ਲਾਹੌਰ ਤੋਂ ਤਾਇਬਾ ਬੁਖਾਰੀ- "ਅਸੀਂ ਜੰਗ ਜਾਂ ਨਫਰਤਾਂ ਵਲ ਕਿਉਂ ਜਾ ਰਹੇ ਹਾਂ"

ਲਾਹੌਰ ਤੋਂ ਤਾਇਬਾ ਬੁਖਾਰੀ-
ਜ਼ਰਾ ਸੋਚੋ ਤੇ ਜਵਾਬ ਦਿਓ। ਜੇ ਕਦੀ ਕਿਸੇ ਯੂਰਪ, ਅਮਰੀਕਾ, ਆਸਟ੍ਰੇਲੀਆ ਜਾਂ ਅਫ਼ਰੀਕਾ ਦੇ ਕਿਸੇ ਦੇਸ਼ ਦੇ ਰਹਿਣ ਵਾਲੇ ਨੇ ਸਾਨੂੰ ਜਾਂ ਕਦੀ ਭਾਰਤ ਤੇ ਪਾਕਿਸਤਾਨ ਦੇ ਕਿਸੇ ਬੰਦੇ ਜਾਂ ਜ਼ਨਾਨੀ ਤੋਂ ਪੁੱਛ ਲਿਆ ਕਿ, 'ਤੁਹਾਡੇ ਅੰਦਰ ਏਨੀ ਨਫ਼ਰਤ ਕਿਉਂ ਐ ਬਈ?' ਤਾਂ ਅਸੀਂ ਕੀ ਜਵਾਬ ਦੇਵਾਂਗੇ? ਜਾਂ ਸਾਡੇ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜੇ ਅਸੀਂ ਇਹ ਕਿਹਾ ਕਿ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਤਾਂ ਫਿਰ ਕੋਈ ਇਹ ਸਵਾਲ ਪੁੱਛ ਸਕਦਾ ਹੈ ਕਿ 'ਮੁਹੱਬਤ ਦਿਖਾਓ' ਤਾਂ ਫਿਰ ਅਸੀਂ ਕੀ ਜਵਾਬ ਦੇਵਾਂਗੇ? ਸਾਫ਼ ਤੇ ਸਿੱਧੀ ਗੱਲ ਹੈ ਕਿ ਸਾਡੇ ਕੋਲ ਕੋਈ ਜਵਾਬ ਨਹੀਂ। ਅਸੀਂ ਨਫ਼ਰਤ ਤੋਂ ਇਨਕਾਰ ਨਹੀਂ ਕਰ ਸਕਦੇ ਤੇ ਮੁਹੱਬਤ ਕਰਨ ਦਾ ਇਕਰਾਰ ਨਹੀਂ ਕਰ ਸਕਦੇ।
 
ਭਾਰਤ ਤੇ ਪਾਕਿਸਤਾਨ ਵਿਚ ਵਸਣ ਵਾਲੇ ਕਰੋੜਾਂ ਇਨਸਾਨਾਂ ਦੇ ਹੱਥ ਇਸ ਮਾਮਲੇ 'ਤੇ ਖੜ੍ਹੇ ਹਨ, ਖਾਲੀ ਨਹੀਂ ਕੱਟ ਦਿੱਤੇ ਗਏ ਹਨ। ਤੁਸੀਂ ਕੁਝ ਵੀ ਕਹਿ ਸਕਦੇ ਹੋ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਦਿਲ ਜਾਂ ਦਿਮਾਗ ਵੀ ਖਾਲੀ ਹੈ। ਇਹ ਦੋਵੇਂ ਭਰੇ ਹੋਏ ਹਨ। ਇਸ ਸਵਾਲ ਦਾ ਜਵਾਬ ਹੈ ਕਿ ਸਾਡਾ ਦਿਲ ਜਾਂ ਦਿਮਾਗ ਭਰੇ ਹੋਏ ਹਨ ਬਹੁਤ ਸਾਰੀਆਂ ਚੀਜ਼ਾਂ ਨਾਲ। ਸਾਡੇ ਦਿਲ ਵਿਚ ਮੁਹੱਬਤ ਕੈਦ ਹੋਈ ਪਈ ਹੈ, ਜਿਸ ਦਾ ਅਸੀਂ ਖੁੱਲ੍ਹ ਕੇ ਐਲਾਨ ਨਹੀਂ ਕਰ ਸਕਦੇ। ਅਸੀਂ ਆਪਣੀ ਮੁਹੱਬਤ ਨਾਲ ਜੀਅ ਨਹੀਂ ਸਕਦੇ। ਹਾਂ, ਮਰ ਜ਼ਰੂਰ ਸਕਦੇ ਹਾਂ (ਭਾਵੇਂ ਇਹ ਮੁਹੱਬਤ ਕਿਸੇ ਕੁੜੀ ਨਾਲ ਹੋਵੇ ਜਾਂ ਕਿਸੇ ਦੇਸ਼ ਨਾਲ)। ਅਸੀਂ ਕਿਸੇ ਕੋਲ ਆਪਣੀ ਮੁਹੱਬਤ ਖੋਲ੍ਹ ਕੇ ਬਿਆਨ ਨਹੀਂ ਕਰਦੇ, ਜੇ ਕਰ ਦਿੱਤੀ ਤਾਂ ਸਮਝੋ ਹੋ ਗਈ ਲੜਾਈ। ਇਸ ਕਰਕੇ ਚੁੱਪਚਾਪ ਅੰਦਰੋ ਅੰਦਰੀ ਮੁਹੱਬਤ ਕਰਦੇ ਰਹੋ, ਕਿਸੇ ਨੂੰ ਦੱਸਿਓ ਨਾ।
 
ਹਾਂ, ਅਸੀਂ ਮੰਨਦੇ ਹਾਂ ਕਿ ਸਾਡੇ ਅੰਦਰ ਗੁੱਸਾ ਬਹੁਤ ਭਰਿਆ ਹੋਇਆ ਹੈ। ਕਹਿਣ ਨੂੰ ਗੁੱਸਾ ਬਹੁਤ ਬੁਰੀ ਚੀਜ਼ ਹੈ ਪਰ ਅਸੀਂ ਬੜੇ ਫਖ਼ਰ ਨਾਲ ਦੱਸਦੇ ਹਾਂ ਕਿ ਸਾਡੇ ਅੰਦਰ ਬਹੁਤ ਗੁੱਸਾ ਹੈ ਤੇ ਅਸੀਂ ਗੁੱਸਾ ਵਿਖਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਅਸੀਂ ਨਹੀਂ ਵੇਖਦੇ ਕਿ ਗੁੱਸੇ ਦਾ ਕਿੰਨਾ ਤੇ ਕੀਹਨੂੰ ਨੁਕਸਾਨ ਹੋਵੇਗਾ। ਗੁੱਸੇ ਨੂੰ ਛੱਡ ਕੇ ਅੱਗੇ ਗੱਲ ਵਧਾਈਏ ਤੇ ਸਾਡੇ ਦਿਲ ਦਿਮਾਗ ਵਿਚ ਆਸ ਵੀ ਹੈ ਤੇ ਨਿਰਾਸ਼ਾ ਵੀ। ਅਸੀਂ ਆਸ ਦਾ ਇਜ਼ਹਾਰ ਤਾਂ ਖੁੱਲ੍ਹ ਕੇ ਕਰਦੇ ਹਾਂ ਪਰ ਨਿਰਾਸ਼ਾ ਬਾਰੇ ਕੁਝ ਵੀ ਖੁੱਲ੍ਹ ਕੇ ਨਹੀਂ ਕਿਹਾ ਜਾ ਸਕਦਾ। ਜੇ ਕਿਸੇ ਨੇ ਹਿੰਮਤ ਦਿਖਾਈ ਨਿਰਾਸ਼ਾ ਬਾਰੇ ਆਵਾਜ਼ ਬੁਲੰਦ ਕੀਤੀ ਤਾਂ ਕਈ ਇਸ ਆਵਾਜ਼ ਨੂੰ ਖਾਮੋਸ਼ ਕਰਨ ਲਈ ਖਲੋ ਜਾਣਗੇ। ਅਸੀਂ ਜੰਗ 'ਤੇ ਜਦੋਂ ਵੀ ਚਾਹੀਏ, ਖੁੱਲ੍ਹ ਡੁੱਲ੍ਹ ਕੇ ਗੱਲ ਕਰ ਸਕਦੇ ਹਾਂ ਪਰ ਜਦੋਂ ਇਹ ਕਹਿਣਾ ਹੋਵੇ ਕਿ ਜੰਗ ਨਾ ਹੋਵੇ ਤਾਂ ਇਸ ਦੀ ਥਾਂ ਅਸੀਂ ਜੰਗ ਦੀ ਧਮਕੀ ਦੇਣ ਵਾਲੇ ਨੂੰ ਹੀ ਹੀਰੋ ਬਣਾ ਲੈਂਦੇ ਹਾਂ ਤੇ ਉਸ ਦੀਆਂ ਸਿਫ਼ਤਾਂ ਦਾ ਕਸੀਦਾ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਤੇ ਜੇ ਕੋਈ ਇਹ ਕਹੇ ਕਿ ਜੰਗ ਹਰ ਮਸਲੇ ਦਾ ਹੱਲ ਨਹੀਂ, ਗੱਲਬਾਤ ਨਾਲ ਵੀ ਮਸਲੇ ਹੱਲ ਹੋ ਸਕਦੇ ਹਨ ਤਾਂ ਅਸੀਂ ਇਹ ਕਹਿਣ ਵਾਲੇ ਨੂੰ ਬੁਜ਼ਦਿਲ, ਡਰਪੋਕ ਤੇ ਥੱਕਿਆ ਹੋਇਆ ਸਮਝਦੇ ਹਾਂ। ਸਾਡੀ ਨਜ਼ਰ ਵਿਚ ਐਸੇ ਬੰਦੇ ਵਿਚ ਕੋਈ 'ਕਰੰਟ' ਨਹੀਂ ਹੁੰਦਾ। ਐਸਾ ਬੰਦਾ 'ਠੰਢਾ' ਹੁੰਦਾ ਹੈ ਤੇ ਸਾਡਾ ਠੰਢੇ ਮਾਹੌਲ ਨਾਲ ਕੀ ਤਾਅਲੁੱਕ? ਸਾਡੀ ਸਾਰੀ ਸਿਆਸਤ ਤੇ ਸਾਰਾ ਕਾਰੋਬਾਰ ਹੀ 'ਕਰੰਟ', ਜੰਗ ਤੇ 'ਯੋਧਿਆਂ' ਨਾਲ ਚਲਦਾ ਹੈ। ਜੇ ਇਹ ਸਭ 'ਠੰਢਾ' ਪੈ ਗਿਆ ਤਾਂ ਅਸੀਂ ਕੀ ਕਰਾਂਗੇ? ਇਸ ਲਈ ਸਰਹੱਦ ਦੇ ਅੰਦਰ ਤੇ ਬਾਹਰ 'ਮੋਸੀਕੀ' ਚਲਦੀ ਰਹਿਣੀ ਚਾਹੀਦੀ ਹੈ।
 
ਇਹ ਸਭ ਜਾਣਨ ਤੋਂ ਬਾਅਦ ਜੇ ਕਿਸੇ ਨੇ ਇਹ ਸਵਾਲ ਕਰ ਦਿੱਤਾ ਕਿ 'ਤੁਹਾਡੇ ਦੋਵਾਂ ਦੇਸ਼ਾਂ ਕੋਲ ਖਾਣ ਨੂੰ ਰੋਟੀ ਨਹੀਂ, ਪਾਉਣ ਨੂੰ ਚੰਗੇ ਕੱਪੜੇ ਨਹੀਂ, ਰਹਿਣ ਨੂੰ ਪੱਕਾ ਮਕਾਨ ਨਹੀਂ' ਤਾਂ ਸਾਡਾ ਜਵਾਬ ਕੀ ਹੋਵੇਗਾ? ਸੁਣਨ ਵਾਲਾ ਜ਼ਰੂਰ ਪ੍ਰੇਸ਼ਾਨ ਹੋਵੇਗਾ ਕਿਉਂਕਿ ਸਾਡੇ ਕੋਲ ਇਸ ਦਾ ਵੀ ਬੜਾ ਆਸਾਨ ਤੇ ਸਾਫ਼ ਜਵਾਬ ਹੈ। ਉਹ ਇਹ ਕਿ ਸਾਡੇ ਕੋਲ ਭਲਾ ਖਾਣ ਨੂੰ ਰੋਟੀ ਹੋਵੇ ਨਾ ਹੋਵੇ। ਪਾਉਣ ਨੂੰ ਚੰਗੇ ਕੱਪੜੇ ਹੋਣ ਜਾਂ ਨਾ ਹੋਣ, ਰਹਿਣ ਨੂੰ ਪੱਕਾ ਮਕਾਨ ਹੋਵੇ, ਨਾ ਹੋਵੇ ਪਰ ਸਾਡੇ ਕੋਲ ਲੜਨ ਲਈ ਪ੍ਰਮਾਣੂ ਬੰਬ ਹਨ। ਅਸੀਂ ਭੁੱਖੇ ਮਰ ਜਾਵਾਂਗੇ, ਆਪਣੀ ਨਵੀਂ ਨਸਲ ਨੂੰ ਚੰਗੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਨੌਕਰੀਆਂ ਭਾਵੇਂ ਦਈਏ ਨਾ ਦਈਏ ਪਰ ਲੜਨ ਲਈ ਪ੍ਰਮਾਣੂ ਬੰਬ ਜ਼ਰੂਰ ਦੇ ਕੇ ਜਾਵਾਂਗੇ। ਇਹ ਹੀ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੈ। ਇਹ ਜਵਾਬ ਸੁਣਨ ਤੋਂ ਬਾਅਦ ਸ਼ਾਇਦ ਹੀ ਕੋਈ ਹੋਰ ਸਵਾਲ ਪੁੱਛਣ ਦੀ ਹਿੰਮਤ ਕਰੇ। ਕਿਉਂਕਿ ਪੁੱਛਣ ਵਾਲਾ 'ਸਮਝ ਤਾਂ ਗਿਆ ਹੀ ਹੋਵੇਗਾ' ਕਿ ਸਾਡਾ ਭਵਿੱਖ ਕੀ ਹੈ ਤੇ ਇੱਥੇ ਕਿਹੜਾ ਮਾਲ ਵੇਚਿਆ ਜਾ ਸਕਦਾ ਹੈ, ਕਿਉਂਕਿ ਇੱਥੇ ਤਾਂ ਸਾਰੇ ਲੜਨ ਤੇ ਮਾਰਨ ਵਾਸਤੇ ਪੈਦਾ ਹੋਏ ਨੇ, ਰਹਿਣ ਵਾਸਤੇ ਤਾਂ ਦੁਨੀਆ ਵਿਚ ਹੋਰ ਬਥੇਰੇ ਦੇਸ਼ ਹਨ। ਉੱਥੇ ਜਾਣਾ ਚਾਹੁੰਦੇ ਹੋ ਤਾਂ ਆਪਣਾ ਪਿਆਰ, ਦੇਸ਼, ਦੋਸਤ, ਯਾਰ, ਸੱਭਿਆਚਾਰ, ਰੀਤੀ ਰਿਵਾਜ, ਆਜ਼ਾਦੀ ਸਭ ਕੁਝ ਛੱਡ ਕੇ ਚਲੇ ਜਾਓ, ਕਿਸ ਨੇ ਰੋਕਿਆ ਹੈ? ਕੋਈ ਰੋਕੇਗਾ ਵੀ ਨਹੀਂ, ਸਗੋਂ ਖੁਸ਼ ਹੋਣਗੇ ਅਤੇ ਕਹਿਣਗੇ ਕਿ ਬਾਹਰ ਹੀ ਰਹਿ, ਖੂਬ ਪੈਸਾ ਕਮਾਓ ਤੇ ਭੇਜੋ ਤਾਂ ਕਿ ਦੇਸ਼ ਮਜ਼ਬੂਤ ਹੋਵੇ।
 
ਕੁਝ ਬਿਆਨ ਕਰਨ ਦੀ, ਕੁਝ ਕਹਿਣ ਦੀ ਕੋਸ਼ਿਸ਼ ਇੰਸਟਾਗ੍ਰਾਮ 'ਤੇ 'ਬਿਗ ਬੀ' ਅਮਿਤਾਭ ਬਚਨ ਨੇ ਵੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ 'ਅਗਰ ਆਪ ਕੀ ਆਖੇਂ ਸਾਕਾਰਾਤਮਕ ਹੈਂ ਤੋ ਆਪ ਦੁਨੀਆ ਸੇ ਮੁਹੱਬਤ ਕਰੇਂਗੇ ਔਰ ਅਗਰ ਆਪ ਕੀ ਜ਼ਬਾਨ ਸਾਕਾਰਾਤਮਕ ਹੈ ਤੋ ਪੂਰੀ ਦੁਨੀਆ ਆਪ ਸੇ ਮੁਹੱਬਤ ਕਰੇਗੀ'। 