ਤਿਆਗ, ਭਗਤੀ ਤੇ ਸ਼ਕਤੀ ਦੇ ਸੁਮੇਲ ਗੁਰੂ ਤੇਗ ਬਹਾਦਰ

ਤਿਆਗ, ਭਗਤੀ ਤੇ ਸ਼ਕਤੀ ਦੇ ਸੁਮੇਲ ਗੁਰੂ ਤੇਗ ਬਹਾਦਰ

ਡਾ. ਰਣਜੀਤ ਸਿੰਘ

ਸੰਸਾਰ ਵਿਚ ਸ਼ਹਾਦਤਾਂ ਦਾ ਇਤਿਹਾਸ ਵੀ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਇਹ ਵੀ ਸੱਚ ਹੈ ਕਿ ਸਾਰੀਆਂ ਸ਼ਹਾਦਤਾਂ ਕਿਸੇ ਆਪਣੇ ਮੰਤਵ ਲਈ ਹੀ ਦਿੱਤੀਆਂ ਗਈਆਂ ਹਨ। ਆਮ ਕਰਕੇ ਆਪਣੇ ਦੇਸ਼, ਕੌਮ ਜਾਂ ਧਰਮ ਲਈ ਪਰ ਸੰਸਾਰ ਵਿਚ ਗੁਰੂ ਤੇਗ ਬਹਾਦਰ ਨੇ ਆਪਣੀ ਸ਼ਹੀਦੀ ਨਾਲ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਨ੍ਹਾਂ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਮਰਜ਼ੀ ਨਾਲ ਸ਼ਹੀਦੀ ਦਿੱਤੀ। ਉਨ੍ਹਾਂ ਨੇ ਉਸ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ, ਜਿਸ ਨਾਲ ਉਨ੍ਹਾਂ ਦਾ ਆਪਣਾ ਕੋਈ ਸਰੋਕਾਰ ਨਹੀਂ ਸੀ। ਭਾਰਤ ਵਿਚ ਉਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਔਰੰਗਜ਼ੇਬ ਇਸ ਦੇਸ਼ ਦੇ ਗੈਰ-ਮੁਸਲਮਾਨ ਲੋਕਾਂ ’ਤੇ ਤਸ਼ੱਦਦ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ। ਕਸ਼ਮੀਰ ਦੀ ਸੁੰਦਰ ਵਾਦੀ ਵਿਚ ਦੇਸ਼ ਦੇ ਵਿਦਵਾਨ ਪੰਡਿਤਾਂ ਦੀ ਬਹੁਗਿਣਤੀ ਸੀ, ਜਿਹੜੇ ਉਸ ਸੁਹਾਵਣੇ ਅਤੇ ਸ਼ਾਂਤ ਮਾਹੌਲ ਵਿਚ ਗਿਆਨ ਧਿਆਨ ਦਾ ਕਾਰਜ ਕਰਦੇ ਸਨ। ਔਰੰਗਜ਼ੇਬ ਨੇ ਇਨ੍ਹਾਂ ਪੰਡਿਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਫੈਸਲਾ ਕੀਤਾ। ਪਰਜਾ ਦੇ ਇਸ ਵਰਗ ਦੇ ਧਰਮ ਪਰਿਵਰਤਨ ਨਾਲ ਦੂਜੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੋ ਜਾਣਾ ਸੀ।ਸ਼ਾਹੀ ਜ਼ੁਲਮ ਦੇ ਸਤਾਏ ਹੋਏ ਇਨ੍ਹਾਂ ਪੰਡਿਤਾਂ ਨੂੰ ਗੁਰੂ ਤੇਗ ਬਹਾਦਰ ਹੀ ਔਖ ਦੀ ਘੜੀ ਵਿਚ ਆਸ ਦੀ ਕਿਰਨ ਨਜ਼ਰ ਆਏ। ਗੁਰੂ ਜੀ ਜਦੋਂ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਰਹੇ ਸਨ ਤਾਂ ਉਨ੍ਹਾਂ ਦੇ ਪੁੱਤਰ ਨੌ ਸਾਲ ਦੇ ਬਾਲਕ ਗੋਬਿੰਦ ਰਾਏ ਵੀ ਕੋਲ ਖੜ੍ਹੇ ਸਨ। ਮਨੁੱਖਤਾ ਵਿਰੁੱਧ ਹੋ ਰਹੇ ਜ਼ੁਲਮ ਦੀ ਦਾਸਤਾਨ ਨੇ ਗੁਰੂ ਜੀ ਨੂੰ ਗੰਭੀਰ ਬਣਾ ਦਿੱਤਾ। ਬਾਲ ਗੋਬਿੰਦ ਦੇ ਪੁੱਛਣ ’ਤੇ ਉਨ੍ਹਾਂ ਸਾਰਾ ਬਿਰਤਾਂਤ ਸੁਣਾਇਆ। ਬਾਲਕ ਨੇ ਇਸ ਜ਼ੁਲਮ ਦੇ ਅੰਤ ਬਾਰੇ ਪੁੱਛਿਆ ਤਾਂ ਗੁਰੂ ਜੀ ਦਾ ਉੱਤਰ ਸੀ ਕਿ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਰਾਹੀਂ ਜਾਗੀ ਲੋਕ ਚੇਤਨਾ ਅਤੇ ਜਨ ਸ਼ਕਤੀ ਹੀ ਇਸ ਦਾ ਮੁਕਾਬਲਾ ਕਰ ਸਕਦੀ ਹੈ। ਬਾਲ ਗੋਬਿੰਦ ਜਿਨ੍ਹਾਂ ਨੇ ਪਿੱਛੋਂ ਜਾ ਕੇ ਸੰਸਾਰ ਵਿਚ ਸਰਬ ਸਾਂਝੀਵਾਲਤਾ ਅਤੇ ਖਾਲਸਾ ਰਾਜ ਦੇ ਸੰਕਲਪ ਨੂੰ ਅਮਲੀ ਰੂਪ ਬਖ਼ਸ਼ਿਆ, ਆਖਿਆ, ‘‘ਪਿਤਾ ਜੀ ਤੁਹਾਡੇ ਤੋਂ ਮਹਾਨ ਆਤਮਾ ਹੋਰ ਕਿਹੜੀ ਹੋ ਸਕਦੀ ਹੈ?’’ ਆਪਣੇ ਬਾਲ ਪੁੱਤਰ ਦੇ ਇਹ ਬੋਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੋਂ ਉਦਾਸੀ ਦੂਰ ਹੋ ਗਈ ਤੇ ਰੱਬੀ ਨੂਰ ਡੁਲਕਣ ਲੱਗ ਪਿਆ। ਉਨ੍ਹਾਂ ਫਰਿਆਦੀ ਪੰਡਿਤਾਂ ਨੂੰ ਆਖਿਆ, ‘‘ਔਰੰਗਜ਼ੇਬ ਨੂੰ ਆਖ ਦੇਵੋ ਕਿ ਜੇ ਸਾਡਾ ਗੁਰੂ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਇਸਲਾਮ ਧਾਰਨ ਕਰ ਲਵਾਂਗੇ।’’

