ਸਾਡਾ ਸੀਐਮ ਸਾਡੀ ਪਾਰਟੀ ਤੋਂ ਪਹਿਲਾ ਸਾਡਾ ਪੰਜਾਬ ਸਾਡੇ ਮਸਲੇ 

ਸਾਡਾ ਸੀਐਮ ਸਾਡੀ ਪਾਰਟੀ ਤੋਂ ਪਹਿਲਾ ਸਾਡਾ ਪੰਜਾਬ ਸਾਡੇ ਮਸਲੇ 

ਜਦੋਂ ਆਖਦੇ ਸੀ ਚੱਲਦਾ ਏ ਜ਼ੋਰ ਖਾੜਕੂਵਾਦ ਦਾ, ਅਸਲ 'ਚ ਸੀ ਉਹ ਪੰਜਾਬ ਜੁਝਾਰੂਵਾਦ ਦਾ

ਉਸ ਸਮੇਂ ਸੀ ਨਸ਼ਾ  ਸਿੱਖੀ ਦੇ ਜਜ਼ਬਾਤਾਂ ਦਾ , ਅੱਜ ਨਸ਼ਾ ਦਿਮਾਗੀ ਚੜ੍ਹੀਆਂ ਮਾੜੀਆਂ ਪਰਤਾਂ ਦਾ 

ਮਨ 'ਚ ਲੋਰ ਸੀ ਗੁਰਾਂ ਦੀ ਬਾਣੀ ਦੀ , ਅੱਜ ਲੋਰ ਏ ਸਿਆਸਤ ਰਾਣੀ ਦੀ 

     ਸਰਬਜੀਤ ਕੌਰ ਸਰਬ

ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਕਿ ਅੱਜ ਦੇ ਪੰਜਾਬ ਨੂੰ ਸਿਆਸਤ ਨੇ ਆਪਣੇ ਪਿੰਜਰੇ ਵਿਚ ਜਕੜ ਲਿਆ ਹੈ । ਇਸ ਪਿੰਜਰੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਨੌਜਵਾਨੀ ਨੂੰ ਧੱਕਿਆ ਗਿਆ ਹੈ । ਰਾਜਨੀਤਿਕ ਲੋਕਾਂ ਨੇ ਆਪਣੀਆਂ ਪਾਰਟੀਆਂ ਬਣਾ ਕੇ ਪਿੰਡਾਂ ਵਿੱਚ ਵੀ ਧੜੇਬਾਜ਼ੀਆਂ ਬਣਾ ਦਿੱਤੀਆਂ ਹਨ । ਇਨ੍ਹਾਂ ਸਿਆਸਤਦਾਨਾਂ ਦੇ ਅਸਲ ਮਨਸੂਬੇ ਤੱਕ  ਕੋਈ ਵੀ ਨਹੀਂ ਪਹੁੰਚ ਸਕਿਆ । ਇਨ੍ਹਾਂ ਲੋਕਾਂ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਇਹ ਲੋਕ ਆਪਣੀ ਤਾਕਤ ਵਿੱਚ ਆਉਂਦੇ ਹਨ । ਕਸੂਰ ਇਨ੍ਹਾਂ ਸਿਆਸਤਦਾਨਾਂ ਦਾ ਵੀ ਨਹੀਂ ਹੈ ਅਸਲ ਜ਼ਿੰਮੇਵਾਰ ਅਸੀਂ ਲੋਕ ਹਾਂ, ਜਿਨ੍ਹਾਂ ਨੇ ਇਨ੍ਹਾਂ ਨੂੰ ਤਖ਼ਤੀ ਬਖ਼ਸ਼ ਕੇ ਆਪਣੇ ਉਤੇ ਹੁਕਮ ਚਲਾਉਣ ਦਾ ਮੌਕਾ ਦਿੱਤਾ ਹੈ । ਅਸੀਂ ਲੋਕ ਆਪਣੀ ਤਾਕਤ ਭੁੱਲ ਜਾਂਦੇ ਹਨ ਕੀ ਇਨ੍ਹਾਂ ਨੂੰ ਅਸੀਂ ਹੀ ਬਣਾਇਆ ਹੈ ।

