ਸਿੱਖਾਂ ਪੰਥ ਵਿਚ ਸਿੱਖ ਬੀਬੀਆਂ ਦੀ ਦਸਤਾਰ ਸਜਾਉਣ ਦੀ ਪਰੰਪਰਾ

ਸਿੱਖਾਂ ਪੰਥ ਵਿਚ ਸਿੱਖ ਬੀਬੀਆਂ ਦੀ ਦਸਤਾਰ ਸਜਾਉਣ ਦੀ ਪਰੰਪਰਾ

                        ਪੰਥਕ ਮਸਲਾ                                     

ਪਿਛਲੇ ਦਿਨੀਂ ਕਰਨਾਟਕ ਹਾਈਕੋਰਟ ਦੁਆਰਾ ਹਿਜਾਬ ਵਿਵਾਦ ਬਾਰੇ ਦਿੱਤੇ ਅੰਤਰਿਮ ਹੁਕਮਾਂ ਤੋਂ ਬਾਅਦ ਬੈਂਗਲੁਰੂ ਦੇ ਇਕ ਕਾਲਜ ਪ੍ਰਬੰਧਕਾਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰ ਕੇ ਆਉਣ ਲਈ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਸੰਸਥਾਵਾਂ ਅੰਦਰ ਤਿੱਖਾ ਪ੍ਰਤੀਕਰਮ ਹੋਇਆ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਦਸਤਾਰ ਨੂੰ ਸਿੱਖਾਂ ਦੀ ਧਾਰਮਿਕ ਪਛਾਣ ਤੇ ਸਵੈਮਾਣ ਦਾ ਪ੍ਰਤੀਕ ਕਰਾਰ ਦਿੰਦਿਆਂ ਇਸ ਪਾਬੰਦੀ ਦਾ ਜ਼ਬਰਦਸਤ ਵਿਰੋਧ ਕੀਤਾ ਹੈ। ਇਸ ਵਿਵਾਦ ਦਰਮਿਆਨ ਇਹ ਜਗਿਆਸਾ ਵੀ ਉੱਭਰਨੀ ਸਹਿਵਨ ਹੈ ਕਿ ਸਿੱਖ ਔਰਤਾਂ ਲਈ ਦਸਤਾਰ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਕੀ ਹੈ?

ਦਰ-ਹਕੀਕਤ ਸਿੱਖ ਧਰਮ ਇਕੋ-ਇਕ ਅਜਿਹਾ ਧਰਮ ਹੈ, ਜਿਸ ਵਿਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ। ਕੋਈ ਐਸਾ ਸਿੱਖੀ ਨਾਲ ਸੰਬੰਧਿਤ ਅਧਿਕਾਰ ਅਤੇ ਫ਼ਰਜ਼ ਨਹੀਂ, ਜੋ ਮਰਦ ਕਰ ਸਕਦੇ ਹੋਣ ਤੇ ਔਰਤਾਂ ਨੂੰ ਉਸ ਦੀ ਮਨਾਹੀ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਬਹੁਤ ਬਦਤਰ ਸੀ। ਹਿੰਦੁਸਤਾਨ ਦੇ ਉਸ ਵੇਲੇ ਦੇ ਪ੍ਰਮੁੱਖ ਧਰਮਾਂ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਨਹੀਂ ਸੀ। ਉਸ ਵੇਲੇ ਸਤਿਗੁਰਾਂ ਨੇ ਜੋ ਇਨਕਲਾਬੀ ਮਹਾਂਵਾਕ ਉਚਾਰੇ, ਉਨ੍ਹਾਂ ਦੀ ਗੂੰਜ ਅੱਜ ਤੱਕ ਕੋਟਿ ਬ੍ਰਹਿਮੰਡਾਂ ਵਿਚ ਗੂੰਜ ਰਹੀ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

