ਜਬ ਹਮੁ ਦਰਗਹਿ ਜਾਇ ਬਿਰਾਜੇ, ਮੋਤੀ ਰਾਮ ਹਮ ਨਿਕਟਿ ਰਹਾਜੇ।

ਜਬ ਹਮੁ ਦਰਗਹਿ ਜਾਇ ਬਿਰਾਜੇ, ਮੋਤੀ ਰਾਮ ਹਮ ਨਿਕਟਿ ਰਹਾਜੇ।

   ਸ਼ਮਸ਼ੇਰ ਸਿੰਘ ਜੇਠੂਵਾਲ

ਕੁੰਮੇ ਮਾਛਕੀ ਨੇ ਭਾਈ ਮੋਤੀ ਰਾਮ ਨੂੰ ਸੁਨੇਹਾ ਘੱਲਿਆ ਕਿ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਤੇ ਉਹ ਸਰਹੰਦ ਦੇ ਠੰਡੇ ਬੁਰਜ ਵਿਚ ਕੈਦ ਹਨ, ਜਾਲ੍ਹਮ ਵਜੀਰ ਖ਼ਾਨ ਤੇ ਗੰਗੂ ਪਾਪੀ ਵਰਗੇ ਗੁਰੂ ਘਰ ਦੇ ਦੋਖ਼ੀ ਪਤਾ ਨਹੀ ਕੀ ਕਹਿਰ ਕਮਾਉਣਗੇ। ਭਾਈ ਮੋਤੀ ਰਾਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਕੇ ਅਰਦਾਸ ਕੀਤੀ...ਹੇ ਸੱਚੇ ਪਾਤਸ਼ਾਹ ਜੀ ਮੇਰੇ ਗਰੀਬ ਤੇ ਕਿਰਪਾ ਕਰੋ,ਮੈਂ ਇਸ ਔਖੀ ਘੜ੍ਹੀ ਵਿਚ ਸੇਵਾ ਕਰ ਸਕਾਂ ਮੋਤੀ ਨੇ ਆਪਣੀ ਮਾਤਾ ਲੱਧੋ ਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਹੈ ਅਤੇ ਸਾਰਾ ਪਰਿਵਾਰ ਵਿਛੜ ਗਿਆ ਹੈ,ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ,ਮਹਾਰਾਜ ਜੀ ਦੇ ਮਹਿਲ,ਪਤਾ ਨਹੀ ਕਿਥੇ ਹਨ।

ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਾਪੀ ਗੰਗੂ ਨੇ ਗ੍ਰਿਫ਼ਤਾਰ ਕਰਵਾ ਕੇ ਇਨਾਮ ਲੈ ਲਿਆ ਹੈ,ਮਾਂ ਹੁਣ ਸਾਡੀ ਸਿੱਖੀ ਦੀ ਪਰਖ਼ ਦੀ ਘੜ੍ਹੀ ਹੈ,ਮਾਤਾ ਲੱਧੋ ਕਹਿਣ ਲੱਗੀ ਪੁੱਤ ਮੋਤੀ ਐਸੇ ਸਮੇਂ ਤਾਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੇ ਹਨ,ਸਤਿਗੁਰੂ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੌਣ ਕੈਦ ਕਰ ਸਕਦਾ...ਇਹ ਤਾਂ ਚੋਜੀ ਪ੍ਰੀਤਮ ਦੇ ਚੋਜ ਹਨ,ਭਾਈ ਮੋਤੀ ਰਾਮ ਜੀ ਦੀ ਮਾਤਾ ਨੇ ਅਰਦਾਸ ਕਰਕੇ ਦੁੱਧ ਗਰਮ ਕੀਤਾ ਅਤੇ ਘਰ ਵਿਚ ਜਿੰਨੇ ਵੀ ਪੈਸੇ ਸਨ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਮੋਤੀ ਰਾਮ ਨੂੰ ਸਰਹੰਦ ਕਿਲ੍ਹੇ ਵੱਲ ਤੋਰ ਦਿੱਤਾ,ਪਹਿਲੇ ਦਿਨ ਕਿਲ੍ਹੇ ਦੇ ਸਿਪਾਹੀਆਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਦੁੱਧ ਛਕਾਇਆ। ਦੂਸਰੇ ਦਿਨ ਘਰਵਾਲੀ ਤੇ ਮਾਂ ਦੇ ਗਹਿਣੇ ਦੇ ਕੇ ਦੁੱਧ ਦੀ ਸੇਵਾ ਕੀਤੀ,ਸੇਵਾ ਜਾਰੀ ਰੱਖਣ ਲਈ ਮੋਤੀ ਰਾਮ ਨੂੰ ਆਪਣਾ ਘਰ ਵੀ ਵੇਚਣਾਂ ਪਿਆ। ਦੂਜੇ ਪਾਸੇ ਮੋਤੀ ਰਾਮ ਦੀ ਇਸ ਸੇਵਾ ਦੀ ਭਿਣਕ ਹਕੂਮਤ ਦੇ ਵਫਾਦਾਰ ਗੰਗੂ ਦੇ ਭਰਾ ਪੰਮੇ ਬ੍ਰਾਹਮਣ ਨੂੰ ਲੱਗੀ,ਜਿਸ ਨੇ ਤੁਰੰਤ ਇਹ ਖ਼ਬਰ ਸਰਹੰਦ ਦੇ ਨਵਾਬ ਵਜੀਰ ਖ਼ਾ ਕੋਲ ਆਪ ਜਾ ਦੱਸੀ।

