ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਫਸਿਆ ਸਨਾਤਨੀ ਹਿੰਦੂ

ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਫਸਿਆ ਸਨਾਤਨੀ ਹਿੰਦੂ

ਪੰਜਾਬ ਦੇ ਉਸ ਦੌਰ ਦਾ ਇਤਿਹਾਸ 

ਇਹ ਕਿਵੇਂ ਹੋਇਆ ਕਿ ਇਕ ਪਾਸੇ ਦੱਖਣੀ ਏਸ਼ੀਆ ਦੇ ਇਸ ਖਿਤੇ ਨੂੰ ਇਕ ਉਪ-ਮਹਾਂਦੀਪ ਕਹਿਣ ਤੇ ਆਪਣੇ ਆਪ ਨੂੰ ਇਸ ਖੇਤਰ ਵਿਚ ਵਿਕਸਿਤ ਹੋਈ ਵੈਦਿਕ ਸਭਿਅਤਾ ਦੇ ਵਾਰਿਸ ਅਖਵਾਉਣ ਵਾਲੇ ਹਿੰਦੂ ਬੁੱਧੀਜੀਵੀ ‘ਭਾਰਤ ਇਕ ਰਾਸ਼ਟਰ’ ਦੇ ਚਕਰ ਵਿਚ ਫਸ ਗਏ। ਇਕ ਪਾਸੇ ਉਹ ਪਾਕਿਸਤਾਨ ਸਮੇਤ ਇਸ ਖਿਤੇ ਨੂੰ ‘ਅਖੰਡ ਭਾਰਤ’ ਦੇ ਨਾਂ ਹੇਠ ਇਕ-ਜੁਟ ਕਰਨਾ ਲੋਚਦੇ ਹਨ ਪਰ ਦੂਜੇ ਪਾਸੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਨਾਹਰੇ ਲਾ ਕੇ ਹਿੰਦੂ ਰਾਸ਼ਟਰ ਨੂੰ ਕੇਂਦਰੀ ਹਿੰਦੋਸਤਾਨ ਦੇ ਚਾਰ-ਪੰਜ ਸੂਬਿਆਂ ਤਕ ਸੀਮਤ ਕਰ ਲੈਂਦੇ ਹਨ। ਉਨ੍ਹਾਂ ਦੀ ਇਸ ਦੁਵਿਧਾ ਦੀ ਜੜ੍ਹ ‘ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਪਈ ਹੈ। ਪਛਮੀ ਤਰਜ ਉਤੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦਾ ਬਿਰਤਾਂਤ ਸਭ ਤੋਂ ਪਹਿਲਾਂ ਆਰੀਆ ਸਮਾਜੀਆਂ ਨੇ ਦ੍ਰਿੜ ਕੀਤਾ, ਜਿਸ ਨੂੰ ‘ਪੰਜਾਬ’ ਅੰਦਰ ਜਥੇਬੰਦ ਹੋਈ ਜਨ ਸੰਘ ਨੇ ਸਾਰੇ ਦੇਸ ਵਿਚ ਫੈਲਾਉਣ ਦਾ ਰੋਲ ਨਿਭਾਇਆ।

ਪੰਜਾਬ ਵਿਚ ਅੰਗਰੇਜ ਸਾਮਰਾਜੀਆਂ ਦੇ ਆਉਣ ਨਾਲ ਪਛਮੀ ਜਮਹੂਰੀਅਤ ਦਾ ਸੰਕਲਪ ਲੋਕ-ਮਨਾਂ ਵਿਚ ਆਪਣੀਆ ਜੜ੍ਹਾਂ ਜਮਾਉਣ ਲਗਾ। ਇਸਦੇ ਲਾਜਮੀ ਸਿਟੇ ਵਜੋਂ ਗੁਣਾਂ ਦੀ ਬਜਾਇ ਸਿਰਾਂ ਦੀ ਗਿਣਤੀ ਜੋੋਰ ਫੜਦੀ ਗਈ। ਇਸ ਬਹੁਗਿਣਤੀ-ਘਟਗਿਣਤੀ ਦੀ ਸੋਚ ਨੇ ਹਰੇਕ ਧਰਮ ਦੇ ਲੋਕਾਂ ਨੂੰ ਆਪਣੀ ਆਪਣੀ ਗਿਣਤੀ ਵਧਾਉਣ ਦੇ ਚਕਰ ਵਿਚ ਫਸਾ ਦਿਤਾ। ਇਸ ਦੁਸ਼ਟ ਚਕਰ ਨੇ ਪੰਜਾਬ ਅੰਦਰਲੇ ਤਿੰਨਾਂ ਭਾਈਚਾਰਿਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਨਫਰਤ ਪੈਦਾ ਕੀਤੀ। ਮਹਾਤਮਾ ਗਾਂਧੀ ਨੇ ਲਿਖਿਆ ਹੈ ਕਿ ਅੰਗਰੇਜ਼ ਸਾਮਰਾਜੀਆਂ ਨੇ ਦੇਸ ਉਤੇ ਕਬਜ਼ਾ ਕਰਕੇ ਇਥੋਂ ਦੇ ਇਤਿਹਾਸ ਨੂੰ ਫਿਰਕੂ ਵੰਡ ਦੇ ਆਧਾਰ ਉਤੇ ਲਿਖਵਾਉਣਾ, ਪ੍ਰਚਾਰਨਾ ਤੇ ਇਸ ਵੰਡ ਨੂੰ ਰਾਜਸੀ ਸ਼ਹਿ ਦੇਣੀ ਸ਼ੁਰੂ ਕੀਤੀ।

ਇਹ ਸਿਰਫ ਅੰਗਰੇਜ਼ ਬਸਤੀਵਾਦੀ ਸਨ, ਜਿਨ੍ਹਾਂ ਨੇ ਆ ਕੇ ਤਿੰਨਾਂ ਫਿਰਕਿਆਂ ਵਿਚ ਫਿਰਕੂ ਦੁਫੇੜ ਪੈਦਾ ਕੀਤੀ। ਅਜਿਹੀਆਂ ਝੂਠੀਆਂ ਧਾਰਾਨਾਵਾਂ ਪ੍ਰਚਲਿਤ ਕੀਤੀਆਂ, ਜਿਹੜੀਆਂ ਹੁਣ ਤਕ ਤੁਰੀਆਂ ਆ ਰਹੀਆਂ ਹਨ। ਗੁਰੂ ਸਾਹਿਬ ਦੇ ਮੂੰਹ ਵਿਚ ਅਜਿਹੇ ਸ਼ਬਦ ਪਾਏ ਗਏ ਕਿ ਜੇ ਮੁਸਲਮਾਨ ਆਪਣੀ ਬਾਂਹ ਉਤੇ ਤੇਲ ਮਲ ਕੇ ਉਸ ਨੂੰ ਤਿਲਾਂ ਵਿਚੋਂ ਲੰਘਾਉਣ ਤੇ ਬਾਂਹ ਨੂੰ ਚਿੰਬੜੇ ਹੋਏ ਤਿਲਾਂ ਦੀ ਗਿਣਤੀ ਜਿੰਨੀਆਂ ਸੌਹਾਂ ਵੀ ਚੁਕਣ, ਤਾਂ ਵੀ ਉਨ੍ਹਾਂ ਦੀ ਕਿਸੇ ਗੱਲ ਦਾ ਇਤਬਾਰ ਨਹੀਂ ਕਰਨਾ। ਇਸ ਝੂਠੀ ਧਾਰਨਾ ਨੂੰ ਪ੍ਰਚਲਿਤ ਕਰਨ ਲਈ ਗਊ-ਕੁਰਾਨ ਦੀ ਸੌਂਹ ਚੁਕ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਬਾਹਰ ਆਉਣ ਵਾਸਤੇ ਸਹਿਮਤ ਕਰਨ ਦੀ ਘਟਨਾ ਨੂੰ ਆਧਾਰ ਬਣਾਇਆ ਗਿਆ। ਆਰੀਆ ਸਮਾਜੀ ਅਖਬਾਰਾਂ ਨੇ ਅਜਿਹੀਆਂ ਧਾਰਨਾਵਾਂ ਨੂੰ ਖੂਬ ਪ੍ਰਚਾਰਿਆ, ਜਿਸ ਕਰਕੇ ਹਿੰਦੂ ਸਿਖ ਮਨਾਂ ਵਿਚ ਮੁਸਲਮਾਨਾਂ ਪ੍ਰਤੀ ਨਫਰਤ ਭਰੀ ਗਈ। 

ਅੰਗਰੇਜ਼ ਸਾਮਰਾਜੀ ਬੜੇ ਸ਼ੈਤਾਨ ਸਨ। ਉਨ੍ਹਾਂ ਨੂੰ ਪਤਾ ਸੀ ਕਿ ਖਤਰਨਾਕ ਬੰਦਾ ਨਹੀਂ ਹੁੰਦਾ ਸਗੋਂ ਉਸ ਦੀ ਸੋਚ ਹੁੰਦੀ ਹੈ, ਜਿਹੜੀ ਬੰਦੇ ਨੂੰ ਚਲਾਉਂਦੀ ਹੈ। ਇਸ ਲਈ ਜੇ ਬੰਦੇ ਦੀ ਸੋਚ ਨੂੰ ਫਿਰਕੂ ਰੰਗਤ ਦੇ ਦਿਤੀ ਜਾਵੇ ਤਾਂ ਉਹ ਆਪੇ ਹੀ ਸਮਾਜ ਲਈ ਖਤਰਨਾਕ ਬਣ ਜਾਵੇਗਾ। 

ਕੇਨਥ ਡਬਲਿਊ ਜੋਨਸ ਨੇ ਇਸ ਵਰਤਾਰੇ ਦੀ ਜਾਣਕਾਰੀ ਦਿਤੀ ਹੈ। ਆਪਣੀ ਲਿਖਤ ‘ਹਮ ਹਿੰਦੂ ਨਹੀਂ — ਆਰੀਆਂ ਸਿਖ ਰਿਸ਼ਤੇ’ ਵਿਚ ਉਸ ਨੇ ਲਿਖਿਆ ਹੈ, ‘‘ਪੰਜਾਬ ਦੇ ਉਸ ਦੌਰ ਦਾ ਇਤਿਹਾਸ ਦੋ ਘਟ ਗਿਣਤੀ ਭਾਈਚਾਰਿਆਂ (ਹਿੰਦੂਆਂ ਤੇ ਮੁਸਲਮਾਨਾਂ) ਵਿਚਕਾਰ ਧਾਰਮਿਕ ਮੁਕਾਬਲੇ ਦੀ ਬੜੀ ਨਾਟਕੀ ਪੇਸ਼ਕਾਰੀ ਕਰਦਾ ਹੈ। ਪੰਜਾਬੀ ਹਿੰਦੂਆਂ ਦੀ ਇਕ ਨਵੀਂ, ਆਧੁਨਿਕ ਤੇ  ਸਤਿਕਾਰਤ ਧਾਰਮਿਕ ਪਰੰਪਰਾ ਸਿਰਜਣ ਦੇ ਯਤਨਾਂ ਨੇ, ਉਨ੍ਹਾਂ ਦੇ ਆਪਣੇ ਭਾਈਚਾਰੇ ਤੱਕ ਸੀਮਤ ਨਾ ਰਹਿ ਕੇੇ ਪੰਜਾਬ ਅੰਦਰਲੇ ਬਾਕੀ ਭਾਈਚਾਰਿਆਂ — ਮੁਸਲਮਾਨਾਂ ਤੇ ਸਿਖਾਂ — ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਬਦਲ ਦਿਤਾ। ਇਕ ਅੰਗਰੇਜੀ ਪੜਿ੍ਹਆ ਲਿਖਿਆ ਸ੍ਰੇਸ਼ਠ ਹਿੰਦੂ ਵਰਗ ਹੋਂਦ ਵਿਚ ਆਇਆ। ਇਹ ਵਰਗ ਮੁਖ (ਸਨਾਤਨੀ) ਹਿੰਦੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਟੁੁਟਿਆ ਹੋਇਆ ਤੇ ਹਿੰਦੂ ਸਮਾਜ ਦੇ ਬਾਹਰਲੇ ਹਾਸ਼ੀਏ ਉਤੇ ਬੈਠਾ ਹੋਇਆ ਸੀ। ਇਸ ਵਰਗ ਨੇ ਪੁਰਾਣੇ ਸੰਸਾਰ ਦੀ ਨਵੀਂ ਵਿਆਖਿਆ ਕਰਨੀ ਸ਼ੁਰੂ ਕਰ ਦਿਤੀ ਤੇ ਇਸ ਤਰ੍ਹਾਂ ਕਰਦਿਆਂ ਨਵਾਂ ਵਿਚਾਰਧਾਰਕ ਸੋਚ ਪ੍ਰ੍ਰਬੰਧ ਸਿਰਜਿਆ, ਜਿਸਦਾ ਮੰਤਵ ਬੀਤੇ ਤੇ ਵਰਤਮਾਨ ਦੀ ਨਵੀਂ ਵਿਆਖਿਆ ਕਰਨਾ ਤੇ ਭਵਿੱਖ ਲਈ ਨਵਾਂ ਦ੍ਰਿਸ਼ਟੀਕੋਣ ਸਿਰਜਣਾ ਸੀ। ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ, ਵਿਸਥਾਰ ਤੇ ਪ੍ਰਚਾਰ ਨੇ ਜਿਥੇ ਸਾਮੂਹਿਕ ਚੇਤਨਾ ਪੈਦਾ ਕੀਤੀ, ਉਥੇ ਇਸ ਵਰਗ ਵਿਚ ਆਪਣੀ ਵਿਲਖਣ ਹੋਂਦ ਦਾ ਅਹਿਸਾਸ ਵੀ ਪੈਦਾ ਕੀਤਾ। ਪਰ ਨਾਲ ਹੀ ਇਨ੍ਹਾਂ ਨਵੇਂ ਵਿਸ਼ਵਾਸਾਂ ਨੂੰ ਮੰਨਣ ਤੇ ਨਾ ਮੰਨਣ ਵਾਲੇ ਵਰਗਾਂ ਵਿਚਕਾਰ ਇਕ ਦੂਰੀ ਵੀ ਪੈਦਾ ਕੀਤੀ। ਆਪਣੀ ਪਛਾਣ ਦੀ ਮੁੜ-ਵਿਆਖਿਆ ਦੇ ਇਸ ਵਰਤਾਰੇ ਨੇ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਅੰਦਰ ਪੰਜਾਬ ਵਿਚ ਇਕ ਐਸੀ ਹਲਚਲ ਮਚਾਈ ਕਿ ਇਸ ਨਾਲ ਵਧੇ ਵਿਚਾਰਧਾਰਕ ਤੇ ਧਾਰਮਿਕ ਟਕਰਾਅ ਨੇ ਸਾਰੇ ਧਾਰਮਿਕ ਭਾਈਚਾਰਿਆਂ ਵਿਚ ਬਹਿਸਾਂ ਦਾ ਮਾਹੌਲ ਭਖਾ ਦਿਤਾ। ਹਿੰਦੂਆਂ, ਸਿਖਾਂ ਤੇ ਮੁਸਲਮਾਨਾਂ ਨੇ ਆਪਣੇ-ਆਪਣੇ ਸੰਕਲਪਾਂ ਨੂੰ ਸਾਹਮਣੇ ਲਿਆਉਣਾ ਆਰੰਭ ਕੀਤਾ, ਜਿਸ ਨੇ ਦੂਜੇ ਭਾਈਚਾਰਿਆਂ ਨਾਲ ਤੇ ਆਪਣੇ ਭਾਈਚਾਰੇ ਅੰਦਰਲੇ ਵਿਚਾਰਧਾਰਕ ਸੰਘਰਸ਼ ਨੂੰ ਹੋਰ ਤੇਜ ਕੀਤਾ। ਇਕ-ਦੂਜੇ ਨੂੰ ਸੁਆਲ-ਜੁਆਬ ਕਰਨ ਦੇ ਇਸ ਵਰਤਾਰੇ ਨੇ ਪੰਜਾਬੀ ਧਾਰਮਿਕ ਭਾਈਚਾਰਿਆਂ ਵਿਚਲੇ ਰਿਸ਼ਤੇ ਸਥਾਈ ਰੂਪ ਵਿਚ ਬਦਲ ਦਿਤੇ। ਇਸ ਤੋਂ ਵੀ ਵਧੇਰੇ ਬੁਨਿਆਦੀ ਤਬਦੀਲੀ ਇਹ ਵਾਪਰੀ ਕਿ ਇਸ ਨੇ ਬਹੁਤ ਸਾਰੇ ਸਮੂਹਾਂ ਅੰਦਰਲੇ ਆਪਣੇ ਧਾਰਮਿਕ ਸੰਕਲਪਾਂ ਨੂੰ ਵੀ ਬਦਲ ਦਿਤਾ।’’ 