(ਮ. ੧, ਅੰਗ: ੪੭੩)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਬੀਬੀਆਂ ਨੂੰ ਖ਼ਾਲਸਾ ਪੰਥ ਵਿਚ ਸ਼ਾਮਿਲ ਕਰ ਕੇ ਸਭ ਭੇਦਭਾਵ ਹੀ ਮਿਟਾ ਦਿੱਤੇ। ਸਤਿਗੁਰਾਂ ਵਲੋਂ ਜਿਥੇ ਬੀਬੀਆਂ ਨੂੰ ਖ਼ਾਲਸੇ ਬਣਾ ਕੇ ਬਰਾਬਰ ਦੇ ਅਧਿਕਾਰ ਦਿੱਤੇ ਗਏ, ਉੱਥੇ ਉਨ੍ਹਾਂ ਨੂੰ ਕਮਜ਼ੋਰ ਨਾ ਜਾਣ ਕੇ ਸਿੰਘਾਂ ਦੇ ਬਰਾਬਰ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ।

ਜਦ ਸਾਰੀ ਰਹਿਤ ਇਕ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਖ ਮਰਦ ਨੂੰ ਤਾਂ ਦਸਤਾਰ ਦੇ ਕੇ ਸਤਿਕਾਰਿਆ ਗਿਆ ਹੋਵੇ ਤੇ ਹੋਰ ਮਨੁੱਖਤਾ ਤੋਂ ਨਿਰਾਲਾ ਕਰ ਦਿੱਤਾ ਗਿਆ ਹੋਵੇ ਪਰ ਸਿੱਖ ਔਰਤਾਂ ਨੂੰ ਦਸਤਾਰ ਸਜਾਉਣ ਦੀ ਆਗਿਆ ਨਾ ਹੋਵੇ? ਕਿਉਂਕਿ ਕੇਸ ਸਿੱਖੀ ਦੀ ਮੋਹਰ ਹਨ ਤੇ ਦਸਤਾਰ ਕੇਸਾਂ ਦੀ ਸੰਭਾਲ ਲਈ ਸਿੱਖ ਲਈ ਲਾਜ਼ਮੀ ਹੈ। ਸਤਿਗੁਰਾਂ ਨੇ 'ਕਾਬੁਲ' ਦੀ ਸੰਗਤ ਨੂੰ ਹੁਕਮਨਾਮੇ ਵਿਚ ਸਾਫ਼ ਲਿਖਿਆ ਕਿ 'ਕੇਸ ਰੱਖਣੇ, ਇਹ ਅਸਾਡੀ ਮੋਹਰ ਹੈ'। ਕੇਸਾਂ ਵਿਚ ਅੰਮ੍ਰਿਤ ਪੈਣ ਕਰਕੇ ਅਤੇ ਇਹ ਗੁਰਾਂ ਦੀ ਮੋਹਰ ਹੋਣ ਕਰਕੇ ਗੁਰਸਿੱਖਾਂ ਵਲੋਂ ਗੁਰਮਤਿ ਮਰਿਆਦਾ ਅਨੁਸਾਰ ਕੇਸ ਬਹੁਤ ਸਤਿਕਾਰੇ ਜਾਂਦੇ ਹਨ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ ਕਿ ਜਦੋਂ ਤੱਕ ਖ਼ਾਲਸਾ ਆਪਣੀ ਵੱਖਰੀ ਪਛਾਣ ਬਣਾਈ ਰੱਖੇਗਾ, ਉਦੋਂ ਤੱਕ ਸਤਿਗੁਰ ਜੀ ਆਪਣੀ ਸਾਰੀ ਤਾਕਤ ਖ਼ਾਲਸੇ ਨੂੰ ਮੁਹੱਈਆ ਕਰਨਗੇ :

