ਸਿਖ ਪੰਥ ਉਪਰ ਪਖੰਡੀ ਡੇਰੇਦਾਰਾਂ ਤੇ  ਤਾਂਤਰਿਕ ਪਾਸਟਰਾਂ ਦਾ ਹਮਲਾ                             

 ਸਿਖ ਪੰਥ ਉਪਰ ਪਖੰਡੀ ਡੇਰੇਦਾਰਾਂ ਤੇ  ਤਾਂਤਰਿਕ ਪਾਸਟਰਾਂ ਦਾ ਹਮਲਾ                             

                           ਪੰਥਕ ਮੁੱਦਾ                                             

1998/99 ਵਿਚ ਮੈਂ ਦਲ ਖਾਲਸਾ ਵਿਚ ਪੂਰੀ ਤਰ੍ਹਾਂ ਸਰਗਰਮ ਸੀ ਤੇ ਉਦੋਂ ਮਾਲਵੇ ਵਿੱਚ ਡੇਰਾ ਸਰਸਾ ਵਾਲਿਆਂ ਦੀ ਤੂਤੀ ਬੋਲਦੀ ਸੀ।ਹਰ ਪਿੰਡ ਵਿੱਚ ਸਿੱਖਾਂ ਨਾਲ ਸਰਸੇ ਵਾਲਿਆਂ ਦੀ ਤਕਰਾਰ ਹੋ ਰਹੀ ਸੀ। ਸਰਸੇ ਜਾਣ ਵਾਲੇ ਸਿੱਖਾਂ ਨੂੰ ਬਹੁਤ ਜਲੀਲ ਕਰਦੇ ਸੀ। ਸਿੱਖ ਸੰਗਤਾਂ ਕਿਸੇ ਆਗੂ ਜਾਂ ਜਥੇਬੰਦੀ ਨੂੰ ਉਡੀਕ ਰਹੀਆਂ ਸੀ ਜਿਸ ਦੀ ਅਗਵਾਈ ਹੇਠ ਡੇਰਾ ਸਿਰਸਾ ਖਿਲਾਫ ਲੜਾਈ ਲੜੀ ਜਾਵੇ। ਬਦਕਿਸਮਤੀ ਇਹ ਕਿ ਦਲ ਖਾਲਸਾ ਦੀ ਲੀਡਰਸ਼ਿਪ ਵਿਚ ਮਾਝੇ ਦੇ ਆਗੂ ਸੀ।2001ਵਿਚ ਭਨਿਆਰੇ ਵਾਲੇ ਦਾ ਮਸਲਾ ਜੋਰ ਫੜ ਗਿਆ ਤਾਂ ਸਾਰੇ ਮਾਲਵੇ ਤੇ ਦੋਆਬੇ ਵਿੱਚ ਵਿਰੋਧ ਦੀ ਲਹਿਰ ਭਖ ਪਈ।ਪਰ ਮਾਝੇ ਵਿੱਚ ਭਨਿਆਰੇ ਵਾਲੇ ਦੇ ਹਮਾਇਤੀ ਹੈ ਹੀ ਨਹੀਂ ਸੀ,ਜੇ ਹੋਣ ਵੀ ਤਾਂ ਕਿਸੇ ਗਿਣਤੀ ਵਿਚ ਨਹੀਂ ਸੀ।ਸੋ ਭਨਿਆਰੇ ਵਾਲੇ ਦੇ ਮਾਮਲੇ ਮੌਕੇ ਮੈਨੂੰ ਮਾਲਵੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਅਗਲੇ ਸਾਲਾਂ ਵਿਚ ਦਲ ਖਾਲਸਾ ਵਿਚ ਦੋਆਬੇ ਦੇ ਆਗੂਆਂ ਦੀ ਸ਼ਮੂਲੀਅਤ ਹੋ ਗਈ।ਜਦ ਵੀ ਵਕਤ ਮਿਲਿਆ ਕਰੇ ਮੈਂ ਦਲ ਖਾਲਸਾ ਦੀ ਲੀਡਰਸ਼ਿਪ ਕੋਲ ਮਾਲਵੇ ਦੇ ਸਿੱਖ ਜੋ ਡੇਰਾ ਸਿਰਸਾ ਕਰਕੇ ਮਾਨਸਿਕ ਸੰਤਾਪ ਭੋਗਦੇ ਸੀ, ਓਹਦੀ ਗੱਲ ਦੱਸਕੇ ਕੁਝ ਕਰਨ ਲਈ ਕਹਿਣਾ ਪਰ ਮਾਝੇ ਤੇ ਦੋਆਬੇ ਦੇ ਲੋਕਾਂ ਨੂੰ ਤਾਂ ਪਤਾ ਈ ਨਹੀਂ ਸੀ ਕਿ ਡੇਰਾ ਸਿਰਸਾ ਵਾਲੇ ਪਿੰਡਾਂ ਵਿਚ ਆਮ ਸਿੱਖਾਂ ਨੂੰ ਕਿਵੇਂ ਜਲੀਲ ਕਰਦੇ ਹਨ। ਮਾਝੇ ਤੇ ਦੋਆਬੇ ਵਿੱਚ ਡੇਰਾ ਸਿਰਸਾ ਦਾ ਕੋਈ ਆਧਾਰ ਈ ਨਹੀਂ ਸੀ।2005/6ਤੱਕ ਅੱਕ ਕੇ ਮੈਂ ਇਸ ਬਾਰੇ ਗੱਲ ਕਰਨੀ ਈ ਬੰਦ ਕਰਤੀ ਕਿ ਕੋਈ ਸੁਣਦਾ ਸਮਝਦਾ ਤਾਂ ਹੈ ਨਹੀਂ। ਮੈਂ ਮਹਿਸੂਸ ਕੀਤਾ ਕਿ ਜਦ ਵੀ ਮੈਂ ਇਹ ਗੱਲ ਛੇੜਦਾ ਹਾਂ ਤਾਂ ਸਾਡੇ ਆਗੂਆਂ ਦਾ ਰਵਈਆ ਬੜਾ ਅਜ਼ੀਬ ਜਿਹਾ ਹੋ ਜਾਂਦਾ ਹੈ ਜਿਵੇਂ ਕਿਸੇ ਨੂੰ ਕਹੀਦਾ ਕਿ ਕਿਉਂ ਬੇਕਾਰ ਮਸਲਿਆਂ ਉਤੇ ਵਕਤ ਖਰਾਬ ਕਰ ਰਿਹਾਂ ਹੈ, ਕੋਈ ਅਕਲ ਦੀ ਗੱਲ ਕਰ।2004ਦੇ ਦਸੰਬਰ ਮਹੀਨੇ ਡੇਰੇ ਵਾਲਿਆਂ ਨੇ ਸਾਡੇ ਘਰ ਉਤੇ ਚੜ੍ਹਾਈ ਕਰ ਦਿੱਤੀ ਸੀ ਜਦ ਦਲ ਖਾਲਸਾ ਵਲੋਂ ਫਤਿਹ ਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਮੌਕੇ ਦੇਹਧਾਰੀ ਗੁਰੂ ਡੰਮ ਬਾਰੇ ਵੰਡੇ ਪੈਂਫਲਿਟ ਵਿਚ ਡੇਰੇ ਸਰਸੇ ਦੀ ਹਕੀਕਤ ਛਾਪੀ ਗਈ ਸੀ।