(ਹਵਾਲਾ, ‘ਹਮ ਹਿੰਦੂ ਨਹੀਂ’ ਆਰੀਆ ਸਿਖ ਰਿਸ਼ਤੇ, 1877-1905, ਕੇਨਥ ਡਬਲਿਊ ਜੋਨਸ, ਜਰਨਲ ਆਫ ਏਸ਼ੀਅਨ ਸਟਡੀਜ, ਜਿਲਦ 32, ਅੰਕ 3, ਮਈ 1973, ਸਫਾ 457)

ਅੰਗਰੇਜੀ ਪੜ੍ਹੇ-ਲਿਖੇ ਤੇ ਬਸਤੀਵਾਦੀ ਆਰਥਿਕ ਰਿਸ਼ਤਿਆਂ ਦੀ ਬਦੌਲਤ ਨਵੇਂ-ਨਵੇਂ ਅਮੀਰ ਬਣੇ ਇਸ ਸ੍ਰੇਸ਼ਠ  ਹਿੰਦੂ ਵਰਗ ਰਾਹੀਂ ਪੰਜਾਬ ਅੰਦਰ ਪਹਿਲਾਂ ਬ੍ਰਹਮੋ ਸਮਾਜ ਤੇ ਫਿਰ ਆਰੀਆ ਸਮਾਜ ਦੀ ਆਮਦ ਹੋਈ। ਆਰੀਆ ਸਮਾਜ ਦੀ ਆਮਦ ਨੇ ਪੰਜਾਬ ਅੰਦਰ ਹਿੰਦੂ-ਸਿਖ-ਮੁਸਲਮਾਨ ਤੁਫਰਕਾ ਕਿਵੇਂ ਪੈਦਾ ਕੀਤਾ, ਇਸ ਵਰਤਾਰੇ ਨੂੰ ਹਾਲ ਦੀ ਘੜੀ ਲਾਂਭੇ ਛਡਦੇ ਹੋਏ ਇਥੇ ਅਸੀਂ ਸਿਰਫ ਪਛਮੀ ਨੇਸ਼ਨ ਸਟੇਟ ਦੀ ਤਰਜ ਉਤੇ ਉਭਰੇ ‘ਹਿੰਦੂ ਰਾਸ਼ਟਰਵਾਦ’ ਦੀ ਗੱਲ ਕਰਾਂਗੇ। 

