ਪੰਥਕ ਤੇ ਪੰਜਾਬ ਸੰਕਟ ਦੇ ਹਲ ਲਈ ਸਰਬਤ ਖਾਲਸਾ ਬੁਲਾਇਆ ਜਾਣਾ ਜਰੂਰੀ-ਪੰਥਕ ਆਗੂਆਂ ਤੇ ਬੁਧੀਜੀਵੀਆਂ ਦੀ ਰਾਇ

ਪੰਥਕ ਤੇ ਪੰਜਾਬ ਸੰਕਟ ਦੇ ਹਲ ਲਈ ਸਰਬਤ ਖਾਲਸਾ ਬੁਲਾਇਆ ਜਾਣਾ ਜਰੂਰੀ-ਪੰਥਕ ਆਗੂਆਂ ਤੇ ਬੁਧੀਜੀਵੀਆਂ ਦੀ ਰਾਇ

ਅਕਾਲ ਤਖਤ ਸਾਹਿਬ ਨੂੰ ਖੁਦਮੁਖਤਿਆਰ ਬਣਾਇਆ ਜਾਵੇ -ਬਾਬਾ ਸਰਬਜੋਤ ਸਿੰਘ ਬੇਦੀ ਦੀਵਾਲੀ -

ਵਿਸਾਖੀ ਉਪਰ ਸਰਬੱਤ ਖਾਲਸਾ ਦੀ ਪੁਰਾਤਨ ਪਰੰਪਰਾ ਦੀ ਬਹਾਲੀ ਜ਼ਰੂਰੀ-ਪ੍ਰੋਫੈਸਰ ਸੁਖਦਿਆਲ ਸਿੰਘ  ਸ੍ਰੋਮਣੀ ਕਮੇਟੀ ਤੇ ਕੁਝ ਸਿਖ ਆਗੂ ਅੰਮ੍ਰਿਤਪਾਲ ਸਿੰਘ ਦੀ ਮੰਗ ਕਾਰਣ ਕਰ ਰਹੇ ਨੇ ਸਰਬੱਤ ਖਾਲਸਾ ਦਾ ਵਿਰੋਧ
 


ਪੰਜਾਬ ਤੇ ਪੰਥ ਦੀਆ ਦਰਪੇਸ਼ ਸਮਸਿਆਵਾਂ ਕਾਰਣ ਸਿਖ ਜਗਤ ਵਿਚ ਸਰਬੱਤ ਖਾਲਸਾ ਬੁਲਾਏ ਜਾਣ ਦੀ ਮੰਗ ਤੇਜ਼ ਹੋ ਗਈ ਹੈ ਤਾਂ ਜੋ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਿਖ ਜਗਤ ਇਹਨਾਂ ਦਰਪੇਸ਼ ਸਮੱਸਿਆਵਾਂ ਤੇ ਸੰਕਟਾਂ ਦਾ ਹੱਲ ਲਭ ਸਕੇ। ਸੂਤਰਾਂ ਅਨੁਸਾਰ ਹਾਲਾਂਕਿ ਜਥੇਦਾਰ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਬਾਰੇ ਚੁਪ ਹਨ,ਕਿਉਂਕਿ ਸ੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ  ਨੇ ਸਰਬੱਤ ਖਾਲਸਾ ਬਾਰੇ ਹਰੀ ਝੰਡੀ ਨਹੀਂ ਦਿਤੀ। ਯਾਦ ਰਹੇ ਇਹ ਚਰਚਾ ਉਦੋਂ ਛਿੜੀ ਸੀ ਜਦੋਂ ਕਿ ਅੰਮ੍ਰਿਤ ਪਾਲ ਸਿੰਘ ਨੇ ਸਰਬੱਤ ਖਾਲਸਾ ਦੀ ਮੰਗ ਕੀਤੀ ਸੀ।
ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਕੀਤੀ ਗਈ ਅਪੀਲ ਬਾਰੇ ਸ਼੍ਰੋਮਣੀ ਕਮੇਟੀ ਫਿਲਹਾਲ ਚੁੱਪ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਹੈ। ਕੋਈ ਵਿਅਕਤੀ ਨਿੱਜੀ ਤੌਰ ’ਤੇ ਸਰਬੱਤ ਖਾਲਸਾ ਨਹੀਂ ਸੱਦ ਸਕਦਾ।
ਸਿੱਖ ਬੁੱਧੀਜੀਵੀ ਅਨੁਰਾਗ ਸਿੰਘ ਨੇ ਕਿਹਾ ਸੀ ਕਿ ਸਰਬੱਤ ਖ਼ਾਲਸਾ ਕੋਈ ਮਜ਼ਾਕ ਨਹੀਂ ਹੈ, ਕਿਸੇ ਦੇ ਵੀ ਕਹਿਣ ’ਤੇ ਬੁਲਾਇਆ ਜਾ ਸਕੇ।  ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਨੂੰ ਬੁਲਾਉਣ ਦੇ ਨਿਯਮ ਹਨ ਅਤੇ ਉਹ ਕਿਸੇ ਦੇ ਵੀ ਕਹਿਣ ’ਤੇ ਨਹੀਂ ਬੁਲਾਇਆ ਜਾ ਸਕਦਾ।
ਕੁਝ ਸਿੱਖ ਆਗੂਆਂ ਪਰਮਜੀਤ ਸਿੰਘ ਸਹੋਲੀ ਉੱਘੇ ਅਕਾਲੀ ਆਗੂ, ਬਾਬਾ ਬੂਟਾ ਸਿੰਘ, ਗੁਰਮੀਤ ਸਿੰਘ ਗੋਰਾ ਨੇ  ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਨੂੰ ਨਕਾਰਦੇ ਹੋਏ ਕਿਹਾ ਕਿ ਸਰੱਬਤ ਖਾਲਸਾ ਦੀ ਮੰਗ ਉਦੋਂ ਕੀਤੀ ਜਾਂਦੀ ਹੈ, ਜਦ ਸਿੱਖ ਪੰਥ ਦਾ ਕੋਈ ਸਾਂਝਾ ਮਸਲਾ ਕੌਮ ਦੇ ਅੱਗੇ ਖੜ੍ਹਾ ਹੋਵੇ ਜਦਕਿ ਅੰਮ੍ਰਿਤਪਾਲ ਆਪਣੇ ‘ਨਿੱਜੀ ਮਸਲੇ’ ਨੂੰ ਧਿਆਨ ਵਿਚ ਰੱਖਦੇ ਹੋਏ ਸਰਬੱਤ ਖ਼ਾਲਸਾ ਦੀ ਮੰਗ ਕਰ ਰਿਹਾ ਹੈ।

