ਪੰਜਾਬ ਦੇ ਸਕੂਲਾਂ 'ਚ ਖੇਡ ਵਿਰਾਸਤ  ਤਿੜਕੀ

ਪੰਜਾਬ ਦੇ ਸਕੂਲਾਂ 'ਚ ਖੇਡ ਵਿਰਾਸਤ  ਤਿੜਕੀ

ਖੇਡ ਸੰਸਾਰ

ਜਤਿੰਦਰ ਸਾਬੀ

ਮੋਬਾਈਲ : 98729-78781

ਪੰਜਾਬ ਦੇ ਲੋਕ ਇਹ ਮੰਗ ਕਰਦੇ ਹਨ ਕਿ ਇਕ ਤਾਂ ਪੰਜਾਬ ਦੇ ਸਾਰੇ ਸਕੂਲਾਂ ਵਿਚ ਖੇਡਾਂ ਦਾ ਵਿਸ਼ਾ ਲਾਜ਼ਮੀ ਬਣਾਇਆ ਜਾਵੇ। ਬੱਚਿਆਂ ਤੋਂ ਇਕੱਠਾ ਕੀਤਾ ਜਾਂਦਾ ਸਪੋਰਟਸ ਫੰਡ ਸਕੂਲ ਪੱਧਰ 'ਤੇ ਖਰਚਿਆ ਜਾਵੇ। ਪੰਜਾਬ ਤੇ ਨੈਸ਼ਨਲ ਪੱਧਰ 'ਤੇ ਖੇਡਾਂ ਕਰਵਾਉਣ ਲਈ ਵਿੱਤ ਵਿਭਾਗ ਵੱਖਰਾ ਖੇਡ ਫੰਡ ਜਾਰੀ ਕਰਕੇ, ਪੰਜਾਬ ਦੇ ਸਕੂਲਾਂ ਦਾ ਢਹਿ ਢੇਰੀ ਕੀਤਾ ਖੇਡ ਢਾਂਚਾ ਮੁੜ ਤੋਂ ਸੁਰਜੀਤ ਕੀਤਾ ਜਾਵੇ।ਸਿੱਖਿਆ ਤੇ ਖੇਡਾਂ ਇਕੋ ਸਿੱਕੇ ਦੇ ਪਹਿਲੂ ਹਨ। ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਖੇਡਾਂ ਚੰਗੇ ਸਮਾਜ ਦੀ ਸਿਰਜਣਾ ਕਰਦੀਆਂ ਹਨ। ਇਸ ਨਾਲ ਦੇਸ਼ ਦੇ ਨਾਗਰਿਕ ਹਰ ਖੇਤਰ ਵਿਚ ਤਰੱਕੀ ਕਰਕੇ ਦੇਸ਼ ਨੂੰ ਬੁਲੰਦੀਆਂ 'ਤੇ ਲੈ ਕੇ ਜਾਂਦੇ ਹਨ। ਪਰ ਅੱਜ ਸਿੱਖਿਆ ਵਿਭਾਗ ਪੰਜਾਬ ਵਿਚ ਖੇਡਾਂ ਦਾ ਵਿਸ਼ਾ ਅਲੋਪ ਹੋਣ ਕਿਨਾਰੇ ਬੈਠਾ ਹੈ, ਸਕੂਲੀ ਖੇਡਾਂ ਧਰਤਾਲ ਵਿਚ ਚਲੀਆਂ ਗਈਆਂ ਹਨ। ਕਿਸੇ ਵੇਲੇ ਪੰਜਾਬ ਦੀ ਸਕੂਲੀ ਖੇਡਾਂ ਵਿਚ ਸਰਦਾਰੀ ਹੁੰਦੀ ਸੀ। ਉਹ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿਚ ਆਉਂਦਾ ਸੀ ਪਰ ਅੱਜ ਪੰਜਾਬ ਨੇ ਕਦੀ ਵੀ ਸੱਤਵੀਂ ਪੁਜੀਸ਼ਨ ਤੋਂ ਅੱਗੇ ਪੈਰ ਨਹੀਂ ਧਰਿਆ ਹੈ, ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? 