ਮੁਸਲਿਮ ਵਿਦਿਆਰਥੀਆਂ ਨੂੰ "ਜੈ ਸ਼੍ਰੀ ਰਾਮ" ਦੇ ਨਾਂ 'ਤੇ ਕੁੱਟਿਆ; ਦੋਸ਼ੀਆਂ ਵਿੱਚ ਭਾਜਪਾ ਦੀ ਨੌਜਵਾਨ ਇਕਾਈ ਦਾ ਜ਼ਿਲ੍ਹਾ ਸਕੱਤਰ

ਮੁਸਲਿਮ ਵਿਦਿਆਰਥੀਆਂ ਨੂੰ

ਉਨਾਓ: ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਮਦਰੱਸੇ ਦੇ ਚਾਰ ਮੁਸਲਿਮ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ "ਜੈ ਸ਼੍ਰੀ ਰਾਮ" ਬੋਲਣ ਲਈ ਕਿਹਾ ਗਿਆ, ਪਰ ਜਦੋਂ ਉਹਨਾਂ ਬੋਲਣ ਤੋਂ ਨਾਹ ਕੀਤੀ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ।

ਦਾਰੂਲ ਉਲਮ ਫੈਜ਼-ਏ-ਆਮ ਮਦਰੱਸਾ ਦੇ ਪ੍ਰਿੰਸੀਪਲ ਨਾਸਿਰ ਅਹਿਮਦ ਮਿਸਵਾਹੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਚਾਰ ਲੋਕਾਂ ਵੱਲੋਂ ਵੀਰਵਾਰ ਨੂੰ ਮਦਰੱਸੇ ਦੇ ਚਾਰ ਵਿਦਿਆਰਥੀਆਂ ਨਾਲ ਇਸ ਕਰਕੇ ਕੁੱਟਮਾਰ ਕੀਤੀ ਗਈ ਕਿਉਂਕਿ ਉਹਨਾਂ ਜ਼ਬਰਦਸਤੀ ਬੁਲਾਏ ਜਾ ਰਹੇ "ਜੈ ਸ਼੍ਰੀ ਰਾਮ" ਦੇ ਨਾਅਰੇ ਬੋਲਣ ਤੋਂ ਨਾਹ ਕਰ ਦਿੱਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਮਿਸਵਾਹੀ ਨੇ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਹਰ ਵੀਰਵਾਰ ਨੂੰ ਅੱਧਾ ਦਿਨ ਮਦਰੱਸਾ ਹੋਣ ਕਰਕੇ ਵਿਦਿਆਰਥੀ ਜੀਆਈਸੀ ਮੈਦਾਨ ਵਿੱਚ ਖੇਡਣ ਚਲੇ ਜਾਂਦੇ ਹਨ। ਇਸ ਵੀਰਵਾਰ ਨੂੰ ਵੀ 6-7 ਬੱਚੇ ਖੇਡਣ ਚਲੇ ਗਏ। ਉਸ ਮੌਕੇ ਉੱਥੇ ਮੋਜੂਦ ਇਹਨਾਂ ਚਾਰ ਦੋਸ਼ੀਆਂ ਵੱਲੋਂ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਤੇ ਭੱਦੀ ਸ਼ਬਦਾਵਲੀ ਵਰਤੀ ਗਈ।

ਇਸ ਮਾਮਲੇ ਸਬੰਧੀ ਧਾਰਾ 323, 352, 504 ਅਤੇ 506 ਅਧੀਨ ਐਫਆਈਆਰ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਵਿੱਚ ਨਾਮਜ਼ਦ ਕਰਾਂਤੀ ਸਿੰਘ ਨੂੰ ਕੁੱਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਯੁਵਾ ਮੋਰਚਾ (ਭਾਜਪਾ ਦੀ ਨੌਜਵਾਨ ਇਕਾਈ) ਦਾ ਜ਼ਿਲ਼੍ਹਾ ਸਕੱਤਰ ਨਿਯੁਕਤ ਕੀਤਾ ਗਿਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