ਦੂਜੇ ਪਾਸੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ  ਸਰਬਤ ਖਾਲਸਾ ਅਜੋਕੇ ਹਾਲਾਤਾਂ ਵਿਚ ਬੁਲਾਉਣਾ ਅਤਿਅੰਤ ਜ਼ਰੂਰੀ ਹੈ ਤਾਂ ਜੋ ਅਕਾਲ ਤਖਤ ਸਾਹਿਬ ਨੂੰ ਖੁਦਮੁਖਤਿਆਰ ਬਣਾਇਆ ਜਾਵੇ ਤੇ ਜਥੇਦਾਰ ਦੀ ਚੋਣ ਦਾ ਪੰਥਕ ਢੰਗ ਨੀਤੀ ਉਸਾਰੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਪੰਥਕ ਹਿਤਾਂ ਲਈ ਏਜੰਡਾ ਵੀ ਜਰੂਰੀ ਹੈ ਜਿਸ ਵਿਚ ਸਿਖ ਨੌਜਵਾਨਾਂ ਦੀ ਰਿਹਾਈ, ਮਨੁੱਖੀ ਅਧਿਕਾਰ , ਰੁਜਗਾਰ, ਖੇਤੀ ਤੇ ਪਾਣੀ ਸੰਕਟ, ਪੰਜਾਬ ਦੇ ਮੁਦੇ, ਵਿਦਿਅਕ ਉਸਾਰੀ, ਪ੍ਰਵਾਸ, ਸਿਖ ਰਾਜਨੀਤੀ, ਪੰਜਾਬੀ ਭਾਈਚਾਰੇ, ਪੰਜਾਬ ਦੇ ਰਾਜਨੀਤਕ ਮਿਸ਼ਨ ਤੇ ਸਾਂਝੇ ਏਜੰਡੇ ਨੂੰ ਸੰਬੋਧਨ ਹੋਇਆ ਜਾਵੇ। ਉਹਨਾਂ ਕਿਹਾ ਕਿ ਸਾਡੇ ਸੰਕਟ ਦਾ ਕਾਰਣ ਸਾਡੀ ਸਿਖ ਰਾਜਨੀਤੀ ਮਾਇਆ, ਸਤਾ ਲਾਲਸਾ, ਪਰਿਵਾਰਵਾਦ ਵਿਚ ਡੁਬੀ ਹੋਈ ਹੈ। ਸਿੱਖ ਦੀ ਰਾਜਨੀਤੀ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਫਿਲਾਸਫੀ ਉਪਰ ਆਧਾਰਿਤ ਹੋਣੀ ਚਾਹੀਦੀ ਹੈ, ਗੁਰਬਾਣੀ ਵਿਹੀਨ ਰਾਜਨੀਤੀ ਨਹੀਂ ਜੋ ਸਾਡੇ ਲਈ ਸੰਕਟ ਪੈਦਾ ਕਰਦੀ ਹੈ। ਸਚੀ ਸੁਚੀ ਰਾਜਨੀਤੀ ਹੀ ਪੰਥ ਤੇ ਪੰਜਾਬ ਦੇ ਮਸਲੇ ਹਲ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅਸੀਂ ਸਿਖ ਕਾਨਫਰੰਸਾਂ ਤੇ ਸਰਬਤ ਖਾਲਸਾ ਕਰ ਲੈਂਦੇ ਹਾਂ, ਪਰ ਗੁਰਮਤਿਆਂ ਨੂੰ ਲਾਗੂ ਨਹੀਂ ਕਰਦੇ,ਜਿਸ ਕਾਰਣ ਸਾਡੀਆਂ ਸਮਸਿਆਵਾਂ ਉਲਝੀਆਂ ਰਹਿੰਦੀਆਂ ਹਨ।