ਦਿੱਲੀ ਪੁੱਜਣ ’ਤੇ ਗੁਰੂ ਜੀ ਨੂੰ ਉਨ੍ਹਾਂ ਦੇ ਸਿੱਖਾਂ ਸਮੇਤ ਚਾਂਦਨੀ ਚੌਕ ਦੀ ਕੋਤਵਾਲੀ ਵਿਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ, ‘‘ਇਸਲਾਮ ਕਬੂਲ ਕਰੋ, ਸੰਸਾਰ ਦੇ ਸਾਰੇ ਸੁੱਖ ਤੁਹਾਡੇ ਕਦਮਾਂ ਉਤੇ ਹੋਣਗੇ। ਆਪਣੇ ਰੱਬੀ ਰੂਪ ਹੋਣ ਦੇ ਸਬੂਤ ਵਜੋਂ ਕੋਈ ਕਰਾਮਾਤ ਵਿਖਾਵੋ ਜਾਂ ਫਿਰ ਮੌਤ ਨੂੰ ਕਬੂਲ ਕਰੋ।’’ ਗੁਰੂ ਜੀ ਨੇ ਦ੍ਰਿੜਤਾ ਨਾਲ ਉੱਤਰ ਦਿੱਤਾ, ‘‘ਧਰਮ ਹਰ ਇਨਸਾਨ ਦਾ ਮੁੱਢਲਾ ਅਧਿਕਾਰ ਹੈ। ਇਸ ਵਿਚ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਸਾਨੂੰ ਤੇਰੀ ਇਹ ਸ਼ਰਤ ਮਨਜ਼ੂਰ ਨਹੀਂ ਹੈ। ਜਿਥੋਂ ਤਾਈਂ ਦੁਨਿਆਵੀਂ ਦੌਲਤਾਂ ਦਾ ਸਬੰਧ ਹੈ, ਮੇਰੇ ਪੱਲੇ ਸੱਚ ਦੀ ਦੌਲਤ ਹੈ। ਰੱਬ ਮੇਰੇ ਨਾਲ ਹੈ। ਇਸ ਤੋਂ ਵੱਡੀ ਹੋਰ ਕਿਹੜੀ ਦੌਲਤ ਹੋ ਸਕਦੀ ਹੈ? ਮੈਂ ਰੱਬ ਦਾ ਭਗਤ ਹਾਂ। ਕਰਾਮਾਤ ਉਸ ਦੇ ਕੰਮ ਵਿਚ ਦਖਲਅੰਦਾਜ਼ੀ ਹੈ, ਜਿਹੜੀ ਗੁਰੂ ਨਾਨਕ ਤੋਂ ਲੈ ਕੇ ਹੁਣ ਤੀਕ ਕਿਸੇ ਗੁਰੂ ਨੇ ਨਹੀਂ ਕੀਤੀ ਤੇ ਮੈਂ ਵੀ ਨਹੀਂ ਕਰਾਂਗਾ। ਤੇਰੀ ਤੀਜੀ ਸ਼ਰਤ ਮੈਨੂੰ ਪਰਵਾਨ ਹੈ, ਮੈਂ ਸ਼ਹੀਦ ਹੋਣ ਲਈ ਤਿਆਰ ਹਾਂ। ਮੌਤ ਸੰਬੰਧੀ ਗੁਰੂ ਜੀ ਦਾ ਫੁਰਮਾਨ ਹੈ:

