ਮਨੁੱਖੀ  ਸੱਭਿਅਤਾ ਦੇ ਸੰਕਟ ਅਤੇ ਕਾਇਨਾਤੀ ਹੁਕਮ

ਮਨੁੱਖੀ  ਸੱਭਿਅਤਾ ਦੇ ਸੰਕਟ ਅਤੇ ਕਾਇਨਾਤੀ ਹੁਕਮ

ਲੇਖਕ - ਹਰਸਿਮਰਨ ਸਿੰਘ  

2019 ਦੇ ਅੰਤ ਅਤੇ 2020 ਦੇ ਸ਼ੁਰੂ ਵਿਚ ਅਦ੍ਰਿਸ਼ਟ ਕੋਰੋਨਾ ਵਾਇਰਸ ਕਾਰਨ ਆਇਆ ਸੰਕਟ ਕਿਸੇ ਇਕ ਵਿਸ਼ੇਸ਼ ਇਲਾਕੇ ਜਾਂ ਦੇਸ਼ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਲਾਗ ਵਿਸ਼ਵ-ਵਿਆਪੀ ਪੱਧਰ 'ਤੇ ਫੈਲ ਗਈ ਹੈ। ਜਿਸ ਤਰ੍ਹਾਂ ਇਹ ਮਹਾਂਮਾਰੀ ਫੈਲੀ ਅਤੇ ਇਸ ਦੇ ਜੋ ਨਤੀਜੇ ਨਿਕਲੇ, ਉਸ ਨਾਲ ਵਿਸ਼ਵ ਦੇ ਦੇਸ਼ਾਂ ਅਤੇ ਮਾਨਵ ਜੀਵਨ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹਨ। ਸਪੱਸ਼ਟ ਹੈ ਕਿ ਪੈਦਾ ਹੋਈ ਅਸਾਧਾਰਨ ਸਥਿਤੀ ਕਾਰਨ ਭਵਿੱਖ ਦਾ ਵਿਸ਼ਵ ਉਹ ਨਹੀਂ ਰਹੇਗਾ, ਜੋ ਇਸ ਸੰਕਟ ਦੇ ਪੈਦਾ ਹੋਣ ਤੋਂ ਪਹਿਲਾਂ ਸੀ। ਇਸ ਸੰਕਟ ਦੇ ਪੈਦਾ ਹੋਣ ਤੋਂ ਪਹਿਲਾਂ ਮਨੁੱਖ ਅਸਹਿਜ, ਅਸੰਤੁਲਿਤ, ਲਾਲਸੀ, ਤੇਜ਼-ਤਰਾਰ ਜ਼ਿੰਦਗੀ, ਨਫ਼ਰਤ, ਅਲੱਗ-ਥਲੱਗਤਾ ਅਤੇ ਈਰਖਾ ਹੰਕਾਰ ਵਾਲਾ ਜੀਵਨ ਜੀਅ ਰਿਹਾ ਸੀ। ਵਿਸ਼ਵ-ਵਿਆਪੀ ਸੰਕਟ ਹੋਣ ਕਾਰਨ ਅਮਰੀਕਾ, ਚੀਨ, ਭਾਰਤ, ਕੈਨੇਡਾ, ਸਮੁੱਚਾ ਯੂਰਪ, ਇਸਲਾਮਿਕ ਦੁਨੀਆ, ਅਫ਼ਰੀਕਾ, ਦੱਖਣੀ ਅਮਰੀਕਾ ਆਦਿ ਦੇਸ਼ਾਂ ਦੇ ਸਮੁੱਚੇ ਰਾਜਨੀਤਕ, ਸਮਾਜਿਕ, ਆਰਥਿਕ, ਭਾਈਚਾਰਕ, ਸੱਭਿਆਚਾਰਕ ਤੇ ਧਰਮੋ-ਨੈਤਿਕ ਢਾਂਚੇ ਆਦਿ ਸਭ ਵੱਡੇ ਦਬਾਅ ਹੇਠ ਆ ਗਏ ਹਨ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਸ਼ਵ-ਵਿਆਪੀ ਸੰਕਟ ਵਿਚ ਬਦਲਣ ਦੇ ਕੁਝ ਵਿਸ਼ੇਸ਼ ਕਾਰਨ ਹਨ। ਆਖਰ ਚੀਨ ਦੀ ਵੂਹਾਨ ਪ੍ਰਯੋਗਸ਼ਾਲਾ ਵਿਚੋਂ ਕਥਿਤ ਤੌਰ 'ਤੇ ਫੈਲਿਆ ਅਦ੍ਰਿਸ਼ਟ ਵਾਇਰਸ ਅਮਰੀਕਾ, ਕੈਨੇਡਾ, ਰੂਸ, ਭਾਰਤ, ਯੂਰਪ, ਏਸ਼ੀਆਈ ਦੇਸ਼ਾਂ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਅਤੇ ਸਮੁੱਚੇ ਤੌਰ 'ਤੇ ਮਾਨਵ ਸੱਭਿਅਤਾ ਲਈ ਏਨਾ ਵੱਡਾ ਸੰਕਟ ਕਿਉਂ ਬਣਿਆ? ਸਥਿਤੀ ਜੇਕਰ ਸੰਕਟ ਨਾਲ ਹੀ ਸਬੰਧਿਤ ਰਹਿੰਦੀ, ਤਾਂ ਇਸ ਨੂੰ ਇਸੇ ਤਰ੍ਹਾਂ ਵੀ ਨਜਿੱਠਿਆ ਜਾ ਸਕਦਾ ਸੀ, ਪਰ ਇਸ ਨਾਲ ਤਾਂ ਵੱਡੀਆਂ ਸ਼ਕਤੀਆਂ ਅਤੇ ਹੋਰ ਦੇਸ਼ਾਂ ਦੇ ਢਾਂਚੇ ਹੀ ਡਗਮਗਾ ਗਏ ਹਨ। ਅਜਿਹੀ ਹਾਲਤ ਵਿਚ ਇਨ੍ਹਾਂ ਦੇਸ਼ਾਂ ਨੂੰ ਚਲਾ ਰਹੇ ਪੂੰਜੀਵਾਦ, ਸਮਾਜਵਾਦ, ਸਾਮਵਾਦ, ਹਿੰਦੂਤਵ ਅਤੇ ਇਸਲਾਮਿਕ ਸ਼ਰੀਅਤ ਆਦਿ ਨਾਲ ਸਬੰਧਤ ਸਮਾਜਿਕ ਢਾਂਚਿਆਂ ਅਤੇ ਪ੍ਰਬੰਧਾਂ ਉੱਤੇ ਉਂਗਲ ਉੱਠਣੀ ਲਾਜ਼ਮੀ ਹੈ। ਇੰਝ ਜਾਪਦਾ ਹੈ ਕਿ ਨਿਘਾਰ ਵੱਲ ਜਾ ਰਹੇ ਉਪਰੋਕਤ ਪ੍ਰਬੰਧਾਂ ਵਿਚ ਕੋਰੋਨਾ ਵਾਇਰਸ ਨੇ ਅਜਿਹੀ ਆਖਰੀ ਕਿੱਲ ਠੋਕੀ ਹੈ ਕਿ ਅਚਾਨਕ ਹੀ ਅਜਿਹੇ ਨਵੇਂ ਸਮਾਜਿਕ ਪ੍ਰਬੰਧ ਦੀ ਤਲਾਸ਼ ਕਰਨੀ ਪੈ ਰਹੀ ਹੈ, ਜਿਸ ਤੋਂ ਨਵੀਂ ਦਿਸ਼ਾ ਪ੍ਰਾਪਤ ਕਰਕੇ ਨਵਾਂ ਸੰਸਾਰਿਕ ਪ੍ਰਬੰਧ ਸਿਰਜਿਆ ਜਾ ਸਕੇ। ਗਿਆਨ-ਵਿਗਿਆਨ-ਤਕਨਾਲੋਜੀ ਦੇ ਬਲ 'ਤੇ ਤਿੰਨ ਉਦਯੋਗਿਕ ਕ੍ਰਾਂਤੀਆਂ ਦਾ ਸਫ਼ਰ ਤੈਅ ਕਰਕੇ ਮਾਨਵ ਸੱਭਿਅਤਾ ਲਈ ਹਾਨੀਕਾਰਕ ਚੌਥੀ ਰੋਬੋਟਿਕ ਅਤੇ ਅਪ੍ਰਾਕ੍ਰਿਤਕ ਬੁੱਧੀ ਕ੍ਰਾਂਤੀ ਦੇ ਦਹਾਨੇ 'ਤੇ ਪਹੁੰਚੇ ਦੇਸ਼ਾਂ, ਵਿਗਿਆਨ ਅਤੇ ਤਕਨਾਲੋਜੀ ਕੋਲ ਇਸ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਉੱਠੇ ਪ੍ਰਸ਼ਨਾਂ ਦੇ ਜਵਾਬ ਠੋਸ ਨਾਂਹ ਵਿਚ ਹਨ। ਸਪੱਸ਼ਟ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ, ਵਿਸ਼ੇਸ਼ ਕਰਕੇ ਠੰਢੀ ਜੰਗ ਤੋਂ ਬਾਅਦ ਦੀਆਂ ਵਿਚਾਰਧਾਰਾਵਾਂ, ਸਮਾਜਿਕ ਪ੍ਰਬੰਧਾਂ, ਵਿਸ਼ਵ ਪੱਧਰ ਦੇ ਨਾ-ਪਾਕ ਆਰਥਿਕ-ਮਿਲਟਰੀ ਗੱਠਜੋੜਾਂ, ਇਕ-ਧਰੁਵੀ, ਦੋ-ਧਰੁਵੀ ਸੰਸਾਰ ਦੇ ਆਗੂਆਂ ਅਮਰੀਕਾ, ਚੀਨ, ਰੂਸ ਦੇ ਆਪਸੀ ਟਕਰਾਉ ਦੀਆਂ ਨੀਤੀਆਂ ਆਦਿ ਨੇ ਵਿਸ਼ਵ ਮਨੁੱਖ ਅਤੇ ਦੇਸ਼ਾਂ ਨੂੰ ਇਸ ਹੱਦ ਤੱਕ ਬੇਵੱਸ, ਲਾਚਾਰ ਅਤੇ ਕਮਜ਼ੋਰ ਕਰ ਦਿੱਤਾ ਹੈ ਕਿ ਉਨ੍ਹਾਂ  ਨੂੰ ਇਸ ਮਹਾਂਮਾਰੀ ਵਿਚੋਂ ਨਿਕਲਣ ਦੇ ਕੋਈ ਉਚਿਤ ਅਤੇ ਚਿਰਸਥਾਈ ਰਾਹ ਹੀ ਨਜ਼ਰ ਨਹੀਂ ਆ ਰਹੇ। ਉਹ ਵਿਸ਼ਵ ਨੈਤਿਕਤਾ ਸਨਮੁੱਖ ਬੇਪਰਦ ਹੋ ਗਏ ਹਨ। ਇਸ ਲਈ ਇਕ ਨਵਾਂ ਵਿਸ਼ਵ ਵਿਆਪੀ ਪ੍ਰਬੰਧ ਸਿਰਜਣ ਲਈ ਹੁਣ ਇਨ੍ਹਾਂ  ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਸ਼ਕਤੀਆਂ ਹੁਣ ਵਿਸ਼ਵ ਪ੍ਰਬੰਧ ਦਾ ਮੁਖੜਾ ਨਹੀਂ ਰਹੀਆਂ।