ਸ਼ਹੀਦ ਭਗਤ ਸਿੰਘ ਹੁਰਾਂ ਦੇ ਸ਼ਬਦਾਂ ਵਿਚ, ‘‘ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਯਾ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਇਹ ਹੋਇਆ ਕਿ ਆਰੀਆ ਸਮਾਜੀਆਂ ਦੀ ਕਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣੀ ਥਾਂ ਬਣਾ ਲਈ।’’...  ‘‘ ਮੁਸਲਮਾਨਾਂ ਵਿਚ ਭਾਰਤੀਅਤਾ ਦੀ ਹਰ ਤਰ੍ਹਾਂ ਘਾਟ ਹੈ, ਉਹ ਸਾਰੇ ਭਾਰਤ ਵਿਚ ਭਾਰਤੀਅਤਾ ਦੀ ਮਹਤਤਾ ਨਾ ਸਮਝ ਕੇ ਅਰਬੀ ਲਿਪੀ ਤੇ ਫਾਰਸੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇਕ ਭਾਸ਼ਾ ਤੇ ਉਹ ਵੀ ਹਿੰਦੀ ਹੋਣ ਦਾ ਮਹਤਵ ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ।’’... ‘‘‘ਸਭ ਦੇ ਸਾਹਮਣੇ ਇਸ ਵੇਲੇ ਮੁਖ ਸੁਆਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ, ਇਕ ਰਾਸ਼ਟਰ ਬਣਾਉਣ ਲਈ ਇਕ ਭਾਸ਼ਾ ਹੋਣਾ ਜ਼ਰੂਰੀ ਹੈ।’’ .. ‘‘ਸਾਨੂੰ ਆਪਣੇ ਦੇਸ ਵਿਚ ਇਸ ਆਦਰਸ਼ ਨੂੰ ਕਾਇਮ ਕਰਨਾ ਹੋਵੇਗਾ। ਸਾਰੇ ਦੇਸ ਵਿਚ ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ ਬਣਾਉਣਾ ਪਵੇਗਾ। ਪਰ ਸਾਰੀਆਂ ਏਕਤਾਵਾਂ ਤੋਂ ਪਹਿਲਾਂ ਇਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ।’’ 

(ਹਵਾਲਾ : ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ, ਸੰਪਾਦਕ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਪ੍ਰੋ ਜਗਮੋਹਨ ਸਿੰਘ)

ਇਹ ਸੀ ਆਰੀਆ ਸਮਾਜੀ ਸੋਚ ਦਾ ਤਤ : ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ। ਇਸ ਸੋਚ ਨੇ ਪੰਜਾਬ ਅੰਦਰ ਤਾਂ ਨਕਾਰੀ ਰੋਲ ਨਿਭਾਇਆ ਹੀ ਪਰ ਨਾਲ ਹੀ ਇਸ ਨੇ ਬਾਕੀ ਦੇਸ ਵਿਚ ਵੀ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਬਿਰਤਾਂਤ ਨੂੰ ਦ੍ਰਿੜ ਕੀਤਾ। ਇਹ ਆਰੀਆ ਸਮਾਜੀ ਸੋਚ ਹਿੰਦੋਸਤਾਨੀ ਦੇ ਸਮਾਜੀ ਪਿੜ ਵਿਚ ਗਡਿਆ ਸੇਹ ਦਾ ਤਕਲਾ ਹੈ। ਨੌਜਵਾਨ ਪੀੜ੍ਹੀ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਅਜੋਕੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਂ ਜਨ ਸੰਘ ਹੁੰਦਾ ਸੀ ਤੇ ਇਸ ਦਾ ਮੁਢ ਪੰਜਾਬ ਦੇ ਆਰੀਆ ਸਮਾਜੀਆਂ ਨੇ ਬੰਨਿ੍ਹਆ ਸੀ। ਇਹ ਸਚ ਹੈ ਕਿ ਆਰ.ਐਸ.ਐਸ. ਦਾ ਜਨਮ ਮਹਾਰਾਸ਼ਟਰ ਵਿਚ ਹੋਇਆ ਤੇ ਹਿੰਦੂ ਧਰਮ ਨਾਲ ਸਬੰਧਤ ਸੁਧਾਰਵਾਦੀ ਲਹਿਰਾਂ ਦਾ ਗੜ੍ਹ ਉਸ ਵੇਲੇ ਦਾ ਬੰਗਾਲ ਸੀ। ਪਰ ਮਨੂਵਾਦੀ ਹਿੰਦੂਆਂ ਨੂੰ ਰਾਜਸੀ ਲੀਡਰਸ਼ਿਪ ਦੇਣ ਪਖੋਂ ਪੰਜਾਬ ਦੇ ਇਨ੍ਹਾਂ ਆਰੀਆ ਸਮਾਜੀਆਂ ਦਾ ਅਹਿਮ ਰੋਲ ਰਿਹਾ ਹੈ।