ਇਕ ਪਾਸੇ ਤਾਂ ਮੇਰੇ ਦਿਲ ਵਿਚ ਸਰਸੇ ਵਾਲਿਆਂ ਖ਼ਿਲਾਫ਼ ਰੋਹ ਸੀ, ਦੂਜੇ ਪਾਸੇ ਮੇਰੀ ਜਥੇਬੰਦੀ ਡੇਰੇ ਸਰਸੇ ਖਿਲਾਫ ਕੁਝ ਕਰਨ ਦੇ ਮੂਡ ਵਿੱਚ ਨਹੀਂ ਸੀ ।ਬੜਾ ਸੰਤਾਪ ਸੀ। ਸਾਡੇ ਬੰਦਿਆਂ ਨੂੰ ਅਹਿਸਾਸ ਈ ਨਹੀਂ ਸੀ ਕਿ ਇਹ ਕਿੱਡੀ ਖਤਰਨਾਕ ਸਮੱਸਿਆ ਹੈ। ਮੈਂ ਆਪਦੇ ਆਪ ਵਿਚ ਬੜਾ ਔਖ ਝੱਲ ਰਿਹਾ ਸੀ। ਮੇਰੇ ਵਾਂਗ ਹੋਰ ਵੀ ਹਜ਼ਾਰਾਂ ਸਿਖ ਇਹ ਦਰਦ ਝੱਲਦੇ ਹੋਣਗੇ।ਪਰ ਆਖਰ ਸਿਆਸੀ ਭਲਵਾਨਾਂ ਤੋਂ ਮਿਲੀ ਬੇਪਨਾਹ ਸਰਪ੍ਰਸਤੀ ਨੇ ਡੇਰਾ ਸਿਰਸਾ ਨੂੰ ਤਬਾਹੀ ਦੇ ਰਾਹ ਤੋਰ ਦਿੱਤਾ।

2007ਵਿਚ ਸਲਾਬਤਪੁਰਾ ਤੇ 2015 ਵਿਚ ਬਰਗਾੜੀ ਕਾਂਡ ਮਗਰੋਂ ਡੇਰੇ ਅਤੇ ਸਿੱਖ ਜਗਤ ਵਿੱਚ ਛਿੜੀ ਜੰਗ ਨੇ ਸਾਰੇ ਸਮੀਕਰਨ ਹਿਲਾ ਛੱਡੇ।ਇਸ ਸੰਘਰਸ਼ ਵਿਚ ਦਲ ਖਾਲਸਾ ਦੀ ਲੀਡਰਸ਼ਿਪ ਨੇ ਵੀ ਡਟਕੇ ਫਰਜ ਨਿਭਾਏ।ਪਰ ਮੈਨੂੰ ਸਦਾ ਈ ਮਲਾਲ ਰਹੇਗਾ ਕਿ ਇਹ ਲੜਾਈ ਤਾਂ ਸਾਨੂੰ ਬਹੁਤ ਪਹਿਲਾਂ ਲੜਨੀ ਚਾਹੀਦੀ ਸੀ। ਪਿੱਛੇ ਜਿਹੇ ਇਕ ਸੱਜਣ ਨਾਲ ਚਰਚਾ ਛਿੜੀ ਤਾਂ ਮੈਂ ਕਿਹਾ ਕਿ ਮਾਝੇ ਦੋਆਬੇ ਵਿੱਚ ਡੇਰਾ ਸਰਸਾ ਦਾ ਆਧਾਰ ਨਹੀਂ ਸੀ ਜਿਸ ਕਾਰਨ ਆਪਣੇ ਬੰਦਿਆਂ ਨੂੰ ਓਸ ਪੀੜ ਦਾ ਅਹਿਸਾਸ ਨਹੀਂ ਸੀ ਜੋ ਅਸੀਂ ਮਾਲਵੇ ਵਿੱਚ ਝੱਲ ਰਹੇ ਸਾਂ।ਇਹੀ ਗੱਲ ਨਕਲੀ ਈਸਾਈ ਵਰਤਾਰੇ ਬਾਰੇ ਹੈ। ਮਾਲਵੇ ਦੇ ਵਾਸੀ ਬਹੁਤ ਸਾਰੇ ਸੱਜਣ,ਤੇ ਸ਼ਹਿਰਾਂ ਵਿੱਚ ਵਸਦੇ ਸਿੱਖਾਂ ਨੂੰ ਓਸ ਦਰਦ ਦੀ ਸੋਝੀ ਈ ਨਹੀਂ ਜਿਹੜੀ ਪੀੜ ਮਾਝੇ ਵਿੱਚ ਇਨ੍ਹਾਂ ਈਸਾਈਆਂ ਕਰਕੇ ਸਿੱਖ ਝੱਲ ਰਹੇ ਨੇ। ਸੋਸ਼ਲ ਮੀਡੀਆ ਉਤੇ ਮਾਝੇ ਤੋਂ ਦੂਰ ਬੈਠੇ ਸਿੱਖਾਂ ਦੇ ਵਿਚਾਰ ਪੜ੍ਹੇ ਨੇ, ਉਨ੍ਹਾਂ ਨੂੰ ਲੱਗਦਾ ਕਿ ਸਿੱਖ ਐਵੇਂ ਈ ਈਸਾਈ ਭਾਈਚਾਰੇ ਨਾਲ ਪੰਗੇ ਲੈ ਰਹੇ ਨੇ। ਕੱਲ੍ਹ ਜਲੰਧਰ ਵਸਦੇ ਇਕ ਵੀਰ ਨਾਲ ਚਰਚਾ ਹੋਈ ਤਾਂ ਓਹਨੇ ਵੀ ਮੰਨਿਆ ਕਿ ਸਾਡੇ ਦੋਆਬੇ ਵਿੱਚ ਇਨ੍ਹਾਂ ਈਸਾਈਆਂ ਕਰਕੇ ਜੋ ਪੀੜ ਸਿੱਖ ਬਰਦਾਸ਼ਤ ਕਰ ਰਹੇ ਨੇ ਓਹ ਮਾਲਵੇ ਵਿਚਲੇ ਸਿੱਖਾਂ ਨੂੰ ਨਹੀਂ ਪਤਾ।ਮੋਟੀ ਜਿਹੀ ਨਜਰ ਮਾਰੋ ਤਾਂ ਇਹੀ ਮਿਲੇਗਾ ਕਿ ਸੋਸ਼ਲ ਮੀਡੀਆ ਉਤੇ ਈਸਾਈ ਮਸਲੇ ਉਤੇ ਸਿੱਖ ਨੌਜਵਾਨਾਂ ਨੂੰ ਨਿੰਦਣ, ਭੰਡਣ, ਵਿਰੋਧ ਕਰਨ, ਅਲੋਚਨਾ ਕਰਨ ਵਾਲੇ ਮਾਲਵੇ ਖੇਤਰ ਦੇ ਹਨ ਜਿਨ੍ਹਾਂ ਮਗਰ ਇਕਾ ਦੁੱਕਾ ਮਾਝੇ ਤੇ ਦੋਆਬੇ ਦੀ ਵੀ ਲੱਗੇ ਹੋਏ ਹਨ। ਮੈਂ ਮਾਲਵੇ ਵਾਲੇ ਵੀਰਾਂ ਨੂੰ ਵੀ ਪੰਥਕ ਮੰਨਦਾ ਹਾਂ। ਉਨ੍ਹਾਂ ਨੂੰ ਬੇਨਤੀ ਹੈ ਕਿ ਜੋ ਦਰਦ ਡੇਰੇ ਸਰਸੇ ਕਰਕੇ ਤੁਸੀਂ ਮਾਲਵੇ ਵਿੱਚ ਭੁਗਤਿਆ ਓਹੀ ਦਰਦ ਮਾਝੇ ਦੋਆਬੇ ਵਿੱਚ ਈਸਾਈਆਂ ਕਰਕੇ ਸਿੱਖ ਭੋਗਦੇ ਨੇ।ਜਦ ਤੁਸੀਂ ਡੇਰੇ ਖ਼ਿਲਾਫ਼ ਡਟੇ ਸੀ ਤੇ ਜੇ ਕੋਈ ਉਦੋਂ ਤੁਹਾਨੂੰ ਨਿੰਦਦਾ ਭੰਡਦਾ, ਤਾਂ ਤੁਹਾਨੂੰ ਲਾਜ਼ਮੀ ਰੋਹ ਚੜ੍ਹਨਾ ਸੀ,ਓਹੀ ਰੋਹ ਇਸ ਵੇਲੇ ਤੁਹਾਡੀਆਂ ਗੱਲਾਂ ਕਰਕੇ ਈਸਾਈ ਹਮਲੇ ਖਿਲਾਫ ਲੜ ਰਹੇ ਸਿਖਾਂ ਨੂੰ ਹੈ। ਤੁਸੀਂ ਕਦੇ ਮਾਝੇ ਦੇ ਪਿੰਡਾਂ ਵਿਚ ਈਸਾਈ ਵਰਤਾਰੇ ਦੇ ਸਤਾਏ ਸਿਖਾਂ ਨੂੰ ਮਿਲੋ। ਮੇਰਾ ਦਾਅਵਾ ਹੈ ਕਿ ਤੁਸੀਂ ਇਨ੍ਹਾਂ ਲੜ ਰਹੇ ਨੌਜਵਾਨਾਂ ਦੇ ਕੁਰਬਾਨ ਜਾਵੋਂਗੇ ਕਿ ਕਿੰਨਾ ਜਿਗਰਾ ਰੱਖੀ ਬੈਠੇ ਨੇ।