ਜਬ ਲਗ ਖਾਲਸਾ ਰਹੈ ਨਿਆਰਾ

ਤਬ ਲਗ ਤੇਜ ਦੀਓ ਮੈ ਸਾਰਾ

ਸਿੱਖ ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ 18ਵੀਂ ਸਦੀ ਵਿਚ, ਜਦੋਂ ਬਹੁਗਿਣਤੀ ਸਿੱਖ ਮਰਦ, ਮੁਗ਼ਲ ਤਸ਼ੱਦਦ ਤੋਂ ਤੰਗ ਆ ਕੇ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਹਿਤ ਸ਼ਹਿਰਾਂ ਤੇ ਕਸਬਿਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿਚ ਚਲੇ ਗਏ ਸਨ, ਉਨ੍ਹਾਂ ਦਿਨਾਂ ਵਿਚ ਮੁਗ਼ਲ ਹਕੂਮਤ ਨੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਲਈ ਲੱਕ ਬੰਨ੍ਹਿਆ ਹੋਇਆ ਸੀ ਤੇ ਇਸ ਕਰਕੇ ਸਿੰਘਾਂ ਦੇ ਸਿਰਾਂ ਲਈ ਇਨਾਮਾਂ ਦਾ ਐਲਾਨ ਕੀਤਾ ਸੀ। ਭਾਈ ਰਤਨ ਸਿੰਘ ਭੰਗੂ ਰਚਿਤ 'ਪੁਰਾਤਨ ਪੰਥ ਪ੍ਰਕਾਸ਼' ਵਿਚ ਇਸ ਘਟਨਾ ਬਾਰੇ ਜ਼ਿਕਰ ਕੀਤਾ ਹੈ।

'ਫਿਰ ਕੀ ਸੀ, ਲਾਲਚ ਵੱਸ ਪੈ ਕੇ ਧੜਾ-ਧੜ ਸਿੰਘਾਂ ਦੇ ਖ਼ਿਲਾਫ਼ ਮੁਖ਼ਬਰੀਆਂ ਹੋਣ ਲੱਗ ਪਈਆਂ। ਸਿੰਘ ਹੋਰ ਸੁਚੇਤ ਹੋ ਗਏ ਤਾਂ ਲਾਲਚੀ ਮੁਖ਼ਬਰਾਂ ਨੇ ਸਿੰਘਾਂ ਦੀ ਬਜਾਏ ਸਿੱਖ ਔਰਤਾਂ ਦੇ ਸੀਸ ਕੱਟ ਕੇ ਜਰਵਾਣਿਆਂ ਕੋਲ ਜਾ ਕੇ ਇਹ ਕਹਿ ਕੇ, ਕਿ ਇਹ ਸੀਸ ਸਿੱਖ ਭੁਜੰਗੀਆਂ ਦੇ ਹਨ, ਇਨਾਮ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹ ਸਿੱਖ ਔਰਤਾਂ ਜੋ ਕਿ ਅਜੇ ਸਿੱਖ ਭਾਈਆਂ ਵਾਂਗ ਜੰਗਲ ਦੀਆਂ ਵਾਸੀ ਨਹੀਂ ਸਨ ਬਣੀਆਂ, ਐਸੇ ਬੇਰਹਿਮ ਮੁਖ਼ਬਰਾਂ ਦਾ ਸ਼ਿਕਾਰ ਹੋਣ ਲੱਗ ਪਈਆਂ।'

18ਵੀਂ ਸਦੀ ਦੇ ਅੰਗਰੇਜ਼ ਇਤਿਹਾਸਕਾਰ ਕਨਿੰਘਮ ਨੇ ਸਿੱਖ ਬੀਬੀਆਂ ਦੀ ਪਛਾਣ ਬਾਬਤ ਲਿਖਿਆ ਹੈ : 'ਸਿੱਖ ਇਸਤ੍ਰੀਆਂ ਹਿੰਦੂ ਇਸਤ੍ਰੀਆਂ ਤੋਂ ਕੁਝ ਤਾਂ ਪਹਿਰਾਵੇ ਤੋਂ, ਤੇ ਖ਼ਾਸ ਤੌਰ 'ਤੇ ਸਿਰ ਉੱਪਰ ਜੂੜਾ ਕਰਨ ਕਰਕੇ ਅਲੱਗ ਲਗਦੀਆਂ ਹਨ।'