ਤਿਸ ਗੰਗੂ ਕੋ ਭ੍ਰਾਤ ਇਕ ਪੰਮਾ,

ਤਿਨ ਲੀਨੋ ਮੋਤੀ ਸੰਗਿ ਪੰਗਾ ।

ਜਾਇ ਵਜੀਦੇ ਭੇਤਿ ਬਤਾਇਓ,

ਇਕ ਝੀਵਰ ਹੈ ਪੇਇ ਪਿਲਾਇਓ ।

ਵਜੀਰ ਖ਼ਾ ਨੇ ਕਿਹਾ ਕੌਣ ਗੁਸਤਾਖ਼ ਹੈ ਉਸ ਨੂੰ ਤੁਰੰਤ ਪਰਿਵਾਰ ਸਮੇਤ ਗ੍ਰਿਫ਼ਤਾਰ ਕਰਕੇ ਲਿਆਓ...ਭਾਈ ਮੋਤੀ ਰਾਮ,ਮਾਤਾ ਲੱਧੋ,ਘਰਵਾਲੀ ਭੋਈ,ਪੁੱਤ ਨਰੈਣਾਂ ਸਾਰੇ ਗ੍ਰਿਫ਼ਤਾਰ ਕਰਕੇ ਲੈ ਆਏ ਵਜੀਦੇ ਨੇ ਪੁੱਛਿਆ ਮੋਤੀ ਰਾਮ ਤੈਨੂੰ ਪਤਾ ਨਹੀ ਸੀ ਹਕੂਮਤ ਦੇ ਬਾਗੀਆਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਕੀ ਸਜ਼ਾ ਮੁਕਰਰ ਕੀਤੀ ਹੈ..."ਮੋਤੀ ਰਾਮ ਨੇ ਕਿਹਾ ਬਜੁਰਗ ਮਾਤਾ ਗੁੱਜਰ ਕੌਰ ਜੀ ਤੇ ਛੋਟੇ ਸਾਹਿਬਜਾਦਿਆਂ ਦੀ ਸੇਵਾ ਕਰਕੇ ਮੈਂ ਹਕੂਮਤ ਵਿਰੁੱਧ ਕੋਈ ਗੁਨਾਹ ਨਹੀ ਕੀਤਾ ਆਪਣਾ ਧਰਮ ਦਾ ਇਨਸਾਨੀ ਫਰਜ਼ ਅਦਾ ਕੀਤਾ ਹੈ"ਵਜੀਰ ਖ਼ਾਨ ਮੋਤੀ ਰਾਮ ਤੋਂ ਚਿੜ੍ਹ ਗਿਆ ਉਸਨੇ ਕਿਹਾ ਹਕੂਮਤ ਵਲੋਂ ਸਰਹੰਦ ਦੇ ਤੇਲੀਆਂ ਦੇ ਮੁੱਹਲੇ ਇਕ ਸਪੈਸ਼ਲ ਕੋਹਲੂ ਬਣਵਾਇਆ ਗਿਆ ਹੈ,ਸਾਰੀ ਸਰਹੰਦ ਵਿਚ ਬੱਚੇ ਤੋਂ ਬਜੁਰਗ ਤੱਕ ਨੂੰ ਪਤਾ ਹੈ ਮੋਤੀ ਤੂੰ ਕਿਵੇਂ ਅਣਜਾਣ ਸੀ...ਭਾਈ ਮੋਤੀ ਰਾਮ ਨੇ ਕਿਹਾ ਖ਼ਾਨ ਬਹਾਦਰ ਮੈਂ ਕੀ ਬੁਰਾ ਕੀ ਕੀਤਾ ਹੈ...? ਬਜੁਰਗ ਮਾਤਾ ਜੀ ਨੇ ਛੋਟੇ ਬੱਚਿਆਂ ਨੂੰ ਦੁੱਧ ਹੀ ਛਕਾਇਆ ਹੈ,ਮੇਰਾ ਪਰਿਵਾਰ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸੀ ਤੇ ਹੈ,ਮੇਰੇ ਪਿਤਾ ਭਾਈ ਹਰਾ ਰਾਮ ਜੀ ਅਨੰਦਪੁਰ ਸਾਹਿਬ ਕਿਲ੍ਹਾ ਛੱਡਣ ਵੇਲੇ ਪਹਿਲੇ ਸ਼ਹੀਦ ਹੋਏ ਹਨ, ਸਿੱਖ ਹੋਣ ਨਾਤੇ ਮੇਰਾ ਫਰਜ਼ ਸੀ...ਵਜੀਰ ਖ਼ਾ ਭੜ੍ਹਕ ਉਠਿਆ,ਕਹਿੰਦਾ ਚੱਲ ਤੈਨੂੰ ਇਕ ਮੌਕਾ ਦੇਂਦੇ ਹਾਂ ਤੂੰ ਆਪਣੇ ਆਪ ਨੂੰ ਧਰਮੀ ਮੰਨਦਾ ਹੈ "ਚੱਲ ਫਿਰ ਇਸਲਾਮ ਧਾਰਨ ਕਰ ਲੈ" ਨਹੀ ਤਾਂ ਮਰਨ ਲਈ ਤਿਆਰ ਹੋਜਾ, ਮੋਤੀ ਰਾਮ ਕਹਿਣ ਲੱਗਾ ਖ਼ਾਨ ਸਾਬ ਕੀ ਇਸਲਾਮ ਧਾਰਨ ਕਰਕੇ ਮੈਨੂੰ ਮੌਤ ਨਹੀ ਆਵੇਗੀ...

