ਵਿਸ਼ਵ ਭਰ ਵਿਚ ਉੱਚ ਅਹੁਦਿਆਂ ’ਤੇ ਕਾਬਜ਼ ਪ੍ਰਵਾਸੀ ਭਾਰਤੀ 

ਵਿਸ਼ਵ ਭਰ ਵਿਚ ਉੱਚ ਅਹੁਦਿਆਂ ’ਤੇ ਕਾਬਜ਼ ਪ੍ਰਵਾਸੀ ਭਾਰਤੀ 

ਅਮਰੀਕਾ, ਕੈਨੇਡਾ,ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ 15 ਮੁਲਕਾਂ ’ਚ 200 ਤੋਂ ਜ਼ਿਆਦਾ ਪ੍ਰਵਾਸੀ ਭਾਰਤੀ  ਉੱਚ ਅਹੁਦਿਆਂ ’ਤੇ ਕਾਬਜ਼

ਪ੍ਰਵਾਸੀ ਪੰਜਾਬ

ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਮੂਲ ਦੇ ਤਿੰਨ ਕਰੋੜ ਵੀਹ ਲੱਖ ਤੋਂ ਜ਼ਿਆਦਾ ਲੋਕ ਵੱਖੋ-ਵੱਖ ਦੇਸ਼ਾਂ ’ਚ ਵੱਸਦੇ ਹਨ। ਪਰਵਾਸ ਹੰਢਾ ਰਹੇ ਭਾਰਤੀਆਂ ਦੀ ਵਿਸ਼ਵ ਭਰ ਵਿਚ ਇਹ ਸਭ ਤੋਂ ਵੱਡੀ ਆਬਾਦੀ ਹੈ। ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ 15 ਮੁਲਕਾਂ ’ਚ 200 ਤੋਂ ਜ਼ਿਆਦਾ ਭਾਰਤੀ ਮੂਲ ਦੇ ਵਿਅਕਤੀ ਉੱਚ ਅਹੁਦਿਆਂ ’ਤੇ ਕਾਬਜ਼ ਹਨ। ਇਹ ਰਿਪੋਰਟ ਭਾਰਤੀ ਭਾਈਚਾਰੇ ਦਰਮਿਆਨ ਕੰਮ ਕਰ ਰਹੇ ਅਮਰੀਕੀ ਸੰਗਠਨ ਵੱਲੋਂ ਪਹਿਲੀ ਵਾਰ ਛਾਪੀ ਗਈ ਹੈ। ਇਨ੍ਹਾਂ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ’ਚੋਂ 60 ਵਿਅਕਤੀ ਕੈਬਨਿਟ ਰੈਂਕ ਦੇ ਅਹੁਦਿਆਂ ’ਤੇ ਬਿਰਾਜਮਾਨ ਹਨ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਰੂਪ ’ਚ ਕਮਲਾ ਹੈਰਿਸ ਦੀ ਚੋਣ ਸਭ ਭਾਰਤੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ।