ਭਾਵੇਂ ਕਿ ਅੱਜਕਲ੍ਹ ਸਿੱਖ ਸਮਾਜ ਅੰਦਰ ਕਾਫ਼ੀ ਗਿਣਤੀ ਔਰਤਾਂ ਦਸਤਾਰ ਸਜਾਉਣ ਲੱਗ ਪਈਆਂ ਹਨ, ਪਰ ਬਹੁਗਿਣਤੀ ਲੋਕ ਇਹ ਸਮਝਦੇ ਹਨ ਕਿ ਸਿੱਖ ਬੀਬੀਆਂ ਅੰਦਰ ਦਸਤਾਰ ਸਜਾਉਣ ਦਾ ਰਿਵਾਜ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਰਾਂ ਨੇ ਕੀਤਾ ਸੀ। ਜਦਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਅੰਦਰ ਪੁਰਾਤਨ ਸਮੇਂ ਤੋਂ ਦਸਤਾਰ ਸਿੱਖ ਬੀਬੀਆਂ ਦੇ ਪਹਿਰਾਵੇ ਦਾ ਹਿੱਸਾ ਰਹੀ ਹੈ। ਮਾਝਾ ਖ਼ਾਲਸਾ ਦੀਵਾਨ, ਪੰਚ ਖ਼ਾਲਸਾ ਦੀਵਾਨ ਭਸੌੜ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਜਥਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਥਾ ਤੇ ਹੋਰ ਬੇਅੰਤ ਸੰਪਰਦਾਈ ਸੰਤ-ਮਹਾਂਪੁਰਖਾਂ ਦੇ ਜਥਿਆਂ ਅੰਦਰ ਬੀਬੀਆਂ ਦਸਤਾਰ ਸਜਾਉਂਦੀਆਂ ਰਹੀਆਂ ਹਨ। ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀਆਂ ਸਭ ਔਰਤਾਂ ਛੋਟੀ ਦਸਤਾਰ (ਕੇਸਕੀ) ਦੀਆਂ ਧਾਰਨੀ ਸਨ। ਕੈਰੋਂ ਤੇ ਫ਼ਿਰੋਜ਼ਪੁਰ ਦੇ ਕੰਨਿਆ ਵਿਦਿਆਲਿਆਂ ਦੀਆਂ ਭੁਜੰਗਣਾਂ ਸਭ ਦਸਤਾਰਧਾਰੀ ਹੁੰਦੀਆਂ ਸਨ।

ਹਾਲਾਂਕਿ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ ਪੰਜ ਕਕਾਰਾਂ ਵਿਚੋਂ ਕਿਰਪਾਨ ਨੂੰ, ਇਕ ਸ਼ਸਤਰ ਹੋਣ ਕਾਰਨ, ਕਾਨੂੰਨੀ ਮਾਨਤਾ ਦਿੰਦੀ ਹੈ ਪਰ ਸਮੇਂ ਦੇ ਨਾਲ ਅੱਜ ਲੋੜ ਬਣ ਗਈ ਹੈ ਕਿ ਪੰਜੇ ਕਕਾਰਾਂ ਅਤੇ ਦਸਤਾਰ ਨੂੰ ਵੀ ਕਾਨੂੰਨੀ ਤੌਰ 'ਤੇ ਮਾਨਤਾ ਦਿੱਤੀ ਜਾਵੇ, ਕਿਉਂਕਿ ਅਮਰੀਕਾ, ਕੈਨੇਡਾ ਅਤੇ ਯੂਰਪ ਆਦਿ ਦੇਸ਼ਾਂ ਅੰਦਰ ਬੇਅੰਤ ਸਿੱਖ ਬੀਬੀਆਂ ਦਸਤਾਰ ਸਜਾ ਕੇ ਫ਼ੌਜ, ਪੁਲਿਸ, ਅਦਾਲਤਾਂ ਅਤੇ ਹਵਾਈ ਸੇਵਾਵਾਂ 'ਤੇ ਉੱਚ ਅਹੁਦਿਆਂ 'ਤੇ ਬੈਠੀਆਂ ਹਨ, ਤੇ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 80 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਹੋਣ, ਅਜਿਹੇ ਸਮੇਂ ਵਿਚ ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਚਿੰਤਾਜਨਕ ਅਤੇ ਦੁਖਦਾਈ ਹਨ।

 

    ਤਲਵਿੰਦਰ ਸਿੰਘ ਬੁਟਰ