ਜੋੜ ਮੇਲਿਆਂ ਦੀ ਪਵਿੱਤਰਤਾ ਲਈ ਪਹਿਲਕਦਮੀ

ਜੋੜ ਮੇਲਿਆਂ ਦੀ ਪਵਿੱਤਰਤਾ ਲਈ ਪਹਿਲਕਦਮੀ

ਸੰਗਰੂਰ ਨੇੜਲੇ ਅਸਥਾਨ ਮਸਤੂਆਣਾ ਸਾਹਿਬ ਬਾਰੇ ਇਲਾਕੇ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਦੇ ਉਪਰਾਲੇ ਨੂੰ ਪੰਥ ਦੇ ਜੋੜ ਮੇਲਿਆਂ ਦੇ ਸੁਧਾਰ ਵਜੋਂ ਇੱਕ ਚੰਗੇ ਕਦਮ ਵਜੋਂ ਵੇਖਣਾ ਚਾਹੀਦਾ ਹੈ।

ਮਸਤੂਆਣਾ ਸਾਹਿਬ ਸੰਤ ਅਤਰ ਸਿੰਘ ਜੀ ਨਾਲ ਸਬੰਧਿਤ ਅਸਥਾਨ ਹੈ, ਜਿਥੇ ਸੰਤ ਜੀ ਨੇ ਕਾਫੀ ਸਮਾਂ ਰਹਿੰਦਿਆਂ ਸਿਮਰਨ ਬੰਦਗੀ ਕੀਤੀ। ਗੁਰਦੁਆਰਾ ਗੁਰਸਾਗਰ ਸਾਹਿਬ ਦੀ ਸਥਾਪਨਾ ਕਰਨ ਤੋਂ ਲੈ ਕੇ ਸਰਬੱਤ ਦੇ ਭਲੇ ਲਈ ਦੁਨਿਆਵੀਂ ਅਤੇ ਧਾਰਮਿਕ ਵਿਦਿਆ ਦੇ ਵਿਦਿਆਲੇ ਬਣਾਏ। ਮਾਲਵੇ ਦੇ ਇਸ ਇਲਾਕੇ ਵਿੱਚ ਸਦੀ ਪਹਿਲਾਂ ਸੰਤ ਜੀ ਨੇ ਬੀਬੀਆਂ ਦੀ ਵਿਦਿਆ ਲਈ ਵੀ ਇੱਕ ਵਿਦਿਆਲਾ ਖੋਲ੍ਹਿਆ ਸੀ। ਸੰਤ ਜੀ ਦੀਆਂ ਨਿਸ਼ਕਾਮ ਅਤੇ ਅਣਥੱਕ ਸੇਵਾਵਾਂ ਬਦਲੇ ਪੰਜਾਬ ਅਤੇ ਦੇਸ ਪ੍ਰਦੇਸ਼ ਦੀਆਂ ਸੰਗਤਾਂ ਵਿੱਚ ਉਨ੍ਹਾਂ ਦਾ ਬੇਹੱਦ ਸਤਿਕਾਰ ਹੈ। ਸਾਰੀ ਉਮਰ ਸਰਬੱਤ ਦੇ ਭਲੇ ਅਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਸੰਤ ਜੀ ਰਮਤੇ ਰਹੇ ਅਤੇ ਅਖੀਰਲੇ ਸਮੇਂ ਉਹ ਇਥੇ ਹੀ ਟਿਕ ਗਏ। ਇਥੇ ਹੀ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਬਰਸੀ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੰਗਤ ਜੁੜਦੀ ਹੈ, ਜੋੜ ਮੇਲਾ ਭਰਦਾ ਹੈ। 

