ਡਿਬਰੂਗੜ੍ਹ (ਅਸਾਮ) ਅਤੇ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਸਿੰਘਾਂ ਦੀ ਭੁੱਖ-ਹੜਤਾਲ ਸੰਬੰਧੀ, ਅਸਾਮ ਤੇ ਪੰਜਾਬ ਸਰਕਾਰ ਸਹੀ ਜਾਣਕਾਰੀ ਦੇਣ : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 14 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਡਿਬਰੂਗੜ੍ਹ (ਅਸਾਮ) ਅਤੇ ਅੰਮ੍ਰਿਤਸਰ ਜੇਲ੍ਹ ਵਿਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾਂ ਨੂੰ ਜੋ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਗੈਰ ਕਾਨੂੰਨੀ ਤਰੀਕੇ ਜ਼ਬਰੀ ਬੰਦੀ ਬਣਾਕੇ ਰੱਖਿਆ ਹੋਇਆ ਹੈ ਅਤੇ ਜੇਲ੍ਹ ਵਿਚ ਇਨ੍ਹਾਂ ਨਾਲ ਜੇਲ੍ਹ ਨਿਯਮਾਂ ਅਤੇ ਵਿਧਾਨ ਅਨੁਸਾਰ ਵਿਵਹਾਰ ਕਰਨ ਤੋ ਇਨਕਾਰ ਕੀਤਾ ਜਾ ਰਿਹਾ ਹੈ, ਉਸ ਨੂੰ ਮੁੱਖ ਰੱਖਕੇ ਦੋਵੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਭੁੱਖ ਹੜਤਾਲ ਰੱਖਿਆ ਕਈ ਦਿਨ ਹੋ ਗਏ ਹਨ । ਪਰ ਪੰਜਾਬ ਤੇ ਅਸਾਮ ਸਰਕਾਰ ਵੱਲੋਂ ਕੋਈ ਇਸ ਗੰਭੀਰ ਵਿਸੇ ਉਤੇ ਸਾਨੂੰ ਜਾਣਕਾਰੀ ਨਹੀ ਦਿੱਤੀ ਗਈ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਡਾਕਟਰੀ ਸਹੂਲਤਾਂ ਅਤੇ ਹੋਰ ਜੇਲ੍ਹ ਨਿਯਮਾਂ ਦੀਆਂ ਸਹੂਲਤਾਂ ਦਿੱਤੀਆ ਜਾ ਰਹੀਆ ਹਨ ਜਾਂ ਨਹੀ । ਅਜਿਹੀ ਜਾਣਕਾਰੀ ਨਾ ਦੇਣਾ ਵਿਧਾਨਿਕ ਅਤੇ ਜੇਲ੍ਹ ਨਿਯਮਾਂ ਦੀ ਘੋਰ ਉਲੰਘਣਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਇਨ੍ਹਾਂ ਦੋਵਾਂ ਜੇਲ੍ਹਾਂ ਵਿਚ ਭੁੱਖ ਹੜਤਾਲ ਤੇ ਬੈਠੇ ਬੰਦੀਆਂ ਦੀ ਤੁਰੰਤ ਸਹੀ ਜਾਣਕਾਰੀ ਉਪਲੱਬਧ ਕਰਵਾਉਣ ਦੀ ਵਿਧਾਨਿਕ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਿਬਰੂਗੜ੍ਹ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿਚ ਜਬਰੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾਂ ਨੂੰ ਬੰਦੀ ਬਣਾਉਣ ਅਤੇ ਉਨ੍ਹਾਂ ਨਾਲ ਜੇਲ੍ਹ ਨਿਯਮਾਂ ਦੇ ਉਲਟ ਅਣਮਨੁੱਖੀ ਤੇ ਗੈਰ ਇਨਸਾਨੀਅਤ ਵਿਵਹਾਰ ਕਰਨ ਉਤੇ ਸਮੁੱਚੀ ਸਥਿਤੀ ਦੀ ਰਿਪੋਰਟ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਦੋਵਾਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੇ ਸੰਬੰਧਤ ਪਰਿਵਾਰਾਂ ਦੇ ਮੈਬਰਾਂ ਵੱਲੋ ਵੀ ਅੰਮ੍ਰਿਤਸਰ ਵਿਖੇ ਨਿਰੰਤਰ ਇਸ ਹੋ ਰਹੀ ਜਿਆਦਤੀ ਨੂੰ ਬੰਦ ਕਰਵਾਉਣ ਅਤੇ ਡਿਬਰੂਗੜ੍ਹ ਜੇਲ ਵਿਚ ਬੰਦੀ ਸਿੱਖਾਂ ਦੀ ਬਦਲੀ ਪੰਜਾਬ ਦੀਆਂ ਜੇਲ੍ਹਾਂ ਵਿਚ ਕਰਨ ਦੇ ਮੁੱਦਿਆ ਨੂੰ ਮੁੱਖ ਰੱਖਦੇ ਹੋਏ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਭੁੱਖ ਹੜਤਾਲ ਰੱਖੀ ਹੋਈ ਹੈ । ਇਸ ਸੰਬੰਧੀ ਸਮੁੱਚੀ ਸਥਿਤੀ ਤੋ ਸਹੀ ਜਾਣਕਾਰੀ ਦੇਣਾ ਅਸਾਮ ਤੇ ਪੰਜਾਬ ਸਰਕਾਰ ਦੀ ਇਖਲਾਕੀ ਜਿੰਮੇਵਾਰੀ ਬਣਦੀ ਹੈ । ਕਿਉਂਕਿ ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਵੱਲੋ ਚੱਲ ਰਹੀ ਭੁੱਖ ਹੜਤਾਲ ਹੋਰ ਵੀ ਗਹਿਰੀ ਚਿੰਤਾ ਦਾ ਵਿਸਾ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਧਾਨਿਕ ਨਿਯਮਾਂ ਤੇ ਕਾਨੂੰਨਾਂ ਅਨੁਸਾਰ ਇਨ੍ਹਾਂ ਬੰਦੀਆਂ ਨੂੰ ਤੁਰੰਤ ਪੰਜਾਬ ਦੀਆਂ ਜੇਲ੍ਹਾਂ ਵਿਚ ਹੁਕਮ ਕੀਤੇ ਜਾਣ ਅਤੇ ਜਿੰਨੀ ਜਲਦੀ ਹੋ ਸਕੇ ਇਨ੍ਹਾਂ ਨੂੰ ਬਾਇੱਜਤ ਰਿਹਾਅ ਕੀਤਾ ਜਾਵੇ ।
Comments (0)