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀਂ ਕੋਇ॥

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥

ਗੁਰੂ ਜੀ ਨੇ ਬਾਦਸ਼ਾਹ ਨੂੰ ਆਖਿਆ, ‘‘ਔਰੰਗਜ਼ੇਬ ਤੂੰ ਦੇਸ਼ ਦਾ ਬਾਦਸ਼ਾਹ ਹੈਂ। ਆਪਣੀ ਪਰਜਾ ਦੇ ਹੱਕਾਂ ਦੀ ਰਾਖੀ ਕਰਨਾ ਤੇਰਾ ਧਰਮ ਹੈ ਪਰ ਤੂੰ ਤਾਂ ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕਰ ਕੇ ਆਪ ਹੀ ਉਨ੍ਹਾਂ ਦੇ ਹੱਕਾਂ ਦਾ ਘਾਣ ਕਰ ਰਿਹਾ ਹੈਂ। ਤੇਰਾ ਰਾਜ ਜ਼ੁਲਮ ਅਤੇ ਕੂੜ ਦਾ ਰਾਜ ਹੈ, ਜਦੋਂ ਕਿ ਤੂੰ ਆਪਣੇ ਆਪ ਨੂੰ ਕੱਟੜ ਮੁਸਲਮਾਨ ਅਖਵਾਉਂਦਾ ਹੈ। ਸੱਚ ਦਾ ਰਾਜ ਉਹ ਹੁੰਦਾ ਹੈ ਜਿੱਥੇ ਪਰਜਾ ਦੇ ਹੱਕਾਂ ਦੀ ਰਾਖੀ ਹੋਵੇ, ਲੋਕ ਜ਼ੁਲਮ ਦੇ ਸਹਿਮ ਹੇਠ ਧੌਣਾਂ ਨੀਵੀਆਂ ਕਰਕੇ ਦਿਨ ਕਟੀ ਨਾ ਕਰਨ, ਸਗੋਂ ਸੱਚ, ਹੱਕ ਦੀ ਰਾਖੀ ਅਤੇ ਨੇਕ ਕਮਾਈ ਕਰਦੇ ਹੋਏ ਮਾਣ ਨਾਲ ਜੀਵਨ ਜੀਉਣ।’’ਬਾਦਸ਼ਾਹ ਵੱਲੋਂ ਦਿੱਤੀਆਂ ਸਾਰੀਆਂ ਧਮਕੀਆਂ ਸਾਹਮਣੇ ਜਦੋਂ ਗੁਰੂ ਜੀ ਅਡੋਲ ਰਹੇ ਤਾਂ ਉਨ੍ਹਾਂ ਦਾ ਹੌਂਸਲਾ ਤੋੜਨ ਲਈ ਗੁਰੂ ਜੀ ਦੇ ਸਾਹਮਣੇ ਉਨ੍ਹਾਂ ਦੇ ਸਾਥੀ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਨੂੰ ਦੇਗ ਵਿਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜਿਉਂਦਾ ਸਾੜ ਦਿੱਤਾ ਗਿਆ। ਸ਼ਹੀਦ ਕਰਨ ਤੋਂ ਪਹਿਲਾਂ ਇਨ੍ਹਾਂ ਸਿੱਖਾਂ ਨੂੰ ਬਹੁਤ ਲਾਲਚ ਦਿੱਤੇ ਗਏ, ਡਰਾਇਆ ਤੇ ਧਮਕਾਇਆ ਗਿਆ ਪਰ ਉਹ ਅਡੋਲ ਰਹੇ। ਸ਼ਹੀਦ ਕਰਨ ਤੋਂ ਪਹਿਲਾਂ ਜਦੋਂ ਉਨ੍ਹਾਂ ਤੋਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਨ੍ਹਾਂ ਦਾ ਉੱਤਰ ਸੀ, ‘‘ਸ਼ਹੀਦ ਕਰਨ ਸਮੇਂ ਸਾਡਾ ਮੁੱਖ ਗੁਰੂ ਸਾਹਿਬ ਵੱਲ ਹੋਣਾ ਚਾਹੀਦਾ ਹੈ, ਆਪਣੇ ਜਿਉਂਦੇ ਜੀ ਅਸੀਂ ਗੁਰੂ ਜੀ ਨੂੰ ਪਿੱਠ ਨਹੀਂ ਵਿਖਾ ਸਕਦੇ।’’