ਰਾਜਨੀਤਕ ਅਖਾੜੇ ਵਿੱਚ ਇਸ ਸਮੇਂ  ਜੋ ਮੇਹਣੋਂ ਮੇਹਣੀ ਆਪਸ ਵਿਚ ਹੋ ਰਹੀ ਹੈ ਜਿਸ ਦਾ ਲੋਕਾਂ ਦੇ ਕੰਮਾਂ ਨਾਲ ਕੋਈ ਸਰੋਕਾਰ ਨਹੀਂ ਹੈ । ਮੰਤਰੀ ਬਣਨ ਦੀ ਜੋ ਚਾਹਤ ਅੱਜ ਦੇ ਰਾਜਨੀਤਿਕ ਲੀਡਰਾਂ ਨੂੰ ਲੱਗੀ ਹੋਈ ਹੈ ਉਸ ਵਿਚ ਲੋਕਾਂ ਦੀ ਭਲਾਈ ਦਾ ਮਸਲਾ ਨਹੀਂ ਸਗੋਂ ਹੰਕਾਰੀ ਬਿਰਤੀ ਇਕ ਦੂਜੇ ਨੂੰ ਹਰਾਉਣ ਦੀ ਲੱਗੀ ਹੋਈ ਹੈ । ਜਿਸ 'ਚ ਇੱਕੋ ਹੀ ਗੱਲ ਸ਼ਾਮਿਲ ਹੈ ਕੀ ਉਸ ਨੂੰ ਕਿਸ ਤਰੀਕੇ ਨਾਲ ਹਰਾਇਆ ਜਾਵੇ । ਇਸੇ ਹੰਕਾਰੀ ਬਿਰਤੀ ਨੇ ਅਨੇਕਾਂ ਰਾਜਨੀਤਿਕ ਲੀਡਰਾਂ ਨੂੰ ਪਾਰਟੀਆਂ ਬਦਲਣ ਵਿੱਚ ਮਜਬੂਰ ਕਰ ਦਿੱਤਾ ਹੈ ਤੇ ਫਿਰ ਜਦੋਂ ਇਨ੍ਹਾਂ ਲੋਕਾਂ ਕੋਲੋਂ ਸਵਾਲ ਪੁੱਛੇ ਜਾਂਦੇ ਹਨ ਕੀ ਤੁਸੀਂ ਪਾਰਟੀ ਕਿਉਂ ਛੱਡੀ ਤਾਂ ਉਨ੍ਹਾਂ ਦੇ ਮੂੰਹੋਂ ਇਕੋ ਹੀ ਜਵਾਬ ਹੁੰਦਾ ਹੈ ਕਿ ਪਾਰਟੀ ਨੇ ਸਾਡੇ ਕੰਮਾਂ ਨੂੰ ਦੇਖ ਕੇ ਸਾਨੂੰ ਟਿਕਟ ਨਹੀਂ ਦਿੱਤੀ । ਹੁਣ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਇਹ ਲੋਕ ਕੇਵਲ ਟਿਕਟ ਦੇ ਲਈ ਭਲਾਈ ਵਾਲੇ ਕੰਮ ਕਰਦੇ ਹਨ ? ਅੱਜ ਜੋ ਸਿਆਸੀ ਪਾਰਟੀਆਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀਆਂ ਹਨ ਉਨ੍ਹਾਂ ਦੇ ਅਸਲ ਮਨਸੂਬੇ ਕੀ ਹਨ ? ਚੋਣਾਂ ਦੇ ਸਮੇਂ ਹੀ ਇਹ ਸਿਆਸੀ ਲੀਡਰ ਥਾਂ ਥਾਂ ਜਾ ਕੇ ਚੋਣ ਪ੍ਰਚਾਰ ਕਰਦੇ ਹਨ ਅਤੇ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਦੱਸਦੇ ਹਨ । ਕੀ ਚੋਣਾਂ ਤੋਂ ਬਾਅਦ ਵੀ ਇਹ ਥਾਂ ਥਾਂ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ? ਜੋ ਵੱਡੇ ਵੱਡੇ ਲੀਡਰ ਅੱਜ ਲੋਕਾਂ ਦੇ ਦਰਵਾਜ਼ੇ ਤਕ ਜਾ ਰਹੇ ਹਨ ਕਿ ਉਹ ਚੋਣਾਂ ਤੋਂ ਬਾਅਦ ਵੀ ਜਾਂਣਗੇ ? ਨਾ ਹੀ ਅਸੀਂ ਕਦੇ ਕਿਸੇ ਨੂੰ ਇਹ ਸਵਾਲ ਪੁੱਛਿਆ ਹੈ ਕਿ ਚੋਣਾਂ ਤੋਂ ਬਾਅਦ ਵੀ ਤੁਸੀਂ ਸਾਡੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਸਾਡੇ ਇਲਾਕੇ ਵਿੱਚ ਆਵੋਗੇ ਜਾ ਨਾ!