ਕੀ ਇਹ ਵੀ ਕੋਈ ਘੱਟ ਮਾਣ ਵਾਲੀ ਗੱਲ ਹੈ ਕਿ ਬਰਤਾਨੀਆ ਜਿਹੜਾ ਕਦੇ ਭਾਰਤ ਤੇ ਭਾਰਤੀਆਂ ’ਤੇ ਰਾਜ ਕਰਦਾ ਸੀ, ਉਸ ਦੀ ਕੈਬਨਿਟ ਵਿਚ ਵਿੱਤ ਮੰਤਰੀ ਵਜੋਂ ਇਕ ਭਾਰਤੀ ਰਿਸ਼ੀ ਸੁਨਕ ਜ਼ਿੰਮੇਵਾਰੀ ਨਿਭਾ ਰਿਹਾ ਹੈ ਜਿਸ ਨੂੰ ਟਾਈਮ ਰਸਾਲੇ ਨੇ ਜਾਰੀ ਕੀਤੀ 100 ਉੱਭਰਦੇ ਸ਼ਕਤੀਸ਼ਾਲੀ ਨੇਤਾਵਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਅੱਜ ਜਦੋਂ ਪੂਰਾ ਵਿਸ਼ਵ ਇਕ ਪਿੰਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਭਾਰਤੀ ਪ੍ਰਭਾਵਸ਼ਾਲੀ ਲੋਕ ਇਸ ਪਿੰਡ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਅੱਗੇ ਆ ਰਹੇ ਹਨ। ਦੁਨੀਆ ਦੇ ਕੋਨੇ-ਕੋਨੇ ’ਚ ਵਸੀਆਂ ਇਹ ਭਾਰਤੀ ਸ਼ਖ਼ਸੀਅਤਾਂ ਕਰੜੀ ਮਿਹਨਤ, ਹਿੰਮਤ ਸਦਕਾ ਆਪਣਾ ਨਾਂ ਹੀ ਨਹੀਂ ਚਮਕਾ ਰਹੀਆਂ, ਦੁਨੀਆ ਦੇ ਭਲੇ ਲਈ ਵੀ ਕਾਰਜਸ਼ੀਲ ਹਨ।

ਕੈਨੇਡਾ ਦੀ ਸਿਆਸਤ ’ਤੇ ਭਾਰਤੀ ਭਾਰੂ ਹਨ ਅਤੇ ਲਗਪਗ ਅੱਧੀ ਦਰਜਨ ਪੰਜਾਬੀ ਭਾਰਤੀ ਕੈਨੇਡਾ ਦੀ ਕੈਬਨਿਟ ’ਚ ਜਗ੍ਹਾ ਬਣਾਈ ਬੈਠੇ ਹਨ। ਇਥੋਂ ਤਕ ਕਿ ਕੈਨੇਡਾ ਦਾ ਰੱਖਿਆ ਮੰਤਰੀ ਪੰਜਾਬੀ (ਭਾਰਤੀ) ਮੂਲ ਦਾ ਹਰਜੀਤ ਸਿੰਘ ਸੱਜਣ ਹੈ। ਇੱਥੇ ਹੀ ਬਸ ਨਹੀਂ, ਟਾਈਮ ਰਸਾਲੇ ਨੇ ਦੁਨੀਆ ਦੇ 100 ਉੱਭਰਦੇ ਨੇਤਾਵਾਂ ਦੀ ਜੋ ਸੂਚੀ ਜਾਰੀ ਕੀਤੀ ਹੈ, ਉਸ ਵਿਚ ਵਿਦੇਸ਼ੀਂ ਵੱਸਦੇ ਭਾਰਤੀ ਮੂਲ ਦੇ ਪੰਜ ਨੇਤਾਵਾਂ/ਸ਼ਖ਼ਸੀਅਤਾਂ ਜਿਨ੍ਹਾਂ ਵਿਚ ਬਿ੍ਰਟੇਨ ਦੇ ਵਿੱਤ ਮੰਤਰੀ ਰਿਸ਼ੀ ਸੂਨਾਕ, ਇੰਸਟਾਕਾਰਟ ਦੀ ਸੀਈਓ ਅਪੂਰਵਾ ਮਹਿਤਾ, ਗੈੱਟਅਸ ਪੀਪੀਈ ਦੀ ਡਾਕਟਰ ਸ਼ਿਖਾ ਗੁਪਤਾ, ਗੈਰ ਲਾਭਕਾਰੀ ਸੰਗਠਨ ਅਪਸੋਲਵ ਦਾ ਸੰਸਥਾਪਕ ਚੌਹਾਨ ਪਵੁਲਰੀ ਅਤੇ ਟਵਿੱਟਰ ਦੀ ਵਕੀਲ ਵਿਜਯਾ ਗੱਡੇ ਸ਼ਾਮਲ ਹਨ।