ਕਰੋਨਾ ਵਾਇਰਸ ਸੰਕਟ ਕਾਰਨ ਭਾਰਤ ਅਤੇ ਵਿਸ਼ਵ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਸ਼ਕਤੀ ਦੇਣ ਵਾਲੇ ਹਰ ਤਰ੍ਹਾਂ ਦੇ ਕਿਰਤੀ, ਮਜ਼ਦੂਰ ਅਤੇ ਹੁਨਰਮੰਦ ਲੋਕ ਕੁਝ ਪਲਾਂ ਵਿਚ ਹੀ ਅਸੁਰੱਖਿਅਤ ਹੋਏ ਦਰ ਬਦਰ ਹੋ ਗਏ; ਵਿਸ਼ਵ ਦੇ ਦੇਸ਼ਾਂ ਦੀਆਂ ਸਿਹਤ ਸੇਵਾਵਾਂ ਦਾ ਸਮੁੱਚਾ ਸਿਸਟਮ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਢਹਿ ਢੇਰੀ ਹੋ ਗਿਆ; ਧਰਮਾਂ, ਸੱਭਿਆਚਾਰਾਂ ਅਤੇ ਰੰਗ ਨਸਲ ਉੱਤੇ ਆਧਾਰਿਤ ਨਾ-ਬਰਾਬਰੀ ਵਾਲਾ ਭਾਈਚਾਰਾ ਕਮਜ਼ੋਰ ਪੈ ਗਿਆ; ਸਿਵਾਏ ਮੈਡੀਕਲ ਸਾਮਾਨ ਦੇ ਲੋਕਾਂ ਦੀ ਖ਼ਰੀਦ ਸ਼ਕਤੀ ਘਟਣ ਅਤੇ ਹੋਰ ਕਾਰਨਾਂ ਨਾਲ ਅਚਾਨਕ ਚੀਜ਼ਾਂ ਦਾ ਉਤਪਾਦਨ ਅਤੇ ਵਿਕਰੀ ਪ੍ਰਭਾਵਿਤ ਹੋਏ; ਵਿਸ਼ਵ ਪੱਧਰ ਤੱਕ ਦੇਸ਼ਾਂ ਵਿਚ ਮਹੀਨਿਆਂ ਤੱਕ ਹੋਈਆਂ ਤਾਲਾਬੰਦੀਆਂ ਨਾਲ ਕਈ ਤਰ੍ਹਾਂ ਦੀਆਂ ਪਰਿਵਾਰਕ, ਆਰਥਿਕ, ਰਾਜਨੀਤਿਕ-ਸੱਤਾ, ਮਾਨਸਿਕ, ਪ੍ਰਸ਼ਾਸਕੀ ਅਤੇ ਰੁਜ਼ਗਾਰ ਸਬੰਧੀ ਕਈ ਮੁਸ਼ਕਿਲਾਂ ਅਤੇ ਚੁਣੌਤੀਆਂ ਪੈਦਾ ਹੋਈਆਂ; ਕਰੋਨਾ ਤੋਂ ਪਹਿਲਾਂ ਵਾਲੀ ਭੱਜ-ਦੌੜ ਅਤੇ ਬੇਥੱਵੀ ਹੋਈ ਉਪਭੋਗਤਾਵਾਦੀ ਜ਼ਿੰਦਗੀ ਬਦਲਣ ਨਾਲ ਲੋਕਾਂ ਨੂੰ ਸਹਿਜ, ਸੰਜਮ ਅਤੇ ਠਹਿਰਾਉ ਵਿਚ ਰਹਿਣ ਵਾਲੀ ਜੀਵਨ-ਜਾਚ ਦੇ ਅਨੇਕਾਂ ਅਨੁਭਵ ਹੋਏ; ਇਸ ਸੰਕਟ ਦੌਰਾਨ ਭਾਰਤ ਤੋਂ ਵਿਸ਼ਵ ਪੱਧਰ ਤੱਕ ਗ਼ਰੀਬ ਲੋਕ ਕਿਵੇਂ ਆਪਣੀ ਜ਼ਿੰਦਗੀ ਜਿਊਂਦੇ ਸਨ (ਹਨ), ਇਹ ਜੱਗ ਜ਼ਾਹਰ ਹੋਇਆ। ਬੇਰੁਜ਼ਗਾਰੀ ਨੇ ਲੋਕਾਂ ਦੇ ਜੀਵਨ ਭਵਿੱਖ ਸਬੰਧੀ ਕਈ ਤਰ੍ਹਾਂ ਦੇ ਸੰਕਟ ਪੈਦਾ ਕੀਤੇ ਅਤੇ ਉਨ੍ਹਾਂ ਦਾ ਭਵਿੱਖ ਅੰਧਕਾਰ ਵਿਚ ਚਲਾ ਗਿਆ; ਵਿਸ਼ਵ ਦੇ ਦੇਸ਼ਾਂ ਵਿਚ ਆਪਣੇ ਦੇਸ਼ਾਂ ਨੂੰ ਚਲਾਉਣ ਵਾਲੇ ਪ੍ਰਚੱਲਿਤ ਢਾਂਚਿਆਂ ਵਿਚ ਸਰਬਪੱਖੀ ਸੁਧਾਰ ਲਿਆਉਣ ਦੇ ਨਵੇਂ ਅਹਿਸਾਸ ਜਾਗੇ। ਇਸ ਤਰ੍ਹਾਂ ਕਰੋਨਾ ਵਾਇਰਸ ਕਾਰਨ ਆਏ ਕਈ ਹੋਰ ਸੰਕਟਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।
ਪਿਛਲੀਆਂ ਮਹਾਂਮਾਰੀਆਂ ਵਿਚ ਸਦੀਆਂ ਦਾ ਪਾੜਾ ਹੈ, ਪਰ ਪਿਛਲੇ ਕੁਝ ਦਹਾਕਿਆਂ ਵਿਚ ਜਿਵੇਂ ਸਾਰਸ, ਇਬੋਲਾ, ਸਵਾਈਨ, ਬਰਡ ਫਲੂ, ਡੇਂਗੂ, ਏਡਜ਼, ਕੈਂਸਰ ਅਤੇ ਹੁਣ ਕੋਰੋਨਾ ਵਾਇਰਸ ਨੇ ਮਾਨਵ ਜਾਤੀ ਲਈ ਸੰਕਟ ਖੜੇ ਕਰ ਦਿੱਤੇ ਹਨ, ਜਿਨ੍ਹਾਂ ਦੇ ਨਤੀਜੇ ਸਾਡੇ ਸਾਹਮਣੇ ਹਨ। ਇਹ ਸਭ ਕੁਝ ਉਨ੍ਹਾਂ ਵੱਡੀਆਂ ਸ਼ਕਤੀਆਂ, ਆਗੂਆਂ, ਉਲਟ-ਵਿਗਿਆਨੀਆਂ, ਤਕਨਾਲੋਜੀ ਦੀ ਅਤੀ ਨੂੰ ਪਹੁੰਚ ਰਹੀ ਵਰਤੋਂ ਅਤੇ ਪ੍ਰਮਾਣੂੰ ਹਥਿਆਰਾਂ ਦੇ ਸਰਪ੍ਰਸਤਾਂ ਅਤੇ ਸਮਾਜਿਕ ਪ੍ਰਬੰਧਕੀ ਢਾਂਚਿਆਂ ਆਦਿ ਕਾਰਨ ਵਾਪਰਦੇ ਆ ਰਹੇ ਦੁਖਾਂਤ ਹਨ। ਇਨ੍ਹਾਂ ਮਹਾਮਾਰੀਆਂ, ਤਬਾਹਕੁੰਨ ਜੰਗਾਂ ਅਤੇ ਨਫ਼ਰਤਾਂ ਆਦਿ ਵਿਚ ਸਾਰੀ ਮਾਨਵ ਜਾਤੀ ਉਲਝ ਕੇ ਰਹਿ ਗਈ ਹੈ। ਕੁਝ ਇਨ੍ਹਾਂ  ਅਤੇ ਹੋਰ ਕਾਰਨਾਂ ਦੇ ਸਥਾਈ ਹੱਲਾਂ ਲਈ ਹੁਣ ਸਾਨੂੰ ਇਕ ਨਵੇਂ ਵਿਸਮਾਦੀ ਵਿਸ਼ਵ ਪ੍ਰਬੰਧ ਦੇ ਨਕਸ਼ ਉਭਾਰਨੇ ਹੋਣਗੇ।
ਅਜਿਹੀ ਹਾਲਤ ਵਿਚ ਵਿਸ਼ਵ ਸਿਆਣਿਆਂ ਨੂੰ ਅਤੇ ਆਮ ਲੋਕਾਂ ਨੂੰ ਖ਼ੁਦ ਹੀ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਅਜਿਹਾ ਕੁਝ ਵੱਡਾ ਅਤੇ ਉਸਾਰੂ ਸੋਚਣਾ ਹੋਏਗਾ, ਜਿਸ ਨਾਲ ਇਕ ਨਵਾਂ ਵਿਸ਼ਵ ਸਿਰਜਿਆ ਜਾ ਸਕੇ। ਉਨ੍ਹਾਂ ਨੂੰ ਸਭ ਤੋਂ ਵੱਡਾ ਅਹਿਸਾਸ ਕੁਦਰਤ ਵੱਲ ਮੁੜਨ ਅਤੇ ਸ਼ਹਿਰੀ ਉਦਯੋਗੀਕਰਨ ਦੀ ਬਜਾਏ ਦਿਹਾਤੀ/ਖੇਤੀ ਅਰਥਚਾਰੇ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਣ ਦਾ ਜਾਗਿਆ ਹੈ। ਮਨੁੱਖ ਨੂੰ ਕੁਦਰਤ, ਇਸ ਦੇ ਰਹੱਸਾਂ ਨਾਲ ਜੁੜਨ, ਇਸ ਦੀ ਕਾਰਗੁਜ਼ਾਰੀ ਨੂੰ ਜਾਨਣ, ਕੁਦਰਤੀ ਨਜ਼ਾਰਿਆਂ ਨੂੰ ਜੀਵਨ ਵਿਚ ਢਾਲਣ ਅਤੇ ਇਸ ਦੀ ਸੰਭਾਲ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਚਾਉਣ ਤੋਂ ਅੱਗੇ ਜਾ ਕੇ ਇਸ ਨਾਲ ਵਿਸਮਾਦੀ ਸਾਂਝ ਨੂੰ ਮੁੜ ਪੱਕਿਆਂ ਕਰਕੇ ਇਸ ਅਨੁਸਾਰ ਜੀਵਨ ਜਿਊਣ ਦੇ ਨਵੇਂ/ਵਿਸਮਾਦੀ ਅਹਿਸਾਸ ਪੈਦਾ ਹੋਏ ਹਨ। ਕੁਦਰਤ ਨਾਲ ਕੁਦਰਤ ਅਨੁਸਾਰ ਜੁੜਨਾ, ਇਸ ਦੀ ਅਸਚਰਜਤਾ ਅਤੇ ਅਨੁਸ਼ਾਸਨੀ ਵਿਵਸਥਾ ਨੂੰ ਅਨੁਭਵ ਵਿਚ ਲਿਆਉਣਾ ਅਤੇ ਅਨੰਦਿਤ ਭਾਵ ਵਿਚ ਆਉਣਾ ਵਿਸਮਾਦੀ ਹੋਣਾ ਹੈ। ਕੋਰੋਨਾ ਵਾਇਰਸ ਅਜਿਹੇ ਅਹਿਸਾਸ ਜਗਾਉਣ ਸਬੰਧੀ ਇਕ ਵੱਡਾ ਕਾਰਨ ਬਣਿਆ ਹੈ।