1971 ਵਿਚ ਖੇਡਾਂ ਤੇ ਸਿੱਖਿਆ ਨੂੰ ਇਕੋ ਮਹਿਕਮੇ ਹੇਠ ਇਕੱਠਿਆਂ ਕੀਤਾ ਸੀ ਪਰ ਬਾਅਦ ਵਿਚ ਇਸ ਨੂੰ ਵੱਖ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਦੀਆਂ ਸਕੂਲੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਡਣਾ ਸਿੱਖ ਮਿਲਖਾ ਸਿੰੰਘ ਲਈ ਵੱਖਰੀ ਅਸਾਮੀ ਐਡੀਸ਼ਨਲ ਡਾਇਰੈਕਟਰ ਸਪੋਰਟਸ ਕਾਇਮ ਕੀਤੀ। ਇਸ ਨਾਲ ਪੰਜਾਬ ਸਕੂਲ ਦਾ ਵੱਖਰਾ ਡਿਪਟੀ ਡਾਇਰੈਕਟਰ ਸਪੋਰਟਸ, ਸਟੇਟ ਸਪੋਰਟਸ ਆਰਗੇਨਾਈਜ਼ਰ ਤੇ ਜ਼ਿਲ੍ਹਿਆਂ ਵਿਚ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਦੀਆਂ ਅਸਾਮੀਆਂ ਨੂੰ ਕਾਇਮ ਕਰਕੇ, ਸਕੂਲਾਂ ਵਿਚ ਰਿਹਾਇਸ਼ੀ ਖੇਡ ਵਿੰਗ ਖੋਲ੍ਹ ਕੇ ਖੇਡ ਗੱਡੀ ਚਲਾਈ ਜਾਂਦੀ ਸੀ। ਬੇਸ਼ੱਕ ਸਰਕਾਰ ਵਲੋਂ ਕੋਈ ਵੀ ਮਦਦ ਸਕੂਲੀ ਖੇਡਾਂ ਨੂੰ ਨਾ ਦੇ ਕੇ ਬੱਚਿਆਂ ਦੇ ਇਕੱਤਰ ਕੀਤੇ ਸਪੋਰਟਸ ਫੰਡ ਨਾਲ ਇਸ ਨੂੰ ਚਲਾਇਆ ਜਾ ਰਿਹਾ ਸੀ ਪਰ ਹੌਲੀ-ਹੌਲੀ ਪੰਜਾਬ ਦੀਆਂ ਸਕੂਲੀ ਖੇਡਾਂ ਤੇ ਅਫਸਰਸ਼ਾਹੀ ਤੇ ਬਾਬੂਸ਼ਾਹੀ ਭਾਰੂ ਹੋ ਗਈ। ਇਨ੍ਹਾਂ ਖੇਡਾਂ 'ਚ ਭ੍ਰਿਸ਼ਟਾਚਾਰ, ਲਾਲ ਫੀਤਾਸ਼ਾਹੀ, ਖਿਡਾਰੀਆਂ ਦੀ ਚੋਣ 'ਚ ਧਾਂਦਲੀਆਂ, ਭਾਈ ਭਤੀਜਾਵਾਦ ਭਾਰੂ ਹੋ ਗਿਆ ਤੇ ਪੰਜਾਬ ਦੀਆਂ ਸਕੂਲੀ ਖੇਡਾਂ ਇਕ ਤਰ੍ਹਾਂ ਨਾਲ ਅਲੋਪ ਹੀ ਹੋ ਗਈਆਂ। ਇਸ ਤੋਂ ਵੱਡਾ ਕੰਮ ਪੰਜਾਬ ਦੇ ਸਾਬਕਾ ਸਿੱਖਿਆ ਸਕੱਤਰ ਤੇ ਇਸ ਦਾ ਖੇਡ ਢਾਂਚਾ ਖਤਮ ਕਰਕੇ ਪੜ੍ਹੋ ਪੰਜਾਬ ਦੀ ਤਰ੍ਹਾਂ ਖੇਡੋ ਪੰਜਾਬ ਨਾਲ ਇਸ ਦੀਆਂ ਵਿਭਾਗੀ ਅਸਾਮੀਆਂ 'ਤੇ ਕੁਹਾੜਾ ਚਲਾ ਕੇ ਨਵੀਆਂ ਪੋਸਟਾਂ ਡੀ.