ਰਾਮ ਮਾਧਵਾਨੀ ਜੱਲ੍ਹਿਆਂਵਾਲਾ ਬਾਗ ਕਤਲੇਆਮ ’ਤੇ ਬਣਾਏਗਾ ਸੀਰੀਜ਼
ਅੰਮ੍ਰਿਤਸਰ ਟਾਈਮਜ਼
ਮੁੰਬਈ: ਐਮੀ ਐਵਾਰਡ ਲਈ ਨਾਮਜ਼ਦ ਸੀਰੀਜ਼ ‘ਆਰੀਆ’ ਦੇ ਨਿਰਮਾਤਾ ਤੇ ਆਉਣ ਵਾਲੀ ਫਿਲਮ ‘ਧਮਾਕਾ’ ਦੇ ਨਿਰਦੇਸ਼ਕ ਰਾਮ ਮਾਧਵਾਨੀ ਹੁਣ ‘ਦਿ ਵੇਕਿੰਗ ਆਫ ਏ ਨੇਸ਼ਨ’ ਸੀਰੀਜ਼ ਬਣਾਉਣ ਦੀ ਤਿਆਰੀ ਵਿੱਚ ਹੈ। ਇਹ ਸੀਰੀਜ਼ 13 ਅਪਰੈਲ, 1919 ਨੂੰ ਵਾਪਰੇ ਜੱਲ੍ਹਿਆਂਵਾਲਾ ਬਾਗ ਕਤਲੇਆਮ ’ਤੇ ਆਧਾਰਿਤ ਹੈ। ਭਾਰਤ ਦੀ ਆਜ਼ਾਦੀ ਲਹਿਰ ਵਿੱਚ ਹਿੱਸਾ ਪਾਉਂਦਿਆਂ ਹਜ਼ਾਰਾਂ ਲੋਕ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਸਨ ਪਰ ਬਰਤਾਨਵੀ ਫ਼ੌਜ ਦੀ ਅਗਵਾਈ ਕਰ ਰਹੇ ਬ੍ਰਿਗੇਡੀਅਰ ਜਨਰਲ ਆਰਈਐੱਚ ਡਾਇਰ ਨੇ ਪ੍ਰਦਰਸ਼ਨਕਾਰੀਆਂ ਨੂੰ ਘੇਰ ਕੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ, ਜਿਸ ਕਾਰਨ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ। ਮਾਧਵਾਨੀ ਨੇ ਦੱਸਿਆ, ‘‘ਇਹ ਸੀਰੀਜ਼ ਛੇ ਜਾਂ ਸੱਤ ਭਾਗਾਂ ਵਿੱਚ ਹੋਵੇਗੀ, ਜੋ ਕਮਿਸ਼ਨ ਬਾਰੇ ਗੱਲ ਕਰਨ ਜਾ ਰਹੀ ਹੈ। ਇਸ ਲਈ ਇਹ ਥੋੜ੍ਹੀ ਅਦਾਲਤੀ ਕੇਸ ਵਰਗੀ ਹੋਵੇਗੀ ਪਰ ਨਾਲ ਹੀ ਇਹ ਗੱਲ ਕਰੇਗੀ ਕਿ ਜੱਲ੍ਹਿਆਂਵਾਲਾ ਕਾਂਡ ਕਿਉਂ ਵਾਪਰਿਆ, ਉੱਥੇ ਕੀ ਹੋਇਆ ਅਤੇ ਉਸ ਤੋਂ ਬਾਅਦ ਕੀ ਹੋਇਆ। ਮੈਨੂੰ ਲੱਗਦੈ ਜੋ ਉਸ ਦਿਨ ਵਾਪਰਿਆ ਉਸ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ।’’ ਸੀਰੀਜ਼ ਦੀ ਸਕ੍ਰਿਪਟ ਦਾ ਅੰਤਿਮ ਖਰੜਾ ਦੋ ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ।
Comments (0)