ਮੇਰੀ ਗਰੰਟੀ ਹੈ ਕਿ ਤੁਸੀਂ ਤਾਂ ਮਾਝੇ ਵਿੱਚ ਕਲੇਸ਼ ਕਰਕੇ ਬਹਿ ਜਾਣਾ ਕਿ ਸਿੱਖ ਧਰਮ ਲਈ ਹਰ ਪੱਖੋਂ ਅਹਿਮ ਮਾਝੇ ਵਿੱਚ ਇਹ ਹੋ ਕੀ ਰਿਹਾ।ਪਰ ਤੁਸੀਂ ਜਮੀਨੀ ਹਕੀਕਤ ਤੋਂ ਦੂਰ ਹੋਂ ਤੇ ਨਕਲੀ ਈਸਾਈ ਵਰਤਾਰੇ ਖਿਲਾਫ਼ ਜੂਝ ਰਹੇ ਸਿੱਖ ਨੌਜਵਾਨਾਂ ਦੇ ਵਿਰੋਧ ਵਿਚ ਲਗਾਤਾਰ ਅੱਗੇ ਵਧ ਰਹੇ ਹੋਂ।ਇਹ ਤਕਰਾਰ ਖਤਰਨਾਕ ਹੁੰਦੀ ਦਿਸ ਰਹੀ ਹੈ। ਤੁਹਾਡਾ ਪੈਂਤੜਾ ਨਕਲੀ ਈਸਾਈ ਵਰਤਾਰੇ ਦੀ ਹਮਾਇਤ ਵਿੱਚ ਭੁਗਤ ਰਿਹਾ ਹੈ।ਜਦ ਦਲ ਖਾਲਸਾ ਦੇ ਆਗੂਆਂ ਡੇਰੇ ਸਿਰਸੇ ਬਾਰੇ ਮੇਰੇ ਪੱਖ ਨੂੰ ਸੁਨਣ ਸਮਝਣ ਵਿਚ ਅਸਮੱਰਥ ਰਹੇ ਸੀ ਤਾਂ ਮੈਨੂੰ ਉਨ੍ਹਾਂ ਤੇ ਸਿਰਫ ਇਤਰਾਜ ਸੀ ਪਰ ਤੁਸੀਂ ਤੁਸੀਂ ਸਿੱਖ ਨੌਜਵਾਨਾਂ ਦੇ ਖਿਲਾਫ ਡਟ ਈ ਗਏ। ਤੁਹਾਡਾ ਵੀ ਪੰਥ ਵਿਚ ਆਧਾਰ ਹੈ, ਤੁਹਾਡੇ ਵੀ ਵਿਚਾਰ ਸਤਿਕਾਰੇ ਜਾਂਦੇ ਨੇ ਪਰ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਹਰ ਗੱਲ ਸਹੀ ਹੋਵੇ,ਹਰ ਪੈਂਤੜਾ ਸਹੀ ਹੋਵੇ। ਮਾਝੇ ਦੋਆਬੇ ਦੇ ਪੇਂਡੂ ਸਿੱਖਾਂ ਨੂੰ ਉਨ੍ਹਾਂ ਵੱਡੀਆਂ ਵੱਡੀਆਂ ਗੱਲਾਂ ਦੀ ਲੋੜ ਨਹੀਂ ਜੋ ਭਾਵੇਂ ਕਿੰਨੀਆਂ ਵੀ ਸਹੀ ਹੋਣ ਪਰ ਈਸਾਈਆਂ ਖਿਲਾਫ ਬਣੇ ਮਹੌਲ ਦੀ ਫੂਕ ਕੱਢਦੀਆਂ ਹੋਣ। ਉਨ੍ਹਾਂ ਨੂੰ ਸਿੱਖ ਨੌਜਵਾਨਾਂ ਦਾ ਨਕਲੀ ਈਸਾਈ ਵਰਤਾਰੇ ਨੂੰ ਨੰਗੇ ਧੜ ਲਲਕਾਰਨਾ ਵਧੀਆ ਲੱਗਦਾ ਹੈ।