ਸਿਖ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ ਨੇ ਕਿਹਾ ਕਿ  ਜਥੇਦਾਰ ਅਕਾਲ ਤਖਤ ਸਾਹਿਬ ਦੀ ਚੋਣ ਸਰਬਤ ਖਾਲਸਾ ਰਾਹੀਂ ਹੋਵੇ ਤਾਂ ਹੀ ਸਿਧਾਂਤਹੀਣ ਰਾਜਨੀਤੀ ਦੀ ਦਖਲ ਅੰਦਾਜ਼ੀ ਖਾਲਸਾ ਪੰਥ ਵਿਚੋਂ ਘਟੇਗੀ।ਉਹਨਾਂ ਕਿਹਾ ਕਿ ਸਰਬਤ ਖਾਲਸਾ ਹਮੇਸ਼ਾ ਨੁਮਾਇੰਦਾ ਇਕੱਠ ਹੁੰਦਾ ਹੈ।ਸੁਆਲ ਇਹ ਹੈ ਕਿ ਜੋ ਗੁਰਮਤੇ ਸਰਬਤ ਖਾਲਸਾ ਵਿਚ ਪਾਸ ਕੀਤੇ ਗਏ ਹਨ ,ਉਸਨੂੰ ਅਮਲ ਵਿਚ ਕਿਵੇਂ ਲਿਆਂਦਾ ਜਾਵੇ। ਜੋ ਪੰਜਾਬ ਦੀ ਸਭਿਆਚਾਰਕ ਬਣਤਰ ਬਦਲੀ ਜਾ ਰਹੀ ਹੈ ਉਸਨੂੰ  ਰੋਕਣ ਲਈ  ਉਪਰਾਲਾ ਹੋਵੇ ਜਿਸ ਨਾਲ ਪੰਜਾਬ ਤੇ ਪੰਥ ਦੀ ਹਸਤੀ ਕਾਇਮ ਰਹਿ ਸਕੇ। ਉਹਨਾਂ ਕਿਹਾ ਕਿ ਆਉਣ ਵਾਲੇ ਦਸ ਸਾਲਾਂ ਵਿਚ ਸਾਡੀ ਪੰਜਾਬੀਆਂ ਦੀ ਗਿਣਤੀ ਵੀ ਪੰਜਾਬ ਵਿਚ ਘਟ ਜਾਵੇਗੀ। ਖੇਤੀਬਾੜੀ ਤੇ ਟਰਾਂਸਪੋਰਟ ਗੈਰ ਪੰਜਾਬੀਆਂ ਦੇ ਹਥ ਚਲੀ ਜਾਵੇਗੀ। ਰਾਜਨੀਤੀ ਵਿਚੋਂ ਸਾਡਾ ਵਾਜੂਦ ਖਤਮ ਹੋ ਜਾਵੇਗਾ। ਇਹ ਪੰਜਾਬ ਅਗੇ ਵਡੇ ਸੁਆਲ ਹਨ।
ਉਹਨਾਂ ਕਿਹਾ ਕਿ ਸਰਬੱਤ ਖਾਲਸਾ ਸਿਰਫ ਅਕਾਲ ਤਖਤ ਸਾਹਿਬ ਉਪਰ ਬੁਲਾਇਆ ਜਾ ਸਕਦਾ ਹੈ।ਸੰਕਟਮਈ ਸਥਿਤੀ ਵਿਚ ਖਾਲਸਾ ਪੰਥ ਆਪਣੀਆਂ ਮੁਸ਼ਕਲਾਂ, ਸਹੂਲਤਾਂ ਦੇਖ ਕੇ ਕਿਤੇ ਵੀ ਬੁਲਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਕਾਲ ਤਖ਼ਤ ਸਾਹਿਬ, ਸਰਬੱਤ ਖਾਲਸਾ ਅਤੇ ਗੁਰਮਤਾ, ਖਾਲਸਾ ਪੰਥ ਦੀਆਂ ਸਰਬਉੱਚ ਸੰਸਥਾਵਾਂ ਹਨ ਅਤੇ ਇਹ ਤਿੰਨੇ ਹੀ ਇਕ-ਦੂਜੀ ਨਾਲ ਅੰਤਰ-ਸਬੰਧਤ ਹਨ। 

ਸਰਬੱਤ ਖਾਲਸਾ ਦਾ ਇਤਿਹਾਸ


ਸਰਬੱਤ ਖਾਲਸਾ ਦੀ ਸੰਸਥਾ ਦਾ ਪ੍ਰਕਾਸ਼ 18ਵੀਂ ਸਦੀ ਵਿੱਚ ਸਿੱਖ ਪੰਥ ਦੀਆਂ ਲੋੜਾਂ  ਵਿਚੋਂ ਹੋਇਆ ਹੈ। ਮੁਗਲਾਂ ਤੇ ਅਫ਼ਗਾਨਾਂ ਦੇ ਜ਼ੁਲਮ ਤੇ ਵਧੀਕੀਆਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਸਿੱਖਾਂ ਨੇ ਛੋਟੇ-ਛੋਟੇ ਸਮੂਹਾਂ ਦੇ ਰੂਪ ਵਿੱਚ ਦੂਰ ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਸ਼ਰਨ ਲਈ। ਹਥਿਆਰਬੰਦ ਅੰਮ੍ਰਿਤਧਾਰੀ ਸਿੰਘ ਸਾਲ ਵਿੱਚ ਦੋ ਵਾਰ ਅਰਥਾਤ ਵਿਸਾਖੀ ਤੇ ਦੀਵਾਲੀ ਮੌਕੇ ਤੇ ਕਿਵੇਂ ਨਾ ਕਿਵੇਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਅਤੇ ਅਕਾਲ ਤਖ਼ਤ ‘ਤੇ ਇਕੱਠੇ ਹੋ ਕੇ ਖਾਲਸੇ ਤੇ ਝੁੱਲੀ ਹਨੇਰੀ ਦਾ ਮੁਕਾਬਲਾ ਕਰਨ ਲਈ ਗੰਭੀਰ ਵਿਚਾਰਾਂ ਕਰਦੇ।  ਇਹੋ ਇਕੱਠ ਹੀ ਖਾਲਸਾ ਪੰਥ ਦੇ ਦਿਲਾਂ ਤੇ ਦਿਮਾਗਾਂ ਵਿੱਚ ‘ਸਰਬੱਤ ਖਾਲਸਾ’ ਬਣ ਗਏ। ਇਹ ਇਕੱਠ ਖਾਲਸਾ ਜੀ ਦੀ ਤਾਕਤ ਦੀ ਨਿਸ਼ਾਨਦੇਹੀ ਕਰਕੇ ਦੁਸ਼ਮਣਾਂ ਨਾਲ ਦੋ ਹੱਥ ਕਰਨ ਲਈ ਰਣਨੀਤੀਆਂ ਘੜਦੇ। ਸਭ ਤੋਂ ਪਹਿਲਾਂ ਸਰਬੱਤ ਖਾਲਸਾ 1723 ਦੀ ਦੀਵਾਲੀ ਨੂੰ ਹੋਇਆ, ਜਦੋਂ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਹੋਣ ਵਾਲੀ ਸੰਭਾਵੀਂ ਝੜਪ ਨੂੰ ਟਾਲਣ ਲਈ ਦੋਵਾਂ ਧਿਰਾਂ ਨੇ ਭਾਈ ਮਨੀ ਸਿੰਘ ਨੂੰ ਸਾਲਸ ਮੰਨ ਲਿਆ। ਭਾਈ ਸਾਹਿਬ ਨੇ ਆਪਣੇ ਅਨੁਭਵ, ਦਿਬ-ਦ੍ਰਿਸ਼ਟੀ,  ਨਾਲ ਦੋਵਾਂ ਧਿਰਾਂ ਵਿੱਚ ਸੁਲ੍ਹਾ ਸਫ਼ਾਈ ਕਰਵਾ ਦਿੱਤੀ, ਪਰ ਇਸ ਘਟਨਾ ਪਿੱਛੋਂ ਤੱਤ ਖਾਲਸਾ ਦਾ ਹੀ ਬੋਲਬਾਲਾ ਹੋਣ ਲੱਗਾ।