ਜੇ ਇਕ ਦਿਨ ਮਰਨਾ ਹੀ ਹੈ ਤਾਂ ਮੈਂ ਗੁਰੂ ਜੀ ਤੋਂ ਬੇਮੁੱਖ ਹੋ ਕੇ ਕਿਓਂ ਮਰਾਂ...? 

ਵਜੀਰ ਖ਼ਾ ਭੜ੍ਹਕਿਆ ਕਹਿੰਦਾ ਮੌਤ ਦੀਆਂ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਪਰ ਤਸੀਹੇ ਝੱਲਣੇ ਬੜੇ ਔਖੇ ਹੁੰਦੇ,ਕੱਲ ਸੋਚ ਕੇ ਆਈ ਜਾਹ ਤੈਨੂੰ ਇਕ ਦਿਨ ਹੋਰ ਟਾਈਮ ਦਿੱਤਾ,ਅਗਲੇ ਦਿਨ ਵਜੀਰ ਖ਼ਾਨ ਵਲੋਂ ਮੋਤੀ ਰਾਮ ਦੇ ਬੱਚੇ ਨੂੰ ਕੋਹਲੂ ਚ ਪੀੜ੍ਹ ਦੇਣ ਦਾ ਐਲਾਨ ਹੋ ਗਿਆ ਭਾਈ ਨਰੈਣਾਂ ਜੋ ਉਸ ਵਕਤ ਕੇਵਲ ਸੱਤ ਸਾਲ ਦਾ ਸੀ।ਜਾਲ੍ਹਮਾਂ ਨੇ ਮਾਸੂਮ ਨੂੰ ਜਿਊਦੇ ਹੀ ਕੋਹਲੂ 'ਚ ਪੀੜ੍ਹ ਦਿੱਤਾ,ਜਿਸ ਦੀਆਂ ਚੀਕਾਂ ਕੁਰਲਾਹਟਾਂ ਨੂੰ ਸੁਣਦਿਆਂ ਭਾਈ ਮੋਤੀ ਰਾਮ ਤੇ ਉਸਦਾ ਪਰਿਵਾਰ "ਧੰਨ ਗੁਰੂ ਧੰਨ ਗੁਰੂ ਜਪਦੇ ਰਹੇ" ਪਰਿਵਾਰ ਦੀ ਅਡੋਲਤਾ ਨੂੰ ਵੇਖਦਿਆਂ ਦੂਸਰੀ ਵਾਰੀ ਸੱਤਰ ਸਾਲ ਦੀ ਮਾਂ ਮਾਤਾ,ਘਰਵਾਲੀ ਅਤੇ ਅਖੀਰ ਭਾਈ ਮੋਤੀ ਰਾਮ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।ਜਦੋਂ ਨੂਰੇ ਮਾਹੀ ਨੇ ਇਹ ਸ਼ਹਾਦਤਾਂ ਦਾ ਵਰਤਾਰਾ ਕਲਗੀਧਰ ਪਾਤਸ਼ਾਹ ਜੀ ਨੂੰ ਸੁਣਾਇਆ ਤਾਂ ਉਨ੍ਹਾਂ ਇਕ ਕਾਹੀ ਦਾ ਬੂਟਾ ਪੁੱਟਕੇ ਮੁਗ਼ਲਾਂ ਦੇ ਜੁਲ੍ਹਮੀ ਰਾਜ ਦੀ ਨੀਹ ਪੁੱਟੀ ਅਤੇ ਸ਼ਹੀਦ ਭਾਈ ਮੋਤੀ ਰਾਮ ਜੀ ਬਾਰੇ ਇਹ ਬਚਨ ਉਚਾਰੇ