ਕੁਦਰਤ ਦੇ ਦਰਦ, ਇਸ ਦੇ ਵਿਸਮਾਦ, ਇਸ ਦੀ ਅਸਚਰਜਤਾ ਅਤੇ ਇਸ ਤੋਂ ਮਾਂ ਵਰਗੇ ਪਿਆਰ ਦੀ ਵੱਡੇ ਅਰਥਾਂ ਵਿਚ ਵਿਚਾਰਧਾਰਕ ਸੰਰਚਨਾ ਅਤੇ ਵਿਆਖਿਆ ਕਰਨੀ ਹੋਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਮਾਦੀ ਚਿੰਤਨ ਪ੍ਰਚੱਲਿਤ ਸਮਾਜਿਕ ਪ੍ਰਬੰਧਾਂ ਦੀ ਅਸਫ਼ਲਤਾ ਕਾਰਨ ਪਏ ਖੱਪਿਆਂ ਨੂੰ ਭਰ ਕੇ ਮਾਨਵ ਸੱਭਿਅਤਾ ਲਈ ਬਣੀ ਨਵੀਂ ਆਸ, ਨਵਾਂ ਵਿਸ਼ਵ ਕ੍ਰਮ ਸਿਰਜਣ ਦੇ ਸਮਰੱਥ ਹੈ। ਲੋੜ ਸਿਰਫ਼ ਇਸ ਦੀਆਂ ਬਹੁ-ਪਰਤੀ ਦਿਸ਼ਾਵਾਂ ਅਤੇ ਪਾਸਾਰਿਆਂ ਨੂੰ ਵਿਸ਼ਵ ਚੇਤਨਾ ਦਾ ਹਿੱਸਾ ਬਣਾਉਣ ਦੀ ਹੈ। ਮਨਾਫ਼ੇ ਅਤੇ ਧਨ ਨੂੰ ਕੇਂਦਰ ਵਿਚੋਂ ਬਾਹਰ ਕਰਕੇ ਕੁਦਰਤ ਅਤੇ ਇਸ ਦੇ ਵਿਸਮਾਦ ਉੱਤੇ ਸਾਰੇ ਵਿਸ਼ਵ ਚਿੰਤਨ ਨੂੰ ਕੇਂਦਰਿਤ ਕੀਤਾ ਜਾਣਾ ਜ਼ਰੂਰੀ ਹੋਵੇਗਾ। ਕੁਦਰਤ-ਮੁਖੀ ਸਮਾਜਿਕ ਪ੍ਰਬੰਧ ਦੀ ਲੋੜ ਬੜੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ, ਪਰ ਕੋਰੋਨਾ ਵਾਇਰਸ ਕਾਰਨ ਉਪਜੇ ਸੰਕਟਾਂ ਨੇ ਇਸ ਲੋੜ ਨੂੰ ਹੋਰ ਤੀਬਰ ਕਰ ਦਿੱਤਾ ਹੈ। ਸਿੱਖ ਚਿੰਤਕਾਂ ਨੂੰ ਭਾਰਤ ਅਤੇ ਦੂਸਰੇ ਦੇਸ਼ਾਂ ਦੇ ਚਿੰਤਕਾਂ ਨਾਲ ਮਿਲ ਕੇ ਇਸ ਸਬੰਧੀ ਇਕ ਸੰਵਾਦ ਸ਼ੁਰੂ ਕਰਨ ਦੀ ਲੋੜ ਹੈ।