ਦੂਜਾ ਸਰਬੱਤ ਖਾਲਸਾ 13 ਅਕਤੂਬਰ, 1726 ਨੂੰ ਭਾਈ ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਹੋਇਆ। ਇਸ ਵਿੱਚ ਗੁਰਮਤਾ ਸੋਧ ਕੇ ਤਿੰਨ ਅਹਿਮ ਫੈਸਲੇ ਹੋਏ। ਇੱਕ-ਸ਼ਾਹੀ ਖਜ਼ਾਨੇ ਲੁੱਟੇ ਜਾਣ। ਦੂਜਾ-ਸਰਕਾਰੀ ਮੁਖ਼ਬਰਾਂ, ਖੁਸ਼ਾਮਦੀਆਂ, ਜੁੱਤੀ ਚੱਟਾਂ ਅਤੇ ਲਾਈਲੱਗਾਂ ਨੂੰ ਸੋਧਿਆ ਜਾਵੇਗਾ ਅਤੇ ਤੀਜਾ-ਅਸਲਾਖ਼ਾਨੇ ਲੁੱਟ ਕੇ ਹਥਿਆਰ ਵੱਧ ਤੋਂ ਵੱਧ ਗਿਣਤੀ ਵਿੱਚ ਜਮ੍ਹਾ ਕੀਤੇ ਜਾਣ। ਇਨ੍ਹਾਂ 80-82 ਸਾਲਾਂ ਦੇ ਵਕਫ਼ੇ ਵਿੱਚ ਅਰਥਾਤ 1805 ਤੱਕ ਤਿੰਨ ਦਰਜਨ ਦੇ ਕਰੀਬ ਸਰਬੱਤ ਖਾਲਸਾ ਦੇ ਸਮਾਗਮ ਹੋਏ।ਆਖ਼ਰੀ ਸਰਬੱਤ ਖਾਲਸਾ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ, ਜਿਸ ਵਿੱਚ ਇਹ ਫੈਸਲਾ ਕਰਨਾ ਸੀ ਕਿ ਅੰਗਰੇਜ਼ ਹਕੂਮਤ ਹੱਥੋਂ ਹਾਰ ਖਾ ਕੇ ਸਿੱਖ ਰਾਜ ਦੀ ਸ਼ਰਨ ਵਿੱਚ ਆਏ ਮਰਾਠਿਆਂ ਦੇ ਸਰਦਾਰ ਜਸਵੰਤ ਸਿੰਘ ਰਾਓ ਹੁਲਕਰ ਪ੍ਰਤੀ ਕੀ ਰਵੱਈਆ ਅਖ਼ਤਿਆਰ ਕੀਤਾ ਜਾਵੇ। ਫੈਸਲਾ ਹੋਇਆ ਕਿ ਬਰਤਾਨਵੀ ਜਰਨੈਲ ਲਾਰਡ ਲੇਕ ਤੇ ਹੁਲਕਰ ਦੀ ਲੜਾਈ ਵਿੱਚ ਖਾਲਸਾ ਪੰਥ ਨਿਰਪੱਖ ਰਹੇਗਾ।
ਉਨੀਵੀਂ ਸਦੀ ਵਿੱਚ 18 ਮਾਰਚ, 1887 ਨੂੰ ਅੰਗਰੇਜ਼ ਹਕੂਮਤ ਦੌਰਾਨ ਅਕਾਲ ਤਖ਼ਤ ਸਾਹਿਬ ਦਾ ਇੰਤਜ਼ਾਮ ਕਰਨ ਵਾਲੇ ਪੁਜਾਰੀਆਂ ਨੇ ਸਿੰਘ ਸਭਾ ਦੇ ਮਹਾਨ ਆਗੂ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਖਾਰਜ ਕਰਨ ਦਾ ਕਥਿਤ ਹੁਕਮਨਾਮਾ ਜਾਰੀ ਕੀਤਾ, ਪਰ ਖਾਲਸਾ ਪੰਥ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਸਿੰਘ ਸਾਹਿਬਾਨ ਨੇ ਇਹ ਹੁਕਮਨਾਮਾ ਰੱਦ ਕਰ ਦਿੱਤਾ। 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਸਰਬੱਤ ਖਾਲਸਾ ਦੀ ਰਵਾਇਤ ਨੂੰ ਮੁੜ ਤੋਰਿਆ ਅਤੇ 15 ਨਵੰਬਰ, 1920 ਨੂੰ ਅਕਾਲ ਤਖ਼ਤ ਸਾਹਿਬ ਦੇ ਸੇਵਕ ਗੁਰਬਖਸ਼ ਸਿੰਘ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ। ਇਸ ਵਿੱਚ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਬੱਤ ਖਾਲਸਾ ਦੀ ਇੱਕ ਕੋਸ਼ਿਸ਼ 1926 ਵਿੱਚ ਵੀ ਹੋਈ। ਇਹ ਇਕੱਠ ਗੜਗੱਜ ਅਕਾਲੀ ਦੀਵਾਨ ਵੱਲੋਂ ਗੁਰਦੁਆਰਾ ਐਕਟ ਬਾਰੇ ਗੁਰਮਤਾ ਕਰਨ ਵਾਸਤੇ ਬੁਲਾਇਆ ਗਿਆ ਸੀ। ਇਸ ਪਿੱਛੋਂ ਸਰਬੱਤ ਖਾਲਸਾ ਦੇ ਇਕੱਠ ਬੰਦ ਹੋ ਗਏ।
