ਬਹਿਬਲ ਇਨਸਾਫ ਮੋਰਚਾ ਅਤੇ ਸਰਕਾਰ 

ਬਹਿਬਲ ਇਨਸਾਫ ਮੋਰਚਾ ਅਤੇ ਸਰਕਾਰ 

2015 ’ਚ ਵਾਪਰੇ ਬਰਗਾੜੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ

2015 ’ਚ ਵਾਪਰੇ ਬਰਗਾੜੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਨਿਆਂ ਦੇਣ ਵਿੱਚ ਹੋਈ ਦੇਰੀ ਲਈ ਪਿਛਲੇ ਸਮੇਂ ਤੋਂ ਮੁੜ ਤੋਂ ਮੋਰਚਾ ਚੱਲ ਰਿਹਾ ਹੈ। ਲੰਘੇ ਦਿਨੀਂ ਇਸ ਮੋਰਚੇ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਸਰਕਾਰ ਦੇ ਨੁਮਾਇੰਦਿਆਂ ਨੇ ਹਾਜਰੀ ਭਰੀ ਹੈ। ਸਰਕਾਰ ਵੱਲੋਂ ਇੱਕ ਵਾਰ ਫਿਰ ਹੋਰ ਸਮਾਂ ਮੰਗਿਆ ਗਿਆ। ਮੋਰਚੇ ਦੇ ਆਗੂਆਂ ਨੇ 2015 ’ਚ ਵਾਪਰੇ ਬਰਗਾੜੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਨਿਆਂ ਦੇਣ ਵਿੱਚ ਹੋਈ ਦੇਰੀ ਲਈ ਸਰਕਾਰ ਨੂੰ ਕੋਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਕੂਮਤ ਇਨਸਾਫ਼ ਦੇਣ ਪ੍ਰਤੀ ਸੰਜੀਦਾ ਨਹੀਂ ਹੈ। ਇਸ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਰਚੇ ਦੇ ਪ੍ਰਤੀਨਿਧਾਂ ਤੋਂ ਕੁਝ ਕਾਨੂੰਨੀ ਅੜਚਣਾਂ ਦੂਰ ਕਰਨ ਲਈ ਸਮਾਂ ਮੰਗਿਆ, ਜਿਸ ਮਗਰੋਂ ਪ੍ਰਤੀਨਿਧਾਂ ਨੇ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੰਦਿਆਂ 16 ਅਗਸਤ ਤੋਂ ਸੰਘਰਸ਼ ਦੀ ਨਵੀਂ ਦਿਸ਼ਾ ਵਿਉਂਤਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿੱਖ ਸੰਗਤ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਆਪੋ-ਆਪਣੇ ਘਰਾਂ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਆਜ਼ਾਦੀ ਦਿਹਾੜੇ ਮੌਕੇ ‘ਹਰ ਘਰ ਤਿਰੰਗਾ’ ਲਹਿਰਾਉਣ ਦਾ ਸੱਦਾ ਦਿੱਤਾ ਹੈ। ਮੋਰਚੇ 'ਚ ਹਾਜਰ ਵੱਖ-ਵੱਖ ਆਗੂਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ ਪਰ ਸਰਕਾਰਾਂ ਇਸ ਵਿਸ਼ੇ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਨੇ ਵੀ ਹੋਂਦ ’ਚ ਆਉਣ ਤੋਂ ਪਹਿਲਾਂ ਨਿਆਂ ਦੇਣ ਦੀ ਗੱਲ ਆਖੀ ਸੀ ਪਰ ਹਾਲੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾ ਸਕੇ। ਇਸ ਸਾਰੇ ਵਿੱਚ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਵੇਖਣਾ ਬਣਦਾ ਹੈ ਉੱਥੇ ਹੀ ਸਰਕਾਰ ਨੂੰ ਗੁਰੂ ਖਾਲਸਾ ਪੰਥ ਦੇ ਇਨਸਾਫ ਕਰਨ ਦੀ ਤਵਾਰੀਖ ਨੂੰ ਜਰੂਰ ਵਾਚਣਾ ਚਾਹੀਦਾ ਹੈ ਅਤੇ ਨਾਲ ਹੀ ਪੰਥਕ ਜਥੇਬੰਦੀਆਂ ਨੂੰ ਵੀ ਆਪਣੇ ਅਮਲ ਇਤਿਹਾਸ ਅਤੇ ਸਿਧਾਂਤ ਦੀ ਰੌਸ਼ਨੀ ਵਿੱਚ ਵਿਚਾਰਨੇ ਚਾਹੀਦੇ ਹਨ। 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੋਲਦਿਆਂ ਜੋ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਹਨ ਉਹਨਾਂ ਵਿੱਚੋਂ ਕੁਝ ਅੰਸ਼ ਇਸ ਤਰ੍ਹਾਂ ਹਨ - "ਜੇ ਪੰਥ ਖੁਸ਼ ਹੈ ਤਾਂ ਹਿੰਦੋਸਤਾਨ ਖੁਸ਼ ਹੈ…ਇਹ ਅਹੁਦਾ ਇਹ ਸਾਰਾ ਕੁਝ ਪੰਥ ਦਾ ਬਖਸ਼ਿਆ ਹੋਇਆ …ਜਿੰਨ੍ਹਾ ਜਿੰਨ੍ਹਾ ਦਾ ਇਥੇ ਨਾਮ ਲਿਆ ਗਿਆ ਹੈ ਮੈਂ ਉਹਨਾਂ ਨੂੰ ਦੱਸ ਆਇਆਂ, ਮੈਂ ਜਤਾ ਆਇਆ ਹਾਂ ਕਿ ਤਿੰਨ ਮੁੱਖ ਮੰਤਰੀ ਪਹਿਲਾਂ ਇਸੇ ਪਾਪ ਦੇ ਕੂਏ 'ਚ ਡਿੱਗੇ ਆ….ਇਨਸਾਫ ਹੋਵੇਗਾ, ਬਿਲਕੁਲ ਨਾ ਸਮਝੋ ਕਿ ਸਰਕਾਰ ਇਨਸਾਫ ਨਹੀਂ ਕਰਨਾ ਚਾਹੁੰਦੀ…ਸਰਕਾਰ ਤੁਹਾਡੀ ਆਪਣੀ ਹੈ…ਮੈਂ ਸੰਗਤ ਦੇ ਚਰਨਾਂ ਦੀ ਧੂੜ ਹਾਂ, ਸੰਗਤ ਗੁਰੂ ਨਾਲੋਂ ਵੀ ਵੱਡੀ ਹੈ…ਮੈਂ ਪੰਥ ਨੂੰ ਇਹ ਵਿਸ਼ਵਾਸ਼ ਦਵਾਉਣਾ ਕਿ ਜਿੰਨੇ ਧੋਖੇ ਹੋਣੇ ਸੀ, ਹੋ ਗਏ। ਹੁਣ ਇਨਸਾਫ ਹੋਵੇਗਾ। ਸਮਾਂ ਦੇ ਦਿਉ, ਕਿੰਨਾ ਦੇਣਾ ਇਹ ਸੰਗਤ ਨੇ ਵੇਖਣਾ ਹੈ ਪਰ ਸਮਾਂ ਦੇ ਦਵੋ…ਕੁਲਤਾਰ ਸਿੰਘ ਦੀ ਬਾਂਹ ਫੜ੍ਹਨ ਵਾਲਾ ਪੰਥ ਤੋਂ ਬਿਨਾਂ ਕੋਈ ਨਹੀਂ। ਮੈਂ ਤਾਂ ਤੁਹਾਡਾ ਹਾਂ ਅਤੇ ਤੁਹਾਡਾ ਹੀ ਰਹਿਣਾ ਹੈ।"

ਕੁਲਤਾਰ ਸਿੰਘ ਵੱਲੋਂ ਇਹ ਕਹਿਣਾ ਕਿ ਜੇ ਪੰਥ ਖੁਸ਼ ਹੈ ਤਾਂ ਹਿੰਦੋਸਤਾਨ ਖੁਸ਼ ਹੈ, ਜਿੰਨੀ ਵੱਡੀ ਗੱਲ ਹੈ, ਕੀ ਉਹਨਾਂ ਨੇ ਇਹ ਉਨੀ ਹੀ ਗੰਭੀਰਤਾ ਨਾਲ ਬੋਲੀ ਹੈ ਜਾਂ ਮਹਿਜ ਉੱਥੇ ਮਜੂਦ ਬੰਦਿਆਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਹਮਦਰਦੀ ਲੈਣ ਲਈ ਹੀ ਕਹੀ ਹੈ? ਜੇਕਰ ਵਾਕਿਆ ਹੀ ਗੰਭੀਰਤਾ ਨਾਲ ਕਹੀ ਹੈ ਤਾਂ ਫਿਰ ਹਿੰਦੋਸਤਾਨ ਤੋਂ ਪਹਿਲਾਂ ਤਾਂ ਇਹ ਗੱਲ ਪੰਜਾਬ ਸਰਕਾਰ ਨੂੰ ਹੀ ਬਿਨਾਂ ਦੇਰੀ ਕੀਤਿਆਂ ਸਮਝਣੀ ਚਾਹੀਦੀ ਹੈ। ਦੂਸਰੀ ਗੱਲ ਕਿ ਜੇਕਰ ਉਹ ਪੂਰੇ ਯਕੀਨ ਨਾਲ ਸੰਗਤ ਨੂੰ ਵਿਸ਼ਵਾਸ਼ ਦਵਾ ਰਹੇ ਹਨ ਕਿ ਇਹ ਸਰਕਾਰ ਤੁਹਾਡੀ ਆਪਣੀ ਹੈ ਅਤੇ ਇਨਸਾਫ ਜਰੂਰ ਹੋਵੇਗਾ ਤਾਂ ਓਹਨਾ ਨੂੰ ਆਪਣੀ ਹੀ ਸਰਕਾਰ ਦੇ ਉੱਚ-ਅਹੁਦੇਦਾਰਾਂ ਨੂੰ ਇਹ ਗੱਲ ਕਿਉਂ ਜਤਾਉਣੀ ਪੈ ਰਹੀ ਹੈ ਕਿ ਪਿਛਲੇ ਮੁੱਖ ਮੰਤਰੀ ਵੀ ਇਸੇ ਕਾਰਨ ਕੂਏ 'ਚ ਡਿੱਗੇ ਹਨ? ਜੇਕਰ ਇਹ ਸਭ ਹਮਦਰਦੀ ਲਈ ਜਾ ਸਮਾਂ ਟਪਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਇਸ ਬਾਬਤ ਇਤਿਹਾਸ ਵਿੱਚ ਜਰੂਰ ਝਾਤ ਮਾਰ ਲੈਣੀ ਚਾਹੀਦੀ ਹੈ।   

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ (ਮੁਅਜ਼ਮ) ਬਾਦਸ਼ਾਹ ਬਣਨ ਲਈ ਗੁਰੂ ਪਾਤਿਸਾਹ ਤੋਂ ਮਦਦ ਮੰਗਦਾ ਹੈ ਅਤੇ ਬਾਦਸ਼ਾਹ ਬਣ ਜਾਣ ਦੀ ਸੂਰਤ ਵਿੱਚ ਇਨਸਾਫ ਕਰਨ ਦੀ ਗੱਲ ਉੱਤੇ ਸਹਿਮਤੀ ਕਰਦਾ ਹੈ ਪਰ ਜਦੋਂ ਦਸਵੇਂ ਪਾਤਿਸਾਹ ਦੀ ਮਿਹਰ ਸਦਕਾ ਉਹ ਬਾਦਸ਼ਾਹ ਬਣ ਗਿਆ ਤਾਂ ਆਪਣੇ ਰਾਜ ਭਾਗ ਦੀ ਫਿਕਰ ਵਿੱਚ ਬੇਵੱਸ ਹੋ ਕੇ ਸਮਾਂ ਅੱਗੇ ਪਾਉਣ ਲੱਗਾ, ਤੈਅ ਹੋਈਆਂ ਗੱਲਾਂ ਨੂੰ ਲਮਕਾਉਣ ਲੱਗਾ ਤਾਂ ਤਵਾਰੀਖ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸੱਚੇ ਪਾਤਿਸਾਹ ਦੇ ਥਾਪੜੇ ਨਾਲ ਇਨਸਾਫ ਦੇ ਰਾਹ 'ਤੇ ਤੁਰ ਪੈਂਦੇ ਹਨ ਅਤੇ ਆਪਣੀ ਰਵਾਇਤ ਅਨੁਸਾਰ ਇਨਸਾਫ ਕਰਦੇ ਹਨ। 

