ਪੰਜਾਬ ਪੁਲਿਸ ਦੇ ਸਬੂਤਾਂ ਨੂੰ ਅਣਗੌਲਿਆਂ ਕਰਕੇ ਬਰਗਾੜੀ ਬੇਅਦਬੀ ਮਾਮਲੇ 'ਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਰਜ ਕੀਤੀ

ਪੰਜਾਬ ਪੁਲਿਸ ਦੇ ਸਬੂਤਾਂ ਨੂੰ ਅਣਗੌਲਿਆਂ ਕਰਕੇ ਬਰਗਾੜੀ ਬੇਅਦਬੀ ਮਾਮਲੇ 'ਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਰਜ ਕੀਤੀ

ਚੰਡੀਗੜ੍ਹ: ਪਿੰਡ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਗਲੀਆਂ ਵਿੱਚ ਸੁੱਟ ਬੇਅਦਬੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਭਾਰਤ ਦੀ ਜਾਂਚ ਅਜੈਂਸੀ ਸੀਬੀਆਈ ਨੇ ਚੁੱਪ-ਚਪੀਤੇ ਅਦਾਲਤ ਵਿੱਚ ਮਾਮਲਾ ਬੰਦ ਕਰਨ ਦੀ ਕਲੋਜ਼ਰ ਰਿਪੋਰਟ ਦਰਜ ਕਰ ਦਿੱਤੀ ਹੈ। ਮੋਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਬਰਗਾੜੀ ਬੇਅਦਬੀ ਨਾਲ ਸਬੰਧਿਤ ਤਿੰਨ ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟ ਦਰਜ ਕੀਤੀ ਗਈ ਹੈ।

ਦੱਸ ਦਈਏ ਕਿ ਇਹਨਾਂ ਮਾਮਲਿਆਂ ਵਿੱਚ ਡੇਰਾ ਸਿਰਸਾ ਆਗੂਆਂ ਦਾ ਹੱਥ ਸ਼ਾਮਲ ਹੋਣ ਦੇ ਸਬੂਤ ਸਾਹਮਣੇ ਆ ਚੁੱਕੇ ਹਨ ਤੇ ਇਸ ਸਾਜਿਸ਼ ਦਾ ਮੁੱਖ ਦੋਸ਼ੀ ਮੰਨੇ ਜਾਂਦੇ ਡੇਰਾ ਸਿਰਸਾ ਦੀ ਉੱਚ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦਾ ਬੀਤੇ ਦਿਨੀਂ ਨਾਭਾ ਦੀ ਨਵੀਂ ਜੇਲ੍ਹ ਵਿੱਚ ਸਿੱਖ ਨੌਜਵਾਨਾਂ ਨੇ ਕਤਲ ਵੀ ਕਰ ਦਿੱਤਾ ਸੀ।

ਸੀ.ਬੀ.ਆਈ ਦੀ ਰਿਪੋਰਟ ‘ਤੇ 23 ਜੁਲਾਈ ਨੂੰ ਸੁਣਵਾਈ ਹੋਵੇਗੀ। ਇਸ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਰਿਪੋਰਟ ਦੇ ਅਧਾਰ ‘ਤੇ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸਨੀ ਅਤੇ ਸ਼ਕਤੀ ਸਿੰਘ ਨੂੰ ਨਾਮਜ਼ਦ ਕਰਕੇ, ਰਿਮਾਂਡ ‘ਤੇ ਪੁੱਛ ਪੜਤਾਲ ਕੀਤੀ ਗਈ ਸੀ। ਜਿਸਤੋਂ ਬਾਅਦ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਪਿਛਲੇ ਸਾਲ ਜ਼ਮਾਨਤ ਮਿਲ ਗਈ ਸੀ।

ਇਹ ਕਲੋਜ਼ਰ ਰਿਪੋਰਟ ਸੀਬੀਆਈ ਦੇ ਵਧੀਕ ਐੱਸਪੀ ਅਫਸਰ ਵੱਲੋਂ 4 ਜੁਲਾਈ ਨੂੰ ਦਰਜ ਕਰਾਈ ਗਈ ਸੀ। 4 ਜੁਲਾਈ ਦੇ ਹੁਕਮਾਂ ਵਿੱਚ ਅਦਾਲਤ ਨੇ ਕਿਹਾ ਸੀ ਕਿ ਕਲੋਜ਼ਰ ਰਿਪੋਰਟ ਨਾਲ ਨੱਥੀ ਕੀਤੇ ਗਏ ਸਾਰੇ ਦਸਤਾਵੇਜ਼ ਅਤੇ ਬਿਆਨ ਪੂਰੇ ਹਨ ਇਸ ਲਈ ਕਲੋਜ਼ਰ ਰਿਪੋਰਟ ਨੂੰ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਦੱਸ ਦਈਏ ਕਿ 26 ਅਕਤੂਬਰ, 2015 ਨੂੰ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਗਈ ਸੀ। ਉਸ ਤੋਂ ਬਾਅਦ ਸੀਬੀਆਈ ਨੇ ਕਈ ਸਾਲ ਇਸ ਮਾਮਲੇ ਵਿੱਚ ਕੋਈ ਪੁਖਤਾ ਜਾਂਚ ਨਹੀਂ ਕੀਤੀ ਤੇ ਮਾਮਲਾ ਠੰਢੇ ਬਸਤੇ ਵਿੱਚ ਪਾਈ ਰੱਖਿਆ। 2017 ਵਿੱਚ ਸਰਕਾਰ ਬਦਲਣ ਮਗਰੋਂ ਪੰਜਾਬ ਪੁਲਿਸ ਨੇ ਸਬੂਤਾਂ ਸਮੇਤ ਖੁਲਾਸੇ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਕਰਕੇ ਪਿੰਡ ਬਰਗਾੜੀ ਵਿਖੇ ਗਲੀਆਂ ਵਿੱਚ ਸੁੱਟਣ ਦੇ ਸਾਰੇ ਦੁਸ਼ਕਰਮ ਦੀ ਨੀਤੀ ਡੇਰਾ ਸਿਰਸਾ ਆਗੂਆਂ ਵੱਲੋਂ ਬਣਾਈ ਗਈ ਤੇ ਉਹਨਾਂ ਦੇ ਬੰਦਿਆਂ ਵੱਲੋਂ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। 

ਪੁਲਿਸ ਵੱਲੋਂ ਇਹ ਬਰਾਮਦਗੀਆਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਿਸ ਲੈ ਕੇ ਪੰਜਾਬ ਪੁਲਿਸ ਨੂੰ ਦੇਣਗੇ ਪਰ ਇਸ ਗੱਲਾਂ ਸਿਰਫ ਬਿਆਨਬਾਜ਼ੀਆਂ ਹੀ ਰਹੀਆਂ ਤੇ ਹੁਣ ਸੀਬੀਆਈ ਨੇ ਚੁੱਪ ਚਪੀਤੇ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦਰਜ ਕਰ ਦਿੱਤੀ ਹੈ।

ਕਲੋਜ਼ਰ ਰਿਪੋਰਟ ਦੀ ਨਕਲ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