ਜੂਨ, 1984 ਵਿੱਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਪਿੱਛੋਂ 26 ਜਨਵਰੀ, 1986 ਨੂੰ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ‘ਤੇ ਸਰਬੱਤ ਖਾਲਸਾ ਦਾ ਸਮਾਗਮ ਹੋਇਆ। ਇਸ ਸਰਬੱਤ ਖਾਲਸਾ ਦੇ ਸਮਾਗਮ ਤੋਂ ਪਹਿਲਾਂ ਸੁਹਿਰਦ ਸਿੱਖਾਂ ਵੱਲੋਂ ਕਈ ਦਿਨ ਗੰਭੀਰ ਵਿਚਾਰ ਵਟਾਂਦਰਾ ਹੁੰਦਾ ਰਿਹਾ। ਇਹ ਸਮਾਗਮ ਜ਼ਖਮੀ ਸਿੱਖ ਕੌਮ ਨੂੰ ਨਵੀਂ ਰਾਜਨੀਤਕ ਸੇਧ ਦੇਣ ਦਾ ਇਤਿਹਾਸਕ ਉਪਰਾਲਾ ਸੀ। ਇਸ ਵਿੱਚ ਕਈ ਗੁਰਮਤੇ ਸੋਧੇ ਗਏ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰਨਾ, ਪੰਜ ਮੈਂਬਰੀ ਕਮੇਟੀ ਕਾਇਮ ਕਰਕੇ ਸਿੱਖ ਸੰਘਰਸ਼ ਦੀ ਅਗਵਾਈ ਸੌਂਪਣੀ ਅਤੇ ਅਕਾਲ ਤਖ਼ਤ ਦੀ ਉਸਾਰੀ ਲਈ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪਣੀ ਸ਼ਾਮਲ ਸੀ। ਇਸ ਸਰਬੱਤ ਖਾਲਸੇ ਵੱਲੋਂ ਸ਼੍ਰੋਮਣੀ ਕਮੇਟੀ ਭੰਗ ਕਰਨ ਦਾ ਫੈਸਲਾ ਕਿੰਨਾ ਕੁ ਠੀਕ ਸੀ ਜਾਂ ਨਹੀਂ, ਇਸ ਬਾਰੇ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ।
ਅਕਾਲ ਤਖ਼ਤ ਤੋਂ ਬਾਹਰ ਸ੍ਰੀ ਆਨੰਦਪੁਰ ਸਾਹਿਬ ਵਿਖੇ 16 ਫਰਵਰੀ, 1986 ਨੂੰ ਸਰਬੱਤ ਖਾਲਸੇ ਦਾ ਸਮਾਗਮ ਹੋਇਆ। ਇਸ ਸਮਾਗਮ ਦਾ ਉਦੇਸ਼ ਸਮਾਗਮ ਦੇ ਪ੍ਰਬੰਧਕਾਂ ਮੁਤਾਬਕ ‘ਭਰਾ ਮਾਰੂ ਜੰਗ ਰੋਕਣਾ ਅਤੇ ਪੰਥਕ ਹਿੱਤਾਂ ਨੂੰ ਪਰਪੱਕ ਕਰਨਾ’ ਸੀ। ਕੁਝ ਹਲਕਿਆ ਮੁਤਾਬਕ ਇਹ ਸਰਬੱਤ ਖਾਲਸਾ ਗੁਰਮਤਿ ਜੁਗਤ ਤੋਂ ਸੱਖਣਾ ਸੀ ਅਤੇ ਇਸ ਦਾ ਅਸਲ ਉਦੇਸ਼ ਖਾੜਕੂ ਲਹਿਰ ਵਿਰੁੱਧ ਮੁਹਿੰਮ ਵਿਢਣਾ ਸੀ।  ਖਾਲਸਾ ਪੰਥ ਨੂੰ ਦਰਪੇਸ਼ ਅਹਿਮ ਰਾਜਸੀ ਮੁੱਦਿਆ ‘ਤੇ ਵਿਚਾਰ ਕਰਨ ਲਈ ਸਰਬੱਤ ਖਾਲਸਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਹੋਏ ਹਨ, ਪਰ ਇਸ ਮਹਾਨ ਸੰਸਥਾ ਦੀ ਬਣਤਰ ਅਤੇ ਸੰਵਿਧਾਨ ਬਾਰੇ ਅਜੇ ਤੱਕ ਕੋਈ ਸਾਂਝੀ ਰਾਏ ਨਹੀਂ ਬਣ ਸਕੀ। 26 ਜਨਵਰੀ, 1987 ਨੂੰ ਫਿਰ ਸਰਬੱਤ ਖਾਲਸਾ ਕੀਤਾ ਗਿਆ, ਇਸ ਸਰਬੱਤ ਖਾਲਸੇ ਵਿੱਚ ਪਾਸ ਕੀਤੇ ਗੁਰਮਤਿਆਂ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਦਾ ਐਕਟਿੰਗ ਜਥੇਦਾਰ ਥਾਪਿਆ ਗਿਆ ਅਤੇ ਭਾਈ ਜਸਬੀਰ ਸਿੰਘ ਦੀ ਨਿਯੁਕਤੀ ਦੀ ਮੁੜ ਪ੍ਰੋੜਤਾ ਕੀਤੀ ਗਈ।

ਹੁਣ ਕੀ ਕੀਤਾ ਜਾਵੇ?


ਹੁਣ ਸਿਧਾਂਤ ਰੂਪ ਵਿੱਚ ਖਾਲਸਾ ਜੀ ਦੇ ਸਾਹਮਣੇ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਬਦਲੀਆਂ ਅਤੇ ਬਦਲ ਰਹੀਆਂ ਹਾਲਤਾਂ ਵਿੱਚ ਸਰਬੱਤ ਖਾਲਸੇ ਦੀ ਬਣਤਰ, ਇਸ ਦੇ ਅਧਿਕਾਰ ਖੇਤਰ ਦੀਆਂ ਤਾਕਤਾਂ ਅਤੇ ਇਸ ਦੀ ਚੋਣ ਪ੍ਰਣਾਲੀ ਕਿਵੇਂ ਤੈਅ ਕੀਤੀ ਜਾਵੇ ਕਿ ਸਮੂਹ ਖਾਲਸਾ ਪੰਥ ਨੂੰ ਇਸ ਨਵੀਂ ਵਿਵਸਥਾ, ਨਵੇਂ ਪ੍ਰਬੰਧ ਅਤੇ ਨਵੇਂ ਸਿਲਸਿਲੇ ਦੀ ਪ੍ਰਵਾਨਗੀ ਹਾਸਲ ਹੋ ਜਾਵੇ। 
ਪੱਤਰਕਾਰ ਕਰਮਜੀਤ ਸਿੰਘ ਕਹਿੰਦੇ ਹਨ ਕਿ ਜਦੋਂ ਅਸੀਂ ਬਦਲੀਆਂ ਅਤੇ ਬਦਲ ਰਹੀਆਂ ਹਾਲਤਾਂ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਸਿੱਧਾ ਜਿਹਾ ਅਰਥ ਇਹੋ ਹੈ ਕਿ ਅੱਜ ਸਿੱਖ ਪੰਥ ਵੱਡੀ ਗਿਣਤੀ ਵਿੱਚ ਸਾਰੀ ਦੁਨੀਆ ਵਿੱਚ ਫੈਲ ਗਿਆ ਹੈ। ਯੂਰਪ, ਅਮਰੀਕਾ ਅਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਸਿੱਖਾਂ ਦੇ ਭਖ਼ਦੇ ਮਾਮਲਿਆਂ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦੀਆਂ ਹਨ ਅਤੇ ਅਕਾਲ ਤਖ਼ਤ ਸਾਹਿਬ ਤੋਂ ਦਿਸ਼ਾ ਨਿਰਦੇਸ਼ ਦੀ ਮੰਗ ਵੀ ਕਰਦੀਆਂ ਹਨ।  ਪੰਜਾਬ ਤੋਂ ਬਾਹਰ ਭਾਰਤ ਦੇ ਕਈ ਰਾਜਾਂ ਵਿੱਚ ਸਿੰਘ ਸਭਾਵਾਂ ਦੀ ਉੱਦਮਸ਼ੀਲ ਹਨ। ਇਨ੍ਹਾਂ ਮੁਲਕਾਂ ਵਿੱਚ ਵਸੇ 30 ਲੱਖ ਤੋਂ ਵੀ ਉੱਪਰ ਸਿੱਖਾਂ ਨੂੰ ਜੇ ਕਿਸੇ ਵਿਸ਼ੇਸ਼ ਕੇਂਦਰ ਨਾਲ ਅਸੀਂ ਲਗਾਤਾਰ ਜੋੜੀ ਰੱਖਣਾ ਹੈ ਤਾਂ ਇਹ ਕੇਂਦਰ ਅਕਾਲ ਤਖ਼ਤ ਅਤੇ ਸਰਬੱਤ ਖਾਲਸਾ ਹੀ ਹੋ ਸਕਦਾ ਹੈ। ਸਰਬੱਤ ਖਾਲਸਾ ਨੂੰ ਸੰਸਾਰ ਅੰਦਰ ਵੱਖ-ਵੱਖ ਖੇਤਰਾਂ ਵਿੱਚ ਆਈਆਂ ਵੱਡੀਆਂ ਇਤਿਹਾਸਕ ਤਬਦੀਲੀਆਂ, ਰੁਝਾਨਾਂ ਅਤੇ ਵਰਤਾਰਿਆਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਦੀ ਜਿੰਨੀ ਲੋੜ ਇਸ ਸਮੇਂ ਮਹਿਸੂਸ ਕੀਤੀ ਜਾ ਰਹੀ ਹੈ, ਓਨੀ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦੇ ਕਿਸੇ ਵੀ ਦੌਰ ਵਿੱਚ ਨਹੀਂ ਸੀ।ਜਿੱਥੋਂ ਤੱਕ ਸਰਬੱਤ ਖਾਲਸਾ ਵਿੱਚ ਉਨ੍ਹਾਂ ਨੁਮਾਇੰਦਿਆਂ ਦੀ ਹਾਜ਼ਰੀ, ਰਾਏ ਤੇ ਫੈਸਲਾ ਲੈਣ ਦਾ ਸਵਾਲ ਹੈ, ਇਹ ਸਵਾਲ ਤਕਨਾਲੋਜੀ ਦੇ ਵਿਕਾਸ ਅਤੇ ਇਸ ਖੇਤਰ ਵਿੱਚ ਹੋਈ ਅਥਾਹ ਤਰੱਕੀ ਦੀ ਰੌਸ਼ਨੀ ਵਿੱਚ ਹੁਣ ਐਨਾ ਮੁਸ਼ਕਲ ਨਹੀਂ ਰਹਿ ਗਿਆ। ਜਿਹੜੇ ਨੁਮਾਇੰਦਿਆਂ ਦਾ ਕਿਸੇ ਵਿਸ਼ੇਸ਼ ਕਾਰਨ ਹਾਜ਼ਰ ਹੋਣਾ ਅਸੰਭਵ ਹੋਵੇਗਾ, ਉਹ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਸਰਬੱਤ ਖਾਲਸਾ ਦੀ ਇਕੱਤਰਤਾ ਵਿੱਚ ਸਹਿਜੇ ਹੀ ਪਹੁੰਚਾ ਸਕਦੇ ਹਨ।

