੍ਹਾਂ ਦਾ।-
ਉਨ੍ਹਾਂ ਕਿਹਾ- ਜੇਕਰ ਰਾਮ ਮੰਦਿਰ ਰਾਮਾਨੰਦ ਸੰਪਰਦਾ ਨਾਲ ਜੁੜੇ ਲੋਕਾਂ ਦਾ ਹੈ ਤਾਂ ਇਸ ਮੰਦਰ ਨੂੰ ਸੰਸਕਾਰ ਤੋਂ ਪਹਿਲਾਂ ਰਾਮਾਨੰਦ ਸੰਪਰਦਾ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਕਿਸੇ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ।'' ਸੰਤ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਵਿਰੁੱਧ ਨਹੀਂ ਹਨ, ਪਰ ਸਿਰਫ ਉਨ੍ਹਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਉਹ 'ਧਰਮ ਵਿਰੋਧੀ' ਕਿਸੇ ਵੀ ਚੀਜ਼ ਵਿਚ ਹਿੱਸਾ ਨਾ ਲੈਣ।
ਪੁਰੀ (ਓਡੀਸ਼ਾ) ਦੇ ਪੂਰਵਾਮਨਯਾ ਗੋਵਰਧਨ ਪੀਠ ਦੇ 145ਵੇਂ ਜਗਦਗੁਰੂ ਸ਼ੰਕਰਾਚਾਰੀਆ ਨਿਸ਼ਚਲਾਨੰਦ ਸਰਸਵਤੀ ਨੇ ਪੀਐਮ ਮੋਦੀ ਵੱਲੋਂ ਰਾਮ ਮੰਦਰ ਵਿੱਚ ਪ੍ਰਾਣ-ਪ੍ਰਤੀਸ਼ਠਾ ਪੂਜਾ ਕਰਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਅਜਿਹੀ ਸਥਿਤੀ ਵਿੱਚ ਅਯੁੱਧਿਆ ਨਹੀਂ ਜਾਣਗੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇਕਰ ਪ੍ਰਧਾਨ ਮੰਤਰੀ ਹੀ ਸਭ ਕੁਝ ਕਰ ਰਹੇ ਹਨ ਤਾਂ ਅਯੁੱਧਿਆ 'ਚ 'ਧਰਮਚਾਰੀਆ' (ਧਾਰਮਿਕ ਗੁਰੂ) ਲਈ ਕੀ ਕਰਨਾ ਬਾਕੀ ਰਹਿ ਗਿਆ ਹੈ।
ਰਾਮ ਭਗਤੀ ’ਤੇ ਭਾਜਪਾ ਦਾ ਕਾਪੀਰਾਈਟ ਨਹੀਂ : ਉਮਾ ਭਾਰਤੀ
ਸਾਬਕਾ ਕੇਂਦਰੀ ਮੰਤਰੀ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਮ ਜਨਮ ਭੂਮੀ ਅੰਦੋਲਨ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਵਾਲੀ ਉਮਾ ਭਾਰਤੀ ਨੇ ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਆਪੋਜ਼ੀਸ਼ਨ ਆਗੂਆਂ, ਸਨਅਤਕਾਰਾਂ ਤੇ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੇ ਮੁੱਦੇ ’ਤੇ ਕਿਹਾ ਹੈ ਕਿ ਰਾਮ ਭਗਤੀ ਉੱਤੇ ਭਾਜਪਾ ਦੀ ਇਜਾਰੇਦਾਰੀ ਨਹੀਂ ਹੈ, ਸਗੋਂ ਭਗਵਾਨ ਰਾਮ ਸਭ ਦੇ ਹਨ। ਉਨ੍ਹਾ ਆਪੋਜ਼ੀਸ਼ਨ ਆਗੂਆਂ ਨੂੰ ਵੀ ਵੋਟ ਬੈਂਕ ਦੀ ਸਿਆਸਤ ਤੇ ਲੋਕ ਆਧਾਰ ਖਿਸਕਣ ਦੀ ਮਾਨਸਿਕਤਾ ਅਤੇ ਤੌਖਲਿਆਂ ਤੋਂ ਬਾਹਰ ਨਿਕਲਣ ਦਾ ਸੱਦਾ ਦਿੱਤਾ ਹੈ। ਉਸ ਨੇ ਕਿਹਾ-ਪ੍ਰਾਣ ਪ੍ਰਤਿਸ਼ਠਾ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਫੈਸਲਾ ਰਾਮ ਮੰਦਰ ਤੀਰਥ ਸ਼ੇਤਰ ਨਿਆਸ ਦਾ ਹੈ। ਇਹ ਕੋਈ ਸਿਆਸੀ ਸੱਦਾ ਨਹੀਂ ਹੈ। ਰਾਮ ਭਗਤੀ ’ਤੇ ਸਾਡਾ ਕੋਈ ਕਾਪੀਰਾਈਟ ਨਹੀਂ ਹੈ। ਭਗਵਾਨ ਰਾਮ ਤੇ ਹਨੂੰਮਾਨ ਜੀ ਭਾਜਪਾ ਦੇ ਆਗੂ ਨਹੀਂ ਹਨ, ਸਗੋਂ ਉਹ ਸਾਡੇ ਰਾਸ਼ਟਰੀ ਗੌਰਵ ਹਨ। ਉਨ੍ਹਾਂ ਦੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਹੈ ਤੇ ਕਿਸੇ ਨੂੰ ਵੀ ਇਸ ਲਈ ਸੱਦਿਆ ਜਾ ਸਕਦਾ ਹੈ।
ਉਮਾ ਭਾਰਤੀ ਨੇ ਕਿਹਾ-ਮੈਂ ਸਾਰੇ ਸਿਆਸਤਦਾਨਾਂ ਨੂੰ ਵੀ ਕਹਾਂਗੀ ਕਿ ਇਸ ਨੂੰ ਸਿਆਸੀ ਨਜ਼ਰੀਏ ਨਾਲ ਨਾ ਦੇਖਣ। ਤੁਹਾਡੇ ਘਰਾਂ ਵਿਚ ਵੀ ਰਾਮ ਦੀਆਂ ਤਸਵੀਰਾਂ ਹਨ, ਤੁਹਾਡੇ ਨਾਂਅ ਨਾਲ ਵੀ ਰਾਮ ਹੋ ਸਕਦਾ ਹੈ। ਇਸ ਲਈ ਇਸ ਵਿਚ ਸਾਰੇ ਹਿੱਸਾ ਲੈਣ। ਇਸ ਕਰਕੇ ਤੁਸੀਂ ਨਾ ਡਰੋ ਕਿ ਤੁਹਾਨੂੰ ਵੋਟਾਂ ਨਹੀਂ ਮਿਲਣਗੀਆਂ। ਮੈਂ ਭਾਜਪਾ ਵਾਲਿਆਂ ਨੂੰ ਵੀ ਕਹਾਂਗੀ ਕਿ ਤੁਸੀਂ ਇਸ ਹੰਕਾਰ ਤੋਂ ਬਾਹਰ ਨਿਕਲੋ ਕਿ ਸਿਰਫ ਤੁਸੀਂ ਹੀ ਰਾਮ ਦੀ ਭਗਤੀ ਕਰ ਸਕਦੇ ਹੋ। ਲੱਗੇ ਹੱਥ ਮੈਂ ਆਪੋਜ਼ੀਸ਼ਨ ਨੂੰ ਵੀ ਕਹਾਂਗੀ ਕਿ ਆਪਣੇ ਆਪ ਨੂੰ ਇਸ ਡਰ ਤੋਂ ਮੁਕਤ ਕਰ ਲਓ ਕਿ ਤੁਹਾਡਾ ਉੱਥੇ ਜਾਣਾ ਠੀਕ ਨਹੀਂ ਰਹੇਗਾ। ਹੰਕਾਰ ਜਾਂ ਭੈਅ ਤੋਂ ਮੁਕਤ ਹੋ ਕੇ ਸਾਨੂੰ ਸਭ ਨੂੰ ਖੁਸ਼ੀ-ਖੁਸ਼ੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਹਿੱਸਾ ਲੈਣਾ ਚਾਹੀਦਾ ਹੈ। ਚੇਤੇ ਰਹੇ ਉਮਾ ਭਾਰਤੀ ਨੇ 12 ਸਾਲ ਦੀ ਉਮਰ ਵਿਚ ਮੰਦਰ ਅੰਦੋਲਨ ਵਿਚ ਸ਼ਿਰਕਤ ਕੀਤੀ ਸੀ। 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਦਾ ਢਾਂਚਾ ਮਿਸਮਾਰ ਕੀਤਾ ਜਾ ਰਿਹਾ ਸੀ, ਉਦੋਂ ਉਮਾ ਭਾਰਤੀ ਉਥੇ ਮੌਜੂਦ ਸੀ। ਉਹ ਉਨ੍ਹਾਂ 32 ਲੋਕਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਦਾ ਮੁਲਜ਼ਮ ਬਣਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਸਭ ਨੂੰ 2020 ਵਿਚ ਸੀ ਬੀ ਆਈ ਦੀ ਸਪੈਸ਼ਲ ਕੋਰਟ ਨੇ ਬਰੀ ਕਰ ਦਿੱਤਾ ਸੀ। ਬਾਅਦ ਵਿਚ ਇਲਾਹਾਬਾਦ ਹਾਈ ਕੋਰਟ ਨੇ ਇਨ੍ਹਾਂ ਨੂੰ ਬਰੀ ਕਰਨ ਖਿਲਾਫ ਅਪੀਲ ਰੱਦ ਕਰ ਦਿੱਤੀ ਸੀ। ਉਮਾ ਭਾਰਤੀ ਨੇ ਕਿਹਾ ਕਿ ਉਹ 18 ਜਨਵਰੀ ਤੋਂ ਅਯੁੱਧਿਆ ਵਿਚ ਰਹੇਗੀ।
ਰਾਮ ਮੰਦਰ ਅੰਦੋਲਨ ਵਿਚ ਅੱਗੇ ਹੋ ਕੇ ਹਿੱਸਾ ਲੈਣ ਵਾਲੇ ਸਾਬਕਾ ਸਾਂਸਦ ਤੇ ਬਜਰੰਗ ਦਲ ਦੇ ਆਗੂ ਰਹੇ ਵਿਨੈ ਕਟਿਆਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਸੀ ਕਿ ਰਾਮ ਮੰਦਰ ਦਾ ਸਿਹਰਾ ਅਡਵਾਨੀ ਸਣੇ ਸਾਰੇ ਸੋਇਮ ਸੇਵਕਾਂ ਨੂੰ ਜਾਂਦਾ ਹੈ। ਇਸ ਦਾ ਸਿਹਰਾ ਕਿਸੇ ਇਕ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ। ਉਨ੍ਹਾ ਅਯੁੱਧਿਆ ਵਿਚ ਹੋਣ ਵਾਲੇ ਆਯੋਜਨ ਦੀ ਸਾਰੀ ਪ੍ਰਕਿਰਿਆ ’ਤੇ ਹੀ ਸੁਆਲ ਖੜ੍ਹਾ ਕਰ ਦਿੱਤਾ ਸੀ।
ਜਥੇਦਾਰ ਅਕਾਲ ਤਖਤ ਸਣੇ 5 ਤਖ਼ਤਾਂ ਦੇ ਜਥੇਦਾਰਾਂ ਨੂੰ ਮਿਲਿਆ ਰਾਮ ਮੰਦਿਰ ਲਈ ਮਿਲਿਆ ਸੱਦਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ 4 ਹੋਰ ਤਖਤਾਂ ਦੇ ਜਥੇਦਾਰ ਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸ੍ਰੀ ਰਾਮ ਮੰਦਿਰ ਜੀ ਦੇ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਸੱਦਾ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਸੱਦਾ ਪੱਤਰ ਮਿਲਣ ਦੀ ਤਸਦੀਕ ਕੀਤੀ ਗਈ ਹੈ।ਇਹ ਸੱਦਾ ਰਾਮ ਮੰਦਰ ਟਰੱਸਟ ਵਲੋਂ ਸਮੂਹ ਸਿੰਘ ਸਾਹਿਬਾਨਾਂ ਤੇ ਜਥੇਦਾਰਾਂ ਨੂੰ 21 ਜਨਵਰੀ ਤੋਂ ਲੈਕੇ 23 ਜਨਵਰੀ ਤੱਕ ਦਾ ਸੱਦਾ ਦਿੱਤਾ ਗਿਆ ਹੈ।
Comments (0)