ਮਿਜ਼ਾਈਲ ਹੋਵੇ ਜਾਂ ਡਰੋਨ, ਪਲਕ ਝਪਕਦਿਆਂ ਹੀ ਹੋ ਜਾਣਗੇ ਨਸ਼ਟ

ਮਿਜ਼ਾਈਲ ਹੋਵੇ ਜਾਂ ਡਰੋਨ, ਪਲਕ ਝਪਕਦਿਆਂ ਹੀ  ਹੋ ਜਾਣਗੇ ਨਸ਼ਟ

ਇੰਗਲੈਂਡ ਦੇ ਲੇਜ਼ਰ ਹਥਿਆਰ ਬਦਲ ਦੇਣਗੇ ਜੰਗ ਦਾ ਰੁਖ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ: ਯੂਕਰੇਨ ਤੋਂ ਲੈ ਕੇ ਤਾਈਵਾਨ ਤੱਕ ਦੁਨੀਆ ਵਿਚ ਤਣਾਅ ਆਪਣੇ ਸਿਖਰ 'ਤੇ ਹੈ। ਇਕ ਪਾਸੇ ਰੂਸੀ ਫੌਜ ਯੂਕਰੇਨ ਵਿਚ ਲਗਾਤਾਰ ਭਿਆਨਕ ਹਮਲੇ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਤਾਇਵਾਨ 'ਤੇ ਵੀ ਚੀਨੀ ਹਮਲੇ ਦੇ ਬੱਦਲ ਮੰਡਰਾ ਰਹੇ ਹਨ। ਯੂਕਰੇਨ ਜੰਗ ਵਿੱਚ ਰੂਸ ਦੇ ਐਸ-400 ਅਤੇ ਅਮਰੀਕਾ ਦੀ ਪੈਟ੍ਰੀਅਟ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਚਾਲੇ ਜ਼ਬਰਦਸਤ ਟੱਕਰ ਹੋ ਰਹੀ ਹੈ। ਇਸ ਦੌਰਾਨ ਬ੍ਰਿਟੇਨ ਨੇ ਇਸ ਹਫਤੇ ਇਕ ਨਵੇਂ ਲੇਜ਼ਰ ਹਥਿਆਰ ਦਾ ਸਫਲ ਪ੍ਰੀਖਣ ਕੀਤਾ ਹੈ। ਬ੍ਰਿਟੇਨ ਨੇ ਕਿਹਾ ਕਿ ਉਸ ਦੀ ਫੌਜ ਸਿਰਫ 13 ਡਾਲਰ ਵਿਚ ਇਸ ਹਥਿਆਰ ਦੀ ਮਦਦ ਨਾਲ ਕਿਸੇ ਵੀ ਖਤਰਨਾਕ ਮਿਜ਼ਾਈਲ ਅਤੇ ਜਹਾਜ਼ ਨੂੰ ਨਸ਼ਟ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬ੍ਰਿਟਿਸ਼ ਫੌਜ ਨੂੰ ਲੱਖਾਂ ਡਾਲਰ ਦੀ ਬਚਤ ਹੋਵੇਗੀ। ਇਸ ਨਾਲ ਭਵਿੱਖ ਵਿੱਚ ਐਸ-400 ਵਰਗੀਆਂ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੀ ਛੁਟੀ ਹੋ ਸਕਦੀ ਹੈ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਡਰੈਗਨ ਫਾਇਰ ਲੇਜ਼ਰ ਵੈਪਨ ਸਿਸਟਮ ਨੇ ਸਕਾਟਲੈਂਡ ਵਿੱਚ ਇੱਕ ਹਵਾਈ ਜਹਾਜ਼  ਨੂੰ ਸਫਲਤਾਪੂਰਵਕ ਨਸ਼ਟ ਕੀਤਾ। ਇਹ ਟੈਸਟ ਜਨਵਰੀ ਵਿੱਚ ਕੀਤਾ ਗਿਆ ਸੀ। ਇਸ ਵੀਡੀਓ ਵਿਚ ਕਿਹਾ ਗਿਆ ਹੈ, 'ਇਹ ਹਵਾਈ ਰੱਖਿਆ ਲਈ ਸੰਭਵ ਤੌਰ 'ਤੇ ਗੇਮਚੇਂਜਰ ਹੋ ਸਕਦਾ ਹੈ।' ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਰਾਤ ਨੂੰ ਸਕਾਈ ਡਰੈਗਨ ਵੈਪਨ ਵਿਚੋਂ ਇਕ ਚਮਕਦਾਰ ਲੇਜ਼ਰ ਬੀਮ ਨਿਕਲ ਰਹੀ ਹੈ ਅਤੇ ਇਸ ਨੇ ਜਹਾਜ਼ ਨੂੰ ਤਬਾਹ ਕਰ ਦਿੱਤਾ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਲੇਜ਼ਰ ਹਥਿਆਰ ਬਹੁਤ ਦੂਰੀ ਤੋਂ ਸਿੱਕੇ ਵਰਗੀ ਛੋਟੀ ਚੀਜ਼ ਨੂੰ ਵੀ ਨਸ਼ਟ ਕਰਨ ਦੀ ਤਾਕਤ ਰੱਖਦਾ ਹੈ।

ਲੇਜ਼ਰ ਹਥਿਆਰਾਂ ਨਾਲ ਬਚਣਗੇ ਅਰਬਾਂ ਡਾਲਰ!

ਬ੍ਰਿਟੇਨ ਨੇ ਇਸ ਹਥਿਆਰ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਬ੍ਰਿਟੇਨ ਨੇ ਅਜੇ ਵੀ ਇਸ ਲੇਜ਼ਰ ਹਥਿਆਰ ਦੀ ਸਹੀ ਰੇਂਜ ਨੂੰ ਗੁਪਤ ਰੱਖਿਆ ਹੈ। ਇਹ ਲੇਜ਼ਰ ਹਥਿਆਰ ਮੋਟੀਆਂ ਧਾਤ ਦੀਆਂ ਕੰਧਾਂ ਨੂੰ ਵੀ ਕੱਟ ਸਕਦਾ ਹੈ ,ਜਿਸ ਨਾਲ ਨਿਸ਼ਾਨੇ ਨੂੰ ਆਸਾਨੀ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਬ੍ਰਿਟੇਨ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੀ ਵਰਤੋਂ 'ਤੇ ਬਹੁਤ ਘੱਟ ਖਰਚ ਆਉਂਦਾ ਹੈ। ਜਦੋਂ ਕਿ ਜੇਕਰ ਮਿਜ਼ਾਈਲਾਂ ਨਾਲ ਜਵਾਬੀ ਹਮਲਾ ਹੁੰਦਾ ਹੈ ਤਾਂ ਇਹ ਬਹੁਤ ਮਹਿੰਗਾ ਹੁੰਦਾ ਹੈ। ਅਮਰੀਕਾ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਇਸ ਵੇਲੇ ਹਰ ਜਵਾਬੀ ਹਮਲੇ ਲਈ 20 ਲੱਖ ਡਾਲਰ ਦੀਆਂ ਮਿਜ਼ਾਈਲਾਂ ਦਾਗਣੀਆਂ ਪੈਂਦੀਆਂ ਹਨ। ਪਰ ਬਿ੍ਟੇਨ ਇਹ ਕੰਮ ਸਿਰਫ 13 ਡਾਲਰ ਵਿੱਚ ਲੇਜ਼ਰ ਹਥਿਆਰ ਨਾਲ ਕਰ ਸਕਦਾ ਹੈ।