ਸਭ ਜਾਣਦੇ ਨੇ ਕਿ ਜੇ ਇਹ ਟਕਰਾਅ ਵਧਿਆ ਤਾਂ ਈਸਾਈਆਂ ਦਾ ਸਿੱਖਾਂ ਨੂੰ ਵਰਗਲਾਉਣਾ ਬੰਦ ਹੋ ਜਾਣਾ ਹੈ। ਹੁਣ ਤੱਕ ਜਦ ਵੀ ਕਿਸੇ ਪੰਥ ਵਿਰੋਧੀ ਵਰਤਾਰੇ ਨਾਲ ਸਿੱਖਾਂ ਦਾ ਟਕਰਾਅ ਨਹੀਂ ਹੋਇਆ ਸਿੱਖ ਕੌਮ ਦਾ ਨੁਕਸਾਨ ਹੋਇਆ,ਪਰ ਜਦ ਮੇਲਮਿਲਾਪ ਬੰਦ ਹੋ ਜਾਂਦਾ ਹੈ ਫਿਰ ਸਿੱਖ ਮਾਨਸਿਕਤਾ ਕਦੇ ਵੀ ਓਸ ਪੰਥ ਵਿਰੋਧੀ ਵਰਤਾਰੇ ਪ੍ਰਤੀ ਨਰਮ ਨਹੀਂ ਹੁੰਦੀ। ਨਕਲੀ ਨਿਰੰਕਾਰੀਆਂ, ਭਨਿਆਰੇ, ਨੂਰਮਹਿਲ, ਸਰਸੇ,ਆਰ ਐਸ ਐਸ ਆਦਿਕ ਜਿਸ ਨਾਲ ਵੀ ਸਿੱਖ ਕੌਮ ਦਾ ਟਕਰਾਅ ਹੋਇਆ ਓਸ ਵਲੋਂ ਸਿੱਖਾਂ ਦਾ ਨੁਕਸਾਨ ਹੋਣਾ ਨਾਮੁਮਕਿਨ ਹੋ ਗਿਆ।ਸੋ ਮਾਲਵੇ ਵਾਲੇ ਵੀਰੋ, ਜਿਵੇਂ ਤੁਸੀਂ ਸਰਸੇ ਵਲੋਂ ਸੁਰਖੁਰੂ ਹੋਂ,ਹੁਣ ਮਾਝੇ ਤੇ ਦੋਆਬੇ ਨੂੰ ਨਕਲੀ ਈਸਾਈਆਂ ਤੋਂ ਸੁਰਖੁਰੂ ਹੋਣ ਦਵੋ। ਜਾਂ ਸਾਥ ਦੇਵੋ, ਜਾਂ ਚੁਪ ਹੋ ਜਾਓ ਪਰ ਜੇ ਨਾ ਟਲੇ ਤਾਂ ਇਹ ਆਪਦੇ ਦਿਲ ਦਿਮਾਗ ਵਿਚ ਲਿਖ ਲਵੋ ਕਿ ਇਜਤ ਬਣਾਉਣ ਨੂੰ ਸਾਲਾਂ ਦੇ ਸਾਲ ਲੱਗਦੇ ਨੇ ਪਰ ਗਵਾਉਣ ਨੂੰ ਇਕ ਪਲ ਈ ਬਹੁਤ ਆ।ਗੁਰਦਾਸ ਮਾਨ ਨੂੰ ਇਕ ਗਲਤੀ ਲੈ ਬੈਠੀ।ਹੁਣ ਤੱਕ ਤਾਬ ਨਹੀਂ ਆਇਆ। ਸਾਰੇ ਪੰਥ ਦਰਦੀ ਇਕ ਦੂਜੇ ਦਾ ਸਹਿਯੋਗ ਕਰੀਏ।ਇਹ ਤਕਰਾਰ ਜਚਦੀ ਨਹੀਂ।

 

    ਸਰਬਜੀਤ ਸਿੰਘ ਘੁਮਾਣ