ਆਪਣੇ ਸਿੱਖਾਂ ਨੂੰ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤ ਸ਼ਹੀਦ ਹੁੰਦਿਆਂ ਵੇਖ ਗੁਰੂ ਜੀ ਦਾ ਹੌਂਸਲਾ ਹੋਰ ਬੁਲੰਦ ਹੋ ਗਿਆ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੀ ਕੁਰਬਾਨੀ ਮਨੁੱਖੀ ਹਿਰਦਿਆਂ ਵਿਚ ਅਜਿਹੀ ਸ਼ਕਤੀ ਭਰ ਦੇਵੇਗੀ ਜਿਸ ਨਾਲ ਉਹ ਕੇਵਲ ਆਪਣੇ ਹੱਕ ਦੀ ਲੜਾਈ ਹੀ ਨਹੀਂ ਲੜਨਗੇ ਸਗੋਂ ਲੋਕਾਈ ’ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਦੇ ਸਕਣਗੇ। 11 ਨਵੰਬਰ 1675 ਵਾਲੇ ਦਿਨ ਚਾਂਦਨੀ ਚੌਕ ਵਿਚ ਲੋਕਾਂ ਦੇ ਵੱਡੇ ਇਕੱਠ ਦੇ ਸਾਹਮਣੇ ਜੱਲਾਦ ਨੇ ਗੁਰੂ ਜੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ। ਬਾਦਸ਼ਾਹ ਨੂੰ ਉਮੀਦ ਸੀ ਕਿ ਇਸ ਜ਼ੁਲਮ ਨਾਲ ਪਰਜਾ ਦਹਿਲ ਜਾਵੇਗੀ ਤੇ ਚੁੱਪਚਾਪ ਇਸਲਾਮ ਗ੍ਰਹਿਣ ਕਰ ਲਵੇਗੀ।ਉਹ ਸ਼ਾਇਦ ਇਹ ਭੁੱਲ ਗਿਆ ਕਿ ਇਸ ਜ਼ੁਲਮ ਨਾਲ ਉਹ ਆਪਣੀ ਜੜ੍ਹ ਆਪ ਹੀ ਪੁੱਟ ਰਿਹਾ ਹੈ। ਸ਼ਹੀਦਾਂ ਦਾ ਖੂਨ ਹਮੇਸ਼ਾਂ ਰੰਗ ਲਿਆਉਂਦਾ ਹੈ। ਗੁਰੂ ਜੀ ਦੀ ਸ਼ਹੀਦੀ ਤੋਂ ਸਿਰਫ ਤੀਹ ਵਰ੍ਹਿਆਂ ਪਿੱਛੋਂ ਹੀ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਦੀਆਂ ਤੋਂ ਲਿਤਾੜੇ, ਸਤਾਏ ਅਤੇ ਜ਼ੁਲਮ ਦੇ ਸ਼ਿਕਾਰ ਲੋਕ ਮੈਦਾਨ ਵਿਚ ਨਿਕਲ ਪਏ ਅਤੇ ਚੱਟਾਨ ਵਾਂਗ ਮਜ਼ਬੂਤ ਸਮਝੇ ਜਾਂਦੇ ਮੁਗਲ ਰਾਜ ਨੂੰ ਜੜ੍ਹਾਂ ਤੋਂ ਉਖੇੜ ਦਿੱਤਾ। ਗੁਰੂ ਜੀ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਅਸਲ ਵਿਚ ਉਹ ਸਾਰੇ ਸੰਸਾਰ ਵਿਚ ਮਨੁੱਖੀ ਹੱਕਾਂ ਦੀ ਚਾਦਰ ਬਣੇ ਸਨ।