 ਪਹਿਲੀ ਵਾਰ 1924 ਵਿਚ ਲਾਲਾ ਲਾਜਪਤ ਰਾਏ ਨੇ ਕਿਹਾ ਸੀ ਕਿ ਪੰਜਾਬ ਅੰਦਰ ਬਹੁਗਿਣਤੀ ਵਿਚ ਰਹਿੰਦਾ ਮੁਸਲਮਾਨ ਸਮਾਜ, ਹਿੰਦੂ-ਸਿਖ ਹਿਤਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਅਤੇ ਪੰਜਾਬ ਦੇ ਇਕ ਹਿਸੇ ਵਿਚ ਜਿਧਰ ਹਿੰਦੂ-ਸਿਖਾਂ ਦੀ ਬਹੁਗਿਣਤੀ ਹੈ, ਉਸ ਨੂੰ ਮੁਸਲਿਮ ਬਹੁਗਿਣਤੀ ਵਾਲੇ ਹਿਸੇ ਤੋਂ ਵਖ ਕਰ ਦੇਣਾ ਚਾਹੀਦਾ ਹੈ। 1932 ਵਿਚ ਭਾਈ ਪਰਮਾਨੰਦ ਨੇ ਕਿਹਾ ਸੀ ਕਿ ਸਾਨੂੰ ਮੁਸਲਿਮ ਬਹੁਗਿਣਤੀ ਵਾਲੇ ਪੰਜਾਬ ਇਲਾਕੇ ਉਤੇ ਕੋਈ ਇਤਰਾਜ਼ ਨਹੀਂ, ਜੇ ਇਸ ਵਿਚੋਂ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਕਢ ਕੇ ਦਿਲੀ ਜਾਂ ਯੂ ਪੀ ਦੇ ਨਾਲ ਮਿਲਾ ਦਿਤੇ ਜਾਣ। ਪੰਜਾਬ ਅੰਦਰ ਆਰੀਆ ਸਮਾਜ ਨਾਲ ਸਿਧੇ ਜੁੜੇ ਹਿੰਦੂਆਂ ਦੀ ਗਿਣਤੀ ਭਾਵੇਂ ਬਹੁਤ ਜ਼ਿਆਦਾ ਨਹੀਂ ਹੈ ਪਰ ਪੰਜਾਬ ਵਿਚ ਛਪਣ ਵਾਲੇ ਸਾਰੇ ਹਿੰਦੀ ਤੇ (ਉਸ ਵੇਲੇ ਛਪਦੇ) ਉਰਦੂ ਅਖ਼ਬਾਰ ਲਗਪਗ ਆਰੀਆ ਸਮਾਜੀ ਹਥਾਂ ਵਿਚ ਰਹੇ ਹਨ, ਜਿਸ ਕਰਕੇ ਉਹ ਪੰਜਾਬ ਦੀ ਹਿੰਦੂ ਜਨਤਾ ਦੇ ਬਹੁਤ ਵਡੇ ਹਿਸਿਆਂ ਤੇ ਖਾਸ ਕਰਕੇ ਸ਼ਹਿਰੀ ਹਿੰਦੂਆਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। 

ਸਵਾਮੀ ਦਇਆ ਨੰਦ ਰਚਿਤ ‘ਸਤਿਆਰਥ ਪ੍ਰਕਾਸ਼’ ਪੜਿ੍ਹਆ ਹੀ ਪਤਾ ਲਗਦਾ ਹੈ ਕਿ ਇਹ ਵੈਦਿਕ ਫਿਲਾਸਫੀ ਦੀ ਅਜੋਕੀ ਵਿਆਖਿਆ ਨਹੀਂ ਬਲਕਿ ਮਨੂਵਾਦ ਦੀ ਨਵੀਂ ਵਿਆਖਿਆ ਹੈ। ਇਹ ਮਨੂਵਾਦੀ ਸੋਚ ਆਪਣੇ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਟਿਚ ਸਮਝਦੀ ਹੈ। ਇਸੇ ਵਿਆਖਿਆ ਦੇ ਆਧਾਰ ਉਤੇ ਸਤਿਆਰਥ ਪ੍ਰਕਾਸ਼ ਵਿਚ ਸਿਖ ਧਰਮ, ਇਸਲਾਮ ਤੇ ਇਸਾਈਅਤ ਦੀ ਮੰਦੀ ਸ਼ਬਦਾਵਲੀ ਵਿਚ ਆਲੋਚਨਾ ਕੀਤੀ ਗਈ। ਸਾਮਰਾਜੀ ਰਾਜਨੀਤੀ ਤੇ ਇਸੇ ਆਰੀਆ ਸਮਾਜੀ ਸੋਚ ਨੇ ਹਿੰਦੂਆਂ ਦੇ ਮਨਾਂ ਵਿਚ ਬਾਕੀ ਧਰਮਾਂ ਪ੍ਰਤੀ ਨਫਰਤ ਭਰੀ। ਆਰੀਆ ਸਮਾਜ ਦੀੇ ਇਸੇ ਮਨੂੰਵਾਦੀ ਸੋਚ ਨੇ ਹਿੰਦ-ਪਾਕਿ ਵੰਡ ਕਰਵਾਈ, ਜਿਸ ਦਾ ਖਮਿਆਜਾ ਲਖਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੇ ਕੇ ਹਿੰਦ-ਪਾਕਿ ਵੰਡ ਦੇ ਰੂਪ ਵਿਚ ਭੁਗਤਿਆ। ਆਰੀਆ ਸਮਾਜੀਆਂ ਦਾ ਇਹੀ ਰਾਸ਼ਟਰਵਾਦੀ ਬਿਰਤਾਂਤ ਹੁਣ ਮੋਦੀਕਿਆਂ ਦੇ ਰੂਪ ਵਿਚ ਇਸ ਸਮੁਚੇ ਖਿਤੇ ਲਈ ਤਬਾਹੀ ਦਾ ਸਬਬ ਬਣ ਗਿਆ ਹੈ।  

