ਅਸੀਮ ਸ਼ਖਸ਼ੀਅਤ ਸਿੰਘ ਸਾਹਿਬ ਹਰਿਚਰਨ ਸਿੰਘ ਮਹਾਲੋਂ

ਅਸੀਮ ਸ਼ਖਸ਼ੀਅਤ ਸਿੰਘ ਸਾਹਿਬ ਹਰਿਚਰਨ ਸਿੰਘ ਮਹਾਲੋਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਅੱਜ ਮਿਤੀ 9 ਅਪ੍ਰੈਲ 2024 ਨੂੰ ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਿਚਰਨ ਸਿੰਘ ਜੀ ਮਹਾਲੋਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਕੇਂਦਰੀ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ।

ਜ਼ਿਕਰਯੋਗ ਹੈ ਕਿ ਜਥੇਦਾਰ ਗਿਆਨੀ ਹਰਿਚਰਨ ਸਿੰਘ ਮਹਾਲੋਂ ਧਰਮ ਨੂੰ ਪ੍ਰਣਾਈ ਹੋਈ ਉਹ ਮਹਾਨ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਹੁੰਦਿਆਂ ਸਿੱਖ ਧਰਮ ਦੇ ਪ੍ਰਚਾਰ ਅਤੇ ਅੰਮ੍ਰਿਤਪਾਨ ਕਰਵਾਉਣ ਦੀ ਜੋ ਅਣਥੱਕ ਸੇਵਾ ਕੀਤੀ ਉਹ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਈ ਹੋਵੇ। 

ਜਥੇਦਾਰ ਸਾਹਿਬ ਨੇ ਸਿੱਖ ਧਰਮ ਦੇ ਅਸੂਲਾਂ-ਮਰਯਾਦਾ ਤੇ ਸਾਰੀ ਉਮਰ ਡਟ ਕੇ ਪਹਿਰਾ ਦਿੱਤਾ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਆਪ ਜੀ ਨੇ ਆਪਣੀ ਇਸ ਸੇਵਾ ਦੋਰਾਨ ਸ਼੍ਰੋਮਣੀ ਕਮੇਟੀ ਤੋਂ ਕਿਸੇ ਵੀ ਤਰਾਂ ਦੀ ਮਾਲੀ ਮਦਦ, ਤਨਖ਼ਾਹ ਜਾਂ ਕੋਈ ਭੱਤਾ ਵਗੈਰਾ ਨਹੀਂ ਲਿਆ।

ਜਥੇਦਾਰ ਸਾਹਿਬ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸੇਵਾ 26 ਮਾਰਚ 1980 ਨੂੰ ਸੰਭਾਲੀ ਅਤੇ 23 ਜਨਵਰੀ 1987 ਤੱਕ ਸੇਵਾ ਕੀਤੀ। ਇਸ ਤੋਂ ਪਹਿਲਾਂ ਆਪ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤਪਾਨ ਕਰਵਾਉਣ ਦੀ ਸੇਵਾ ਸਾਈਕਲ ਤੇ ਪਿੰਡ-ਪਿੰਡ ਜਾ ਕਰਦੇ ਰਹੇ। ਆਪ ਜੀ ਦਾ ਜੀਵਨ ਬਹੁਤ ਹੀ ਸਾਦਗੀ ਭਰਪੂਰ ਸੀ ਅਤੇ ਹਮੇਸ਼ਾਂ ਸਿੱਖੀ ਦੀ ਚੜ੍ਹਦੀਕਲਾ ਅਤੇ ਧਰਮ ਪ੍ਰਚਾਰ ਦੇ ਕਾਰਜ਼ਾਂ ਲਈ ਤਤਪਰ ਰਹਿੰਦੇ ਸਨ।

ਆਪਦੀ ਭੈਣ ਚਰਨ ਕੌਰ ਅਤੇ ਆਪਦਾ ਜਨਮ 8 ਜੁਲਾਈ 1925 ਨੂੰ ਮਾਤਾ ਬਸੰਤ ਕੋਰ ਪਤਨੀ ਸ. ਭਗਵਾਨ ਸਿੰਘ ਦੀ ਕੁੱਖੋਂ ਚੱਕ ਨੰ: 53 ਜੀ. ਬੀ. ਢੇਸੀਆਂ ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲਾਇਲਪੁਰ, ਲਹਿੰਦੇ ਪੰਜਾਬ (ਅਜੋਕੇ ਪਾਕਿਸਤਾਨ) ਵਿੱਚ ਹੋਇਆ। 

