ਬਰਗਾੜੀ ਬੇਅਦਬੀ ਮਾਮਲੇ ਠੱਪ ਕਰਕੇ ਦੋਸ਼ੀ ਪ੍ਰੇਮੀਆਂ ਨੂੰ ਬਰੀ ਕਰਨ ਦੀ ਪੂਰੀ ਤਿਆਰੀ

ਬਰਗਾੜੀ ਬੇਅਦਬੀ ਮਾਮਲੇ ਠੱਪ ਕਰਕੇ ਦੋਸ਼ੀ ਪ੍ਰੇਮੀਆਂ ਨੂੰ ਬਰੀ ਕਰਨ ਦੀ ਪੂਰੀ ਤਿਆਰੀ

ਚੰਡੀਗੜ੍ਹ: ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਕਦਰੀ ਦਾ ਆਲਮ ਭਾਰਤੀ ਰਾਜ ਪ੍ਰਣਾਲੀ ਵਿੱਚ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹ ਸਮੇਂ ਸਮੇਂ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਬੀਤੇ ਸਾਲਾਂ ਦੌਰਾਨ ਸਿੱਖ ਮਨਾਂ ਨੂੰ ਸਭ ਤੋਂ ਵੱਡੀ ਸੱਟ ਮਾਰਨ ਵਾਲੇ ਬਰਗਾੜੀ ਬੇਅਦਬੀ ਮਾਮਲੇ 'ਚ ਵੀ ਸਿੱਖਾਂ ਨੂੰ ਭਾਰਤੀ ਪ੍ਰਬੰਧ ਵੱਲੋਂ ਜ਼ਲੀਲ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਪਹਿਲੀ ਜੂਨ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ, ਜਿਸ ਤੋਂ ਬਾਅਦ 24 ਸਤੰਬਰ ਨੂੰ ਇਸ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰੇ ਗਏ ਸਨ ਤੇ 12 ਅਕਤੂਬਰ ਨੂੰ ਬਰਗਾੜੀ ਪਿੰਡ ਵਿੱਚ ਕੰਧਾਂ 'ਤੇ ਪੋਸਟਰ ਲਾ ਕੇ ਸਿੱਖਾਂ ਨੂੰ ਬੇਅਦਬੀ ਰੋਕਣ ਲਈ ਵੰਗਾਰਿਆ ਗਿਆ ਸੀ। 

ਇਹਨਾਂ ਘਟਨਾਵਾਂ ਨੇ ਪੰਜਾਬ ਵਿੱਚ ਸਿੱਖ ਰੋਹ ਦਾ ਇੱਕ ਅਲੌਕਿਕ ਦ੍ਰਿਸ਼ ਵੇਖਿਆ ਸੀ ਜਦੋਂ ਗੁਰੂ ਦੇ ਪਿਆਰ ਵਿੱਚ ਭਿੱਜੀਆਂ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੁੱਖ ਅਤੇ ਰੋਹ ਵਜੋਂ ਕਈ ਦਿਨ ਪੰਜਾਬ ਨੂੰ ਜਾਮ ਕਰ ਦਿੱਤਾ ਸੀ। ਉਸ ਸਮੇਂ ਦੀ ਅਖੌਤੀ ਪੰਥਕ ਸਰਕਾਰ (ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ) ਨੇ ਵਿਰੋਧ ਕਰ ਰਹੇ ਸਿੱਖਾਂ 'ਤੇ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਵੀ ਕੀਤਾ। ਇਹਨਾਂ ਘਟਨਾਵਾਂ ਦੇ ਵਿਚਾਲੇ ਹੀ ਸਰਕਾਰ ਨੇ ਅਕਤੂਬਰ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਪਹਿਲੀ ਜੂਨ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, 24 ਸਤੰਬਰ ਨੂੰ ਇਸ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰਨ ਅਤੇ 12 ਅਕਤੂਬਰ ਨੂੰ ਬਰਗਾੜੀ ਪਿੰਡ ਵਿਚ ਇਤਰਾਜ਼ਯੋਗ ਪੋਸਟਰ ਲੱਗਣ ਦੇ ਮਾਮਲਿਆਂ ਦੀ ਪੜਤਾਲ ਸੀਬੀਆਈ ਨੂੰ ਦੇ ਦਿੱਤੀ ਸੀ। 
ਸੀਬੀਆਈ ਦੀ ਜਾਂਚ ਮੁੱਢ ਤੋਂ ਹੀ ਸਵਾਲਾਂ ਦੇ ਘੇਰੇ ਵਿੱਚ ਰਹੀ। ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਬੜੇ ਢਿੱਲੇ ਢੰਗ ਨਾਲ ਸ਼ੁਰੂ ਕੀਤੀ ਤੇ ਹੁਣ ਬੜੇ ਚੁਸਤ ਢੰਗ ਨਾਲ ਜਾਂਚ ਨੂੰ ਖਤਮ ਕਰਦਿਆਂ ਦੋਸ਼ੀਆਂ ਨੂੰ ਬਰੀ ਕਰਨ ਦੀ ਤਿਆਰੀ ਕਰ ਲਈ ਹੈ। ਬੀਤੇ ਕੱਲ੍ਹ ਇਹਨਾਂ ਮਾਮਲਿਆਂ ਸਬੰਧੀ ਦੋ ਕਾਰਵਾਈਆਂ ਸਾਹਮਣੇ ਆਈਆਂ ਸਨ। ਇੱਕ ਤਾਂ ਸੀਬੀਆਈ ਨੇ ਇਹਨਾਂ ਮਾਮਲਿਆਂ ਵਿੱਚ ਸਬੂਤਾਂ ਦੇ ਨਾ ਮਿਲਣ ਦੀ ਗੱਲ ਕਹਿ ਕੇ ਅਦਾਲਤ ਵਿੱਚ ਇਹ ਮਾਮਲੇ ਬੰਦ ਕਰਨ ਦੀ ਅਰਜ਼ੀ ਦੇ ਦਿੱਤੀ ਹੈ। ਨਾਲ ਹੀ ਖਬਰ ਆਈ ਕਿ ਨਾਭਾ ਦੀ ਨਵੀਂ ਜੇਲ੍ਹ ਵਿੱਚ ਬੰਦ ਇਹਨਾਂ ਮਾਮਲਿਆਂ ਦੇ ਦੋਸ਼ੀ ਪੰਜ ਡੇਰਾ ਸਿਰਸਾ ਪ੍ਰੇਮੀਆਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ ਅਧੀਨ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ 22 ਜੂਨ ਨੂੰ ਜੇਲ੍ਹ ਅੰਦਰ ਹੀ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਸੀ।

ਹਾਈ ਕੋਰਟ ਨੇ ਡੇਰਾ ਪ੍ਰੇਮੀ ਕੁਲਦੀਪ ਸਿੰਘ, ਜਤਿੰਦਰ ਵੀਰ ਅਰੋੜਾ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਜੋ ਭਗਤਾ ਭਾਈ, ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ ਨੂੰ ਜ਼ਮਾਨਤ ਦੇ ਦਿੱਤੀ ਹੈ। ਡੇਰਾ ਪ੍ਰੇਮੀ ਮਹਿੰਦਰ ਕੁਮਾਰ ਕੋਟਕਪੂਰਾ ਅਜੇ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ। ਪੁਲੀਸ ਨੇ ਬੀਤੀ ਦੇਰ ਰਾਤ ਇਨ੍ਹਾਂ ਪੰਜੇ ਡੇਰਾ ਪ੍ਰੇਮੀਆਂ ਨੂੰ ਭਾਰੀ ਸੁਰੱਖਿਆ ਹੇਠ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜ ਦਿੱਤਾ। ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਦੱਸਿਆ ਕਿ 11 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦਿੱਤੀ ਸੀ। ਅਦਾਲਤੀ ਹੁਕਮਾਂ ਦੀ ਕਾਪੀ 12 ਜੁਲਾਈ ਨੂੰ ਉਨ੍ਹਾਂ ਕੋਲ ਪਹੁੰਚੀ।

ਸੀਬੀਆਈ ਵੱਲੋਂ ਕੇਸ ਬੰਦ ਕਰਨ ਲਈ ਬਣਾਈ ਗਈ ਕਹਾਣੀ
ਸੀਬੀਆਈ ਟੀਮ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਨਾਲ ਜੁੜੇ ਸਾਰੇ ਤੱਥ ਅਤੇ ਤਕਨੀਕੀ ਸਬੂਤ ਨਸ਼ਟ ਹੋ ਚੁੱਕੇ ਹਨ। ਇਸ ਲਈ ਇਸ ਮਾਮਲੇ ਦੀ ਤਹਿ ਤਕ ਜਾਣਾ ਸੰਭਵ ਨਹੀਂ। ਸੀਬੀਆਈ ਨੇ ਇਨ੍ਹਾਂ ਘਟਨਾਵਾਂ ਸਬੰਧੀ ਦਰਜ ਕੀਤੇ ਤਿੰਨਾਂ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਜੀ ਐੱਸ ਸੇਖੋਂ ਇਸ ਮਾਮਲੇ ਦੀ ਹੁਣ 23 ਜੁਲਾਈ ਨੂੰ ਸੁਣਵਾਈ ਕਰਨਗੇ।

(ਸਬੰਧਿਤ ਖ਼ਬਰ ਅਤੇ ਸੀਬੀਆਈ ਦੀ ਕੇਸ ਬੰਦ ਕਰਨ ਸਬੰਧੀ ਰਿਪੋਰਟ ਇਸ ਲਿੰਕ ਨੂੰ ਖੋਲ੍ਹ ਕੇ ਪੜ੍ਹ ਸਕਦੇ ਹੋ)
ਪੰਜਾਬ ਪੁਲਿਸ ਦੇ ਸਬੂਤਾਂ ਨੂੰ ਅਣਗੌਲਿਆਂ ਕਰਕੇ ਬਰਗਾੜੀ ਬੇਅਦਬੀ ਮਾਮਲੇ 'ਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਰਜ ਕੀਤੀ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