ਬੇਸ਼ਕ ਅਸਲ ਮਸਲਾ ਵੇਦਾਂ ਵਿਚਲੇ ਆਤਮਿਕ ਗਿਆਨ ਨੂੰ ਅਜੋਕੇ ਪ੍ਰਸੰਗ ਵਿਚ ਨਵਿਆਉਣ ਤੇ ਅਪਣਾਉਣ ਦਾ ਹੈ। ਵੈਦਿਕ ਫਿਲਾਸਫੀ ਵਿਚ ਬਹੁਤ ਕੁਝ ਭਰਮਾਊ ਰਲਿਆ ਹੋਇਆ ਹੈ ਪਰ ਇਸ ਵਿਚ ਆਤਮਿਕ ਗਿਆਨ ਦਾ ਤਤ ਵੀ ਮੌਜੂਦ ਹੈ। ਇਨ੍ਹਾਂ ਭਰਮਾਊ ਧਾਰਨਾਵਾਂ ਤੇ ਇਨ੍ਹਾਂ ਵਿਚਲੇ ਆਤਮਿਕ ਗਿਆਨ ਦੇ ਤਤ ਨੂੰ ਨਿਖੇੜਨ ਦੀ ਲੋੜ ਹੈ। ਇਹ ਕੰਮ ਗੁਰਮਤਿ ਨੇ ਕੀਤਾ ਹੈ।  ਗੁਰਮਤਿ ਦੇ ਇਸ ਵਿਰਸੇ ਨੂੰ ਅਗੇ ਤੋਰਨ ਦੀ ਲੋੜ ਹੈ। ਵੈਦਿਕ ਫਿਲਾਸਫੀ ਵਿਚ ਦਰਜ ਹੈ : ਡਞਰਚੁ ਅਙਥ Ñ ਡਨਦੁਙਸ਼ ਖਞ।੍ਰਨ ( ਸਾਰੇ ਜਨ ਸੁਖੀ ਵਸਣ।) ਗੁਰਮਤਿ ਨੇ ਇਸੇ ਵੈਦਿਕ ਧਾਰਨਾ ਨੂੰ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਰੂਪ ਵਿਚ ਅਗੇ ਤੋਰਿਆ ਹੈ। ‘ਵਾਸੂਦੇਵਾ ਕਟੁੰਬਕਮ’ ਭਾਵ ਸਾਰਾ ਵਿਸ਼ਵ ਇਕ ਪਰਿਵਾਰ ਹੈ ਨੂੰ ਏਕ ਪਿਤਾ ਏਕਸ ਕੇ ਹਮ ਬਾਰਿਕ॥ ਦੇ ਰੂਪ ਵਿਚ ਨਵਿਆਇਆ ਗਿਆ ਹੈ। 

ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਹਿੰਦੋਸਤਾਨ ਦੇ ਲੋਕਾਂ ਕੋਲ ਇਕ ਅਜਿਹਾ ਸਿਧਾਂਤ ਹੈ, ਜਿਹੜਾ ਵੈਦਿਕ ਫਿਲਾਸਫੀ ਤੇ ਇਸਲਾਮ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖੀ ਨੂੰ ਦੋਹਾਂ ਧਰਮਾਂ ਤੋ ਨਿਆਰਾ ਤੇ ਦੋਹਾਂ ਧਰਮਾਂ ਵਿਚਲੀ ਕਾਣ ਮੇਟਣ ਵਾਲੇ ਧਰਮ ਵਜੋਂ ਪੇਸ਼ ਕੀਤਾ ਹੈ। ਪਛਮ ਵਿਚ ਧਰਮ ਬਾਰੇ ਵਰਤੇ ਜਾਂਦੇ ਸ਼ਬਦ ਰਿਲੀਜਨ ਤੇ ਪੂਰਬ ਵਿਚਲੇੇ ਸ਼ਬਦ ਧਰਮ ਦੇ ਸੰਕਲਪ ਵਖੋ-ਵਖਰੇ ਹਨ। ਵੈਦਿਕ ਫਿਲਾਸਫੀ ਤੇ ਬੁਧ ਮਤਿ ਵਿਚ ਵਰਤੇ ਗਏ ਧਰਮ ਸ਼ਬਦ ਦੇ ਸੰਕਲਪ ਦੀ ਸਭ ਤੋਂ ਵਧੇਰੇ ਸਪਸ਼ਟ ਵਿਆਖਿਆ

ਗੁਰਮਤਿ ਨੇ ਕੀਤੀ ਹੈ। ਧਰਮ ਦਾ ਇਹ ਸੰਕਲਪ ਹਿੰਦੂਆਂ, ਮੁਸਲਮਾਨਾਂ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਤੀਜੀ ਸੰਸਾਰ ਜੰਗ ਵਲ ਵਧ ਰਹੇ ਸੰਸਾਰ ਨੂੰ ਰਾਹ ਵਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਇਸ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ।