ਜਿੱਥੇ ਸਾਲ 2015 ਤੋਂ ਲਗਾਤਾਰ ਸਿੱਖਾਂ ਦਾ ਇਕ ਹਿੱਸਾ ਜਾਂ ਵੱਖ-ਵੱਖ ਅਫਸਰ ਇਹਨਾਂ ਢਾਂਚਿਆਂ ਰਾਹੀਂ ਇਨਸਾਫ ਕਰਨ ਦੇ ਅਮਲ ਜਾਂ ਦਾਅਵੇ ਵਿੱਚ ਹਨ, ਓਥੇ ਇਸੇ ਹੀ ਮਾਮਲੇ ਵਿੱਚ ਜੂਨ 2019 ਵਿੱਚ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ (ਉਮਰ 49 ਸਾਲ) ਜੋ ਨਾਭਾ ਜੇਲ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕੈਦ ਕੱਟ ਰਿਹਾ ਸੀ, ਨੂੰ ਆਪਣੀ ਰਵਾਇਤ ਅਨੁਸਾਰ ਸਜਾ ਦੇ ਕੇ ਇਨਸਾਫ ਕਰ ਦਿੱਤਾ ਸੀ। 

ਇਹ ਗੱਲ ਠੀਕ ਹੈ ਕਿ ਸਾਰੇ ਰਾਹ ਵੇਖਣੇ ਚਾਹੀਦੇ ਹਨ, ਪਰਖਣੇ ਚਾਹੀਦੇ ਹਨ ਪਰ ਕਿਸੇ ਮਨੁੱਖ ਉੱਤੇ ਜਾਂ ਉਸ ਵੱਲੋਂ ਬਣਾਏ ਢਾਂਚਿਆਂ ਉੱਤੇ ਹੀ ਟੇਕ ਰੱਖ ਕੇ ਬੈਠ ਜਾਣਾ ਅਤੇ ਬੇਵੱਸ ਹੋ ਕੇ ਲਗਾਤਾਰ ਇਨਸਾਫ ਦੀ ਫਰਿਆਦ ਕਰੀ ਜਾਣਾ, ਇਹ ਪੰਥ ਦੀ ਰਵਾਇਤ ਨਹੀਂ ਹੈ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਕਿ ਕੁੱਲ ਆਲਮ ਨੂੰ ਨਿਆਂ ਕਰਨ ਦੇ ਸਮਰੱਥ ਹਨ, ਉਨ੍ਹਾਂ ਬਾਬਤ ਨਿਆਂ ਦੀ ਟੇਕ ਦੁਨਿਆਵੀ ਇਕਾਈਆਂ 'ਤੇ ਰੱਖਣੀ ਬਹੁਤ ਛੋਟੀ ਗੱਲ ਹੈ। ਜਦੋਂ ਦੁਨਿਆਵੀ ਢਾਂਚੇ ਇਨਸਾਫ ਕਰਨ ਦੇ ਸਮਰੱਥ ਨਾ ਰਹਿਣ ਤਾਂ ਸਿੱਖ ਦਾ ਫਰਜ ਆਪਣੇ ਸੱਚੇ ਪਾਤਿਸਾਹ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲ ਕੇ ਖੁਦ ਇਨਸਾਫ ਕਰਨ ਦਾ ਹੈ। ਇਹੀ ਸਾਡੀ ਰਵਾਇਤ ਹੈ, ਇਹੀ ਗੁਰੂ ਦੇ ਅਦਬ ਵਿੱਚ ਸਿੱਖ ਦਾ ਕਰਮ ਹੈ। ਗੁਰੂ ਦੇ ਅਦਬ ਅਤੇ ਸਿੱਖ ਦੇ ਕਰਮ ਸਬੰਧੀ ਇਹ ਗੱਲ ਸਰਕਾਰ ਅਤੇ ਜਥੇਬੰਦੀਆਂ ਦੋਵਾਂ ਨੂੰ ਹੀ ਵਿਚਾਰਨੀ, ਸਮਝਣੀ ਅਤੇ ਮਹਿਸੂਸ ਕਰਨੀ ਚਾਹੀਦੀ ਹੈ। 

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