ਭਾਰਤੀ ਮੂਲ ਦੀ ਪ੍ਰਸਿੱਧ ਸ਼ਖ਼ਸੀਅਤ ਕਾਰੋਬਾਰੀ ਸਵਰਗੀ ਨਰਿੰਦਰ ਸਿੰਘ ਕੰਪਾਨੀ ਨੂੰ ਕੌਣ ਨਹੀਂ ਜਾਣਦਾ? ਉਸ ਨੇ ਅਮਰੀਕਾ ਦੀ ਧਰਤੀ ’ਤੇ ਰਹਿੰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ। ਉਸ ਨੇ ਫਾਈਵਰ ਔਪਟਿਕਸ ’ਤੇ ਖੋਜ ਕੀਤੀ। ਉਸ ਨੂੰ ਭਾਰਤ ਸਰਕਾਰ ਨੇ 2021 ’ਚ ਪਦਮ ਵਿਭੂਸ਼ਨ ਦਾ ਖਿਤਾਬ ਦਿੱਤਾ। ਇਹ ਕਿਹਾ ਜਾਂਦਾ ਹੈ ਕਿ 1899 ਤੋਂ 1920 ਈਸਵੀ ਤਕ 7348 ਏਸ਼ੀਅਨ, ਭਾਰਤੀ, ਅਮਰੀਕਾ ਤੇ ਕੈਨੇਡਾ ਦੀ ਧਰਤੀ ’ਤੇ ਪੁੱਜੇ ਸਨ। ਇਨ੍ਹਾਂ ’ਚੋਂ ਵੱਡੀ ਗਿਣਤੀ ਕਿਸਾਨਾਂ ਦੀ ਸੀ। ਕੁਝ ਕੁ ਨੇ ਰੋਜ਼ੀ-ਰੋਟੀ ਲਈ ਕੈਨੇਡਾ ਦੀਆਂ ‘ਆਰਾ ਮਿੱਲਾਂ’ ਵਿਚ ਕੰਮ ਕਰਨਾ ਸ਼ੁਰੂ ਕੀਤਾ ਪਰ ਬਹੁਤਿਆਂ ਨੇ ਖੇਤੀ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ। ਇਸ ਕਿੱਤੇ ’ਚ ਮੁਹਾਰਤ ਹਾਸਲ ਹੋਣ ਕਾਰਨ ਇਨ੍ਹਾਂ ’ਚੋਂ ਕੁਝ ਇਕ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਅਤੇ ਅੱਜ ਖੇਤੀ ਜਾਂ ਖੇਤੀ ਨਾਲ ਸਬੰਧਤ ਕਿੱਤਿਆਂ ’ਚ ਸਿਖ਼ਰ ਛੂਹ ਰਹੇ ਹਨ। ਇਨ੍ਹਾਂ ’ਚ ਆੜੂਆਂ ਦਾ ਬਾਦਸ਼ਾਹ ਦੀਦਾਰ ਸਿੰਘ ਬੈਂਸ, ਸੌਗੀ ਦਾ ਬਾਦਸ਼ਾਹ ਚਰਨਜੀਤ ਸਿੰਘ ਬਾਠ, ਬਦਾਮਾਂ ਦੇ ਬਾਦਸ਼ਾਹ ਟੁੱਟ ਬ੍ਰਦਰਜ਼, ਟਰੱਕਿੰਗ ਕਿੰਗ ਭੰਡਾਲ ਬ੍ਰਦਰਜ਼ ਸ਼ਾਮਲ ਹਨ ਜਿਨ੍ਹਾਂ ਨੇ ਖੇਤੀ ਦੇ ਨਾਲ-ਨਾਲ ਟਰੱਕਿੰਗ ਕਿੱਤੇ ਨੂੰ ਅਪਨਾਇਆ ਅਤੇ ਹਜ਼ਾਰਾਂ ਏਕੜ ਜ਼ਮੀਨ ਅਮਰੀਕਾ ਵਿਚ ਖ਼ਰੀਦ ਕੇ ਆਪੋ-ਆਪਣੀਆਂ ਉਗਾਈਆਂ ਫ਼ਸਲਾਂ ਦੇ ਬਾਦਸ਼ਾਹ ਕਹਾਏ। ਸੰਨ 1990 ਤਕ 66 ਲੱਖ ਭਾਰਤੀ ਵੱਖ-ਵੱਖ ਦੇਸ਼ਾਂ ਵਿਚ ਪਰਵਾਸ ਕਰਦੇ ਸਨ। ਇਹ ਗਿਣਤੀ 2019 ਤਕ 175 ਲੱਖ ਤਕ ਪੁੱਜ ਚੁੱਕੀ ਹੈ। ਵਿਸ਼ਵ ਪੱਧਰੀ ਪਰਵਾਸ ਵਿਚ ਲਗਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸੰਨ 2000 ਵਿਚ ਇਸ ਦੀ ਦਰ 2.8 ਫ਼ੀਸਦੀ ਸੀ, ਉੱਥੇ ਹੀ ਉਹ 2019 ’ਚ 3.5 ਫ਼ੀਸਦੀ ਹੋ ਗਈ। ਵਿਸ਼ਵ ਵਿਚ ਪਰਵਾਸ ਕਰਨ ਵਾਲੇ 4 ’ਚੋਂ 3 ਲੋਕ 20 ਤੋਂ 64 ਸਾਲ ਦੀ ਉਮਰ ਵਾਲੇ ਹਨ ਅਤੇ ਉਨ੍ਹਾਂ ਦਾ ਮੰਤਵ ਕੰਮ ਦੀ ਭਾਲ ਅਤੇ ਚੰਗੇਰੀ ਜ਼ਿੰਦਗੀ ਦੀ ਚਾਹਤ ਸਮਝਿਆ ਜਾਂਦਾ ਹੈ।

ਭਾਰਤੀ ਖ਼ਾਸ ਤੌਰ ’ਤੇ ਪੰਜਾਬੀਆਂ ਬਾਰੇ ਮੁੱਖ ਤੌਰ ’ਤੇ ਕਿਹਾ ਜਾਂਦਾ ਹੈ ਕਿ ਉਹ ਕਮਾਈ ਲਈ ਵਤਨੋਂ ਦੂਰ ਪਰਵਾਸ ਕਰਦੇ ਰਹੇ ਹਨ। ਪੰਜਾਬੀਆਂ ਨੇ ਪਿਛਲੇ ਸਾਲਾਂ ’ਚ ਇਹ ਮਿੱਥ ਬਦਲੀ ਹੈ ਕਿ ਉਹ ਸਿਰਫ਼ ਪੈਸੇ ਲਈ ਜਾਂ ਆਪਣੇ ਪਰਿਵਾਰ ਲਈ ਹੀ ਕੰਮ ਕਰਨ ਵਾਲੇ ਲੋਕ ਹਨ ਸਗੋਂ ਉਨ੍ਹਾਂ ਦਾ ਮੰਤਵ ਮਨੁੱਖਤਾ ਦੀ ਸੇਵਾ ਹੈ। ਪੰਜਾਬੀਆਂ ਦੀ ਕੈਨੇਡਾ ਵਿਚ ਧਾਂਕ ਜਮਾਉਣ ਵਾਲਾ ਮਨਮੋਹਨ ਸਿੰਘ ਸਹੋਤਾ, ਪੰਜਾਬ ਦਾ ਸਟ੍ਰਾਬੇਰੀ ਕਿੰਗ ਨਵਜੋਤ ਸਿੰਘ ਸ਼ੇਰਗਿੱਲ, ਮੇਵਿਆਂ ਦਾ ਬਾਦਸ਼ਾਹ ਬਲਜੀਤ ਸਿੰਘ ਚੱਢਾ ਕੁਝ ਇਹੋ ਜਿਹੇ ਕਾਰੋਬਾਰੀ ਹਨ ਜਿਨ੍ਹਾਂ ਨੇ ਵੱਡਾ ਨਾਮਣਾ ਖੱਟਿਆ ਹੈ। ਇਨ੍ਹਾਂ ਕਾਰੋਬਾਰਾਂ ਤੋਂ ਬਿਨਾਂ ਰੈਸਟੋਰੈਂਟ, ਹੋਟਲ ਚਲਾਉਣਾ ਇਕ ਇਹੋ ਜਿਹਾ ਕਾਰੋਬਾਰ ਹੈ, ਜਿਸ ’ਚ ਇੰਗਲੈਂਡ, ਕੈਨੇਡਾ, ਅਮਰੀਕਾ, ਦੁਬਈ, ਜਰਮਨ ਰਹਿੰਦੇ ਪਰਵਾਸੀ ਪੰਜਾਬੀਆਂ ਨੇ ਵਿਸ਼ੇਸ਼ ਮੱਲਾਂ ਮਾਰੀਆਂ ਹਨ। ਸੰਤ ਸਿੰਘ ਛੱਤਵਾਲ (ਅਮਰੀਕਾ), ਜੋਗਿੰਦਰ ਸਾਂਗਰ, ਸੁਰਿੰਦਰ ਅਰੋੜਾ, ਜਸਮਿੰਦਰ ਸਿੰਘ, ਸੁਖਦੇਵ ਤੂਰ ਇਹੋ ਜਿਹੇ ਪਰਵਾਸੀ ਭਾਰਤੀਆਂ ਵਜੋਂ ਉੱਭਰੇ ਹਨ ਜਿਨ੍ਹਾਂ ਨੇ ਹੋਟਲ ਕਾਰੋਬਾਰ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਮਾਪਿਆਂ ਦਾ ਪੁੱਤਰ ਬਰਤਾਨੀਆ ਦਾ ਵਿੱਤ ਮੰਤਰੀ ਰਿਸ਼ੀ ਸੂਨਾਕ, ਇੱਕੋ ਵੇਲੇ ਪੱਤਰਕਾਰ, ਇੰਜੀਨੀਅਰ ਤੇ ਸਿਆਸਤਦਾਨ ਲਾਰਡ ਇੰਦਰਜੀਤ ਸਿੰਘ, ਈਕੋ ਸਿੱਖ ਦਾ ਪ੍ਰਧਾਨ ਬਹੁ-ਚਰਚਿਤ ਵਾਤਾਵਰਨ ਪ੍ਰੇਮੀ ਡਾ. ਰਾਜਵੰਤ ਸਿੰਘ (ਅਮਰੀਕਾ), ਬਰਤਾਨੀਆ ਦੀ ਜੰਮਪਲ ਪਹਿਲੀ ਸਿੱਖ ਐੱਮਪੀ ਪ੍ਰੀਤ ਕੌਰ ਗਿੱਲ, ਕੈਨੇਡਾ ਦਾ ਕੈਬਨਿਟ ਮੰਤਰੀ ਨਵਦੀਪ ਬੈਂਸ, ਪੰਜਾਬ ਦੀ ਧਰਤੀ ਦੇ ਹਰਮਨ ਪਿਆਰੇ ਸਿਆਸਤਦਾਨ ਟੱਬਰ ਦਾ ਪੁੱਤਰ ਵਰਿੰਦਰ ਸ਼ਰਮਾ ਐੱਮਪੀ (ਬਰਤਾਨੀਆ), ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਪ੍ਰਧਾਨ, ਪ੍ਰਸਿੱਧ ਲੇਖਕ ਪ੍ਰੋ: ਰਣਜੀਤ ਧੀਰ, ਪੰਜਾਬ ਦੀ ਆਵਾਜ਼ ਵਜੋਂ ਜਾਣੀ ਜਾਂਦੀ ਆਸ਼ਾ ਸ਼ਰਮਾ (ਅਮਰੀਕਾ), ਇਕ ਵਿਦਵਾਨ-ਇਕ ਵਕਤਾ ਵਜੋਂ ਪ੍ਰਸਿੱਧ ਗੁਰਮੁੱਖ ਸਿੰਘ ਬਰਤਾਨੀਆ, ਕੈਨੇਡਾ ਦਾ ਪਹਿਲਾ ਸਿੱਖ ਗੁਰਬਖ਼ਸ਼ ਸਿੰਘ ਮੱਲ੍ਹੀ, ਇਕ ਸਫ਼ਲ ਕਾਰੋਬਾਰੀ-ਇਕ ਸਮਾਜ ਸੇਵਕ ਨਵਨੀਤ ਸਿੰਘ ਨਰੂਲਾ, ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਐੱਮਪੀ ਕਮਲ ਖਹਿਰਾ, ਸੰਘਰਸ਼ਸ਼ੀਲ ਜੀਊੜਾ-ਸਵਰਗੀ ਅਜੀਤ ਸਿੰਘ ਰਾਏ (ਯੂਕੇ), ਇਕ ਵਿਲੱਖਣ ਪੰਜਾਬੀ ਜਿਸ ਦਾ ਕੋਈ ਸਾਨੀ ਨਹੀਂ ਡਾ. ਰਘਬੀਰ ਸਿੰਘ ਬੈਂਸ (ਕੈਨੇਡਾ), ਵਕਾਲਤ ’ਚ ਨਵੀਆਂ ਪੈੜਾਂ ਪਾਉਣ ਵਾਲਾ ਪਰਵਾਸੀ ਪੰਜਾਬੀ ਸੰਤੋਖ ਸਿੰਘ ਛੋਕਰ (ਯੂਕੇ), ਸਿਆਸੀ-ਸਮਾਜੀ ਖੇਤਰ ’ਚ ਬੁਲੰਦੀਆਂ ਛੂੰਹਦਾ ਪੰਜਾਬੀ-ਦਲਜੀਤ ਸਹੋਤਾ (ਯੂਕੇ), ਦੇਸ਼ ’ਚ ਪੜ੍ਹ ਕੇ ਵਿਦੇਸ਼ਾਂ ’ਚ ਨਾਮਣਾ ਖੱਟਣ ਵਾਲਾ ਅਜੈਪਾਲ ਸਿੰਘ ਬੰਗਾ (ਅਮਰੀਕਾ) ਤੇ 2000 ਤੋਂ 2001 ਤਕ ਸੂਬੇ ਬੀਸੀ ਦਾ ਪ੍ਰੀਮੀਅਮ (ਮੁੱਖ ਮੰਤਰੀ) ਬਣਿਆ ਉੱਜਲ ਸਿੰਘ ਦੁਸਾਂਝ, ਪ੍ਰਸਿੱਧ ਸਿਆਸਤਦਾਨ ਬੌਬੀ ਜਿੰਦਲ ਅਮਰੀਕਾ ਤੇ ਹਰਬ ਧਾਲੀਵਾਲ ਕੈਨੇਡਾ, ਪਰਮਿੰਦਰ ਸਿੰਘ ਮਰਵਾਹਾ ਯੂਗਾਂਡਾ, ਇਹੋ ਜਿਹੀਆਂ ਜਗਤ ਪ੍ਰਸਿੱਧ ਭਾਰਤੀ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਆਪਣੀ ਵੱਖਰੀ ਪਛਾਣ ਹੀ ਨਹੀਂ ਬਣਾਈ ਸਗੋਂ ਪਰਵਾਸੀਆਂ ਲਈ ਮਾਰਗ ਦਰਸ਼ਕ ਵੀ ਬਣੀਆਂ। ਪਰਵਾਸੀ ਪੰਜਾਬੀ ਮਾਹਿਰ ਡਾਕਟਰਾਂ ਦਾ ਵਿਦੇਸ਼ਾਂ ’ਚ ਵੱਡਾ ਨਾਂ ਹੈ ਖ਼ਾਸ ਤੌਰ ’ਤੇ ਉੱਤਰੀ ਅਮਰੀਕਾ ’ਚ। ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਡਾ. ਅਮਰਜੀਤ ਸਿੰਘ ਮਰਵਾਹਾ, ਅਨਮੋਲ ਸਿੰਘ ਮਾਹਲ, ਹਰਵਿੰਦਰ ਸਿੰਘ ਸਹੋਤਾ, ਡਾ: ਹਰਕੀਰਤ ਸਿੰਘ ਢਿੱਲੋਂ ਦੀਆਂ ਡਾਕਟਰੀ ਖਿੱਤੇ ’ਚ ਪ੍ਰਾਪਤੀਆਂ ਤੋਂ ਕੌਣ ਜਾਣੂ ਨਹੀਂ ਹੈ? ਪਹਿਲੀ ਪੀੜ੍ਹੀ ਦੇ ਪਰਵਾਸੀ ਪੰਜਾਬੀਆਂ ਦੀ ਮਿਹਨਤ ਨੂੰ ਉਸ ਵੇਲੇ ਵੀ ਬੂਰ ਪਿਆ ਜਦੋਂ ਉਨ੍ਹਾਂ ਦੀ ਸੰਤਾਨ ਪੜ੍ਹ-ਲਿਖ ਕੇ ਵਿਦੇਸ਼ਾਂ ’ਚ ਉੱਚੇ ਅਹੁਦਿਆਂ ’ਤੇ ਜਾ ਪੁੱਜੀ। ਉਨ੍ਹਾਂ ’ਚੋਂ ਕਈ ਡਾਕਟਰ ਬਣੇ, ਕਈ ਇੰਜੀਨੀਅਰ, ਕਈ ਪ੍ਰੋਫੈਸਰ ਤੇ ਕਈ ਵਕੀਲ ਤੇ ਫਿਰ ਉੱਥੋਂ ਦੀਆਂ ਅਦਾਲਤਾਂ ਦੇ ਜੱਜ। ਇਸ ਲੜੀ ’ਚ ਸਰ ਮੋਤਾ ਸਿੰਘ ਕੁਈਨਜ਼ ਕੌਂਸਲ, ਨਵਜੋਤ ਸਿੱਧੂ ਕੁਈਨਜ਼ ਕੌਂਸਲ, ਗੁਰਪਾਲ ਉੱਪਲ, ਹੈਰੀ ਮਾਨ, ਅਨੂਪ ਸਿੰਘ ਚੌਧਰੀ ਦੇ ਨਾਮ ਸਿਤਾਰਿਆਂ ਵਾਂਗ ਚਮਕਦੇ ਹਨ। ਬਰਤਾਨੀਆ, ਕੈਨੇਡਾ ਵਿਚ ਤਾਂ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਵੀ ਮਿਲਿਆ ਹੈ। ਮਨੁੱਖ ਭਾਵੇਂ ਅੰਬਰੀਂ ਉਡਾਰੀ ਮਾਰ ਆਵੇ, ਸਮੁੰਦਰਾਂ ’ਚ ਡੂੰਘੇ ਗੋਤੇ ਲਾ ਆਵੇ, ਵੱਡਾ ਬਣ ਜਾਵੇ, ਵੱਡੀਆਂ ਪ੍ਰਾਪਤੀਆਂ ਕਰ ਲਵੇ ਪਰ ਉਹ ਆਪਣੀ ਜਨਮ ਭੂਮੀ ਦਾ ਰਿਣ ਚੁਕਾਉਣ ਲਈ ਸਦਾ ਤਤਪਰ ਦਿਖਦਾ ਹੈ। ਪਰਵਾਸੀ ਪੰਜਾਬੀ, ਦੁਨੀਆ ਦੇ ਕਿਸੇ ਖਿੱਤੇ ’ਚ ਵੀ ਗਏ, ਆਪਣੀ ਧਰਤੀ ਦਾ ਮੋਹ ਨਹੀਂ ਤਿਆਗ ਸਕੇ। ਉਸ ਲਈ ਕੁਝ ਕਰਨ ਦੀ ਤਤਪਰਤਾ ਸਦਾ ਹੀ ਉਨ੍ਹਾਂ ਦੇ ਸੀਨੇ ’ਚ ਰਹੀ। ਲਾਰਡ ਸਵਰਾਜ ਪਾਲ, ਦਰਸ਼ਨ ਸਿੰਘ ਧਾਲੀਵਾਲ, ਦੇਵ ਬਾਠ, ਜਗਪਾਲ ਸਿੰਘ ਖਗੂੰੜਾ, ਬੌਬ ਸਿੰਘ ਢਿੱਲੋਂ ਕੁਝ ਇਹੋ ਜਿਹੇ ਨਾਮ ਹਨ ਜਿਨ੍ਹਾਂ ਨੇ ਖੱਟੀ ਵਿਦੇਸ਼ਾਂ ਵਿਚ ਕੀਤੀ ਪਰ ਆਪਣੀ ਜਨਮ ਭੂਮੀ ਵਿਚ ਆਪਣੇ ਕਾਰੋਬਾਰ ਲਿਆ ਕੇ ਲੋਕਾਂ ਨੂੰ ਰੁਜ਼ਗਾਰ ਦਿੱਤਾ।

-ਗੁਰਮੀਤ ਸਿੰਘ ਪਲਾਹੀ

-ਮੋਬਾਈਲ ਨੰ. : 98158-02070