ਹੁਣ ਤਕ ਪਛਮੀ ਤਰਜ ਦੀਆਂ ਬਣੀਆ ਸਾਰੀਆ ਨੇਸ਼ਨ ਸਟੇਟਾਂ ਬਸਤੀਵਾਦੀ ਲੁਟ ਦੇ ਢੰਗਾਂ ਨਾਲ ਮਨਮਾਨੀ ਕਰਦੀਆ ਆ ਰਹੀਆ ਹਨ। ਸੰਸਾਰ ਭਰ ਵਿਚੋਂ ਗਰੀਬੀ, ਬਿਮਾਰੀ ਤੇ ਬੇਰੁਜ਼ਗਾਰੀ ਖਤਮ ਕਰਕੇ ਖੁਸ਼ਹਾਲ ਸਮਾਜ ਸਿਰਜਣ ਦੇ ਉਨ੍ਹਾਂ ਦੇ ਲਾਏ ਨਾਹਰਿਆਂ ਦੀ ਹੁਣ ਫੂਕ ਨਿਕਲ ਚੁਕੀ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਸੰਸਾਰ ਭਰ ਵਿਚ ਜਿਹੜਾ ਵੀ ਢਾਂਚਾ ਜਾਂ ਖਿਤਾ ਪਛਮੀ ਸਿਖਿਆ ਪ੍ਰਬੰਧ ਦੇ ਨਜਜ਼ਰੀਏ ਦਾ ਗੁਲਾਮ ਹੈ, ਓਥੇ ਗਰੀਬੀ ਬਿਮਾਰੀ ਤੇ ਬੇਰੁਜ਼ਗਾਰੀ ਵਰਗੇ ਮੁਦੇ ਕਦੇ ਖਤਮ ਨਹੀਂ ਹੋ ਸਕਦੇ। ਪਛਮੀ ਪ੍ਰਬੰਧ ਵਿਚ ਵਿਸ਼ਵਾਸ ਰਖਣ ਵਾਲੇ ਲੋਕ ਸਮਸਿਆਵਾਂ ਦਾ ਹਲ ਉਨ੍ਹਾਂ ਸੰਵਿਧਾਨਾਂ ਵਿਚੋਂ ਲਭ ਰਹੇ ਹਨ, ਜਿਹੜੇ ਸੰਵਿਧਾਨ ਬਹੁਤ ਹਦ ਵੇਲਾ ਵਿਹਾ ਚੁਕੇ ਹਨ। ਆਮ ਲੋਕ ਸਮਸਿਆਵਾਂ ਦੇ ਬੋਝ ਦੇ ਨਾਲ ਨਾਲ ਸੰਵਿਧਾਨਿਕ ਗੁਲਾਮੀ ਦੇ ਬੋਝ ਹੇਠ ਵੀ ਦਬੇ ਹੋਏ ਹਨ। ਅੱਜ ਪੱਛਮੀ ਗੁਲਾਮੀ ਤੋਂ ਕੇਵਲ ਉਹ ਲੋਕ ਹੀ ਬਚੇ ਹਨ ਜੋ ਆਪਣੀ ਰਵਾਇਤੀ ਕੁਦਰਤੀ ਸਮਝ ਅਨੁਸਾਰ ਪਛਮੀ ਵਿਗਿਆਨਕ ਸਭਿਆਚਾਰ ਦਾ ਹਿਸਾ ਨਹੀਂ ਬਣੇ। ਕੁਦਰਤੀ ਪਛਾਣਾਂ ਵਾਲੀ ਵੰਨ-ਸਵੰਨਤਾ ਨੂੰ ਬਚਾਉਂਦੇ ਹੋਏ ਬਣੀ ਸੰਸਾਰ ਸਾਂਝ ਹੀ ਹੁਣ ਸਦੀਵੀ ਹੋਵੇਗੀ। ਆਧੁਨਿਕ ਗੁਲਾਮੀ ਤੋਂ ਬਚਣ ਲਈ ਹਰ ਭਾਈਚਾਰੇ ਜਾਂ ਖਿਤੇ ਨੂੰ ਨਵੀਂ ਸੰਸਾਰ ਮੰਡੀ ਤੇ ਨੇਸ਼ਨ ਸਟੇਟ ਦੀ ਪੜ੍ਹਾਈ ਲਿਖਾਈ ਤੋਂ ਦੂਰ ਆਪਣੇ ਪਿਤਾ ਪੁਰਖੀ ਕੁਦਰਤੀ ਸਮਝ ਜਾਂ ਨਜ਼ਰੀਏ ਵਾਲੀ ਪੜ੍ਹਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਗੁਰਮਤਿ ਅਜਿਹੀ ਜੀਵਨ ਜਾਚ ਦੀ ਪੁਸ਼ਟੀ ਕਰਦੀ ਹੈ।

 ਗੁਰਬਚਨ ਸਿੰਘ