ਪਿਛਲੇ ਸਾਲ ਮਸਤੂਆਣਾ ਸਾਹਿਬ ਇਕੱਤਰ ਹੋਈ ਸੰਗਤ ਵਲੋਂ ਇਹ ਖਦਸ਼ੇ ਜਾਹਰ ਕੀਤੇ ਗਏ ਸਨ ਕਿ ਜਿਸ ਤਰ੍ਹਾਂ ਮਸਤੂਆਣਾ ਸਾਹਿਬ ਜੋੜ ਮੇਲੇ ਦਾ ਮਹੌਲ ਬਣਦਾ ਜਾ ਰਿਹਾ ਹੈ, ਇਹ ਗੁਰਮਤਿ ਅਨੁਸਾਰ ਅਤੇ ਸੰਤ ਜੀ ਦੀ ਭਾਵਨਾ ਅਨੁਸਾਰ ਨਹੀਂ ਹੈ। ਇਥੇ ਲੱਗਣ ਵਾਲੇ ਬਜ਼ਾਰ ਅਤੇ ਉਨ੍ਹਾਂ ਉਪਰ ਵਿਕਦੇ ਸਮਾਨ ਤੋਂ ਲੈ ਕੇ, ਮਸਤੂਆਣਾ ਸਾਹਿਬ ਦੇ ਸ਼ਾਂਤ ਮਹੌਲ ਦਾ ਝੂਲੇ ਸਪੀਕਰਾਂ ਆਦਿ ਤੋਂ ਆਉਣ ਵਾਲੀ ਅਵਾਜ਼ ਦੇ ਚੱਲਦਿਆਂ ਅਸ਼ਾਂਤ ਹੋਣਾ ਸੰਗਤ ਅਤੇ ਪ੍ਰਬੰਧਕਾਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਸੀ। ਦੁਨਿਆਵੀ ਬਜ਼ਾਰ ਦੇ ਚੱਲਦਿਆਂ ਜੋੜ ਮੇਲਿਆਂ ਵਿੱਚ ਗੁਰਮੁਖ ਬਿਰਤੀ ਵਾਲੇ ਮਨੁੱਖਾਂ ਦਾ ਆਉਣਾ ਮੁਸ਼ਕਿਲ ਹੈ। ਤਕਰੀਬਨ ਇਸੇ ਤਰ੍ਹਾਂ ਦਾ ਮਹੌਲ ਪੰਥ ਦੇ ਹੋਰਨਾਂ ਅਸਥਾਨਾਂ ਉਪਰ ਭਰਦੇ ਜੋੜ ਮੇਲਿਆਂ ਵਿਚ ਬਣਨ ਲੱਗਿਆ ਹੈ। ਇਸ ਮਹੌਲ ਦੇ ਚੱਲਦਿਆਂ ਪੰਥ ਨੂੰ ਹੋਣ ਵਾਲੇ ਨੁਕਸਾਨਾਂ ਦੇ ਅਜੇ ਖਦਸ਼ੇ ਹੀ ਲਗਾਏ ਜਾ ਰਹੇ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਉਪਰ ਟਰੈਕਟਰ ਉਪਰ ਲੱਗੇ ਡੈੱਕ ਨੂੰ ਹਟਾਉਣ ਦੀ ਕੋਸ਼ਿਸ ਵਿੱਚ ਇੱਕ ਗੁਰੂ ਕੇ ਸਿੱਖ ਦੀ ਜਾਨ ਚਲੀ ਜਾਂਦੀ ਹੈ। ਇਸ ਘਟਨਾ ਨੇ ਸੰਗਤ ਅਤੇ ਪ੍ਰਬੰਧਕਾਂ ਨੂੰ ਜੋੜ ਮੇਲੇ ਦੇ ਮਹੌਲ ਨੂੰ ਹੋਰ ਵਧੇਰੇ ਸੁਹਿਰਦਤਾ ਨਾਲ ਠੀਕ ਕਰਨ ਦੀ ਹਿੰਮਤ ਬਖਸ਼ੀ। 