ਮੋਤੀ ਹਮਰੋ ਸਿੱਖ ਪਿਆਰਾ,

ਤਿਸ ਕਾ ਕਰਜ਼ ਮਮੁ ਸਿਰੁ ਭਾਰਾ।

ਜਬ ਹਮੁ ਦਰਗਹਿ ਜਾਇ ਬਿਰਾਜੇ,

ਮੋਤੀ ਰਾਮ ਹਮ ਨਿਕਟਿ ਰਹਾਜੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਲੋਂ ੧੬੯੯ ਦੀ ਵੈਸਾਖੀ ਨੂੰ ਸਾਜੇ ਪੰਜਾਂ ਪਿਆਰਿਓ ਚੋਂ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਤੀ ਰਾਮ ਦੇ ਚਾਚਾ ਜੀ ਸਨ।ਸਾਡੀ ਤਵਾਰੀਖ਼ ਗੁਰੂ ਕੇ ਸਿਦਕੀ ਸਿੱਖਾਂ ਦੀਆਂ ਸ਼ਹਾਦਤਾਂ ਨਾਲ ਭਰੀ ਹੈ,ਬਦਕਿਸਮਤੀ ਹੈ ਸਾਨੂੰ ਸ਼ਹੀਦੀਆਂ ਦੇਣ ਵਾਲੇ ਗੁਰੂ ਕੇ ਸਿਦਕੀ ਸਿੱਖਾਂ ਦਾ ਸਤਿਕਾਰ ਨਾਲ ਨਾਮ ਵੀ ਨਹੀ ਲੈਣਾਂ ਆਉਦਾ ਜਦੋਂ ਗੱਲ ਸ਼ਹੀਦ ਭਾਈ ਮੋਤੀ ਰਾਮ ਜੀ ਦੀ ਚੱਲਦੀ ਹੈ ਤਾਂ ਜਿਆਦਾਤਰ "ਮੋਤੀ ਮਹਿਰਾ" ਕਹਿ ਕੇ ਸਾਰ ਲੈਂਦੇ ਹਨ,ਇਸ ਵਿਚ ਕੋਈ ਸ਼ੱਕ ਨਹੀ ਉਹ ਝੀਵਰ ਜਾਤ ਨਾਲ ਸਬੰਧਤ ਸਨ,ਪਰ ਜਰਾ ਸੋਚਿਓ ਗੁਰੂ ਕੇ ਸਿਦਕੀ ਸਿੱਖ ਦੇ ਮਾਤਾ,ਪਿਤਾ,ਘਰਵਾਲੀ,ਬੱਚਾ ਸ਼ਹੀਦ ਹੋਏ ਉਸ ਮਹਾਨ ਸਖਸ਼ੀਅਤ ਨੂੰ ਸਤਿਕਾਰ ਨਾਲ ਸ਼ਹੀਦ ਭਾਈ ਮੋਤੀ ਰਾਮ ਤੇ ਕਹਿ ਲਿਆ ਕਰੀਏ ।