ਅਨਿਆਂਕਾਰੀ ਦੁਨਿਆਵੀ ਸਤਾ ਨੂੰ  ਚੈਲਿੰਜ ਏ ਸ੍ਰੀ ਅਕਾਲ ਤਖਤ ਸਾਹਿਬ

ਅਨਿਆਂਕਾਰੀ ਦੁਨਿਆਵੀ ਸਤਾ ਨੂੰ  ਚੈਲਿੰਜ ਏ ਸ੍ਰੀ ਅਕਾਲ ਤਖਤ ਸਾਹਿਬ

*ਅਕਾਲ ਤਖਤ ਸਾਹਿਬ ਨੂੰ ਚੁਣੌਤੀ ਸਿਆਸਤਦਾਨਾਂ ਨੂੰ ਹਮੇਸ਼ਾ ਮਹਿੰਗੀ ਪਈ

     ਸਿਖ ਜਗਤ ਨੇ ਗੁਰਮਤਿ ਸਿਧਾਂਤਾਂ ਨੂੰ ਪ੍ਰਣਾਏ ਗੁਰਮਤਿਆਂ ਨੂੰ ਆਪਣੀ ਸ਼ਕਤੀ ਬਣਾਇਆ                                         

1609 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਰਾਜਨੀਤੀ ‘ਤੇ ਧਰਮ ਦੀ ਮਜਬੂਤ ਪਕੜ ਬਣਾਈ, ਤਾਂ ਕਿ ਸਿੱਖ ਰਾਜਨੀਤੀ ਕਰਦੇ ਸਮੇਂ ਸੱਤਾ ਦੇ ਨਸ਼ੇ ਵਿੱਚ ਧਰਮ ਨੂੰ ਵਿਸਾਰਕੇ ਅਜਿਹਾ ਕੋਈ ਵੀ ਕੰਮ ਨਾ ਕਰ ਸਕਣ, ਜਿਹੜਾ ਸਿੱਖੀ ਤੇ ਮਨੁੱਖਤਾ ਦੀ ਸ਼ਾਨ ਨੂੰ ਢਾਹ ਲਾਉਂਣ ਵਾਲਾ ਹੋਵੇ।ਸਿੱਖ ਕੌਮ ਵੱਲੋਂ ਇੱਕ ਮੱਤ ਹੋਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਖਿੜੇ ਮੱਥੇ ਸਵੀਕਾਰਿਆ ਜਾਂਦਾ ਰਿਹਾ ਹੈ।ਸਿੱਖੀ ਵਿੱਚ ਇਹ ਸਿਧਾਂਤਕ ਰਵਾਇਤ ਪਰਪੱਕ ਹੋ ਚੁੱਕੀ ਹੈ।ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਕੋੜਿਆਂ ਦੀ ਸਜ਼ਾ ਲਗਾਈ ਸੀ ਜਿਸਨੂੰ ਮਹਾਰਾਜੇ ਨੇ ਨਿਮਾਣੇ ਸਿੱਖ ਵਜੋਂ ਸਵੀਕਾਰ ਕੀਤਾ ਸੀ।ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਨੇ ਮੋਹਤਬਰ ਸਿੱਖਾਂ ਦੀ ਬੇਨਤੀ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਮੁਆਫ ਕਰ  ਦਿੱਤੀ ਸੀ। ਵਰਤਮਾਨ ਸਮੇ ਵਿੱਚ ਵੀ ਇਹ ਪਰੰਪਰਾ ਬਾਦਸਤੂਰ ਚਲਦੀ ਰਹੀ ਹੈ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ,ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ,ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਤਾਮਿਲਨਾਡੂ ਸ੍ਰ ਸੁਰਜੀਤ ਸਿੰਘ ਬਰਨਾਲਾ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਸੰਤਾ ਸਿੰਘ ਨਿਹੰਗ ਸਿੰਘ ਸਮੇਤ ਸੈਂਕੜੇ ਸਿੱਖਾਂ ਦੁਆਰਾ ਸਮੇ ਸਮੇ ਆਪਣੀਆਂ ਭੁੱਲਾਂ ਬਖਸ਼ਾਕੇ ਸ੍ਰੀ ਅਕਾਲ ਤਖਤ ਸਹਿਬ ਤੋਂ ਮਿਲੀ ਸਜ਼ਾ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਅੱਗੇ ਆਤਮ-ਸਮੱਰਪਣ ਕੀਤਾ ਜਾਂਦਾ ਰਿਹਾ ਹੈ।  ਬੇਸ਼ਕ ਕੁੱਝ ਸਿੱਖ ਵਿਦਵਾਨ ਸ਼੍ਰੀ ਅਕਾਲ ਤਖਤ ਸਹਿਬ ਦੇ ਇਸ ਸਤਿਕਾਰਤ ਰੁਤਬੇ ਨੂੰ ਚਣੌਤੀ ਦੇਣ ਦੀ ਅਵੱਗਿਆ ਵੀ ਕਰਦੇ ਰਹੇ ਹਨ, ਪਰ ਬਹੁ ਗਿਣਤੀ ਸਿੱਖ ਸੰਗਤ ਉਹਨਾਂ ਦੇ ਸਿੱਖੀ ਸਿਧਾਂਤਾਂ ਦੀ ਮਹਾਨਤਾ ਨੂੰ ਢਾਹ ਲਾਉਣ ਵਾਲੇ ਤਰਕ ਨਾਲ ਸਹਿਮਤੀ ਪ੍ਰਗਟ ਨਹੀ ਕਰਦੀ।ਸਹਿਮਤੀ ਹੋਣੀ ਵੀ ਨਹੀ ਚਾਹੀਦੀ, ਕਿਉਂਕਿ ਸਿੱਖ ਪੰਥ ਨੂੰ ਜੇਕਰ ਕਿਸੇ ਮੁਸੀਬਤ ਸਮੇ ਕੋਈ ਸਹੀ ਅਗਵਾਈ ਦੇ ਸਕਦਾ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਪਾਟੋਧਾੜ ਹੋਈ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਲੈ ਕੇ ਆਉਣ ਦੇ ਸਮਰੱਥਾ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਹਿਬ ਵਿਚ ਹੈ। ਇਹੀ ਵਜਾਹ ਹੈ ਕਿ  ਵਰਤਮਾਨ ਸਮੇ ਵਿੱਚ ਸਿੱਖਾਂ ਦੀ ਆਸਥਾ ਅਤੇ ਅਗਵਾਈ ਦੇ ਕੇਂਦਰੀ ਧੁਰੇ ਨੂੰ ਤਹਿਸ ਨਹਿਸ ਕਰਨ ਲਈ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਤ ਸਿੱਖੀ ਸਿਧਾਂਤਾਂ ਨੂੰ ਢਾਹ ਲਾਈ ਜਾ ਰਹੀ ਹੈ। ਸਿੱਖ ਕੌਮ ਦੀ ਸਰਬ ਉੱਚ ਸੰਸਥਾ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਹਿਬ ਘੱਟ ਗਿਣਤੀਆਂ ਵਿਰੋਧੀ ਜਮਾਤ ਭਾਜਪਾ ਸਰਕਾਰ ਦੇ ਭਾਰੀ ਦਬਾਅ ਹੇਠ ਵਿਚਰ ਰਹੇ ਹਨ।ਇਸ ਦਾ ਮੁੱਖ ਕਾਰਨ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ ਸ੍ਰ ਪ੍ਰਕਾਸ ਸਿੰਘ ਬਾਦਲ ਦੀ ਸੱਤਾ ਦੇ ਲਾਲਚ ਵਿੱਚ ਇਸ ਕੱਟੜ ਜਮਾਤ ਭਾਜਪਾ ਨਾਲ ਪਾਈ ਗੂੜ੍ਹੀ ਸਾਂਝ ਰਹੀ ਹੈ। ਉਹ ਕੇਂਦਰੀ ਤਾਕਤਾਂ ਦੀਆਂ ਸ਼ਰਤਾਂ ਪੂਰਨ ਹਿਤ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਕਠਪੁਤਲੀ ਵਜੋਂ  ਲਗਾਤਾਰ ਵਰਤਦਾ ਆ ਰਿਹਾ ਹੈ।  