'ਬਿਗ ਬੀ' ਨੇ ਇਹ ਗੱਲ ਆਪਣੀ ਪਤਨੀ ਤੇ ਪੋਤੇ ਪੋਤੀਆਂ ਦੀ ਤਸਵੀਰ ਨਾਲ ਸਾਂਝੀ ਕੀਤੀ ਹੈ ਤੇ ਇਸ ਤਸਵੀਰ ਨੂੰ 20 ਘੰਟਿਆਂ ਵਿਚ 9 ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਬੜੀ ਜ਼ਬਰਦਸਤ ਗੱਲ ਕੀਤੀ 'ਬਿਗ ਬੀ' ਨੇ ਤੇ ਇਸ ਨੂੰ ਜ਼ਰੂਰ ਪਸੰਦ ਅਤੇ ਸਾਂਝਾ ਕਰਨਾ ਚਾਹੀਦਾ ਹੈ ਪਰ ਜੋ ਦੱਖਣ ਏਸ਼ੀਆ ਦਾ ਸਿਆਸੀ ਇਤਿਹਾਸ ਹੈ ਜਾਂ ਅੱਜਕਲ੍ਹ ਜੋ ਸਥਿਤੀ ਹੈ, ਕਸ਼ਮੀਰ, ਨਿਪਾਲ, ਚੀਨ, ਅਫ਼ਗਾਨਿਸਤਾਨ, ਪਾਕਿਸਤਾਨ ਤੇ ਖ਼ੁਦ ਭਾਰਤ ਵਿਚ ਕੀ ਕੋਈ 'ਹਾਂ-ਪੱਖੀ' ਦੇਖ ਰਿਹਾ ਹੈ ਜਾਂ ਬੋਲ ਰਿਹਾ ਹੈ? ਹਰ ਪਾਸੇ ਖੌਫ਼ ਹੀ ਖੌਫ਼ ਹੈ। ਜੰਗ ਹੈ ਤੇ ਹਥਿਆਰ ਹਨ, ਸ਼ਾਂਤੀ ਕਿੱਥੇ ਹੈ? ਕੋਰੋਨਾ ਦੇ ਖੌਫ਼ ਦੇ ਬਾਵਜੂਦ ਜੇ ਪਾਕਿਸਤਾਨ ਇਕ ਕਦਮ ਅੱਗੇ ਵਧ ਕੇ ਕਰਤਾਰਪੁਰ ਲਾਂਘਾ ਇਕ ਵਾਰ ਫਿਰ ਸਾਰੇ ਸਿੱਖ ਭਾਈਚਾਰੇ ਵਾਸਤੇ ਖੋਲ੍ਹਣਾ ਚਾਹੁੰਦਾ ਹੈ, ਇਕ ਵਾਰੀ ਫਿਰ ਪਿਆਰ ਦਾ ਰਸਤਾ ਖੋਲ੍ਹਣਾ ਚਾਹੁੰਦਾ ਹੈ ਤਾਂ ਕਿਉਂ ਜਵਾਬ ਵਿਚ ਇਨਕਾਰ ਤੇ ਨਫ਼ਰਤ ਮਿਲਦੀ ਹੈ? ਕਿਉਂਕਿ ਕੰਟਰੋਲ ਰੇਖਾ ਹੋਵੇ ਜਾਂ ਅਸਲ ਕੰਟਰੋਲ ਰੇਖਾ ਹੋਵੇ ਹਰ ਵੇਲੇ ਗੋਲੀ ਤੇ ਬਾਰੂਦ ਵਿਚ ਸੁਲਗਦੀ ਰਹਿੰਦੀ ਹੈ। ਕਿਉਂਕਿ ਹੁਕਮਰਾਨਾਂ ਜਾਂ ਸਰਕਾਰਾਂ ਦੀ ਜ਼ਬਾਨ ਤੇ ਨਜ਼ਰ 'ਹਾਂ-ਪੱਖੀ' ਨਹੀਂ? ਹੋ ਸਕਿਆ ਤਾਂ ਜਵਾਬ ਦਿਓ ਪਰ ਪਿਆਰ ਨਾਲ।

ਤਾਇਬਾ ਬੁਖਾਰੀ