ਗੁਰਬਚਨ ਸਿੰਘ ਦੇਸ ਪੰਜਾਬ ਅਨੁਸਾਰ ਸਰਬੱਤ ਖਾਲਸਾ ਨੂੰ ਉਹ ਫੈਸਲਾ ਹੀ ਕਰਨੇ ਚਾਹੀਦੇ ਹਨ, ਜਿਨ੍ਹਾਂ ਨੂੰ ਖਾਲਸਾ ਪੰਥ ਦੀ ਸਮੂਹਿਕ ਮਾਨਸਿਕਤਾ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਵੇ। ਦਰਪੇਸ਼ ਗੁੰਝਲਦਾਰ ਹਾਲਤਾਂ ਵਿੱਚ ਸਾਨੂੰ ਸਦਾ ਹੀ ਨਾਜ਼ੁਕ ਸੰਤੁਲਨ ਬਣਾਈ ਰੱਖਣਾ ਹੋਵੇਗਾ। 


ਸੰਭਾਵੀ ਸਰਬੱਤ ਖਾਲਸਾ ਦਾ ਏਜੰਡਾ ਕੀ ਹੋਵੇ?

ਕਿਸੇ ਵੀ ਰੂਪ ਵਿਚ ਸਰਬੱਤ ਖਾਲਸਾ ਜਾਂ ਵਿਸ਼ਵ ਸਿੱਖ ਸੰਮੇਲਨ ਵਿਸਾਖੀ ਜਾਂ ਅਗਲੇ ਕੁਝ ਮਹੀਨਿਆਂ ਵਿਚ ਹੁੰਦਾ ਹੈ, ਉਸ ਹਾਲਾਤ ਵਿਚ ਇਸ ਦੇ ਵਿਚਾਰਨ ਲਈ ਏਜੰਡਾ ਤਾਂ ਮਹੱਤਵਪੂਰਨ ਬਣਿਆ ਹੀ ਰਹੇਗਾ। ਇਸ ਸਬੰਧੀ ਜ਼ਰੂਰੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪੰਥਕ ਜੀਵਨ ਦੇ ਧਾਰਮਿਕ, ਦਾਰਸ਼ਨਿਕ, ਰਾਜਨੀਤਿਕ, ਵਿੱਦਿਅਕ, ਆਰਥਿਕ, ਸਾਸ਼ਕੀ, ਵਿਸ਼ਵ ਮਾਮਲਿਆਂ, ਸਮਾਜਿਕ ਸੁਰੱਖਿਆ, ਮੀਡੀਆ, ਸੱਭਿਆਚਾਰ, ਨੌਜੁਆਨੀ, ਗਿਆਨ-ਵਿਗਆਨ ਤਕਨਾਲੋਜੀ, ਪ੍ਰਬੰਧਕੀ ਅਤੇ ਸਮਾਜਿਕ ਸੇਵਾਵਾਂ ਆਦਿ ਖੇਤਰਾਂ ਨਾਲ ਸਬੰਧਿਤ ਮਾਹਿਰਾਂ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕਰਨ ਜਿਨ੍ਹਾਂ ਨੂੰ ਪੰਜਾਬ, ਭਾਰਤ ਅਤੇ ਵਿਸ਼ਵ ਦੀਆਂ ਸਮੁੱਚੀਆਂ ਪ੍ਰਸਥਿਤੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸਮਾਦੀ ਚਿੰਤਨ ਦੀ ਰੌਸ਼ਨੀ ਵਿਚ ਇਕ ਬਦਲਵੀਂ ਸਮਾਜਿਕ ਵਿਵਸਥਾ ਸਿਰਜਣ ਦੇ ਆਧਾਰ ਤਿਆਰ ਕਰਨ ਦੀ ਸੇਵਾ ਲਗਾਈ ਜਾਵੇ। ਪੰਥਕ ਮਿਸ਼ਨ ਕੀ ਹੈ; ਸਿੱਖ ਵਿਚਾਰਧਾਰਕ-ਦਾਰਸ਼ਨਿਕ ਸੇਧਾਂ ਕੀ ਹਨ; ਸਿੱਖ ਧਰਮ, ਵਿਚਾਰਧਾਰਾ ਦਾ ਨਵ-ਉੱਥਾਨ ਕਿਵੇਂ ਕੀਤਾ ਜਾਵੇੇ; ਸਿੱਖ ਪਾਲਿਟੀ-ਰਾਜਨੀਤੀ ਦਾ ਨਵਾਂ ਰੂਪ-ਸਰੂਪ ਅਤੇ ਕਾਰਜਯੋਜਨਾ ਕਿਵੇਂ ਉਲੀਕੀ ਜਾਏੇ; ਨਵੇਂ ਪੰਜਾਬ ਦੀ ਉਸਾਰੀ ਵਿਚ ਭਾਰਤੀ ਫੈਡਰਲ. ਕਨਫੈਡਰਲ, ਵਿਸ਼ੇਸ਼ ਅਧਿਕਾਰਾਂ ਅਤੇ ਹੋਰ ਦਿਸ਼ਾਵਾਂ ਵਿਚ ਸਿੱਖ-ਅਕਾਲੀ ਰਾਜਨੀਤੀ ਦੀ ਕਿਹੜੀ ਭੂਮਿਕਾ ਹੋਵੇ; ਰਣਨੀਤਿਕ ਜੰਗਾਂ ਦੇ ਯੁੱਗ ਵਿਚ ਬੌਧਿਕ, ਕੂਟਨੀਤਿਕ, ਮਨੋÇਵਿਗਆਨਿਕ, ਆਰਥਿਕ ਅਤੇ ਮੀਡੀਆ ਜੰਗਾਂ ਦੀ ਭੂਮਿਕਾ ਨਿਸ਼ਚਿਤ ਹੋਵੇ; ਪੰਜਾਬ ਦੀ ਨਵ-ਉਸਾਰੀ ਦਾ ਵਿਸਮਾਦੀ ਵਿਕਾਸ ਮਾਡਲ ਕਿਵੇਂ ਵਿਕਸਿਤ ਕੀਤਾ ਜਾਵੇ; ਸਿੱਖ ਨੌਜੁਆਨੀ, ਨਾਰੀ ਸ਼ਕਤੀ ਅਤੇ ਸਿੱਖ ਪ੍ਰਤਿੱਭਾ ਨੂੰ ਕਿਵੇਂ ਨਵੇਂ ਰੂਪ ਵਿਚ ਸ਼ਕਤੀਸ਼ਾਲੀ ਕੀਤਾ ਜਾਵੇ; ਤਖ਼ਤ ਜਥੇਬੰਦੀ, ਪ੍ਰਬੰਧਕ ਕਮੇਟੀਆਂ ਅਤੇ ਪੰਥਕ ਲੀਡਰਸ਼ਿਪ ਦੇ ਸੰਕਟ ਕਿਵੇਂ ਹੱਲ ਕੀਤੇ ਜਾਣ; ਸਿੱਖ ਸੱਭਿਆਚਾਰ ਅਤੇ ਸਮਜਿਕ ਸੇਵਾਵਾਂ ਨੂੰ ਕਿਵੇਂ ਨਵੇਂ ਰੂਪ ਵਿਚ ਸ਼ਕਤੀਸ਼ਾਲੀ ਕੀਤਾ ਜਾਵੇ; ਗਿਆਨ-Çਵਿਗਆਨ ਤਕਨਾਲੋਜੀ ਅਤੇ ਨਵੀਂ ਬ੍ਰਹਿਮੰਡੀ ਖੋਜ ਵਿਚ ਸਿੱਖ ਦਾਰਸ਼ਨਿਕ-Çਵਿਗਆਨਿਕ ਪ੍ਰÇੱਤਭਾ ਕਿਵੇਂ ਆਪਣੀ ਵਡੇਰੀ ਭੂਮਿਕਾ ਨਿਭਾਏ ਅਤੇ ਨਵੇਂ ਉਭਰ ਰਹੇ ਬਦਲਵੇਂ ਸਟੇਟ ਅਤੇ ਗਲੋਬਲ ਆਰਡਰ ਵਿਚ ਸਿੱਖ ਪੰਥ ਦੀ ਕਿਹੜੀ ਮੋਹਰੀ ਅਤੇ ਬਫ਼ਰ ਭੂਮਿਕਾ ਨਿਸ਼ਚਿਤ ਕੀਤੀ ਜਾ ਸਕੇ ਆਦਿ। ਇਨ੍ਹਾਂ Çਵਿਸ਼ਆਂ ਬਾਰੇ ਵਿਚਾਰ ਕਰਕੇ ਅਤੇ ਫੈਸਲੇ ਲੈ ਕੇ ਇਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਗੁਰਮਤੇ ਸੋਧੇ ਜਾਣ।
 ਸੰਭਾਵੀ ਸਰਬੱਤ ਖਾਲਸਾ ਜਾਂ ਵਿਸ਼ਵ ਸਿੱਖ ਸੰਮੇਲਨ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਵੇ, ਉਸ ਦੇ ਵਿਚਾਰਨ ਲਈ ਇਹ ਕੁੱਝ ਆਧਾਰ ਹਨ, ਜਿਨ੍ਹਾਂ ਦੇ ਵਿਸਥਾਰ ਪੰਥ ਦੇ ‘ਮਾਸਟਰ ਮਾਈਂਡ’ ਨੇ ਉਲੀਕਣੇ ਹਨ। ਪੰਥ ਅਤੇ ਵਿਸ਼ਵ ਲਈ ਵਰਤਮਾਨ ਸਮਾਂ ਬੜਾ ਕੀਮਤੀ ਹੈ। ਪਿਛਲੇ ਕੌੜੇ ਤਜਰਬਿਆਂ ਤੋਂ ਉਲਟ ਬੜੀ ਸੰਜੀਦਗੀ ਨਾਲ ਵਿਚਾਰ ਕੇ ਅੱਗੇ ਵੱਧਣਾ ਹੋਏਗਾ। ਭਵਿੱਖ ਦੀਆਂ ਸਿੱਖ ਅਤੇ ਹੋਰ ਵਿਸ਼ਵ ਨਸਲਾਂ ਸਿੱਖੀ ਦੇ ਵਿਸ਼ਵ ਜਲੌਅ ਦਾ ਇੰਤਜ਼ਾਰ ਕਰ ਰਹੀਆਂ ਹਨ। ਜਜ਼ਬਾਤੀ ਅਤੇ ਵਕਤੀ ਉਲ੍ਹਾਰਪਣ ਦਾ ਸ਼ਿਕਾਰ ਹੋ ਕੇ ਅਸੀਂ ਕੌਮ ਦਾ ਇਕ ਵਾਰ ਫਿਰ ਵੱਡਾ ਨੁਕਸਾਨ ਨਾ ਕਰਵਾ ਲਈਏ, ਸਾਡਾ ਇਹ ਡਰ ਹੈ।

 

-ਭਾਈ ਹਰਿਸਿਮਰਨ ਸਿੰਘ