ਹੁਣ ਤੱਕ ਦੇ ਮੁੱਖ ਮੰਤਰੀਆਂ ਉਪਰ ਇਹ ਦੋਸ਼ ਅਕਸਰ ਹੀ ਲੱਗਦੇ ਰਹੇ ਹਨ,ਕਿ ਉਹ ਸੱਤਾ ਦੇ ਨਸ਼ੇ ਵਿੱਚ ਜਾਂ ਸੱਤਾ ਦੀ ਲਾਲਸਾ ਵਿੱਚ ਸੂਬੇ ਨਾਲ ਧਰੋਹ  ਕਮਾਉਂਦੇ ਰਹੇ ਹਨ,ਪਰ ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਤੋ ਇਲਾਵਾ ਕਦੇ ਵੀ ਕਿਸੇ ਮੁੱਖ ਮੰਤਰੀ ਨੇ ਸ੍ਰੀ  ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਸਿੱਧੇ ਤੌਰ ਤੇ ਉਲਝਣ ਦੀ ਹਿੰਮਤ ਨਹੀ ਕੀਤੀ। ਬੇਅੰਤ ਸਿੰਘ ਦੀ ਸਰਕਾਰ ਸਮੇ ਸ੍ਰੀ ਅਕਾਲ  ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ,ਜਦੋਂ ਕਿ  ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਬ ਦੀ ਸਰਬ-ਉੱਚਤਾ ਨੂੰ ਮਲੀਆਮੇਟ ਕਰਨ ਦੀ ਬਜਰ ਗਲਤੀ ਕੀਤੀ ਹੈ। ਅੱਜ  ਜਦੋਂ ਸਿੱਖ  ਕੌਮ ਸ਼ਿੱਦਤ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੀ ਲੋੜ ਮਹਿਸੂਸ ਕਰ ਰਹੀ ਹੈ,ਤਾਂ ਉਸ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਧਾਰਮਿਕ ਸਿੱਖ ਸੰਸਥਾਵਾਂ ਅਤੇ  ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ ਬੁਲਾ ਕੇ ਸੂਬੇ ਦੀ ਸਰਕਾਰ ਨੂੰ ਵੰਗਾਰਿਆ ਹੈ,ਪਰ ਸੂਬੇ ਦੇ ਮੌਜੂਦਾ ਹਾਕਮ ਵੱਲੋਂ ਜਿਸ ਤਰ੍ਹਾਂ ਸਿੰਘ ਸਾਹਿਬ ਦੇ ਅਦੇਸ਼ਾਂ ਦੀ ਖਿੱਲੀ ਉਡਾਈ ਗਈ ਹੈ,ਉਹ ਸੱਚਮੁੱਚ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।ਮਸਲਾ ਭਗਵੰਤ ਮਾਨ ਅਤੇ ਗਿਆਨੀ ਹਰਪਰੀਤ ਸਿੰਘ ਦਾ ਨਹੀ ਹੈ,ਸਗੋ ਇਹ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਣੌਤੀ ਦਾ ਗੰਭੀਰ ਮਸਲਾ ਹੈ।ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਦੀ ਹੁਣ ਤੱਕ ਦੀ ਕਾਰਜਸ਼ੈਲੀ ਦੇ ਪਰਿਪੇਖ ਵਿੱਚ ਇਹ ਨਿਹੋਰਾ ਮਾਰਿਆ ਗਿਆ,ਪਰ ਇੱਥੇ ਇਹ ਵੀ ਸੱਚ ਹੈ ਕਿ ਸਿੱਖ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਕੂਮਤੀ ਚਣੌਤੀ ਬਰਦਾਸ਼ਤ ਨਹੀ ਕਰਦੇ ਅਤੇ ਇਹ ਵੀ ਯਾਦ ਰੱਖਣਯੋਗ ਹੈ ਕਿ ਦੁਨਿਆਵੀ ਤਖਤ ਸਦੀਵੀ ਨਹੀ ਰਹਿਣ ਵਾਲੇ, ਜਦੋਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਸਦੀਵੀ ਕਾਇਮ ਰਹਿਣ ਵਾਲੀ ਹੈ,ਇਸ ਲਈ ਸੂਬੇ ਦੀ ਸੱਤਾ ਤੇ ਕਾਬਜ ਧਿਰ ਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਉਣ ਵਾਲੇ ਇੱਕ ਨਾ ਇੱਕ ਦਿਨ ਖੁਦ ਖੁਆਰ ਹੁੰਦੇ ਰਹੇ ਹਨ।ਇਹ ਵੀ ਸੱਚ ਹੈ ਕਿ ਅਕਾਲੀ ਆਗੂ ਸ੍ਰ ਪ੍ਰਕਾਸ ਸਿੰਘ ਬਾਦਲ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਸਿੱਖ ਕੌਮ ਨੂੰ ਉਦੋਂ ਸਮਝ ਆਈਆਂ ਜਦੋਂ ਸ੍ਰ ਬਾਦਲ ਆਪਣੀ ਉਮਰ ਦੇ ਆਖਰੀ ਪੜਾਅ ਤੇ ਹਨ ਅਤੇ ਉੱਧਰ ਸਿੱਖ ਦੁਸ਼ਮਣ ਤਾਕਤਾਂ ਸਿੱਖਾਂ ਦੀ ਹੋਂਦ ਨੂੰ ਦਰਸਾਉਣ ਵਾਲੇ ਇਤਿਹਾਸਕ ਦਸਤਾਵੇਜਾਂ ਨੂੰ ਮਿਟਾਉਣ ਲਈ ਸਾਰੀਆਂ ਹੱਦਾਂ ਪਾਰ ਕਰਕੇ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ। ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਢਾਹ ਲਾਉਣ ਵਾਲੀ ਬੱਜਰ ਗੁਸਤਾਖੀ ਲਈ ਜਿੱਥੇ ਅਕਾਲ,ਪੁਰਖ ਬਾਦਲ ਪਰਿਵਾਰ ਨੂੰ ਮੁਆਫ ਨਹੀ ਕਰੇਗਾ ਅਤੇ ਇਤਿਹਾਸ ਵਿੱਚ ਵੀ ਹਮੇਸਾ ਲਈ ਇਸ ਪਰਿਵਾਰ ਨੂੰ ਨਫਰਤ ਨਾਲ ਦੇਖਿਆ ਜਾਂਦਾ ਰਹੇਗਾ, ਉਥੇ ਮੌਜੂਦਾ ਹਾਕਮਾਂ ਨੂੰ ਵੀ ਅਤੀਤ ਤੋਂ ਇਹ ਸਬਕ ਲੈਣਾ ਬਣਦਾ ਹੈ ਕਿ ਉਹ ਸੱਤਾ ਦੇ ਨਸ਼ੇ ਵਿੱਚ ਰੂਹਾਨੀਅਤ ਦੇ ਤਖਤ ਨਾਲ ਟੱਕਰ ਲੈਣ ਵਾਲੀ ਅਵੱਗਿਆ ਨਾ ਕਰਨ। ਸੱਚ ਇਹ ਹੈ ਕਿ ਸਿਖ ਜਗਤ ਨੇ ਸਿਆਸੀ ਪ੍ਰਭਾਵ ਅਧੀਨ ਅਕਾਲ ਤਖਤ ਦੇ ਜਥੇਦਾਰਾਂ ਨੇ ਹੁਕਮਨਾਮੇ ਅਪ੍ਰਵਾਨ ਕੀਤੇ ,ਪਰ ਗੁਰਮਤਿ ਸਿਧਾਂਤਾਂ ਨੂੰ ਪ੍ਰਣਾਏ ਗੁਰਮਤਿਆਂ ਨੂੰ ਆਪਣੀ ਸ਼ਕਤੀ ਬਣਾਇਆ ਹੈ।

 

ਬਘੇਲ ਸਿੰਘ ਧਾਲੀਵਾਲ
  99142-58142