ਐਮ.ਬੀ.ਐਮ. ਤੇ ਹੋਰ ਆਪਣੀਆਂ ਅਸਾਮੀਆਂ ਕਾਇਮ ਕਰਕੇ ਇਸ ਦਾ ਵਜੂਦ ਹੀ ਖ਼ਤਮ ਕਰਕੇ ਰੱਖ ਦਿੱਤਾ। ਅੱਜ ਪੰਜਾਬ ਦੇ ਸਕੂਲਾਂ ਵਿਚੋਂ ਖੇਡਾਂ ਇਕ ਤਰ੍ਹਾਂ ਨਾਲ ਖ਼ਤਮ ਹੋ ਕੇ ਰਹਿ ਗਈਆਂ ਹਨ। ਇਸ ਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਕਿਸੇ ਵੇਲੇ ਸਰੀਰਕ ਸਿੱਖਿਆ ਦਾ ਵਿਸ਼ਾ ਜ਼ਰੂਰੀ ਹੁੰਦਾ ਸੀ ਪਰ ਹੌਲੀ-ਹੌਲੀ ਇਸ ਨੂੰ ਦਸਵੀਂ ਜਮਾਤ ਤੱਕ ਫਾਲਤੂ ਵਿਸ਼ਾ (ਗਰੇਡਿੰਗ) ਵਿਚ ਬਦਲ ਦਿੱਤਾ ਗਿਆ। ਇਸ ਨਾਲ ਹੀ ਐਨ.ਐਸ.ਕਿਯੂ.ਐਫ. (ਸੈਮੀ ਗੌਰਮਿੰਟ) ਲਾਗੂ ਕਰਕੇ ਇਸ ਨੂੰ ਹੋਰ ਅਪੰਗ ਕਰ ਦਿੱਤਾ। ਇਸ ਨਾਲ 12ਵੀਂ ਕਲਾਸ ਵਿਚ ਵੀ ਇਸ 'ਤੇ ਆਰੀ ਫੇਰ ਦਿੱਤੀ ਗਈ। ਇਸ ਨਾਲ ਹੀ ਸਵਾਗਤ ਜ਼ਿੰਦਗੀ ਨਵਾਂ ਵਿਸ਼ਾ ਕਾਇਮ ਕਰਕੇ ਇਸ 'ਤੇ ਕੈਂਚੀ ਫੇਰ ਦਿੱਤੀ ਹੈ। ਇਸ ਨਾਲ ਪੰਜਾਬ ਦੇ ਸਕੂਲਾਂ ਵਿਚੋਂ ਸਰੀਰਕ ਸਿੱਖਿਆ ਦੇ ਵਿਸ਼ੇ ਨਾਲ ਅਸਾਮੀਆਂ ਖ਼ਤਮ ਹੋ ਗਈਆਂ। ਪ੍ਰਾਈਵੇਟ ਸਕੂਲਾਂ ਨੇ ਵੀ ਖੇਡ ਅਧਿਆਪਕਾਂ ਦੀ ਭਰਤੀ ਬੰਦ ਕਰ ਦਿੱਤੀ ਤੇ ਬਚਦੀਆਂ ਖੇਡਾਂ ਸਕੂਲੀ ਬਲੈਕਬੋਰਡ 'ਤੇ ਚਲੀਆਂ ਗਈਆਂ।

ਖਿਡਾਰੀਆਂ ਲਈ ਖੇਡ ਕੋਟੇ ਵਿਚ ਭਰਤੀ ਦੇ ਵੀ ਮੌਕੇ ਹੁੰਦੇ ਜੋ ਪੂਰੀ ਤਰਾਂ ਨਾਲ ਬੰਦ ਹੋ ਕੇ ਰਹਿ ਗਏ ਹਨ। ਪੰਜਾਬ ਦੇ ਸਕੂਲਾਂ ਵਿਚ ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਖੇਡ ਗਤੀਵਿਧੀਆਂ ਪੂਰੀ ਤਰ੍ਹਾਂ ਨਾਲ ਬੰਦ ਹਨ। ਪ੍ਰਿੰਸੀਪਲ ਬੱਚਿਆਂ ਨੂੰ ਖੇਡਣ ਲਈ ਸਮਾਂ ਹੀ ਨਹੀਂ ਦਿੰਦੇ। ਸਕੂਲਾਂ ਵਿਚ ਰੰਗ ਰੋਗਨ ਕਰਕੇ ਖੇਡ ਮੈਦਾਨਾਂ 'ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਇਨ੍ਹਾਂ ਨੂੰ ਰੰਗਸ਼ਾਲਾਵਾਂ ਬਣਾਇਆ ਜਾ ਰਿਹਾ ਹੈ ਪਰ ਖੇਡਣ ਵਾਲਾ ਖਿਡਾਰੀ ਕੋਈ ਨਹੀਂ ਹੈ। ਬਾਲਾ ਵਰਕ ਕਰਵਾ ਕੇ ਕੰਧਾਂ ਰੰਗੀਆਂ ਜਾ ਰਹੀਆਂ ਹਨ। 292 ਪੀ.ਟੀ.ਆਈਜ਼ ਦੀਆਂ ਅਸਾਮੀਆਂ ਨੂੰ ਮਿਡਲ ਤੇ ਸੈਕੰਡਰੀ ਸਕੂਲਾਂ 'ਚੋਂ ਕੱਢ ਕੇ ਪ੍ਰਾਇਮਰੀ ਵਿਚ ਭੇਜ ਦਿੱਤਾ ਗਿਆ ਹੈ। ਇਸ ਨਾਲ ਨਵੀਂ ਭਰਤੀ ਦੇ ਮੌਕੇ ਖਿਡਾਰੀਆਂ ਤੋਂ ਖੁਸ ਗਏ ਹਨ। ਹੁਣ ਉਹ ਸਰੀਰਕ ਸਿੱਖਿਆ ਦੇ ਕੋਰਸ ਕਰਨ ਤੋਂ ਟਾਲਾ ਵੱਟ ਰਹੇ ਹਨ ਕਿ ਨੌਕਰੀ ਤਾਂ ਕਿਤੇ ਮਿਲਣੀ ਨਹੀਂ। ਪੰਜਾਬ ਦੀ ਸਰਦਾਰੀ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵਿਚ ਵੀ ਗੁਆਚ ਗਈ ਹੈ। ਕਿਸੇ ਵੇਲੇ ਪੰਜਾਬ ਦਾ ਪ੍ਰਧਾਨ ਤੇ ਸਕੱਤਰ ਵਰਗੀਆਂ ਪੋਸਟਾਂ 'ਤੇ ਕਬਜ਼ਾ ਹੁੰਦਾ ਸੀ ਪਰ ਇਸ ਵੇਲੇ ਕੋਈ ਵੀ ਪੱਕਾ ਅਹੁਦੇਦਾਰ ਨਹੀਂ ਹੈ। ਇਸ ਤਰ੍ਹਾਂ ਪੰਜਾਬ ਨੂੰ ਅਲਾਟ ਹੋਣ ਵਾਲੀ ਨੈਸ਼ਨਲ ਸਕੂਲ ਖੇਡਾਂ ਆਟੇ ਵਿਚ ਲੂਣ ਦੇ ਬਰਾਬਰ ਹਨ। ਦੂਜੇ ਰਾਜਾਂ ਵਿਚ ਜਾ ਕੇ ਪੰਜਾਬ ਦੇ ਕੋਚਾਂ ਤੇ ਖਿਡਾਰੀਆਂ ਨੂੰ ਜ਼ਲੀਲ ਹੋਣਾ ਪੈਂਦਾ ਤੇ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਪੰਜਾਬ ਦੇ ਨਵੇਂ ਬਣੇ ਸਿੱਖਿਆ ਤੇ ਖੇਡ ਮੰਤਰੀ ਜੋ ਆਪ ਉਲੰਪੀਅਨ ਹਨ, ਜੇ ਉਨ੍ਹਾਂ ਦੇ ਕਾਰਜਕਾਲ ਵਿਚ ਵੀ ਪੰਜਾਬ ਦੀਆਂ ਸਕੂਲੀ ਖੇਡਾਂ ਦੀ ਕਾਇਆ ਕਲਪ ਨਾ ਹੋਈ ਤਾਂ ਫਿਰ ਕਦੇ ਵੀ ਨਹੀਂ ਹੋਵੇਗੀ।