ਮਸਤੂਆਣਾ ਸਾਹਿਬ ਵਾਲੀ ਮੁਹਿੰਮ ਸ਼ੁਰੂ ਕਰਨ ਵੇਲੇ ਸੰਗਤ ਵਲੋਂ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਲਾਕੇ ਦੀਆਂ ਹੋਰਨਾਂ ਸੰਗਤਾਂ ਨਾਲ ਤਾਲਮੇਲ ਕੀਤਾ ਗਿਆ। ਜਿਹੜੇ ਪਿੰਡਾਂ ਵਿਚੋਂ ਜੋੜ ਮੇਲੇ ਵੇਲੇ ਲੰਗਰ ਆਉਂਦਾ ਸੀ, ਉਥੋਂ ਜੋੜ ਮੇਲੇ ਦੀ ਪਵਿਤ੍ਰਤਾ ਦੀ ਮੁਹਿੰਮ ਲਈ ਸਭ ਤੋਂ ਵੱਧ ਹੁੰਗਾਰਾ ਮਿਲਿਆ। ਵੱਖ-ਵੱਖ ਸਖਸ਼ੀਅਤਾਂ ਨਾਲ ਵੀਚਾਰਾਂ ਦੀ ਸਾਂਝ ਪਾਈ ਗਈ। ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਦੋਂ ਸੰਗਤ ਨੇ ਆਪਣੇ ਵਲੋਂ ਤਕਰੀਬਨ ਪੰਜਾਹ ਪਿੰਡਾਂ ਦੇ ਮਤੇ ਸੌਂਪੇ ਤਾਂ ਪ੍ਰਬੰਧਕਾਂ ਨੇ ਵੀ ਸੰਗਤ ਦੇ ਹੁਕਮ ਨੂੰ ਮੱਥੇ ਨਾਲ ਲਾਇਆ ਅਤੇ ਇਹ ਗੱਲ ਆਖੀ ਕਿ ਉਹ ਵੀ ਕਿੰਨੇ ਚਿਰ ਤੋਂ ਅਜਿਹੀ ਹੀ ਪਹਿਲਕਦਮੀ ਦੇ ਲਈ ਅਰਦਾਸਾਂ ਕਰ ਰਹੇ ਸੀ, ਜਦੋਂ ਸੰਗਤ ਦਾ ਸਾਥ ਮਿਲੇਗਾ ਤਾਂ ਪ੍ਰਬੰਧਕਾਂ ਦੇ ਲਈ ਕੋਈ ਵੀ ਉਦਮ ਕਰਨਾ ਔਖਾ ਨਹੀਂ ਹੈ। ਇਸ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਇਕੱਠੇ ਤੌਰ 'ਤੇ ਜੋੜ ਮੇਲੇ ਦੇ ਉਪਰਾਲੇ ਚੱਲ ਰਹੇ ਹਨ। 

ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਹੋਰਨਾਂ ਅਸਥਾਨਾਂ ਉਪਰ ਲੱਗਦੇ ਜੋੜ ਮੇਲਿਆਂ ਦੇ ਮਹੌਲ ਨੂੰ ਗੁਰਮਤਿ ਅਨੁਸਾਰੀ ਬਣਾਉਣ ਦੀ ਹੁਣ ਇਨ੍ਹਾਂ ਅਸਥਾਨਾਂ ਦੇ ਲਾਗਲੀਆਂ ਸੰਗਤਾਂ ਦੀ ਜ਼ਿੰਮੇਵਾਰੀ ਬਣ ਗਈ ਹੈ। ਗੁਰੂ ਖਾਲਸਾ ਪੰਥ ਦੇ ਜੋੜ ਮੇਲਿਆਂ ਦਾ ਮਹੌਲ ਸਪੱਸ਼ਟ ਰੂਪ ਵਿੱਚ ਦੁਨਿਆਵੀ ਮੇਲਿਆਂ ਤੋਂ ਵੱਖਰਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬਾਨ, ਸ਼ਹੀਦਾਂ ਅਤੇ ਗੁਰਮੁਖਾਂ ਦੀ ਯਾਦ ਵਿੱਚ ਲੱਗਣ ਵਾਲੇ ਜੋੜ ਮੇਲਿਆਂ ਵਿਚ ਗੁਰਮਤ ਅਨੁਸਾਰੀ ਦੁਕਾਨਾਂ, ਪ੍ਰਦਰਸ਼ਨੀਆਂ, ਗੁਰਮਤ ਨਾਲ ਸਬੰਧਿਤ ਕੈਂਪਾਂ ਅਤੇ ਪ੍ਰਚਾਰ ਦੇ ਉਦਮਾਂ ਨੂੰ ਹੀ ਜਗ੍ਹਾ ਦੇਣੀ ਚਾਹੀਦੀ ਹੈ, ਤਾਂ ਜੋ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਜੋੜ ਮੇਲਿਆਂ ਦੇ ਮਹੌਲ ਤੋਂ ਅਤੇ ਪ੍ਰਚਾਰ ਪੜਾਵਾਂ ਵਿੱਚੋਂ ਸਿੱਖੀ ਸਬੰਧਿਤ ਕੁਝ ਸਿੱਖ ਕੇ ਜਾਣ। ਕੇਵਲ ਸਿੱਖ ਕੇ ਹੀ ਨਾ ਜਾਣ, ਸਗੋਂ ਇਥੇ ਸਿੱਖ ਰਹਿਣੀ ਬਹਿਣੀ ਨੂੰ ਮਹਿਸੂਸ ਕਰਨ, ਇਥੋਂ ਦੇ ਚੜ੍ਹਦੀਕਲਾ ਵਾਲੇ ਮਹੌਲ ਵਿੱਚ ਸਿੱਖਦਿਆਂ ਗੁਰਸਿੱਖੀ ਦੀ ਜਾਗ ਲਗਾ ਕੇ ਜਾਣ। ਮੌਜੂਦਾ ਮਹੌਲ ਇਸ ਤਰ੍ਹਾਂ ਦਾ ਹੈ ਕਿ ਦੁਨਿਆਵੀ ਰੌਲੇ ਰੱਪੇ ਤੋਂ ਬਚਣ ਲਈ ਸ਼ਰਧਾ/ਪ੍ਰੇਮ ਵਾਲੀ ਸੰਗਤ ਜੋੜ ਮੇਲਿਆਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਾਂ ਫੇਰ ਸਵੇਰੇ ਸਾਜਰੇ ਅਤੇ ਦੇਰ ਸ਼ਾਮ ਨੂੰ ਆ ਕੇ ਅਸਥਾਨਾਂ ਉਪਰ ਨਤਮਸਤਕ ਹੁੰਦੀ ਹੈ। ਇਹ ਕਿੰਨੀ ਅਨਿਆਂ ਵਾਲੀ ਗੱਲ ਹੈ ਕਿ ਜਿਸ ਸੰਗਤ ਨੇ ਗੁਰਮੁਖਾਂ ਦੇ ਬਚਨ ਕਮਾਉਣੇ ਹਨ, ਉਹ ਦਿਨ ਵੇਲੇ ਜੋੜ ਮੇਲਿਆਂ ਵਿੱਚ ਆਉਣ ਤੋਂ ਟਾਲਾ ਵੱਟਣ ਅਤੇ ਜਿਹੜੀਆਂ ਗੱਲਾਂ ਗੁਰਮਤ ਅਨੁਸਾਰੀ ਨਹੀਂ ਹਨ, ਉਹ ਸਾਰਾ ਦਿਨ ਬੇਰੋਕ ਰੌਲਾ ਪਾਉਂਦੇ ਰਹਿਣ। 