ਪੰਜਾਬ ਦੀ ਵੰਡ ਸਮੇਂ ਆਪ ਆਪਣੇ ਚਚੇਰੇ ਭਰਾਵਾਂ ਜਗਜੀਤ ਸਿੰਘ ਅਤੇ ਜਵਾਲਾ ਸਿੰਘ ਨਾਲ ਪਿੰਡ ਕਮਾਲਪੁਰ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ ਆ ਗਏ। ਇੱਥੇ ਹੀ ਇਨ੍ਹਾਂ ਦੀ ਭਾਣਜੀ ਬਲਦੀਪ ਕੋਰ ਨੇ ਜਨਮ ਲਿਆ। ਏਸੇ ਬਲਦੀਪ ਕੋਰ ਦੀ ਕੱੁਖੋਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਸਪੁੱਤਰ ਬਾਪੂ ਬਲਦੇਵ ਸਿੰਘ ਨੇ ਜਨਮ ਲਿਆ। ਇਨ੍ਹਾਂ ਦੇ ਚਚੇਰੇ ਭਾਈ ਪਿੰਡ ਤੇਂਹਗ ਰਹਿਣ ਲਗ ਪਏ। ਇਨ੍ਹਾਂ ਵਿੱਚੋਂ ਸ. ਜਵਾਲਾ ਸਿੰਘ ਦਾ ਇੱਕ ਪੁੱਤਰ ਡਾ. ਅਜੀਤ ਸਿੰਘ ਸਿੱਧੂ ਪੀ. ਏ. ਯੂ. ਲੁਧਿਆਣੇ ਨੌਕਰੀ ਕਰਦੇ ਸਨ ਅਤੇ ਉਹ ਓਥੇ ਰਹਿਣ ਲਗ ਪਏ ਸਨ। ਭਾਈ ਦਲਜੀਤ ਸਿੰਘ ਬਿੱਟੂ ਇਨ੍ਹਾਂ ਦੇ ਸਪੁੱਤਰ ਹਨ।

ਆਪ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੁੰਦਿਆਂ ਪੰਜਾਬ ਤੇ ਖ਼ਾਸ ਕਰ ਸਿੱਖਾਂ ਉਤੇ ਬਹੁਤ ਕਹਿਰ ਦਾ ਸਮਾਂ ਸੀ। ਜੂਨ 1984 ਦੇ ਘੱਲੂਘਾਰੇ ਵੇਲੇ ਵਾਪਰੇ ਘਟਨਾ ਚੱਕਰਾਂ ਦੌਰਾਨ ਬੂਟਾ ਸਿੰਘ ਤੇ ਗਿਆਨੀ ਜੈਲ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੀ ਪ੍ਰਕਿਰਿਆ ਵਿੱਚ ਜਥੇਦਾਰ ਹਰਿਚਰਨ ਸਿੰਘ ਮਹਾਲੋਂ ਜੀ ਦਾ ਬਹੁਤ ਹੀ ਸ਼ਲਾਘਾਯੋਗ ਕਿਰਦਾਰ ਰਿਹਾ। ਆਪ ਨੇ ਸਰਕਾਰੀ ਦਬਾਅ ਦੇ ਬਾਵਜ਼ੂਦ ਵੀ ਕਦੇ ਸਿੱਖ ਅਸੂਲਾਂ ਅਤੇ ਮਰਯਾਦਾ ਨਾਲ ਸਮਝੌਤਾ ਨਹੀਂ ਕੀਤਾ। 
ਉਸ ਸਮੇਂ ਦੇ ਭਾਰਤੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਆਪਣੇ ਦੋਹਤੇ ਦੇ ਅਨੰਦ ਕਾਰਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਨ ਲਈ ਆਪ ਨੂੰ ਕਿਹਾ ਪਰ ਆਪ ਨੇ ਤਖ਼ਤ ਸਾਹਿਬ ਵਿਖੇ ਅਨੰਦ ਕਾਰਜ ਦੀ ਕੋਈ ਮਰਯਾਦਾ ਨਾ ਹੋਣ ਅਤੇ ਦੋਹਤੇ ਦੇ ਕਲੀਨ ਸ਼ੇਵ ਹੋਣ ਕਾਰਨ ਸਾਫ਼ ਇਨਕਾਰ ਕਰ ਦਿੱਤਾ। ਉਪਰੰਤ ਸਰਕਾਰ ਨੇ ਆਪ ਨੂੰ ਘਰ ਵਿੱਚ ਨਜ਼ਰਬੰਦ ਕਰਕੇ ਮਰਯਾਦਾ ਦਾ ਉਲੰਘਣ ਕੀਤਾ। ਸਾਕਾ ਨਕੋਦਰ ਸਮੇਂ ਵੀ ਆਪ ਜੀ ਨੇ ਅਹਿਮ ਭੂਮਿਕਾ ਨਿਭਾਈ। ਸਾਕੇ ਦੌਰਾਨ ਸ਼ਹੀਦ ਹੋਏ ਚਾਰ ਸਿੰਘਾਂ ’ਚੋਂ ਇੱਕ ਭਾਈ ਰਵਿੰਦਰ ਸਿੰਘ ਲਿੱਤਰਾਂ, ਜਥੇਦਾਰ ਸਾਹਿਬ ਦਾ ਦੋਹਤਾ ਲਗਦਾ ਸੀ।

ਤਖ਼ਤ ਸਾਹਿਬ ਦੀ ਸੇਵਾ ਭਾਈ ਸ਼ਵਿੰਦਰ ਸਿੰਘ ਜੀ ਨੂੰ ਸੌਂਪ ਉਪਰੰਤ ਆਪ ਆਪਣੇ ਪਿੰਡ ਮਹਾਲੋਂ ਆ ਗਏ ਅਤੇ ਇੱਥੇ ਸੁਪਤਨੀ ਅਵਤਾਰ ਕੋਰ ਅਤੇ ਗੋਦ ਲਏ ਪੁੱਤਰ ਜਗਦੀਪ ਸਿੰਘ ਨਾਲ ਰਹਿੰਦੇ ਹੋਏ 26 ਅਪਰੈਲ 1994 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਅਕਾਲ ਚਲਾਣਾ ਕਰ ਗਏ ।