ਜਿੰਦਗੀ ਵਿੱਚ ਬੋਲ ਬਾਣੀ ਦਾ ਮਹੱਤਵ

ਜਿੰਦਗੀ ਵਿੱਚ ਬੋਲ ਬਾਣੀ ਦਾ ਮਹੱਤਵ

ਹਲੀਮੀ ਨਾਲ ਬੋਲੋ, ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ

" ਉੱਚਾ  ਬੋਲ ਨਾ ਬੋਲੀਏ, ਕਰਤਾਰੋ ਡਰੀਏ ।ਜ਼ੁਬਾਨ ਸਾਡੀ ਅਨਮੋਲ ਤੋਹਫ਼ਾ ਹੈ, ਜਿਸ ਨਾਲ ਅਸੀਂ ਆਪਣੇ ਵਿਚਾਰ ਦੂਜਿਆਂ ਸਾਹਮਣੇ ਰੱਖਦੇ ਹਨ । ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ  ਇੰਨਾ ਮਾੜਾ ਬੋਲ ਦਿੰਦੇ ਹਨ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ਤੇ ਆ ਜਾਂਦੇ ਹਨ। ਇੱਕ ਕਹਾਵਤ ਵੀ ਹੈ "ਬੋਲਿਆਂ ਨੇ ਬੋਲ ਵਿਗਾੜੇਮਿੰਨੀਆਂ   ਨੇ ਘਰ ਉਜਾੜੇ"  । ਅਸੀਂ ਇੰਨਾ ਬੇਤੁਕਾ ਬੋਲ ਦਿੰਦੇ ਹਨ ਕਿ ਸਾਰੀ ਉਮਰ ਦੇ ਸਬੰਧ ਟੁੱਟ ਜਾਂਦੇ ਹਨ ।ਜਿੰਨ੍ਹਾਂ ਕਰਕੇ  ਦੂਸਰੇ ਨੂੰ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇੰਨੀ ਕਾਹਲੀ ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣੈ ?ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ ।ਸਾਨੂੰ ਕ੍ਰੋਧ ਵਿੱਚ ਸਹਿਣਸ਼ੀਲ ਹੋਣਾ ਚਾਹੀਦਾ ਹੈ।  ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ  ਹੋਣ। ਜਾਂ ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਨ ਤਾਂ , ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ । ਸਿਆਣੇ ਅਕਸਰ ਕਹਿੰਦੇ ਹਨ ਕਿ "ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਵੱਲੋਂ"।

   ‌‌ ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਕਈ ਵਾਰ ਸਾਡੇ ਕੰਮਕਾਜ ਸਾਂਝੇ ਵੀ ਹੁੰਦੇ ਹਨ। ਆਪਸੀ ਸਾਂਝ ਵਿੱਚ ਕਈ ਵਾਰ ਆਪਸ ਵਿੱਚ ਮਨ-ਮੁਟਾਵ ਹੋ ਜਾਂਦਾ ਹੈ। ਕਈ ਵਾਰ ਸਾਡਾ ਆਪਸ ਵਿੱਚ ਕੋਈ ਮਾਮੂਲੀ ਝਗੜਾ ਹੋ ਜਾਂਦਾ ਹੈ। ਫਿਰ ਅਸੀ ਉਸ ਬੰਦੇ ਨੂੰ ਪਤਾ ਨਹੀਂ ਕੀ-ਕੀ ਬੋਲ ਦਿੰਦੇ ਹਾਂ। ਉਸ ਸਮੇਂ ਤਾਂ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਦਾ ਸਬੰਧ ਇਸ ਨਾਲ ਖ਼ਤਮ ਕਰ ਦੇਣਾ ਹੈ। ਬਹੁਤ ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇੱਥੋਂ ਤੱਕ ਕਿ ਗਾਲੀ ਗਲੌਚ, ਮਾਰ-ਕੁਟਾਈ ਤੱਕ ਵੀ ਪੁੱਜ ਜਾਂਦੇ ਹਾਂ। ਜਦੋਂ ਫਿਰ ਅਸੀਂ ਠੰਢੇ ਹੋ ਜਾਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਮੈਂ ਉਸ ਫਲਾਣੇ ਬੰਦੇ ਨੂੰ ਬਹੁਤ ਗ਼ਲਤ ਬੋਲਿਆ। ਜਦੋਂ ਕੋਈ ਵੀ ਤਕਰਾਰ ਹੋ ਜਾਂਦਾ ਹੈ ਤਾਂ ਵਧੀਆ ਰਹਿੰਦਾ ਹੈ ਕਿ ਤੁਸੀਂ ਉਸ ਜਗ੍ਹਾ ਤੋਂ ਦੂਰ ਚਲੇ ਜਾਓ। ਆਪਣੇ ਆਪ ਨੂੰ ਬੀਜੀ ਰੱਖੋ। ਸਹਿਣ-ਸ਼ੀਲ ਰਹੋ। ਪਾਣੀ ਪੀਓ। ਕਿਉਂਕਿ ਅਸੀਂ ਇਸ ਸੰਸਾਰ ਵਿੱਚ ਬਾਰ ਬਾਰ ਨਹੀਂ ਆਉਣਾ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਤਲਵਾਰ ਦਾ ਜਖਮ ਭਰ ਜਾਂਦਾ ਹੈ ,ਪਰ ਜੀਭ ਦਾ ਬੋਲਿਆ ਹੋਇਆ ਬੋਲ ਕਦੇ ਵੀ ਨਹੀਂ ਭਰਦਾ। ਕਈ ਵਾਰ ਅਸੀਂ ਦੇਖਦੇ ਹਨ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਘਰ ਵਿੱਚ ਅਕਸਰ ਉਹ ਲੜਾਈ ਝਗੜਾ ਵੀ ਕਰਦਾ ਹੈ। ਕਲੇਸ਼ ਵਰਗਾ ਮਾਹੌਲ ਘਰ ਵਿੱਚ ਪੈਦਾ ਹੁੰਦਾ ਹੈ ।ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ ।  ਕਈ ਲੋਕ ਦੇਖਣ  ਨੂੰ ਬਹੁਤ ਵਧੀਆ ਹੁੰਦੇ ਹਨ  ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ ।ਪਰ ਜ਼ੁਬਾਨ ਇੰਨੀ ਕੜਵੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ ।ਕਿਸੇ ਨੇ ਸਹੀ ਕਿਹਾ ਹੈ ਇਹੀ  ਜ਼ੁਬਾਨ   ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ ।ਕਈ  ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ ।ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ ।ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੋਲੋ ਪਰ ਉੱਥੇ ਬੋਲੋ! ਜਿੱਥੇ ਥੋੜੀ ਜ਼ਰੂਰਤ ਹੈ। ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ। ਬੋਲਣਾ ਹੀ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਲੋਕ ਕਦੋਂ ਚੁੱਪ ਕਰਨਗੇ। ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ।ਅਕਸਰ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਕੰਮਾਂ ਲਈ ਜਾਂਦੇ ਹਨ, ਉੱਥੇ ਅਫ਼ਸਰ ਬਹੁਤ ਘੱਟ ਬੋਲਦੇ ਹਨ। ਉਨ੍ਹਾਂ ਦੀ ਅੱਖਾਂ ਹੀ ਬਹੁਤ ਕੁਝ ਸਿਖਾ ਜਾਂਦੀਆਂ ਹਨ। ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ ।  ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ ,ਕਰੀਬੀ ਰਿਸ਼ਤੇਦਾਰ  ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ, ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ ।

      ਸੰਜੀਵ ਸੈਣੀ