ਮਸਤੂਆਣਾ ਸਾਹਿਬ ਦੇ ਮਹੌਲ ਨੂੰ ਠੀਕ ਕਰਨ ਦੇ ਪ੍ਰਬੰਧਕਾਂ ਵਲੋਂ ਪਹਿਲਾਂ ਵੀ ਉਪਰਾਲੇ ਕੀਤੇ ਜਾਂਦੇ ਰਹੇ ਹਨ, ਬਕਾਇਦਾ ਅਜਿਹਾ ਪਿਛਲੇ ਸਾਲਾਂ ਦੇ ਇਸ਼ਤਿਹਾਰਾਂ ਵਿੱਚ ਵੀ ਲਿਖਿਆ ਜਾਂਦਾ ਰਿਹਾ। ਪਰ ਉਦੋਂ ਸੰਗਤ ਦੀ ਇਸ ਮਸਲੇ ਪ੍ਰਤੀ ਢਿੱਲ ਸੀ, ਜਿਸ ਕਰਕੇ ਇਹ ਕਾਰਜ ਕੀਤਾ ਨਾ ਜਾ ਸਕਿਆ। ਹੁਣ ਸੰਗਤਾਂ ਇਸ ਮਸਲੇ ਪ੍ਰਤੀ ਪਹਿਲਾਂ ਹੀ ਸੁਚੇਤ ਸਨ, ਤਾਂ ਇਹ ਕਾਰਜ ਸਹਿਜੇ ਹੀ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਫ਼ੀ ਸਾਲ ਪਹਿਲਾਂ ਪਿੰਡਾਂ ਵਿੱਚ ਕਲਾਕਾਰਾਂ ਦੇ ਅਖਾੜੇ ਲੱਗਣ ਦੇ ਰਿਵਾਜ ਕਰਕੇ ਇਥੇ ਵੀ ਸੰਤ ਅਤਰ ਸਿੰਘ ਜੀ ਦੀ ਬਰਸੀ ਦੌਰਾਨ ਗਾਇਕਾਂ ਦੇ ਅਖਾੜੇ ਲੱਗ ਗਏ ਸਨ। ਪਰ ਸੰਗਤ ਨੇ ਇਸ ਕੁਰੀਤੀ ਨੂੰ ਸਹਿਣ ਨਾ ਕੀਤਾ ਅਤੇ ਜੋੜ ਮੇਲੇ ਦੌਰਾਨ ਹੀ ਅਖਾੜਾ ਪੁੱਟ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਤੱਕ ਕਿਸੇ ਗੁਰਮਤ ਵਿਰੋਧੀ ਅਨਸਰ ਦੀ ਅਜਿਹੀ ਗਲਤੀ ਕਰਨ ਦੀ ਹਿੰਮਤ ਨਹੀਂ ਪਈ। ਕੋਈ ਵੀ ਸੁਧਾਰ ਸੰਗਤ ਦੀ ਹਿੰਮਤ ਸਦਕਾ ਹੀ ਸਦਾ ਚਿਰ ਟਿਕਿਆ ਰਹਿ ਸਕਦਾ ਹੈ, ਮਸਤੂਆਣਾ ਸਾਹਿਬ ਦੇ ਪ੍ਰਬੰਧਕ ਅਤੇ ਸੰਗਤ ਇਸ ਉਪਰਾਲੇ ਲਈ ਵਧਾਈ ਦੀ ਹੱਕਦਾਰ ਹੈ। ਇਸੇ ਤਰ੍ਹਾਂ ਬਾਕੀ ਥਾਵਾਂ ਦੀ ਸੰਗਤ ਨੂੰ ਵੀ ਉੱਦਮ ਕਰਕੇ ਆਪਣੇ ਨੇੜਲੇ ਸਥਾਨਾਂ 'ਤੇ ਗੁਰਮਤਿ ਅਨੁਸਾਰੀ ਮਹੌਲ ਸੁਰਜੀਤ ਕਰਨਾ ਚਾਹੀਦਾ ਹੈ। 

 

ਸੰਪਾਦਕ,