ਕੁਦਰਤੀ ਵਾਤਾਵਰਨ ਨੂੰ ਲੋਕਾਂ ਦੀਆਂ ਲੋੜਾਂ ਨੇ ਗੰਧਲਾ ਕਰ ਸੁੱਟਿਆ ਹੈ ਤੇ ਮਨੁੱਖੀ ਵਾਤਾਵਰਨ ਨੂੰ ਇਸ ਰਾਜਨੀਤਕ ਲੋਕਾਂ ਨੇ ਗੰਧਲਾ ਕਰ ਦਿੱਤਾ ਹੈ । ਸਮੇਂ ਦੀ ਪੁਕਾਰ ਵਿੱਚ ਜੇਕਰ ਮਿੱਟੀ ਪਾਣੀ ਹਵਾ ਨੂੰ ਸਾਫ਼ ਕਰਨ ਦੀ ਮੰਗ ਹੈ ਉੱਥੇ ਹੀ ਇਹ ਮੰਗ ਵੀ ਹੈ ਕਿ ਇਨ੍ਹਾਂ ਸਿਆਸੀ ਲੀਡਰਾਂ ਤੋਂ ਆਪਣੀ ਭੋਲੀ ਜਨਤਾ ਨੂੰ ਕਿਵੇਂ ਬਚਾਇਆ ਜਾਵੇ । ਜਿਨ੍ਹਾਂ ਦੀ ਸਾਰ ਕੇਵਲ ਚੋਣਾਂ ਦੇ ਦੌਰਾਨ ਹੀ ਲਈ ਜਾਂਦੀ ਹੈ ਉਸ ਤੋਂ ਬਾਅਦ ਪੰਜ ਸਾਲ ਇਨ੍ਹਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ । ਜੋ ਆਪਣਾ ਜ਼ਮੀਰ ਵੇਚ ਕੇ ਪਾਰਟੀਆਂ ਛੱਡਦੇ ਫਿਰਦੇ ਹਨ ਅਤੇ ਝੂਠ ਦੀ ਰਾਜਨੀਤੀ ਕਰਦੇ ਹਨ ਅਤੇ ਸ਼ਰ੍ਹੇਆਮ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਅਜਿਹੇ ਲੋਕਾਂ ਉੱਤੇ ਵਿਸ਼ਵਾਸ ਕਾਇਮ ਕਰਨਾ ਸਾਡੀ ਸਭ ਤੋਂ ਵੱਡੀ ਬੇਵਕੂਫ਼ੀ ਹੈ । ਵੋਟ ਪਾਉਣੀ ਹੈ ਜੀ ਸਦਕੇ ਪਾਓ ਪਰ ਹੱਕਾਂ ਦੀ ਰਖਵਾਲੀ ਲਈ ਆਪਣੇ ਅਧਿਕਾਰਾਂ ਦੀ ਵੀ ਸਹੀ ਵਰਤੋਂ ਕਰਨੀ ਸਿੱਖੋ ।

ਸਾਡਾ ਸੀਐਮ, ਸਾਡੀ ਪਾਰਟੀ ਕਹਿਣ ਨਾਲੋਂ ਸਾਡਾ ਪੰਜਾਬ ਸਾਡੇ ਮਸਲੇ ਆਖੋਗੇ ਤਾਂ ਪੰਜਾਬ ਪੰਜਾਬੀਅਤ ਅਤੇ  ਸਿੱਖ ਇਤਿਹਾਸ ਉੱਤੇ ਪਹਿਰਾ ਦੇ ਸਕੋਗੇ । ਨਹੀਂ ਤਾਂ ਫੇਰ ਨਾ ਹੀ ਸਾਡਾ ਸੀਐਮ ਕਦੇ ਸਾਡਾ ਬਣੇਂਗਾ ਤੇ ਨਾ ਹੀ ਸਾਨੂੰ ਕਿਸੇ ਪਾਰਟੀ ਨੇ ਕੋਈ ਅਹੁਦਾ ਦੇਣਾ ਹੈ । ਪੰਜਾਬ ਦੇ ਨੌਜਵਾਨਾਂ ਨੂੰ ਜਜ਼ਬਾਤੀ ਕਰ ਕੇ ਜੋ ਇਹ ਖੇਡ ਸਿਆਸਤਦਾਨਾਂ ਨੇ ਚਲਾਈ ਹੋਈ ਹੈ, ਕੀ ਕਦੇ ਇਨ੍ਹਾਂ ਲੀਡਰਾਂ ਨੇ ਉਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਜਾ ਕੇ ਵੀ ਪੁੱਛਿਆ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਅਸਲ ਵਿੱਚ ਚਾਹੀਦਾ ਕੀ ਹੈ?  ਮੈਨੂੰ ਤੇ ਕਈ ਵਾਰ ਇਹ ਸਮਝ ਨਹੀਂ ਆਉਂਦੀ ਜਦੋਂ ਪਾਰਟੀ ਦੇ ਚੋਣ ਨਿਸ਼ਾਨ ਗਲਾਂ ਵਿੱਚ ਪਾਏ ਜਾਂਦੇ ਤਾਂ ਜੈਕਾਰੇ ਕਿਉਂ ਛੱਡੇ ਜਾਂਦੇ ਹਨ, ਇਹੋ ਜਿਹਾ ਕਿਹੜਾ ਭਲਵਾਨੀ ਦਾ ਕੰਮ ਕੀਤਾ ਹੁੰਦਾ ਜੋ ਪਹਿਲਾਂ ਹੀ ਦਲ ਬਦਲੁ ਹਨ, ਜੈਕਰਾਂ ਕਿਉਂ ਤੇ ਕਦੋਂ ਲਾਇਆ ਜਾਂਦਾ ਸੀ ਇਸ ਦਾ ਇਲਮ ਸਿਆਸੀ ਲੀਡਰ ਭੁੱਲ ਚੁੱਕੇ ਹਨ । ਜੋ ਲੋਕ ਆਪਣੀਆਂ ਪਾਰਟੀਆਂ ਦੇ ਨਾ ਹੋ ਸਕੇ ਉਹ ਲੋਕਾਂ ਦੇ ਕਦੋਂ ਹੋ ਜਾਣਗੇ । ਜੋ ਲੋਕ ਮੌਕਾ ਦੇਖ ਕੇ ਪਾਰਟੀ ਬਦਲ ਦਿੰਦੇ ਹਨ ਇਸੇ ਤਰ੍ਹਾਂ ਕੱਲ੍ਹ ਨੂੰ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਰਾਹ ਬਦਲ ਲੈਣਗੇ । ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਸਰੋਕਾਰ ਜਾਂ ਵਾਹ ਵਾਸਤਾ ਨਹੀਂ ਹੈ ਪਰ ਫਿਰ ਵੀ ਸਿੱਖ ਕੌਮ ਦੀ ਅਸਲ ਨੁਮਾਇੰਦਗੀ ਕਰਨ ਵਾਲਾ  ਸਿੱਖ ਸਿਆਸੀ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨਜ਼ਰ ਆਉਂਦੇ ਹਨ ਜੋ ਅਸਲ ਸਿੱਖੀ ਲਈ ਲੜ ਰਹੇ ਹਨ । ਚੋਣਾਂ ਵਿਚ ਹਾਰ ਤੇ ਜਿੱਤ ਚੱਲਦੀ ਹੈ ਪਰ ਅਸਲ ਯੋਧਾ ਉਹ ਹੀ ਅਖਵਾਉਂਦਾ ਹੈ ਜੋ ਚੰਗੇ ਮਾੜੇ ਸਮੇਂ ਵਿੱਚ ਵੀ ਆਪਣੀ ਪਾਰਟੀ ਦੇ ਨਾਲ ਅਤੇ ਆਪਣੇ ਅਸਲ ਮਨਸੂਬਿਆਂ ਦੇ ਨਾਲ ਜੁੜਿਆ ਰਹਿੰਦਾ ਹੈ ।